ਧੰਮਪਦ
ਧੰਮਪਦ' ਨੂੰ ਮਹਾਤਮਾ ਬੁੱਧ ਦੇ ਬਚਨ ਮੰਨਿਆਂ ਜਾਂਦਾ ਹੈ । ਵਿਸ਼ੇ ਅਨੁਸਾਰ ਇਸ ਦੇ ਛੱਬੀ ਵੱਗ (ਅਧਿਆਏ) ਹਨ ਅਤੇ ਇਨ੍ਹਾਂ ਵਿੱਚ ਕੁਲ ੪੨੩ ਪਦ ਜਾਂ ਗਾਥਾਵਾਂ (ਸ਼ਲੋਕ) ਹਨ । ਧੰਮਪਦ ਦੇ ਛੱਬੀ ਵੱਗ ਇਹ ਹਨ : ਯਮਕ, ਅੱਪਮਾਦ, ਚਿੱਤ, ਪੁੱਫ, ਬਾਲ, ਪੰਡਿਤ, ਅਰਹੰਤ, ਸਹੱਸ, ਪਾਪ, ਦੰਡ, ਜਰਾ, ਅੱਤ, ਲੋਕ, ਬੁੱਧ, ਸੁਖ, ਪਿਯ, ਕੋਧ, ਮਲ, ਧੰਮੱਠ, ਮੱਗ, ਪਕਿੱਣਕ, ਨਿਰਯ, ਨਾਗ, ਤਞਹਾ, ਭਿੱਖੂ ਅਤੇ ਬ੍ਰਾਹਮਣ ।
ਅਧਿਆਏ ਪਹਿਲਾ
ਯਮਕ
ਯਮਕ (ਜੋੜਾ) ਵੱਗ ਵਿੱਚ ਅਜਿਹੇ ਉਪਦੇਸ਼ ਹਨ, ਜਿਨ੍ਹਾਂ ਵਿੱਚ ਦੋ-ਦੋ ਗੱਲਾਂ ਜੋੜੇ ਰੂਪ ਵਿੱਚ ਆਉਂਦੀਆਂ ਹਨ । ਇਹ ਉਪਦੇਸ਼ ਮਨ ਦੀ ਮਹੱਤਾ, ਸੁਹਿਰਦਤਾ, ਆਤਮ-ਸੰਜਮ ਅਤੇ ਸ਼ੁਭ ਸੰਕਲਪ ਬਾਰੇ ਹਨ ।
੧
ਮਨ ਸਾਰਿਆਂ ਕਰਮਾਂ ਦਾ ਕਰਨਹਾਰਾ,
ਦੁੱਖ ਸੁੱਖ ਵੀ ਮਨ ਦਾ ਦਾਨ ਹੁੰਦਾ ।
ਜੋ ਵੀ ਉਠਦੀ ਭਾਵਨਾ ਦਿਲਾਂ ਵਿੱਚੋਂ,
ਮਨ ਉਸ ਦਾ ਅਸਲ ਪ੍ਰਧਾਨ ਹੁੰਦਾ ।
ਬੋਲੇ ਕੋਈ ਮੰਦਾ, ਕਰੇ ਕਰਮ ਮਾੜਾ,
ਦੁਖ ਉਸ ਨੂੰ ਇਉਂ ਘਰਕਾਈ ਜਾਵੇ ।
ਪਹੀਆ ਰੱਥ ਦਾ ਜੁੱਤੇ ਹੋਏ ਬਲਦ ਤਾਈਂ,
ਘੁੰਮ ਘੁੰਮ ਜਿਉਂ ਅਗਾਂਹ ਨਸਾਈ ਜਾਵੇ ।
੨
ਮਨ ਆਪਣੇ ਆਪ ਪ੍ਰੇਰਨਾ ਹੈ,
ਮਨ ਧਰਮ ਦਾ ਇਕ ਗਿਆਨ ਵੀ ਹੈ ।
ਸੋਚ ਮਨ ਦੀ ਬੜੀ ਸਮਰੱਥ ਹੁੰਦੀ,
ਮਨ ਕਰਮ ਦਾ ਇਕ ਪ੍ਰਧਾਨ ਵੀ ਹੈ ।
ਨਿਰਮਲ ਚਿੱਤ ਹੋ ਕਰੇ ਜੇ ਕਰਮ ਕੋਈ,
ਸਵੱਛ ਬੋਲਣਾ ਜੀ, ਜਾਂ ਹਾਂ, ਕਰਦਾ ।
ਸੁੱਖ ਆਪ ਪਰਛਾਵੇਂ ਦਾ ਰੂਪ ਧਰ ਕੇ,
ਉਹਦੇ ਸੀਸ ਤੇ ਮਿਹਰ ਦੀ ਛਾਂ ਕਰਦਾ ।
੩
ਜੋ ਵੀ ਸਦਾ ਸ਼ਿਕਾਇਤਾਂ ਰਹੇ ਕਰਦਾ,
"ਮੈਨੂੰ ਓਸ ਨੇ ਮਾਰਿਆ ਕੁੱਟਿਆ ਹੈ ।
ਗਾਲਾਂ ਕੱਢੀਆਂ ਪੁੱਜ ਖਵਾਰ ਕੀਤਾ,
ਦਿੱਤੀ ਹਾਰ ਤੇ ਰੱਜ ਕੇ ਲੁੱਟਿਆ ਹੈ"।
ਇਹ ਗੰਢ ਜੋ ਬੰਨ੍ਹ ਲਏ ਮਨ ਅੰਦਰ,
ਉਹ ਨਾ ਅੰਦਰਲੀ ਜੋਤ ਜਗਾ ਸਕਦਾ ।
ਵੈਰ ਭਾਵਨਾ ਓਸ ਦੀ ਮੁੱਕਦੀ ਨਹੀਂ,
ਚੈਨ ਓਸ ਦਾ ਚਿੱਤ ਨਹੀਂ ਪਾ ਸਕਦਾ ।
੪
ਜੋ ਕਦੇ ਨਹੀਂ ਇਹ ਸ਼ਿਕਾਇਤ ਕਰਦਾ,
"ਮੈਨੂੰ ਓਸ ਨੇ ਮਾਰਿਆ ਕੁੱਟਿਆ ਹੈ ।
ਗਾਲਾਂ ਕੱਢੀਆਂ ਪੁੱਜ ਖਵਾਰ ਕੀਤਾ,
ਦਿੱਤੀ ਹਾਰ ਤੇ ਰੱਜ ਕੇ ਲੁੱਟਿਆ ਹੈ"।
ਇਹ ਢਹਿੰਦੀਆਂ ਕਲਾਂ ਵੱਲ ਧੂਹਣ ਵਾਲਾ,
ਨਹੀਂ ਜਿਸ ਨੂੰ ਖ਼ਿਆਲ ਪਸੰਦ ਹੁੰਦਾ ।
ਵੈਰ ਭਾਵਨਾ ਓਸ ਦੀ ਦੂਰ ਹੋਵੇ,
ਉਹਦਾ ਚਿੱਤ ਆਨੰਦ ਆਨੰਦ ਹੁੰਦਾ ।
੫
ਵੈਰ ਪਾਲਿਆਂ ਵੈਰ ਨਾ ਦੂਰ ਹੁੰਦੇ,
ਅੱਗ ਨਾਲ ਨਾ ਅੱਗ ਬੁਝਾਈ ਜਾਂਦੀ ।
ਆਏ ਦੋਸਤੀ, ਦੁਸ਼ਮਣੀ ਚਲੀ ਜਾਏ,
ਹੋ ਦਿਲਾਂ ਦੀ ਝੱਟ ਸਫ਼ਾਈ ਜਾਂਦੀ ।
ਚਾਹ, ਪ੍ਰੇਮ ਪਿਆਰ ਦੇ ਬੂਟਿਆਂ ਨੂੰ,
ਕੋਈ ਈਰਖਾ ਨਾਲ ਨਹੀਂ ਪਾਲ ਸਕਦਾ ।
ਸੱਚੇ ਧਰਮ ਦਾ ਨਿਯਮ ਅਟਲ ਇਹ ਹੈ,
ਨਹੀਂ ਕਾਲ ਵੀ ਏਸ ਨੂੰ ਟਾਲ ਸਕਦਾ ।
੬
ਕਈ ਹੋਰ ਨੇ ਏਸ ਸੰਸਾਰ ਅੰਦਰ,
ਨਹੀਂ ਜਾਣਦੇ, ਕੁਛ ਵਿਚਾਰਦੇ ਨਹੀਂ ।
ਸਹਿਣ ਸ਼ੀਲਤਾ ਆਉਣ ਨਾ ਦੇਣ ਨੇੜੇ,
ਉਹ ਕਿਸੇ ਦੀ ਗੱਲ ਸਹਾਰਦੇ ਨਹੀਂ ।
ਜਿਹੜੇ ਰਮਜ਼ ਪਛਾਣ ਕੇ ਇਹ ਗੁਝੀ,
ਨੀਵੇਂ ਮਨ ਕਰਕੇ ਬੁਰਦਬਾਰ ਹੋ ਗਏ ।
ਸਾਥ ਛਡਿਆ ਝਗੜਿਆਂ ਝਾਂਜਿਆਂ ਨੇ,
ਬੇੜੇ ਉਹਨਾਂ ਦੇ ਭਵਜਲੋਂ ਪਾਰ ਹੋ ਗਏ ।
੭
ਨਿੱਤ ਭਾਲਦਾ ਜੋ ਐਸ਼-ਇਸ਼ਰਤਾਂ ਨੂੰ,
ਤਮ੍ਹਾਂ ਹਿਰਸ ਹਵਾ ਨੂੰ ਮਾਰਦਾ ਨਹੀਂ ।
ਪਾੜੇ ਰੋਟੀਆਂ ਬੇਹਿਸਾਬ ਵੇਹਲੜ੍ਹ,
ਸ਼ੋਹਦਾ, ਆਲਸੀ ਤੇ ਕੰਮ ਕਾਰ ਦਾ ਨਹੀਂ ।
ਬੁਰੀਆਂ ਵਾਦੀਆਂ ਓਸ ਤੇ ਹੋਣ ਭਾਰੂ,
ਉਹਨੂੰ ਇਉਂ ਸ਼ੈਤਾਨ ਲਤਾੜਦਾ ਏ ।
ਜਿਵੇਂ ਝਖੜ ਹਨੇਰੀ ਦਾ ਕੋਈ ਬੁੱਲਾ,
ਮਾੜੇ ਰੁੱਖਾਂ ਨੂੰ ਜੜੋਂ ਉਖਾੜਦਾ ਏ ।
੮
ਜਿਹੜੇ ਆਪਣੇ ਨਫ਼ਸ ਤੇ ਪਾਉਣ ਕਾਬੂ,
ਐਸ਼ ਮਹਫ਼ਿਲਾਂ ਤੋਂ ਸਦਾ ਦੂਰ ਰਹਿੰਦੇ ।
ਥੋੜਾ ਖਾਣ ਤੇ ਰਹਿਣ ਚੇਤੰਨ ਹਰਦਮ,
ਸੋਹਜ-ਜ਼ਿੰਦਗੀ ਨਾਲ ਭਰਪੂਰ ਰਹਿੰਦੇ ।
ਮੱਥਾ ਮਾਰ ਪਹਾੜੀ ਚੱਟਾਨ ਦੇ ਨਾਲ,
ਜਿਵੇਂ ਜ਼ੋਰ ਤੂਫ਼ਾਨ ਦਾ ਲੰਘ ਜਾਏ ।
ਉਸੇ ਤਰ੍ਹਾਂ ਮਜਾਲ ਸ਼ੈਤਾਨ ਦੀ ਕੀ ?
ਐਸੇ ਆਦਮੀ ਨੇੜਿਉਂ ਲੰਘ ਜਾਏ ।
੯
ਪਹਿਲਾਂ ਲਾਹ ਕੇ ਮੈਲ ਜੋ ਹੋਏ ਲੱਗੀ,
ਮਨ ਕੁੰਗੂ ਦੇ ਵਾਂਗ ਨਿਤਾਰਿਆ ਨਹੀਂ ।
ਨਹੀਂ ਆਪਣੇ ਆਪ ਨੂੰ ਵੱਸ ਕੀਤਾ,
ਦਿਲੋਂ ਕਿਬਰ ਹੰਕਾਰ ਨੂੰ ਮਾਰਿਆ ਨਹੀਂ ।
ਜੇਕਰ ਪੱਲਾ ਸਚਾਈ ਦਾ ਨਹੀਂ ਫੜਿਆ,
ਏਸ ਗੱਲ ਵਿੱਚ ਸਮਝਣਾ ਸ਼ੱਕ ਕੋਈ ਨਾ ।
ਪਾ ਲਏ ਤਾਂ ਲਏ ਉਹ ਲੱਖ ਵਾਰੀ,
ਭਗਵੇ ਕੱਪੜੇ ਓਸ ਦਾ ਹੱਕ ਕੋਈ ਨਾ ।
੧੦
ਪਹਿਲਾਂ ਲਾਹ ਕੇ ਮੈਲ ਜੋ ਹੋਏ ਲੱਗੀ,
ਮਨ ਕੁੰਗੂ ਦੇ ਵਾਂਗ ਨਿਤਾਰ ਲੈਂਦਾ।
ਕਾਬੂ ਪਾ ਕੇ ਆਪਣੇ ਆਪ ਉਤੇ,
ਦਿਲੋਂ ਕਿਬਰ ਹੰਕਾਰ ਨੂੰ ਮਾਰ ਲੈਂਦਾ ।
ਜਿਹੜਾ ਪਕੜ ਸਚਾਈ ਦਾ ਤੁਰੇ ਪੱਲਾ,
ਓਹਦੀ ਨੀਅਤ ਤੇ ਕਦੇ ਨਹੀਂ ਸ਼ੱਕ ਹੁੰਦਾ ।
ਪਾ ਲਏ ਤਾਂ ਪਾਏ ਉਹ ਜੀ ਸਦਕੇ,
ਭਗਵੇ ਕੱਪੜੇ ਓਸ ਦਾ ਹੱਕ ਹੁੰਦਾ ।
੧੧
ਸਾਰ ਹੀਣ ਨੂੰ ਸਮਝਦੇ ਸਾਰ ਕਈ,
ਕਈ ਸਾਰ ਨੂੰ ਪਏ ਅਸਾਰ ਵੇਖਣ ।
ਫਿਰਨ ਭਟਕਦੇ ਉਹ ਭੰਬਲ ਭੂਸਿਆਂ ਵਿੱਚ,
ਨਾ ਉਹ ਤੇਲ ਨਾ ਤੇਲ ਦੀ ਧਾਰ ਵੇਖਣ ।
ਪੈਂਦੀ ਨਹੀਂ ਇਸਰਾਰ ਦੀ ਸਾਰ ਕੋਈ,
ਮਿਲਦੀ ਸ਼ਾਂਤੀ ਨਾ ਪਰੇਸ਼ਾਨ ਰਹਿੰਦੇ ।
ਮਾਇਆ ਜਾਲ ਜੰਜਾਲ ਵਿੱਚ ਹੋਏ ਫਾਥੇ,
ਸੋਚਾਂ ਫੋਕੀਆਂ ਵਿੱਚ ਗ਼ਲਤਾਨ ਰਹਿੰਦੇ ।
੧੨
ਸਾਰ ਸਮਝਿਆ ਜਿਨ੍ਹਾਂ ਨੇ ਸਾਰ ਤਾਈਂ,
ਸਾਰ ਹੀਣ ਨੂੰ ਵੀ ਨਾਲੇ ਜਾਣ ਲਿਆ ।
ਸਾਰੀ ਸਾਰ, ਅਸਾਰ ਦੀ ਪਈ ਸੋਝੀ,
ਅਸਲੀ ਸਾਰ ਦਾ ਰੂਪ ਪਛਾਣ ਲਿਆ ।
ਰਮਜ਼ਾਂ ਗੁੱਝੀਆਂ ਉਹਨਾਂ ਨੇ ਤਾੜ ਲਈਆਂ,
ਸੁੱਚੀ ਨੀਤ ਤੇ ਸੱਚੀ ਵਿਚਾਰ ਦੇ ਨਾਲ ।
ਸਾਰ ਜਦੋਂ ਵੀ ਤੱਤ ਦੀ ਕਿਸੇ ਪਾਈ,
ਪਾਈ ਸਦਾ ਹੀ ਸੱਚ-ਅਚਾਰ ਦੇ ਨਾਲ ।
੧੩
ਜਿਵੇਂ ਘਰ ਦੀ ਛੱਤ ਜੇ ਹੋਏ ਢੱਠੀ,
ਮੀਂਹ ਜ਼ੋਰ ਦਾ ਉਪਰੋਂ ਆ ਜਾਏ ।
ਪਾਣੀ ਲੰਘ ਕੇ ਗਲੀਆਂ, ਮਘੋਰਿਆਂ ਚੋਂ,
ਢਾਹ ਓਸ ਮਕਾਨ ਨੂੰ ਲਾ ਜਾਏ ।
ਓਸ ਮਨ ਦੀ ਇਉਂ ਹੀ ਦਸ਼ਾ ਹੁੰਦੀ,
ਜਿਹੜਾ ਸਾਧਨਾ ਬਿਨਾਂ ਕਮਜ਼ੋਰ ਹੁੰਦਾ ।
ਤ੍ਰਿਸ਼ਨਾ ਉਹਦੇ ਵਿੱਚ ਇਉਂ ਪ੍ਰਵੇਸ਼ ਕਰਦੀ,
ਜਿਵੇਂ ਸੰਨ੍ਹ ਥੀਂ ਲੰਘਿਆ ਚੋਰ ਹੁੰਦਾ ।
੧੪
ਚੰਗੀ ਕਿਸੇ ਮਕਾਨ ਦੀ ਛੱਤ ਹੋਵੇ,
ਮੀਂਹ ਜ਼ੋਰ ਦਾ ਵੀ ਭਾਵੇਂ ਆ ਜਾਏ ।
ਫੇਰ ਪਾਣੀ ਦੀ ਭਲਾ ਮਜਾਲ ਕੀ ਹੈ ?
ਕਿਧਰੇ ਢਾਹ ਮਕਾਨ ਨੂੰ ਲਾ ਜਾਏ ।
ਓਸ ਮਨ ਦੀ ਇਉਂ ਹੀ ਦਸ਼ਾ ਹੁੰਦੀ,
ਜੋ ਸੰਜਮ ਦੇ ਨਾਲ ਸ਼ਹਿਜ਼ੋਰ ਹੁੰਦਾ ।
ਤ੍ਰਿਸ਼ਨਾ ਉਹਦੇ ਵਿੱਚ ਨਹੀਂ ਪ੍ਰਵੇਸ਼ ਕਰਦੀ,
ਬਿਨਾਂ ਸੰਨ੍ਹ ਬੇ-ਵੱਸ ਜਿਉਂ ਚੋਰ ਹੁੰਦਾ ।
੧੫
ਰਹੇ ਝੂਰਦਾ ਆਪਣੀ ਜ਼ਿੰਦਗੀ ਵਿਚ,
ਮੌਤ ਪਿਛੋਂ ਵੀ ਲੁੜਛਦਾ ਝੂਰਦਾ ਏ ।
ਸੱਚੀ ਗੱਲ ਇਹ ਨਹੀਂ ਝੁਠਲਾਈ ਜਾਂਦੀ,
ਪਾਪੀ ਦੋਹਾਂ ਜਹਾਨਾਂ ਵਿੱਚ ਝੂਰਦਾ ਏ ।
ਕਰੇ ਗ਼ਮਾਂ ਦੀ ਪੀੜ ਨਿਢਾਲ ਉਸ ਨੂੰ,
ਖਾਂਦਾ ਓਸ ਨੂੰ ਰੋਗ ਸੰਤਾਪ ਹੁੰਦਾ ।
ਮੰਦੇ ਕੰਮ ਹੀ ਓਸਦੇ ਆਉਣ ਅੱਗੇ,
ਉਹਨੂੰ ਮਾਰਦਾ ਆਪਣਾ ਪਾਪ ਹੁੰਦਾ ।
੧੬
ਸੁੱਖ ਭੋਗਦਾ ਏ ਸੋਹਣੇ ਜ਼ਿੰਦਗੀ ਵਿੱਚ,
ਮਰਨ ਪਿੱਛੋਂ ਵੀ ਓਸ ਨੂੰ ਸੁੱਖ ਮਿਲਦਾ ।
ਧਰਮੀ ਦੋਹਾਂ ਜਹਾਨਾਂ ਵਿੱਚ ਸੁਰਖਰੂ ਹੈ,
ਉਹਨੂੰ ਕਿਧਰੇ ਵੀ ਜ਼ਰਾ ਨਾ ਦੁੱਖ ਮਿਲਦਾ ।
ਸਦਾ ਸਦਾ ਆਨੰਦ ਪਰਸੰਨ ਰਹਿੰਦਾ,
ਕਦੇ ਨਹੀਂ ਦੁਹਾਈ ! ਦੁਹਾਈ ! ਕਰਦਾ ।
ਪੱਲੇ ਪੁੰਨ ਵਿਚਾਰ ਪੁਨੀਤ ਜਿਸ ਦੇ,
ਕਰਦਾ, ਹੱਕ ਦੀ ਨੇਕ ਕਮਾਈ ਕਰਦਾ ।
੧੭
ਕਸ਼ਟ ਝੱਲਦਾ ਏਸ ਸੰਸਾਰ ਅੰਦਰ,
ਮਰਨ ਪਿੱਛੋਂ ਵੀ ਰੋਗ ਸੰਤਾਪ ਰਹਿੰਦਾ ।
ਕੀਤੇ ਪਾਪ ਅਰਾਮ ਨਹੀਂ ਲੈਣ ਦੇਂਦੇ,
ਚੜ੍ਹਿਆ ਦੋਹਾਂ ਜਹਾਨਾਂ ਵਿੱਚ ਤਾਪ ਰਹਿੰਦਾ ।
ਇਹ ਸੋਚ ਕੇ "ਮੈਂ ਗੁਨਾਹ ਕੀਤਾ"'
ਗੁਨਾਹਗਾਰ ਕੰਬੇ ! ਹੋਰ ਦੁਖੀ ਹੁੰਦਾ ।
ਕਾਰਨ ਪਾਪ ਦੇ ਭਾਗ ਨਿਖੁਟ ਜਾਂਦੇ,
ਸੁਫ਼ਨੇ ਵਿੱਚ ਵੀ ਪਾਪੀ ਨਹੀਂ ਸੁਖੀ ਹੁੰਦਾ ।
੧੮
ਜੀਵਨ ਉਹਦਾ ਪਰਸੰਨ ਭਰਪੂਰ ਹੁੰਦਾ,
ਉਸ ਤੋਂ ਮੌਤ ਵੀ ਖ਼ੁਸ਼ੀ ਨਹੀਂ ਖੋਹ ਸਕਦੀ ।
ਪੱਲੇ ਕਿਉਂਕਿ ਨੇਕੀਆਂ ਬੱਧੀਆਂ ਨੇ,
ਕੋਈ ਚੰਦਰੀ ਪੀੜ ਨਹੀਂ ਛੋਹ ਸਕਦੀ ।
ਉਸ ਤੋਂ ਦੂਰ ਦਿਲਗੀਰੀਆਂ ਰਹਿੰਦੀਆਂ ਨੇ,
ਕਥਨੀ ਕਰਨੀ ਜੁ ਓਸ ਦੀ ਨੇਕ ਹੁੰਦੀ ।
ਰਹਿੰਦੇ ਚਮਕਦੇ ਸਦਾ ਨਸੀਬ ਓਹਦੇ,
ਉਸ ਨੂੰ ਸੱਚ ਆਨੰਦ ਦੀ ਟੇਕ ਹੁੰਦੀ ।
੧੯
ਵੇਦ ਮੰਤਰਾਂ ਦੇ ਲੱਖ ਪਾਠ ਕਰੀਏ,
ਪੜ੍ਹੀਏ ਹੋਰ ਵੀ ਸੱਚੀਆਂ ਬਾਣੀਆਂ ਨੂੰ ।
ਅਮਲਾਂ ਬਾਝ ਨਾ ਜ਼ਿੰਦਗੀ ਸੌਰਦੀ ਏ,
ਕਾਹਨੂੰ ਰਿੜਕੀਏ ਫੋਕਿਆਂ ਪਾਣੀਆਂ ਨੂੰ ।
ਬਿਨਾ ਕਰਨੀਓਂ ਆਲਸੀ ਪੁਰਸ਼ ਕਈ,
ਐਵੇਂ ਭੂਮੀ ਸਨਿਆਸ ਦੀ ਮਿਣੀ ਜਾਂਦੇ ।
ਓਹ ਓਸ ਗਵਾਲੇ ਦੇ ਵਾਂਗ ਸਮਝੋ,
ਜਿਹੜੇ ਵੱਗ ਬਗਾਨੇ ਦਾ ਗਿਣੀ ਜਾਂਦੇ ।
੨੦
ਥੋੜ੍ਹਾ ਪਾਠ ਸ਼ਲੋਕਾਂ ਦਾ ਕਰੇ ਭਾਵੇਂ,
ਜੇਕਰ ਉਹ ਪਰ ਧਰਮ ਦੀ ਕਾਰ ਕਰਦਾ ।
ਮਨੋਂ ਤਨੋਂ ਵਿਸਾਰ ਕੇ ਮੋਹ ਮਾਇਆ,
ਧਰਮ ਨੇਮ ਅਨੁਸਾਰ ਵਿਹਾਰ ਕਰਦਾ ।
ਤ੍ਰਿਸ਼ਨਾ, ਕਾਮਨਾ, ਲੋਭ ਤਿਆਗ ਦਿੰਦਾ,
ਦੋਹੀਂ ਥਾਈਂ ਨਾ ਜਿਸ ਤੋਂ ਸਵਾਲ ਹੁੰਦਾ ।
ਉਹ ਪਦ ਨਿਰਬਾਨ ਨੂੰ ਪੁੱਜ ਕੇ ਤੇ,
ਸਾਰੇ ਆਦਰਾਂ ਦਾ ਸਾਂਝੀਵਾਲ ਹੁੰਦਾ ।
ਅਧਿਆਏ ਦੂਜਾ
ਅੱਪਮਾਦ
ਅੱਪਮਾਦ ('ਪ੍ਰਮਾਦ ਨਾ ਕਰਨਾ', 'ਸੁਚੇਤ ਰਹਿਣਾ') ਵੱਗ ਵਿੱਚ ਦੱਸਿਆ ਗਿਆ ਹੈ ਕਿ ਸੁਚੇਤ ਰਹਿਣਾ ਨਿਰਵਾਣ ਪ੍ਰਾਪਤੀ ਦਾ ਮਾਰਗ ਹੈ ਅਤੇ ਗ਼ਫ਼ਲਤ ਮਨੁੱਖ ਨੂੰ ਵਿਨਾਸ਼ ਵੱਲ ਲੈ ਜਾਂਦੀ ਹੈ ।
੨੧
ਸੋਚ, ਸਾਧਨਾ ਸਦਾ ਸੁਚੇਤ ਜੀਹਦੀ,
ਉਹ ਪਦ ਨਿਰਬਾਣ ਨੂੰ ਪਾਉਂਦਾ ਏ ।
ਕਰੇ ਨੇਸਤੀ ਜੋ ਬੇ-ਮੁੱਖ ਹੋ ਕੇ,
ਉਹ ਮੌਤ ਨੂੰ ਆਪ ਬੁਲਾਉਂਦਾ ਏ ।
ਧਿਆਨ-ਮਗਨ ਵੀ ਰਹੇ ਚੇਤੰਨ ਜਿਹੜਾ,
ਉਹ ਮਾਰਿਆਂ ਵੀ ਕਦੇ ਨਹੀਂ ਮਰਦਾ ।
ਉਹ ਜੀਉਂਦਾ ਵੀ ਹੁੰਦਾ ਮੋਇਆਂ ਵਰਗਾ,
ਜੋ ਜਾਗਦਾ ਨਹੀਂ, ਸੋਝੀ ਨਹੀਂ ਕਰਦਾ ।
੨੨
ਪੰਡਤ ਜਾਗਦੇ ਵੇਖ ਮਰਜੀਉੜਿਆਂ ਨੂੰ,
ਬੜੇ ਚਿੱਤ ਦੇ ਵਿੱਚ ਪਰਸੰਨ ਰਹਿੰਦੇ ।
ਉਹਨਾਂ ਵਾਂਗ ਹੀ ਫ਼ਰਜ਼ ਪਛਾਣ ਲੈਂਦੇ,
ਖਬਰਦਾਰ ਹੁਸ਼ਿਆਰ, ਚੇਤੰਨ ਰਹਿੰਦੇ ।
ਸੋਝੀ ਵਾਲੇ ਅਣਗਹਿਲੀਆਂ ਨਹੀਂ ਕਰਦੇ,
ਉਹ ਭੁੱਲ ਵੀ ਨਹੀਂ ਬੇ-ਮੁੱਖ ਹੁੰਦੇ ।
ਕਿਉਂਕਿ ਸਮਝ ਲਈ ਉਨ੍ਹਾਂ ਨੇ ਗੱਲ ਪੂਰੀ,
ਵਿਚ ਸਾਵਧਾਨੀ ਲੱਖਾਂ ਸੁੱਖ ਹੁੰਦੇ ।
੨੩
ਸਦਾ ਧਿਆਨ ਦੇ ਵਿੱਚ ਗ਼ਲਤਾਨ ਰਹਿੰਦੇ,
ਸਿਰੜ ਨਾਲ ਜੋ ਸਾਧਨਾ ਕਰਨ ਵਾਲੇ ।
ਅਗ੍ਹਾਂ ਤੁਰੇ ਜਾਂਦੇ, ਇੱਕੋ ਮਸਤ ਚਾਲੇ,
ਨਿਸਚੇ ਨਾਲ ਅਰਾਧਨਾ ਕਰਨ ਵਾਲੇ ।
ਓੜਕ ਇਹਨਾਂ ਦੀ ਘਾਲ ਹੈ ਥਾਏਂ ਪੈਂਦੀ,
ਚਿੱਤ-ਸ਼ਾਂਤ ਆਨੰਦ ਭਰਪੂਰ ਹੁੰਦੇ ।
ਸਹਿਜ ਨਾਲ ਉਹ ਪਦ ਨਿਰਬਾਨ ਪਾਉਂਦੇ,
ਮਾਇਆ, ਮੋਹ ਤੇ ਆਲਸੋਂ ਦੂਰ ਹੁੰਦੇ ।
੨੪
ਜਿਹੜਾ ਆਪਣੇ ਪੈਰਾਂ ਤੇ ਖੜਾ ਹੋਵੇ,
ਕਦੇ ਕਿਸੇ ਦਾ ਆਸਰਾ ਤੱਕਦਾ ਨਹੀਂ ।
ਸੁੱਚੇ ਕੰਮ ਤੇ ਨੇਕ ਕਮਾਈ ਕਰਦਾ,
ਤੁਰਦਾ ਧਰਮ ਦੇ ਰਾਹ ਤੇ ਥੱਕਦਾ ਨਹੀਂ ।
ਨਹੀਂ ਮੋੜਿਆ ਫ਼ਰਜ਼ ਤੋਂ ਮੁੱਖ ਜੀਹਨੇ,
ਕੀਤਾ ਆਪਣੇ ਆਪ ਨੂੰ ਵੱਸ ਹੁੰਦਾ ।
ਓਹਦੀ ਕੀਰਤੀ ਮਹਿਕਦੀ ਹਰ ਪਾਸੇ,
ਸਾਰੇ ਜੱਗ ਜਹਾਨ ਤੇ ਜੱਸ ਹੁੰਦਾ ।
੨੫
ਕਰ ਕੇ ਸੀਲ-ਸੰਜਮ, ਨਾਲ ਚੌਕਸੀ ਦੇ,
ਪੈਰੀਂ ਆਪਣੇ ਆਪ ਖਲੋ ਜਾਏ ।
ਕਾਬੂ ਪਾ ਕੇ ਆਪਣੇ ਨਫ਼ਸ ਉੱਤੇ,
ਜ਼ਬਤ ਨੇਮ ਅੰਦਰ ਜਦੋਂ ਹੋ ਜਾਏ ।
ਓਦੋਂ, ਇਹ ਸਿਆਣੇ ਲਈ ਲਾਜ਼ਮੀ ਹੈ,
ਇਉਂ ਮਨ ਦਾ ਦੀਪ ਉਸਾਰ ਧਰ ਲਏ ।
ਹੜ੍ਹ, ਤ੍ਰਿਸ਼ਨਾਂ ਦਾ ਜਿਨੂੰ ਨਾ ਡੋਬ ਸਕੇ,
ਭਾਵੇਂ ਛੱਲਾਂ ਤੇ ਛੱਲਾਂ ਦਾ ਵਾਰ ਕਰ ਲਏ ।
੨੬
ਹੁੰਦਾ ਥਹੁ ਨਹੀਂ ਮਾਸਾ ਵੀ ਓਹਬੜਾਂ ਨੂੰ,
ਹਟਵੇਂ ਅਕਲ ਤੋਂ ਉਹ ਖਲੋ ਜਾਂਦੇ ।
ਕਰਤਬ ਆਪਣਾ ਝਟ ਵਿਸਾਰ ਦਿੰਦੇ,
ਮੁਖ ਮੋੜ ਅਵੇਸਲੇ ਹੋ ਜਾਂਦੇ ।
ਸਮਝਦਾਰ ਪਰ ਸਦਾ ਹੁਸ਼ਿਆਰ ਰਹਿੰਦਾ,
ਕਿਉਂਕਿ ਉਹ ਸੁਚੇਤ ਕਮਾਲ ਦਾ ਏ ।
ਦੌਲਤ ਹੁੰਦੀ ਜਿਉਂ ਲੱਖਾਂ ਖਜ਼ਾਨਿਆਂ ਦੀ,
ਇਉਂ ਆਪਣਾ ਫ਼ਰਜ਼ ਸੰਭਾਲਦਾ ਏ ।
੨੭
ਨੇੜੇ ਨੇਸਤੀ ਜਾਓ ਨਾ ਭੁੱਲ ਕੇ ਵੀ,
ਫਸਣਾ ਕਦੇ ਨਾ ਵਿਸ਼ੇ ਵਿਕਾਰ ਅੰਦਰ ।
ਕਾਮ, ਭੋਗ, ਵਿਲਾਸ ਤੋਂ ਪਰ੍ਹੇ ਹੋ ਕੇ,
ਰਹੋ ਪਾਕ ਪੁਨੀਤ ਵਿਚਾਰ ਅੰਦਰ ।
ਸਾਵਧਾਨ, ਸੁਚੇਤ, ਹੁਸ਼ਿਆਰ, ਹਰਦਮ,
ਪੁਰਸ਼ ਜੋ ਵੀ ਧਿਆਨ-ਗ਼ਲਤਾਨ ਹੁੰਦਾ ।
ਉਹਦੇ ਦੁੱਖ ਅੰਦੇਸੜੇ ਦੂਰ ਹੁੰਦੇ,
ਮਹਾਂ ਸੁਖੀ ਉਹ ਨੇਕ ਇਨਸਾਨ ਹੁੰਦਾ ।
੨੮
ਉੱਦਮ ਨਾਲ ਜੋ ਜਾਗ ਹੁਸ਼ਿਆਰ ਹੋ ਕੇ,
ਆਕਲ ਗ਼ਾਫ਼ਿਲੀ ਤੋਂ ਜਦੋਂ ਦੂਰ ਹੁੰਦੈ ।
ਪੁੱਜੇ ਉਹ ਦਾਨਾਈ ਦੀ ਸਿਖਰ ਉਤੇ,
ਉਹਦਾ ਚਿੱਤ ਆਨੰਦ ਭਰਪੂਰ ਹੁੰਦੈ ।
ਫਿਕਰਾਂ ਮਾਰਿਆਂ, ਗ਼ਮਾਂ ਦੇ ਪੀੜਿਆਂ ਨੂੰ,
ਫਿਰ ਉਹ ਉੱਪਰੋਂ ਇਉਂ ਨਿਹਾਰਦਾ ਏ ।
ਫਿਰਦੇ ਜਿਵੇਂ ਮੈਦਾਨਾਂ ਵਿੱਚ ਮੂਰਖਾਂ ਤੇ,
ਰਿਸ਼ੀ ਪਰਬਤੋਂ ਝਾਤੀਆਂ ਮਾਰਦਾ ਏ ।
੨੯
ਆਕਲ ਬੈਠ ਕੇ ਕੋਲ ਜੋ ਗ਼ਾਫ਼ਿਲਾਂ ਦੇ,
ਦਾਮਨ ਗ਼ਾਫ਼ਲੀ ਨਾਲ ਨਾ ਦਾਗਦਾ ਏ ।
ਗੂਹੜੀ ਨੀਂਦਰ ਅਗਿਆਨ ਦੀ ਸੁੱਤਿਆਂ ਵਿਚ,
ਸਮਝ ਲਓ ਕਿ ਉੱਦਮੀ ਜਾਗਦਾ ਏ ।
ਦੌੜ ਵਿਚ ਗਿਆਨ ਧਿਆਨ ਦੀ ਓਹ,
ਸੋਮਨ ਰਹੇ ਤੇ ਮੰਜ਼ਲਾਂ ਮਾਰ ਜਾਏ ।
ਮੱਠੇ ਘੋੜੇ ਨੂੰ ਛੱਡ ਕੇ ਜਿਵੇਂ ਪਿੱਛੇ,
ਅੱਗੇ ਨਿਕਲਦਾ ਤੇਜ਼-ਰਫ਼ਤਾਰ ਜਾਏ ।
ਅਧਿਆਏ ਤੀਸਰਾ
ਚਿੱਤ
ਚਿੱਤ (ਮਨ) ਵੱਗ ਵਿੱਚ ਚਿੱਤ ਦੇ ਸੰਜਮ ਦਾ ਵਰਨਣ ਕੀਤਾ ਗਿਆ ਹੈ, ਇਸ ਨਾਲ ਹੀ ਮਨੁੱਖ ਗਿਆਨ ਦੀ ਪੂਰਨਤਾ ਨੂੰ ਪ੍ਰਾਪਤ ਕਰ ਸਕਦਾ ਹੈ ।
੩੦
ਇੰਦਰ ਦੇਵਤਾ ਵੀ ਆਲਸ ਮੁਕਤ ਹੋ ਕੇ,
ਸਭਨਾਂ ਦੇਵਾਂ ਦੇ ਸਿਰਾਂ ਤੇ ਤਾਜ ਹੋਇਆ ।
ਇਸੇ ਲਈ ਹੀ ਸੁਰਗ ਸੁਰਲੋਕ ਅੰਦਰ,
ਸੋਭਾ ਓਸਦੀ, ਓਸਦਾ ਰਾਜ ਹੋਇਆ ।
ਹੋਵੇ ਸਿਫ਼ਤ ਸਲਾਹ ਚੈਤੰਨਤਾ ਦੀ,
ਸਦਾ, ਸਦਾ ਹੋਵੇ ਬਾਰਮ ਬਾਰ ਹੋਵੇ ।
ਸਭਨਾਂ ਪਾਸਿਓਂ ਆਲਸ ਤੇ ਗਾਫ਼ਲੀ ਤੇ,
ਹਰ ਸਮੇਂ ਧਿੱਕਾਰ, ਧਿੱਕਾਰ ਹੋਵੇ ।
੩੧
ਜਿਸਨੂੰ ਜਾਗਣ ਦੇ ਨਾਲ ਪਿਆਰ ਹੋਵੇ,
ਆਲਸ, ਗਾਫ਼ਿਲੀ ਨੂੰ ਖ਼ਤਰਨਾਕ ਸਮਝੇ ।
ਸਿੱਧੇ ਰਾਹ ਨੂੰ ਜਾਗਦਾ, ਉਹ ਭਿਖਸ਼ੂ,
ਬਿਲਾ ਸ਼ੱਕ ਜਾਣੋ, ਠੀਕ ਠਾਕ ਸਮਝੇ ।
ਇੱਕ ਅੱਗ ਸਮਾਨ ਹੈ ਓਹ ਭਿਖਸ਼ੂ,
ਜਿਹੜੀ ਸੰਸਿਆਂ ਨੂੰ ਦਾਹ ਕਰੀ ਜਾਏ ।
ਸਭਨਾਂ ਨਿੱਕਿਆਂ ਮੋਟਿਆਂ ਬੰਧਨਾਂ ਨੂੰ,
ਸਾੜ ਸਾੜ ਸੁਆਹ ਜੋ ਕਰੀ ਜਾਏ ।
੩੨
ਜਿਸਨੂੰ ਜਾਗਣ ਦੇ ਨਾਲ ਪਿਆਰ ਹੋਵੇ,
ਆਲਸ, ਗਾਫ਼ਿਲੀ ਨੂੰ ਖ਼ਤਰਨਾਕ ਸਮਝੇ ।
ਸਿੱਧੇ ਰਾਹ ਨੂੰ ਜਾਗਦਾ, ਉਹ ਭਿਖਸ਼ੂ,
ਬਿਲਾ ਸ਼ੱਕ ਜਾਣੋ, ਠੀਕ ਠਾਕ ਸਮਝੇ ।
ਓਹ ਸਦਾ ਸੁਚੇਤ ਅਡੋਲ ਰਹਿੰਦਾ,
ਰਾਹੋਂ ਕਿਧਰੇ ਕੁਰਾਹ ਨਹੀਂ ਹੋ ਸਕਦਾ ।
ਪੁੱਜਾ ਹੋਇਆ ਨਿਰਵਾਨ ਦੇ ਓਹ ਨੇੜੇ,
ਪਤਨ ਓਸਦਾ ਕਦੇ ਨਹੀਂ ਹੋ ਸਕਦਾ ।
੩੩
ਚੰਚਲ ਮਨ ਸੁਖਾਲਾ ਨਹੀਂ ਵੱਸ ਕਰਨਾ,
ਪੈਰ ਪੈਰ ਇਹ ਬਦਲਦਾ ਡੋਲਦਾ ਏ ।
ਏਸ ਪੰਛੀ ਦੀ ਡੋਰ ਨੂੰ ਕੌਣ ਥੰਮੇ ?
ਉੱਡਣ ਲਈ ਜਦੋਂ ਪਰਾਂ ਨੂੰ ਤੋਲਦਾ ਏ ।
ਅਕਲਮੰਦ ਹੀ ਏਸ ਤੇ ਪਾਉਣ ਕਾਬੂ,
ਗੱਲ ਸਾਫ਼ ਓਹ ਖਰੀ ਦੋ-ਟੁੱਕ ਕਰਦੇ ।
ਤੀਰਸਾਜ਼ ਵਾਂਗਰ ਕੱਢ ਵੱਟ ਮਨ ਦੇ,
ਐਨ ਤੀਰ ਜੇਹਾ ਸਿੱਧਾ ਤੁੱਕ ਕਰਦੇ ।
੩੪
ਜੀਉਂਦੀ ਪਕੜ ਸਰੋਵਰੋਂ ਕੋਈ ਮੱਛੀ,
ਫੰਧਕ ਸੁੱਕੀ ਜ਼ਮੀਨ ਤੇ ਸੁੱਟ ਜਾਏ ।
ਉਹ ਤੜਫਦੀ ਤੜਫਦੀ ਲੁੱਛਦੀ ਹੈ,
ਜਿਵੇਂ ਓਸ ਦੀ ਚੋਗ ਨਿਖੁੱਟ ਜਾਏ ।
ਓਸੇ ਤਰ੍ਹਾਂ ਹੀ ਚਿੱਤ ਜੋ ਹੈ ਚੰਚਲ,
ਬੜਾ ਤੜਫਦਾ ਤੇ ਡੋਬੂ ਖਾਈ ਜਾਵੇ ।
"ਮਾਇਆ ਮੋਹ ਦੇ ਜਾਲ ਚੋਂ ਨਿਕਲ ਜਾਵਾਂ",
ਜਿਵੇਂ ਕਿਵੇਂ ਤਦਬੀਰ ਬਣਾਈ ਜਾਵੇ ।
੩੫
ਚਿੱਤ, ਚਪਲ, ਚਲਾਕ, ਅਮੋੜ, ਚੰਚਲ,
ਨਹੀਂ ਚਿੱਤ ਨੂੰ ਸਬਰ ਕਰਾਰ ਆਉਂਦਾ ।
ਰਹੇ ਭਟਕਦਾ ਹਲਕੇ ਸੁਭਾਅ ਕਾਰਨ,
ਤਾਂਹੀਓਂ, ਏਸ ਤੇ ਨਹੀਂ ਇਤਬਾਰ ਆਉਂਦਾ ।
ਏਸੇ ਲਈ ਹੀ ਚਿੱਤ ਨੂੰ ਵੱਸ ਕਰਨਾ,
ਨੇਕ ਕੰਮ ਜਾਂ ਇਕ ਸਵਾਬ ਹੁੰਦਾ ।
ਚਿੱਤ ਸੋਧਿਆ ਖ਼ੁਸ਼ੀਆਂ ਜੋ ਵੰਡਦਾ ਏ,
ਨਹੀਂ ਉਹਨਾਂ ਦਾ ਅੰਤ ਹਿਸਾਬ ਹੁੰਦਾ ।
੩੬
ਸੌਖਾ ਨਹੀਂ ਹੈ ਮਨ ਨੂੰ ਸਮਝ ਸਕਣਾ,
ਮਨ ਚਤਰ ਵੀ ਹੈ ਚਲਾਕ ਵੀ ਹੈ ।
ਮਰਜ਼ੀ ਆਪਣੀ ਨਾਲ ਇਹ ਲੁੜਕਦਾ ਰਹੇ,
ਆਪ-ਹੁਦਰੀਆਂ ਵਿੱਚ ਇਹ ਤਾਕ ਵੀ ਹੈ ।
ਬੁਧੀਮਾਨ ਜੇ ਮਨ ਦੀ ਕਰੇ ਰਾਖੀ,
ਓਹਦੀ ਸ਼ਾਨ ਹੁੰਦੀ, ਓਹਦਾ ਮਾਣ ਹੁੰਦਾ ।
ਮਨ ਨੱਥਿਆ ਅਤੇ ਸੰਭਾਲਿਆ ਫਿਰ,
ਸਮਝ ਲਓ ਕਿ ਸੁੱਖਾਂ ਦੀ ਖਾਣ ਹੁੰਦਾ ।
੩੭
ਦੂਰ ਦੂਰ ਹੈ ਭਟਕਦਾ ਮਨ ਫਿਰਦਾ,
ਨਹੀਂ ਡੁੱਬਦਾ ਏਸ ਦਾ ਛੋ ਕਿਧਰੇ ।
ਨਿਰਾਕਾਰ, ਇਕੱਲਾ ਹੀ ਰਹੇ ਭੌਂਦਾ,
ਨਹੀਂ ਸਕਦਾ ਮਨ ਖਲੋ ਕਿਧਰੇ ।
ਹਿਰਦੇ ਅੰਦਰ ਵੀ ਕਦੇ ਇਹ ਰਹੇ ਲੁਕਿਆ,
ਵੱਸ ਜੋ ਵੀ ਮਨ ਨੂੰ ਕਰ ਜਾਏ ।
ਛੁੱਟ ਜਾਏ ਓਹ ਮਾਇਆ ਦੇ ਬੰਧਨਾਂ ਤੋਂ,
ਸਾਗਰ ਦੁੱਖਾਂ ਦੇ ਸਾਰੇ ਉਹ ਤਰ ਜਾਏ ।
੩੮
ਕਿਸੇ ਆਦਮੀ ਦਾ ਚਿੱਤ ਥਿਰ ਨਹੀਂ ਜੇ,
ਸੱਚੇ ਧਰਮ ਨੂੰ ਵੀ ਜਿਹੜਾ ਜਾਣਦਾ ਨਹੀਂ ।
ਉਹ ਆਪਣੀ ਧੁੰਦਲੀ ਸੋਚ ਕਾਰਨ,
ਕਿਸੇ ਗੱਲ ਨੂੰ ਠੀਕ ਪਛਾਣਦਾ ਨਹੀਂ ।
ਜਿਸ ਦੀ ਮੱਤ ਟਿਕਾਣਿਓਂ ਹਿੱਲ ਜਾਏ,
ਪੁਰਸ਼ ਸਦਾ ਹੀ ਜੋ ਪਰੇਸ਼ਾਨ ਰਹਿੰਦਾ ।
ਗੱਲ ਫੇਰ ਇਹ ਪੱਥਰ ਤੇ ਲੀਕ ਜਾਣੋ,
ਕੱਚ ਘਰੜ ਹੈ ਉਹਦਾ ਗਿਆਨ ਰਹਿੰਦਾ ।
੩੯
ਓਸ ਆਦਮੀ ਨੂੰ ਉਪਜੇ ਭੈ ਕੋਈ ਨਾ,
ਜਿਸ ਦਾ ਚਿੱਤ ਟਿਕਾਣਿਓਂ ਨਾ ਭਟਕੇ ।
ਜੀਹਦੇ ਧੁੰਦਲੇ ਨਹੀਂ ਵਿਚਾਰ ਹੁੰਦੇ,
ਦੁਬਿਧਾ ਓਸ ਨੂੰ ਕਦੇ ਨਾ ਦਏ ਝਟਕੇ ।
ਸਾਵਧਾਨ, ਸੁਚੇਤ, ਜੋ ਜਾਗਦਾ ਹੈ,
ਜਿਸ ਦੇ ਚਿੱਤ ਅੰਦਰ ਕੋਈ ਕਰਕ ਹੈ ਨਾ ।
ਪੁੰਨ, ਪਾਪ ਤੋਂ ਬੈਠਾ ਨਵੇਕਲਾ ਜੋ,
ਹਰਖ ਸੋਗ ਅੰਦਰ ਜੀਹਨੂੰ ਫਰਕ ਹੈ ਨਾ ।
੪੦
ਭੱਜਣ ਹਾਰ ਸਰੀਰ ਨੂੰ ਘੜਾ ਸਮਝੇ,
ਪੱਕਾ ਗੜ੍ਹ ਜਿਉਂ ਆਪਣਾ ਚਿੱਤ ਕਰ ਲਏ ।
ਕਰੇ ਯੁੱਧ ਗਿਆਨ ਦਾ ਪਕੜ ਖੰਡਾ,
ਮਾਇਆ, ਮੋਹ ਤੇ ਨਿਸਚੇ ਦੀ ਜਿੱਤ ਕਰ ਲਏ ।
ਜਿੱਤ ਜਿੱਤ ਕੇ ਹੋਏ ਅਵੇਸਲਾ ਨਾ,
ਭਾਰ ਫ਼ਰਜ਼ ਦਾ ਸਮਝੇਗਾ ਮੋਢਿਆਂ ਤੇ ।
ਜਿੱਤੀ ਹੋਈ ਓਹ ਮੱਲ ਦੀ ਕਰੇ ਰਾਖੀ,
ਧਰਕੇ ਹੱਥ ਨਾ ਬਹੇਗਾ ਗੋਡਿਆਂ ਤੇ ।
੪੧
ਹਾਏ ! ਏਸ ਸਰੀਰ ਨੇ ਵਿਣਸ ਜਾਣਾ,
ਛੇਤੀ ਜ਼ਿੰਦਗੀ ਏਸ ਤੋਂ ਦੂਰ ਹੋਣੀ ।
ਇਹਦੇ ਫੇਰ ਨਹੀਂ ਢੁੱਕਣਾ ਕਿਸੇ ਨੇੜੇ,
ਇਹਦੀ ਚੇਤਨਾ ਸਭ ਕਾਫੂਰ ਹੋਣੀ ।
ਫੇਰ ਏਸ ਕੀ ਕਿਸੇ ਦੇ ਕੰਮ ਆਉਣਾ,
ਬਣਨਾ ਕੋਈ ਨਾ ਏਸ ਦਾ ਯਾਰ ਬੇਲੀ ।
ਪਿਆ ਰਹੇਗਾ ਇਸ ਤਰ੍ਹਾਂ ਖ਼ਾਕ ਉਤੇ,
ਹੁੰਦੀ ਕਾਠ ਦੀ ਜਿਸ ਤਰ੍ਹਾਂ ਪਈ ਗੇਲੀ ।
੪੨
ਜਿਹੜੀ ਕਰਨ ਕਦੂਰਤਾਂ ਕਰਨ ਵਾਲੇ,
ਭੈੜੀ, ਨਾਲ ਕਦੂਰਤਾਂ ਵਾਲਿਆਂ ਦੇ ।
ਬੁਰਾ ਕਰਨ ਜੋ ਵੈਰ ਕਮਾਉਣ ਵਾਲੇ,
ਨਾਲ ਵੈਰੀਆਂ ਈਰਖਾ ਵਾਲਿਆਂ ਦੇ ।
ਉਹਨਾਂ ਨਾਲੋਂ ਵੀ ਕਰੇ ਨੁਕਸਾਨ ਬਹੁਤਾ,
ਨਹੀਂ ਮੇਚ ਬੰਨਾ ਜੀਹਦਾ ਦੱਸ ਹੁੰਦਾ ।
ਮਾਇਆ ਮੋਹ ਦੇ ਮਾਰਗ ਤੇ ਤੁਰਨ ਵਾਲਾ,
ਚਿੱਤ ਜੋ ਸ਼ੈਤਾਨ ਦੇ ਵੱਸ ਹੁੰਦਾ ।
੪੩
ਸ਼ੱਕ ਏਸ ਵਿੱਚ ਰੱਤੀ ਰਵਾਲ ਕੋਈ ਨਾ,
ਮਾਂ, ਪਿਓ ਨੇ ਸਦਾ ਉਪਕਾਰ ਕਰਦੇ ।
ਕਈ ਵਾਰ ਪਿਆਰ ਤੇ ਦਸਤਗੀਰੀ,
ਸਾਕ ਅੰਗ ਸਾਰੇ, ਰਿਸ਼ਤੇਦਾਰ ਕਰਦੇ ।
ਪਰ ਜੇ ਮਨ ਪਰਬੋਧਿਆ ਹੋਏ ਕਿਧਰੇ,
ਸੰਗੀ ਕੋਈ ਨਾ ਓਸਦੇ ਨਾਲ ਦਾ ਏ ।
ਤੋਰੇ ਆਦਮੀ ਨੂੰ ਸਿੱਧੇ ਰਾਹ ਉੱਤੇ,
ਅੰਗ, ਸੰਗ ਮੁਹੱਬਤਾਂ ਪਾਲਦਾ ਏ ।
ਅਧਿਆਏ ਚੌਥਾ
ਪੁੱਫ
ਪੁੱਫ (ਫੁੱਲ) ਵੱਗ ਵਿੱਚ ਫੁੱਲਾਂ ਦੇ ਉਦਾਹਰਣਾਂ ਰਾਹੀਂ ਨੈਤਿਕ ਉਪਦੇਸ਼ ਦਿੱਤਾ ਗਿਆ ਹੈ ।
੪੪
ਮਹਾਂਬਲੀ ਤੇ ਸੂਰਮਾ ਕੌਣ ਐਸਾ,
ਮਾਤ ਲੋਕ ਦੇ ਸਣੇ ਯਮਲੋਕ ਜਿੱਤੇ ।
ਦਿਗ ਵਿਜੇ ਸੁਰ ਲੋਕ ਦੀ ਕਰੇ ਕਿਹੜਾ,
ਕੌਣ ? ਮਾਈ ਦਾ ਲਾਲ ਪਰਲੋਕ ਜਿੱਤੇ ।
ਜਿਵੇਂ ਹੱਥਾਂ ਦਾ ਕੋਈ ਸੁਚਿਆਰ ਮਾਲੀ,
ਨਾਲ ਰੀਝਾਂ ਦੇ ਫੁੱਲਾਂ ਨੂੰ ਪਾਲਦਾ ਏ ।
ਓਸੇ ਤਰ੍ਹਾਂ ਹੀ ਧਰਮ ਦੇ ਮਾਰਗਾਂ ਨੂੰ,
ਭਲਾ ਵੇਖੀਏ ਕੌਣ ਸੰਭਾਲਦਾ ਏ ।
੪੫
ਸੱਚਾ ਸ਼ਿਸ਼ ਜਾਂ ਚੇਲਾ ਵੀ ਸੂਰਮਾ ਹੈ,
ਜਿਹੜਾ ਲੋਕ ਦੇ ਸਣੇ ਯਮਲੋਕ ਜਿੱਤੇ ।
ਦਿਗ ਵਿਜੇ ਸੁਰਲੋਕ ਤੇ ਪਾਏ ਜਿਹੜਾ,
ਏਹੀ ਮਾਈ ਦਾ ਲਾਲ ਪਰਲੋਕ ਜਿੱਤੇ ।
ਜਿਵੇਂ ਹੱਥਾਂ ਦਾ ਕੋਈ ਸੁਚਿਆਰ ਮਾਲੀ,
ਨਾਲ ਰੀਝਾਂ ਦੇ ਫੁੱਲਾਂ ਨੂੰ ਪਾਲਦਾ ਏ ।
ਓਸੇ ਤਰ੍ਹਾਂ ਹੀ ਧਰਮ ਦੇ ਮਾਰਗਾਂ ਨੂੰ,
ਚੇਲਾ ਭਾਲਦਾ ਅਤੇ ਸੰਭਾਲਦਾ ਏ ।
੪੬
ਜਾਣ ਲਏ ਜੋ ਆਪਣੇ ਜਿਸਮ ਬਾਰੇ,
ਨਿਰਾ ਬੁਲਬੁਲਾ ਇਹ ਤਾਂ ਆਬ ਦਾ ਏ ।
ਮਿਰਗਛਲੀ ਜਾਂ ਨਜ਼ਰ ਦਾ ਹੈ ਧੋਖਾ,
ਝਾਕਾ ਇਕ ਸੁਹਾਵਣੇ ਖ਼ਾਬ ਦਾ ਏ ।
ਪੁਸ਼ਪਬਾਣ ਉਹ ਮਾਇਆ ਦੇ ਭੰਨ੍ਹ ਸੁੱਟੇ,
ਨਹੀਂ ਓਸ ਤੇ ਮੋਹ ਦਾ ਵਾਰ ਹੁੰਦਾ ।
ਉਹਨੂੰ ਫੇਰ ਯਮਰਾਜ ਨੇ ਮਾਰਨਾ ਕੀ,
ਉਹ ਯਮਾਂ ਦੀ ਪਕੜ ਤੋਂ ਪਾਰ ਹੁੰਦਾ ।
੪੭
ਘਰੀਂ ਚੱਲਿਆ ਕਿਸੇ ਦਾ ਮਨ ਜੇਕਰ,
ਓਹਦੀ ਸੁਰਤ ਅੰਦਰ ਇੰਤਸ਼ਾਰ ਹੋਵੇ ।
ਰਹੇ ਵਿਸ਼ੇ ਵਿਕਾਰਾਂ ਦੇ ਵਿਚ ਫਾਥਾ,
ਜੀਹਨੂੰ ਹੋਰ ਨਾ ਕੋਈ ਵਿਹਾਰ ਹੋਵੇ ।
ਪੁਸ਼ਪ ਕਾਮ ਦੇ ਇਉਂ ਜੋ ਚੁਨਣ ਵਾਲੇ,
ਮੌਤ ਉਹਨਾਂ ਦੀ ਧੌਣ ਮਰੋੜ ਜਾਏ ।
ਡੂੰਘੀ ਨੀਂਦ ਅੰਦਰ ਸੁੱਤੇ ਪਿੰਡ ਤਾਈਂ,
ਪਾਣੀ ਜਿਸ ਤਰ੍ਹਾਂ ਹੜ੍ਹਾਂ ਦਾ ਰੋਹੜ ਜਾਏ ।
੪੮
ਓਸ ਆਦਮੀ ਨੂੰ ਮੌਤ ਕਰੇ ਨਿੱਸਲ,
ਕਾਮ ਭੋਗ ਵਿਚ ਜੋ ਗ਼ਲਤਾਨ ਰਹਿੰਦਾ ।
ਸਦਾ ਖਿਲਰੇ ਰਹਿਣ ਖ਼ਿਆਲ ਜੀਹਦੇ,
ਜਿਸ ਦਾ ਮਨ ਚੰਚਲ ਪਰੇਸ਼ਾਨ ਰਹਿੰਦਾ ।
ਕਾਮ ਫੁੱਲ ਖ਼ੁਸ਼ਬੋਈਆਂ ਮਾਣਦਾ ਰਹੇ,
ਬਿਨਾਂ ਐਸ਼ ਨਾ ਜਿਸ ਨੂੰ ਵਿਹਾਰ ਹੁੰਦਾ ।
ਖ਼ੁਸ਼ੀਆਂ ਸਾਰੀਆਂ ਵਿਚ ਬਦਮਸਤ ਹੋ ਕੇ,
ਜਿਸ ਨੂੰ ਜ਼ਰਾ ਨਾ ਸਬਰ ਕਰਾਰ ਹੁੰਦਾ ।
੪੯
ਮੱਖੀ ਮਾਖਿਓਂ ਫੁੱਲ ਚੋਂ ਚੁਕ ਉਡਦੀ,
ਕਾਰਜ ਆਪਣਾ ਇਸ ਤਰ੍ਹਾਂ ਰਾਸ ਕਰਦੀ ।
ਨਾ ਹੀ ਫੁੱਲ ਦੀ ਮਹਿਕ ਨੂੰ ਮਾਰਦੀ ਹੈ,
ਨਾ ਹੀ ਰੰਗ ਦਾ ਸਤਿਆਨਾਸ ਕਰਦੀ ।
ਭਿਖਸ਼ੂ ਸੋਚ ਕੇ ਬੰਨ੍ਹ ਲਏ ਗੱਲ ਪੱਲੇ,
ਕਰੇ ਮਨ ਦੇ ਨਾਲ ਇਕਰਾਰ ਏਦਾਂ ।
ਕਰਦੀ ਸ਼ਹਿਦ ਮੱਖੀ ਜਿਵੇਂ ਫੁੱਲ ਦੇ ਨਾਲ,
ਵੜੇ ਪਿੰਡ ਤਾਂ ਕਰੇ ਵਿਹਾਰ ਏਦਾਂ ।
੫੦
ਕਾਹਨੂੰ ਕਿਸੇ ਦੇ ਟੋਲਦੇ ਐਬ ਫਿਰਨਾ,
ਚੰਗਾ ਨਹੀਂ ਹੈ ਭਾਲਣਾ ਖਾਮੀਆਂ ਦਾ ।
ਕੋਈ ਕੀ ਕਰਦਾ, ਕੀ ਨਹੀਂ ਕਰਦਾ ?
ਰਹਿਣਾ ਪੁੱਛਦੇ, ਮੂਲ ਬਦਨਾਮੀਆਂ ਦਾ ।
ਲੈਣੇ ਨਿੰਨਵੇਂ ਇਸ ਤਰ੍ਹਾਂ ਗੱਲ ਕੋਝੀ,
"ਦੱਸੀਂ ਯਾਰ ਫਲਾਣੇ ਦੀ ਕਾਰ ਕੀ ਹੈ ?"
ਹਰ ਕਿਸੇ ਨੂੰ ਜਾਨਣਾ ਇਹ ਚਾਹੀਏ,
"ਮੇਰਾ ਆਪਣਾ ਅਮਲ ਕਿਰਦਾਰ ਕੀ ਹੈ ?"
੫੧
ਖਿੜਿਆ ਫੁੱਲ ਸੁੰਦਰ ਭਾਵੇਂ ਹੋਏ ਕਿੰਨਾ,
ਮਨ ਮੋਹਣਾ ਅਤੇ ਖ਼ੁਸ਼ਰੰਗ ਹੋਵੇ ।
ਜੇਕਰ ਓਸ ਤੋਂ ਨਹੀਂ ਖ਼ੁਸ਼ਬੋ ਆਉਂਦੀ,
ਓਹਦਾ ਰੰਗ ਵੀ ਫੇਰ ਬੇਰੰਗ ਹੋਵੇ ।
ਓਸੇ ਤਰ੍ਹਾਂ ਹੀ ਜਾਣੀਏ ਓਹ ਨਿਹਫਲ,
ਵਾਂਗ ਮਾਖਿਓਂ ਦੇ ਮਿੱਠਾ ਬੋਲਦਾ ਜੋ ।
ਪਰ ਨਾ ਰੱਖ ਕੇ ਤੱਕੜੀ ਜ਼ਿੰਦਗੀ ਦੀ
ਕੌਲ, ਫੇਲ੍ਹ ਤਾਈਂ ਸਾਵਾਂ ਤੋਲਦਾ ਜੋ ।
੫੨
ਜਿਵੇਂ ਫੁੱਲ ਸੋਹਣਾ, ਖਿੜਿਆ ਮਨ ਮੋਹਣਾ,
ਮਹਿਕ ਆਪਣੀ ਖ਼ੂਬ ਖਿਲਾਰਦਾ ਹੈ ।
ਕਦਮ ਤੁਰਦਿਆਂ ਰਾਹੀਆਂ ਦੇ ਰੁਕ ਜਾਂਦੇ,
ਹਰ ਕੋਈ ਓਸ ਦਾ ਰੂਪ ਨਿਹਾਰਦਾ ਹੈ ।
ਓਸੇ ਤਰ੍ਹਾਂ ਹੀ ਸਫਲ ਕਮਾਈ ਓਹਦੀ,
ਮਿੱਠੀ ਮਾਖਿਓਂ ਜੀਹਦੀ ਤਕਰੀਰ ਹੁੰਦੀ ।
ਨਾਲੇ ਹੁੰਦਾ ਹੈ ਕਰਨੀ ਦਾ ਸੂਰਮਾ ਜੋ,
ਓਹਦੇ ਬੋਲਾਂ ਦੇ ਵਿਚ ਤਾਸੀਰ ਹੁੰਦੀ ।
੫੩
ਢੇਰ ਫੁੱਲਾਂ ਦੇ ਮਹਿਕਦੇ ਮਲਕੜੇ ਈ,
ਪਾਣੀ ਜਿਵੇਂ ਛਿੜਕਾ ਕੇ ਧੋ ਲਈ ਦੇ ।
ਫੇਰ ਹੱਥਾਂ ਵਿਚ ਪਕੜ ਕੇ ਸੂਈ ਧਾਗਾ,
ਝੱਟ ਸੈਂਕੜੇ ਹਾਰ ਪਰੋ ਲਈ ਦੇ ।
ਓਸੇ ਤਰ੍ਹਾਂ ਹੀ ਆਣ ਕੇ ਵਿਚ ਦੁਨੀਆਂ,
ਜਿਥੋਂ ਤੱਕ ਵੀ ਹੋਏ ਭਲਾਈ ਕਰੀਏ ।
ਜਿਹੜੀ ਲੋਕ ਪਰਲੋਕ ਵਿਚ ਕੰਮ ਆਏ,
ਖ਼ੁਸ਼ਬੋ ਵੰਡਦੀ ਨੇਕ ਕਮਾਈ ਕਰੀਏ ।
੫੪
ਬਾਸ ਫੁੱਲਾਂ ਤੇ ਚੰਦਨ ਚੰਬੇਲੀਆਂ ਦੀ,
ਸਦਾ ਮਨਾਂ ਨੂੰ ਭਾਵੇਂ ਲੁਭਾ ਸਕਦੀ ।
ਮਹਿਕ ਇਹਨਾਂ ਪਰ ਸਭਨਾਂ ਸੁਗੰਧੀਆਂ ਦੀ,
ਕਦੀ ਹਵਾ ਦੇ ਉਲਟ ਨਹੀਂ ਜਾ ਸਕਦੀ ।
ਨੇਕ ਦਿਲ ਇਨਸਾਨ ਦੀ ਮਹਿਕ ਐਪਰ,
ਖਿੰਡਣ ਵਾਸਤੇ ਹਵਾ ਨੂੰ ਲੋੜਦੀ ਨਹੀਂ ।
ਸਭਨੀ ਪਾਸੀਂ ਸੁਗੰਧੀਆਂ ਵੰਡਦੀ ਹੈ,
ਮੁਖ ਕਦੇ ਵੀ ਕਿਸੇ ਤੋਂ ਮੋੜਦੀ ਨਹੀਂ ।
੫੫
ਕੌਲ ਫੁੱਲ ਜਾਂ ਹੋਣ ਚੰਬੇਲੀ ਦੇ ਫੁੱਲ,
ਫੁੱਲ ਹੋਰ ਵੀ ਹੋਣ ਜੋ ਟਹਿਕਦੇ ਨੇ,
ਧੂਫਾਂ ਸਣੇ ਪਦਾਰਥ ਖ਼ੁਸ਼ਬੋਈ ਵਾਲੇ,
ਜੋ ਵੀ ਮਨ ਹਰਸ਼ਾਉਂਦੇ ਮਹਿਕਦੇ ਨੇ ।
ਭਾਵੇਂ ਮਹਿਕਾਂ ਇਹ ਸਾਰੀਆਂ ਮਿੱਠੀਆਂ ਨੇ,
ਇਹਨਾਂ ਨਾਲ ਦੀ ਸੋਹਜ ਬਖਸ਼ੀਸ਼ ਕੋਈ ਨਾ ।
ਸਦਾਚਾਰ ਸੁਗੰਧੀ ਪਰ ਜੋ ਵੰਡੇ,
ਹੁੰਦੀ ਇਹਨਾਂ ਤੋਂ ਓਸ ਦੀ ਰੀਸ ਕੋਈ ਨਾ ।
੫੬
ਚੰਦਨ, ਧੂਫ ਤੋਂ ਜੋ ਖ਼ੁਸ਼ਬੋ ਆਉਂਦੀ,
ਓਹ ਚੀਜ਼ ਤਾਂ ਰਤੀ ਰਵਾਲ ਹੁੰਦੀ ।
ਸਦਾਚਾਰ ਤੋਂ ਜੋ ਸੁਗੰਧ ਆਏ,
ਓਹੀ ਅਸਲ ਵਿਚ ਹੈ ਕਮਾਲ ਹੁੰਦੀ ।
ਓਹੀ ਹੁੰਦੀ ਖ਼ੁਸ਼ਬੋਈ ਹੈ ਸਰਬ-ਉੱਤਮ,
ਓਹਦੇ ਨਾਲ ਹੀ ਚਾਰ ਚੁਫੇਰ ਮਹਿਕੇ ।
ਲਪਟਾਂ ਓਹਦੀਆਂ ਨਾਲ ਤਾਂ ਦੇਵਤੇ ਵੀ,
ਸਦਾ ਖ਼ੁਸ਼ੀ ਤੇ ਖੇੜੇ ਵਿਚ ਰਹਿਣ ਟਹਿਕੇ ।
੫੭
ਸਦਾਚਾਰ ਦੀ ਜਿਨ੍ਹਾਂ ਦੇ ਕੋਲ ਪੂੰਜੀ,
ਜੋ ਵੀ ਜਾਗਦੇ ਸਦਾ ਚੈਤੰਨ ਰਹਿੰਦੇ ।
ਦੂਰ ਰੱਖ ਕੇ ਆਲਸ ਤੇ ਨੇਸਤੀ ਨੂੰ,
ਬੜੇ ਚਿੱਤ ਦੇ ਵਿਚ ਪਰਸੰਨ ਰਹਿੰਦੇ ।
ਉਹ ਮੁਕਤ ਗਿਆਨ ਦੇ ਨਾਲ ਹੋਏ,
ਕੋਈ ਉਹਨਾਂ ਨੂੰ ਹਟਕ ਨਾ ਟੋਕ ਸਕੇ ।
ਮੋਹ ਮਾਇਆ ਦੀ ਫੇਰ ਮਜਾਲ ਕੀ ਹੈ,
ਰਾਹ ਉਹਨਾਂ ਦਾ ਲੱਭ ਜਾਂ ਰੋਕ ਸਕੇ ।
੫੮-੫੯
ਜਿਵੇਂ ਰਾਹ ਦੇ ਕੂੜੇ ਦੇ ਢੇਰ ਅੰਦਰ,
ਕਮਲ ਉੱਗ ਆਉਂਦੇ ਸੁੰਦਰ ਰੂਪ ਵਾਲੇ ।
ਲਪਟਾਂ ਮਹਿਕਾਂ ਖਿਲਾਰਦੇ ਹਰ ਪਾਸੇ,
ਪੁਸ਼ਪ ਸੁਗਮ ਸੁਗੰਧ ਅਨੂਪ ਵਾਲੇ ।
ਓਸੇ ਤਰ੍ਹਾਂ ਅਗਿਆਨ ਦੇ ਮਾਰਿਆਂ ਚੋਂ,
ਅਕਸਰ ਛੇਕਿਆ ਜਿਨ੍ਹਾਂ ਨੂੰ ਜੱਗ ਹੁੰਦਾ ।
ਲਿਸ਼ਕੇ ਕੋਈ ਸੁਬੁੱਧ ਗਿਆਨ ਵਾਲਾ,
ਜੀਹਦਾ ਨੂਰ ਤੇ ਤੇਜ ਸੁਲੱਗ ਹੁੰਦਾ ।
ਅਧਿਆਏ ਪੰਜਵਾਂ
ਬਾਲ
ਬਾਲ (ਮੂਰਖ ਇਨਸਾਨ) ਵੱਗ ਵਿਚ ਅਗਿਆਨੀ ਮਨੁੱਖ ਦਾ ਲੱਛਣ ਦੱਸਿਆ ਗਿਆ ਹੈ ।
੬੦
ਹੁੰਦੀ ਰਾਤ ਲੰਮੀ ਜਾਗਣ ਵਾਲਿਆਂ ਲਈ,
ਔਖੀ ਲੰਘਦੀ ਗਿਣਦਿਆਂ ਤਾਰਿਆਂ ਨੂੰ ।
ਮੰਜ਼ਲ ਦੂਰ ਦੁਰਾਡੜੀ ਜਾਪਦੀ ਹੈ,
ਸਦਾ ਪਾਂਧੀਆਂ ਥੱਕਿਆਂ ਹਾਰਿਆਂ ਨੂੰ ।
ਓਸੇ ਤਰ੍ਹਾਂ ਹੀ ਮੂੜ੍ਹ ਅਗਿਆਨੀਆਂ ਲਈ,
ਦਿਲ ਜਿਨ੍ਹਾਂ ਦੇ ਵਾਂਗ ਮਨੂਰ ਹੁੰਦੇ ।
ਖਾਲੀ ਧਰਮ, ਗਿਆਨ ਦੀ ਸਾਰ ਬਾਝੋਂ,
ਚੱਕਰ ਜ਼ਿੰਦਗੀ ਦੇ ਲੰਮੇ ਦੂਰ ਹੁੰਦੇ ।
੬੧
ਮਿਲੇ ਜੇ ਨਾ ਜੀਵਨ ਦੇ ਪੰਧ ਅੰਦਰ,
ਕੋਈ ਆਪਣੇ ਤੋਂ ਕਿਧਰੇ ਯਾਰ ਚੰਗਾ ।
ਮਿਲੇ ਕੋਈ ਜੇ ਆਪਣੇ ਨਾਲ ਸਾਵਾਂ,
ਹੌਲਾ ਰਾਹ ਦੇ ਕਰੇ ਉਹ ਭਾਰ ਚੰਗਾ ।
ਤੁਰਨਾ ਪਏ ਜੇਕਰ ਕੱਲਮ-ਕੱਲਿਆਂ ਵੀ,
ਤੁਰੀਏ ਨਾਲ ਜਿਗਰੇ, ਮੰਜ਼ਲ ਪਾਸ ਆਉਂਦੀ ।
ਬਿਨ੍ਹਾਂ ਮੂੜ੍ਹ ਹਮਰਾਹੀ ਦੇ ਸਫ਼ਰ ਚੰਗਾ,
ਮੂਰਖ ਨਾਲ ਨਾ ਦੋਸਤੀ ਰਾਸ ਆਉਂਦੀ ।
੬੨
"ਬੜੇ ਪੁੱਤ ਮੇਰੇ, ਦੌਲਤ ਮਾਲ ਮੇਰਾ",
ਇਹਨਾਂ ਸੋਚਾਂ ਵਿਚ ਮੂੜ੍ਹ ਗ਼ਲਤਾਨ ਰਹਿੰਦਾ ।
ਇਹੀ ਚਿੰਤਾ ਘ੍ਰੋੜਦੀ ਰਹੇ ਉਹਨੂੰ,
ਫਿਕਰ ਮਾਰਿਆ, ਤੇ ਪਰੇਸ਼ਾਨ ਰਹਿੰਦਾ ।
ਰਮਜ਼ ਏਸ ਨੂੰ ਜ਼ਰਾ ਪਛਾਣਦਾ ਨਹੀਂ,
"ਕਿਵੇਂ ਪੁੱਤ ਓਹਦੇ, ਕਿਵੇਂ ਮਾਲ ਓਹਦਾ" ।
ਹੋਰ ਗੱਲਾਂ ਤਾਂ ਰਹਿ ਗਈਆਂ ਇਕ ਪਾਸੇ,
ਨਹੀਂ "ਆਪਣਾ ਆਪ" ਵੀ ਨਾਲ ਓਹਦਾ ।
੬੩
ਸਮਝੇ ਜੇ ਮੂਰਖ "ਮੈਂ ਤਾਂ ਹਾਂ ਮੂਰਖ",
ਅਕਲ ਸਮਝ ਦੇ ਨਾਲ ਆਰਾਸਤਾ ਨਹੀਂ ।
ਓਸ ਹੱਦ ਤਕ ਹੋ ਗਿਆ ਓਹ ਪੰਡਤ,
ਓਹਦਾ ਮੂਰਖਾਂ ਨਾਲ ਫਿਰ ਵਾਸਤਾ ਨਹੀਂ ।
ਮੂਰਖ ਹੁੰਦਿਆਂ ਸਮਝਦਾ ਇਉਂ ਜੇਕਰ,
"ਪੰਡਤ, ਅਕਲ ਦਾ ਕੋਟ, ਵਿਦਵਾਨ ਹੈ ਉਹ"।
ਅਸਲ ਵਿਚ ਫਿਰ ਜਾਣੀਏਂ ਮੂਰਖਾਂ ਦਾ,
ਬਿਨਾਂ ਤਾਜ ਦੇ ਸ਼ਾਹ ਸੁਲਤਾਨ ਹੈ ਉਹ ।
੬੪
ਕੋਲ ਪੰਡਤਾਂ ਬੈਠ ਕੇ ਮੂੜ੍ਹ ਕੋਈ,
ਭਾਵੇਂ ਸਾਰੀ ਹੀ ਉਮਰ ਗੁਜ਼ਾਰ ਜਾਏ ।
ਖਾਲੀ ਗਿਆਨ ਤੋਂ ਰਹੇ ਅਣਭਿੱਜ ਪੱਥਰ,
ਨਹੀਂ ਧਰਮ ਦੇ ਰਾਹ ਦੀ ਸਾਰ ਪਾਏ ।
ਹਾਲਤ ਓਸ ਦੀ ਕੜਛੀ ਦੇ ਵਾਂਗ ਹੁੰਦੀ,
ਜਿਹੜੀ ਵੰਡਦੀ ਦਾਲ ਜਾਂ ਤਰੀ ਰਹਿੰਦੀ ।
ਨਾ ਪਰ ਜਾਣਦੀ ਉਹਦਾ ਸੁਆਦ ਕੀ ਹੈ ?
ਭਾਵੇਂ ਮੂੰਹ ਵਿਚ ਦਾਲ ਹੈ ਭਰੀ ਰਹਿੰਦੀ ।
੬੫
ਕੋਲ ਪੰਡਤਾਂ ਦੇ ਸਮਝਦਾਰ ਕੋਈ,
ਇਕ ਪਲ ਵੀ ਭਾਵੇਂ ਗੁਜ਼ਾਰ ਜਾਏ ।
ਓਹ ਰਮਜ਼ ਗਿਆਨ ਦੀ ਸਮਝ ਲੈਂਦਾ,
ਪਾ ਧਰਮ ਦੇ ਰਾਹ ਦੀ ਸਾਰ ਜਾਏ ।
ਉਹਦਾ ਜੀਭ ਦੇ ਵਾਂਗ ਵਿਹਾਰ ਸਮਝੋ,
ਜਿਹੜੀ ਗੱਲ ਨੂੰ ਟੋਹ ਕੇ ਦੱਸ ਜਾਏ ।
ਇਹ ਚੰਗਾ ਸੁਆਦ ਜਾਂ ਹੈ ਮਾੜਾ,
ਦਾਲ-ਤਰੀ ਨੂੰ ਛੋਹ ਕੇ ਦੱਸ ਜਾਏ ।
੬੬
ਕੌਡੀ ਅਕਲ ਨਾ ਜਿਨ੍ਹਾਂ ਦੇ ਕੋਲ ਹੁੰਦੀ,
ਮੂੜ੍ਹ ਕਦੇ ਨਾ ਚੱਜ ਦੀ ਕਾਰ ਕਰਦੇ ।
ਜਿਵੇਂ ਆਪਣੇ ਆਪ ਦੇ ਹੋਣ ਵੈਰੀ,
ਇਉਂ ਆਪਣੇ ਨਾਲ ਵਿਹਾਰ ਕਰਦੇ ।
ਨਹੀਂ ਮੋੜਦੇ ਮੁੱਖ ਓਹ ਪਾਪ ਵੱਲੋਂ,
ਕਰਦੇ ਰਹਿਣ ਓਹ ਮਾੜਿਆਂ ਧੰਦਿਆਂ ਨੂੰ ।
ਪੈਣ ਭੋਗਣੇ ਓਹਨਾਂ ਨੂੰ ਫਲ ਕੌੜੇ,
ਸਦਾ ਲੱਗਦੇ ਜੋ ਕੰਮਾਂ ਮੰਦਿਆਂ ਨੂੰ ।
੬੭
ਕਹੀ ਗੱਲ ਜੋ ਹੈ ਸਿਆਣਿਆਂ ਨੇ,
ਉਪਰ ਓਸ ਦੇ ਸਦਾ ਵਿਚਾਰ ਕਰੀਏ ।
ਜਿਸ ਦੇ ਅੰਤ ਨੂੰ ਵੇਖ ਪਛਤਾਉਣਾ ਪਏ,
ਕਦੇ ਭੁੱਲ ਕੇ ਓਹ ਨਾ ਕਾਰ ਕਰੀਏ ।
ਜਿਹੜਾ ਕੰਮ ਮਾੜਾ ਓਹਨੂੰ ਕਰਨ ਵਾਲਾ,
ਸਦਾ ਅੰਤ ਨੂੰ ਬਾਜ਼ੀਆਂ ਹਾਰਦਾ ਏ ।
ਨੈਣੀਂ ਅੱਥਰੂ ਹੌਕਿਆਂ ਨਾਲ ਫਾਵਾ,
ਰੋਂਦਾ ਕੂਕਦਾ ਤੇ ਢਾਹੀਂ ਮਾਰਦਾ ਏ ।
੬੮
ਸਮਝੋ, ਕਾਜ ਸੁਹੇਲੜਾ ਓਹ ਥੀਆ,
ਜੀਹਦਾ ਅੰਤ ਨਹੀਂ ਕਦੇ ਕਸਤਾਲ ਹੁੰਦਾ ।
ਜਿਸ ਨੂੰ ਕਰਦਿਆਂ ਆਦਮੀ ਰਹੇ ਰਾਜ਼ੀ,
ਓਹਦੇ ਚਿੱਤ ਨੂੰ ਨਹੀਂ ਮਲਾਲ ਹੁੰਦਾ ।
ਐਸੇ ਕੰਮ ਦਾ ਜੋ ਹੈ ਕਰਨ ਹਾਰਾ,
ਓਹ ਕਦੇ ਵੀ ਨਹੀਂ ਉਦਾਸ ਹੁੰਦਾ ।
ਕਰਦਾ ਸ਼ੁਕਰ ਤੇ ਮਾਣਦਾ ਨਿੱਤ ਖ਼ੁਸ਼ੀਆਂ,
ਓਹਦੇ ਮਨ ਆਨੰਦ ਹੁਲਾਸ ਹੁੰਦਾ ।
੬੯
ਕੱਚਾ ਫਲ ਗੁਨਾਹ ਦਾ ਜਦੋਂ ਤੀਕਰ,
ਚੰਗੀ ਤਰ੍ਹਾਂ ਸਵਾਰ ਕੇ ਪੱਕਦਾ ਨਹੀਂ ।
ਮੂਰਖ ਸਮਝ ਕੇ ਓਸ ਨੂੰ ਸ਼ਹਿਦ ਮਿੱਠਾ,
ਮੂੰਹ ਮਾਰਦਾ ਚੱਖਦਾ ਥੱਕਦਾ ਨਹੀਂ ।
ਜਦੋਂ ਫਲ ਗੁਨਾਹ ਦਾ ਪੱਕ ਜਾਏ,
ਮੂੜ੍ਹ ਜੋ ਸੀ ਕੱਚੇ ਨੂੰ ਮੁੱਖ ਲਾਉਂਦਾ ।
ਕੌੜਾ ਓਹੀ ਫਿਰ ਓਹਦਾ ਸੁਆਦ ਚੱਖੇ,
ਹਾਏ, ਹਾਏ ਕਰਦਾ ਬੜਾ ਦੁੱਖ ਪਾਉਂਦਾ ।
੭੦
ਮੂੜ੍ਹ ਤਪੀ, ਜੋ ਤੱਤ ਪਛਾਣਦਾ ਨਹੀਂ,
ਐਵੇਂ ਰੀਝਿਆ ਰਹੇ ਜੋ ਫੋਕ ਉਤੇ ।
ਭੋਰਾ ਭੋਜਨ ਦਾ ਸਾਲ ਛਮਾਈ ਖਾਏ,
ਰੱਖ ਘਾਹ ਦੇ ਤੀਲੇ ਦੀ ਨੋਕ ਉਤੇ ।
ਓਹਦੀ ਫੇਰ ਵੀ ਕੋਈ ਪ੍ਰਾਪਤੀ ਨਾ,
ਅਸਲ ਵਿੱਚ ਓਹ ਕੌਡੀ ਦੇ ਮੁੱਲ ਦਾ ਨਹੀਂ ।
ਓਹ ਧਰਮੀ ਦੇ ਪੈਰਾਂ ਦੀ ਖਾਕ ਵੀ ਨਹੀਂ,
ਓਹ ਦੇ ਸੋਲ੍ਹਵੇਂ ਹਿੱਸੇ ਦੇ ਤੁੱਲ ਦਾ ਨਹੀਂ ।
੭੧
ਜਿਵੇਂ ਸੱਜਰੇ ਦੁੱਧ ਨੂੰ ਦਹੀਂ ਛਿੱਟਾ,
ਝਟਾ ਪਟ ਹੀ ਕਦੇ ਫਿਟਾਉਂਦਾ ਨਹੀਂ ।
ਪਾਪ-ਕਰਮ ਨੂੰ ਅੱਖ ਦੀ ਫੋਰ ਅੰਦਰ,
ਫਲ ਲੱਗਦਾ ਜਾਂ ਬੂਰ ਆਉਂਦਾ ਨਹੀਂ ।
ਜਿਵੇਂ ਅੱਗ ਸੁਆਹ ਦੇ ਵਿੱਚ ਨੱਪੀ,
ਰੂਪ ਧਾਰਦੀ ਤੁਰਤ ਅੰਗਿਆਰਿਆਂ ਦੇ ।
ਪਾਪ ਨੱਸਦੇ ਤਿਵੇਂ ਨੇ ਮੂੜ੍ਹ ਪਿੱਛੇ,
ਬਿਨਾਂ ਆਖਿਆਂ, ਬਿਨਾਂ ਸ਼ਿਸ਼ਕਾਰਿਆਂ ਦੇ ।
੭੨
ਜੋ ਵੀ ਮੂਰਖ ਦੇ ਕੋਲ ਗਿਆਨ ਹੋਵੇ,
ਭਾਵੇਂ ਉਹਦਾ ਨਾ ਕੋਈ ਕਿਆਸ ਕਰਦਾ ।
ਓਹ ਗਿਆਨ ਹੀ ਮੂਰਖ ਦਾ ਹੋਏ ਵੈਰੀ,
ਓਹੀ ਗਿਆਨ ਹੀ ਮੂਰਖ ਦਾ ਨਾਸ ਕਰਦਾ ।
ਓਹੀ ਗਿਆਨ ਹੀ ਮੂਰਖ ਤੇ ਵਾਰ ਕਰਦਾ,
ਓਹਨੂੰ ਹਰ ਮੈਦਾਨ ਵਿਚ ਹਾਰ ਦਿੰਦਾ ।
ਧੌਣ ਸਦਾ ਲਈ ਓਸ ਦੀ ਕਰੇ ਨੀਵੀਂ,
ਓਹਦੇ ਚੰਗਿਆਂ ਗੁਣਾਂ ਨੂੰ ਮਾਰ ਦਿੰਦਾ ।
੭੩
ਰਹਿੰਦੀ ਲਾਲਸਾ ਮੂੜ੍ਹ ਨੂੰ ਚੰਬੜੀ ਇਹ,
ਓਹਦਾ ਜੱਗ ਤੇ ਬੱਝ ਇਤਬਾਰ ਜਾਏ ।
ਮਠ-ਸੰਘ ਦੇ ਵਿਚ ਓਹ ਭਿਖਸ਼ੂਆਂ ਦਾ,
ਵੱਡਾ ਸੱਭ ਦਾ ਬਣ ਸਰਦਾਰ ਜਾਏ ।
ਓਹਦੇ ਆਪਣੇ ਘਰ ਵਿਚ ਹਰ ਕੋਈ,
ਸਦਾ ਓਸ ਦਾ ਆਗਿਆਕਾਰ ਹੋਵੇ ।
ਜਾਏ ਜਦੋਂ ਬਗਾਨਿਆਂ ਘਰਾਂ ਅੰਦਰ,
ਓਹਦਾ ਰੱਜਵਾਂ ਮਾਣ ਸਤਕਾਰ ਹੋਵੇ ।
੭੪
ਦੁਨੀਆਂਦਾਰ ਦੇ ਨਾਲ ਹੀ ਕੋਈ ਭਿਖਸ਼ੂ,
ਰਹਿੰਦਾ ਚਿੱਤ ਵਿਚ ਆਪਣੇ ਸੋਚਦਾ ਏ ।
"ਹਰ ਕੰਮ ਵਿਚ ਮੇਰੀ ਰਜ਼ਾ ਚੱਲੇ",
ਮਰਜ਼ੀ ਆਪਣੀ ਠੋਸਣੀ ਲੋਚਦਾ ਏ ।
"ਇਹ ਮਾਅਰਕਾ ਮੈਂ ਹੀ ਮਾਰਿਆ ਹੈ",
ਫੁਰਨਾ, ਸੋਚ ਇਹ ਮੂੜ੍ਹ ਅਗਿਆਨ ਦੀ ਹੈ ।
ਤ੍ਰਿਸ਼ਨਾ ਕਾਮਨਾ ਏਸ ਤੋਂ ਹੋਰ ਭੜਕੇ,
ਅੱਗ ਸਾੜਦੀ ਨਾਲ ਅਭਿਮਾਨ ਦੀ ਹੈ ।
੭੫
ਸੱਚਾ ਸੇਵਕ ਜੇ ਬੁੱਧ ਮਹਾਤਮਾ ਦਾ,
ਭਿਖਸ਼ੂ ਰਮਜ਼ ਇਹ ਖੂਬ ਪਛਾਣਦਾ ਏ ।
"ਇਕ ਰਾਹ ਸੰਸਾਰ ਦੇ ਲਾਭ ਦਾ ਹੈ,
ਸਿੱਧਾ ਦੂਸਰਾ ਰਾਹ ਨਿਰਵਾਣ ਦਾ ਏ" ।
ਏਸ ਭੇਦ ਨੂੰ ਪਾ ਲਏ ਜਦੋਂ ਭਿਖਸ਼ੂ,
ਓਹ ਮਾਨ ਸਨਮਾਨ ਤਿਆਗਦਾ ਏ ।
ਓਹਦੇ ਮਨ ਵਿਚ ਮੋਹ ਤੋਂ ਦੂਰ ਜਾ ਕੇ,
ਮਿੱਠਾ ਪਿਆਰ ਇਕਾਂਤ ਦਾ ਜਾਗਦਾ ਏ ।
ਅਧਿਆਏ ਛੇਵਾਂ
ਪੰਡਿਤ
ਪੰਡਿਤ ਵੱਗ ਵਿਚ ਅਸਲੋਂ ਗਿਆਨੀ ਪੁਰਸ਼ਾਂ ਦੇ ਲੱਛਣ ਦਿਤੇ ਗਏ ਹਨ ।
੭੬
ਪਰਗਟ ਦੋਸ਼ ਜੋ ਕਰੇ ਨਿਧੜਕ ਹੋ ਕੇ,
ਪੰਡਤ ਰੱਖਦਾ ਸੂਝ ਜ਼ਮਾਨਿਆਂ ਦੀ ।
ਓਹ ਤਾਂ ਓਸ ਸਿਆਣੇ ਦੇ ਵਾਂਗ ਹੁੰਦਾ,
ਦੌਲਤ ਦੱਸੇ ਜੋ ਖੁਫ਼ੀਆ ਖਜ਼ਾਨਿਆਂ ਦੀ ।
ਏਸ ਤਰ੍ਹਾਂ ਦਾ ਮਿਲੇ ਜੇ ਕੋਈ ਪੰਡਤ,
ਓਹਦੇ ਮੇਲ ਵਿਚ ਸੁੱਖ ਮਹਾਨ ਹੋਵੇ ।
ਓਹਦਾ ਨੇੜ ਹੈ ਸਦਾ ਕਲਿਆਣਕਾਰੀ,
ਉਸ ਤੋਂ ਕਦੇ ਨਾ ਕੋਈ ਨੁਕਸਾਨ ਹੋਵੇ ।
੭੭
ਪੁਰਸ਼ ਝਾੜਦਾ ਤਾੜਦਾ ਰਹੇ ਜਿਹੜਾ,
ਮਾਰਗ-ਸੱਚ ਦਾ ਪਰ ਉਪਦੇਸ਼ ਦਿੰਦਾ ।
ਹੋੜ, ਮੋੜ ਕੇ ਮਾੜਿਆਂ ਕਾਰਿਆਂ ਤੋਂ,
ਕੱਟ ਜੀਉ ਦੇ ਸਰਬ ਕਲੇਸ਼ ਦਿੰਦਾ ।
ਐਸੇ ਆਦਮੀ ਤੇ ਮੰਦੀ ਨੀਤ ਵਾਲੇ,
ਰਹਿੰਦੇ ਈਰਖਾ ਦੇ ਸਦਾ ਵਾਰ ਕਰਦੇ ।
ਭਲੇ ਲੋਕ ਪਰ ਕਰਨ ਪਸੰਦ ਓਹਨੂੰ,
ਸੱਜਣ ਸਮਝ ਕੇ ਬੜਾ ਪਿਆਰ ਕਰਦੇ ।
੭੮
ਬਹੀਏ ਕੋਲ ਨਾ ਮੰਦਿਆਂ ਮਿਤਰਾਂ ਦੇ,
ਦੂਰੋਂ ਉਹਨਾਂ ਨੂੰ ਸਾਹਿਬ ਸਲਾਮ ਕਰੀਏ ।
ਨੇੜੇ ਢੁੱਕ ਨਾ ਨੀਚ ਨਿਗੱਲਿਆਂ ਦੇ,
ਕਦੇ ਆਪਣਾ ਨਾਮ ਬਦਨਾਮ ਕਰੀਏ ।
ਲਾਈਏ ਮੂੰਹ ਸੁਲੱਖਣੇ ਮਿੱਤਰਾਂ ਨੂੰ,
ਉਹਨਾਂ ਨਾਲ ਹੀ ਸੋਚ ਵਿਚਾਰ ਕਰੀਏ ।
ਉਤਮ ਪੁਰਸ਼ ਦੇ ਸੰਗ ਹਮੇਸ਼ ਰਹੀਏ,
ਨਿੱਤ ਚੰਗਿਆਂ ਨਾਲ ਪਿਆਰ ਕਰੀਏ ।
੭੯
ਖ਼ੁਸ਼ੀਆਂ ਖੇੜਿਆਂ ਨਾਲ ਓਹ ਰਹਿਣ ਖੀਵੇ,
ਮਹਾਂ-ਰਸ ਜੋ ਧਰਮ ਦਾ ਪੀਣ ਵਾਲੇ ।
ਨਿਰਮਲ ਮਨ ਤੇ ਸੋਚ ਸਵੱਛ ਰੱਖਣ,
ਸਦਾ ਨਾਲ ਆਨੰਦ ਜੋ ਜੀਣ ਵਾਲੇ ।
ਲੈ ਕੇ ਮਹਾਂ ਉਪਦੇਸ਼ ਗਿਆਨੀਆਂ ਤੋਂ,
ਕਰਨੀ ਸੋਚਣੀ ਜਿਨ੍ਹਾਂ ਦੀ ਸ਼ੁੱਧ ਹੁੰਦੀ ।
ਚਲਦੇ ਰਹਿਣ ਓਹ ਧਰਮ ਦੇ ਰਾਹ ਉੱਤੇ,
ਮਿਲੇ ਸ਼ਾਂਤੀ ਤੇ ਉਜਲ ਬੁੱਧ ਹੁੰਦੀ ।
੮੦
ਵਹਿਣ ਆਡਾਂ ਦੇ ਮਰਜ਼ੀ ਦੇ ਨਾਲ ਮੋੜਨ,
ਜੱਟ ਖੇਤੀਆਂ ਨੂੰ ਪਾਣੀ ਲਾਉਣ ਵਾਲੇ ।
ਓਸੇ ਤਰ੍ਹਾਂ ਹੀ ਤੀਰ ਲਿਫਾ ਲੈਂਦੇ,
ਕਾਰੀਗਰ ਜੋ ਤੀਰ ਬਣਾਉਣ ਵਾਲੇ ।
ਮਰਜ਼ੀ ਨਾਲ ਤਰਖਾਣ ਜਿਓਂ ਲੱਕੜੀ ਨੂੰ,
ਸਿੱਧੀ ਕਰਨ, ਲਿਫਾਉਂਦੇ, ਮੋੜਦੇ ਨੇ ।
ਪੰਡਤ ਆਪਣੇ ਆਪ ਤੇ ਪਾ ਕਾਬੂ,
ਨਿਜ-ਮਨ ਬੁਰਾਈਆਂ ਤੋਂ ਹੋੜਦੇ ਨੇ ।
੮੧
ਜਿਵੇਂ ਠੋਸ ਪਹਾੜ ਅਡੋਲ ਹੁੰਦਾ,
ਓਹਦਾ ਕੋਈ ਨਹੀਂ ਕੁਛ ਵਗਾੜ ਸਕਦਾ ।
ਝੱਖੜ ਝੁੱਲਦਾ ਜ਼ੋਰ ਅਜ਼ਮਾਏ ਲੱਖਾਂ,
ਓਹਨੂੰ ਜੜੋਂ ਨਹੀਂ ਕਦੇ ਉਖਾੜ ਸਕਦਾ ।
ਬੁੱਧੀਮਾਨ ਪੰਡਤ ਓਸੇ ਤਰ੍ਹਾਂ ਹੁੰਦਾ,
ਟਿਕਿਆ ਦਿਲ ਰੱਖੇ, ਕਦੇ ਡੋਲਦਾ ਨਹੀਂ ।
ਨਹੀਂ ਰੀਝਦਾ ਸਿਫ਼ਤ ਸਲਾਹ ਸੁਣਕੇ,
ਸੁਣ ਕੇ ਨਿੰਦਿਆ ਨੂੰ ਕੌੜਾ ਬੋਲਦਾ ਨਹੀਂ ।
੮੨
ਹੋਏ ਜਿਸ ਤਰ੍ਹਾਂ ਝੀਲ ਜੇ ਕੋਈ ਡੂੰਘੀ,
ਬਿਨਾਂ ਗਾਰ ਦੇ ਓਸ ਦਾ ਤਲ ਹੋਵੇ ।
ਸ਼ੀਸ਼ੇ ਵਾਂਗਰਾਂ ਸਾਫ਼ ਸ਼ਫਾਫ ਲਿਸ਼ਕੇ,
ਨਿਰਮਲ ਬੜਾ ਹੀ ਓਸਦਾ ਜਲ ਹੋਵੇ ।
ਓਸੇ ਤਰ੍ਹਾਂ ਹੀ ਧਰਮ ਦੀ ਕਾਰ ਵਾਲਾ,
ਸ਼ਾਂਤ ਚਿੱਤ ਤੇ ਗਹਿਰ ਗੰਭੀਰ ਹੋਵੇ ।
ਖ਼ੁਸ਼ੀਆਂ ਖੇੜਿਆਂ ਨਾਲ ਭਰਪੂਰ ਰਹਿੰਦਾ,
ਨਾ ਹੀ ਡੋਲੇ ਤੇ ਕਦੇ ਅਧੀਰ ਹੋਵੇ ।
੮੩
ਭਲੇ ਆਦਮੀ ਵਾਸਤਾ ਰੱਖਦੇ ਨਹੀਂ,
ਹੋਵੇ ਦੂਰ ਦੀ ਤੇ ਭਾਵੇਂ ਪਾਸ ਦੀ ਗੱਲ ।
ਕਿਧਰੇ ਭੁੱਲ ਕੇ ਵੀ ਕਦੇ ਛੇੜਦੇ ਨਹੀਂ,
ਕਿਸੇ ਨਾਲ ਓਹ ਭੋਗ ਬਿਲਾਸ ਦੀ ਗੱਲ ।
ਲੱਛਣ ਇਹ ਨੇ ਸੱਚਿਆਂ ਪੰਡਤਾਂ ਦੇ,
ਹਰਖ ਸੋਗ ਨੂੰ ਇੱਕ ਸਮਾਨ ਸਮਝਣ ।
ਦੁੱਖ, ਸੁੱਖ ਨੂੰ ਸਦਾ ਅਣਡਿੱਠ ਕਰ ਕੇ,
ਚੁੱਪ ਰਹਿਣ ਵਿੱਚ ਆਪਣੀ ਸ਼ਾਨ ਸਮਝਣ ।
੮੪
ਨਾ ਹੋਰਨਾਂ ਲਈ ਨਾ ਆਪਣੇ ਲਈ,
ਕਰੇ ਇੱਛਿਆ, ਨਾ ਪੁੱਤਰ ਲਾਲ ਚਾਹੇ ।
ਨਹੀਂ ਮੰਗਦਾ ਧਨ ਤੇ ਦੌਲਤਾਂ ਜੋ,
ਰਾਜ ਭਾਗ ਨਾ ਮਿਲਖ ਤੇ ਮਾਲ ਚਾਹੇ ।
ਮੁੱਖ ਫੇਰ ਕੇ ਆਪਣਾ ਧਰਮ ਤੋਂ ਜੋ,
ਕਦੇ ਆਪਣੀ ਉੱਨਤੀ ਭਾਲਦਾ ਨਹੀਂ ।
ਉੱਜਲ ਬੁੱਧ ਤੇ ਸ਼ੁਭ-ਆਚਾਰ ਵਾਲਾ,
ਧਰਮੀ ਕੋਈ ਵੀ ਓਸ ਦੇ ਨਾਲ ਦਾ ਨਹੀਂ ।
੮੫
ਵਿਰਲੇ ਕੋਈ ਹੁੰਦੇ, ਕਿਧਰੇ ਘਾਲ ਵਾਲੇ,
ਜਿਹੜੇ ਆਪਣੇ ਆਪ ਨੂੰ ਮਾਰ ਜਾਂਦੇ ।
ਲੰਘ ਔਝੜਾਂ ਤੇ ਘੁੰਮਣ-ਘੇਰੀਆਂ ਨੂੰ,
ਹੋਣ ਸੁਰਖਰੂ ਤੇ ਪਰਲੇ ਪਾਰ ਜਾਂਦੇ ।
ਬਾਹਲੇ ਮਿਲਦੇ ਪਰ ਓਹ ਸੰਸਾਰੀਆਂ ਵਿਚ,
ਜਿਹੜੇ ਸੱਚ ਦੀ ਗੱਲ ਤੋਂ ਕੌੜਦੇ ਨੇ ।
ਪਰਲੇ ਪਾਰ ਤਾਂ ਓਹਨਾਂ ਨੇ ਪੁੱਜਣਾ ਕੀ,
ਰਹਿੰਦੇ ਕੰਢੇ ਉਰਾਰ ਤੇ ਦੌੜਦੇ ਨੇ ।
੮੬
ਸੱਚੇ ਧਰਮ ਦੀ ਜਿਨ੍ਹਾਂ ਨੂੰ ਸਮਝ ਆਈ,
ਸੁਣ ਕੇ ਮੰਨਿਆਂ ਧਰਮ ਉਪਦੇਸ਼ ਸੱਚਾ ।
ਤੁਰ ਪੈਣ ਜੋ ਧਰਮ ਦੇ ਰਾਹ ਉੱਤੇ,
ਰਹੇ ਜਿਨ੍ਹਾਂ ਦਾ ਚਲਨ ਹਮੇਸ਼ ਉੱਚਾ ।
ਇਹੀ ਲੋਕ ਨੇ ਝੱਲ ਕੇ ਔਕੜਾਂ ਜੋ,
ਮੰਜ਼ਲ ਮਾਰਦੇ ਤੇ ਪਰਲੇ ਪਾਰ ਜਾਂਦੇ ।
ਬਿਖੜਾ ਵੇਖ ਪੈਂਡਾ ਜ਼ਰਾ ਥਿੜਕਦੇ ਨਹੀਂ,
ਲੰਘ ਮੌਤ ਦੀ ਮੱਲ-ਗੁਜ਼ਾਰ ਜਾਂਦੇ ।
੮੭
ਸਦਾ ਚਾਹੀਦਾ ਪੰਡਤਾਂ ਦਾਨਿਆਂ ਨੂੰ,
ਮੰਦੇ ਕੰਮਾਂ ਬੁਰਿਆਈਆਂ ਤੋਂ ਦੂਰ ਰਹਿਣਾ ।
ਚੰਗੀ ਗੱਲ ਦਾ ਨਿੱਤ ਅਭਿਆਸ ਕਰਨਾ,
ਨੇਕੀ, ਖ਼ੁਸ਼ੀ ਦੇ ਨਾਲ ਮਖ਼ਮੂਰ ਰਹਿਣਾ ।
ਘਰ ਆਪਣਾ ਛੱਡ ਬੇ-ਘਰ ਹੋਣਾ,
ਕਰਨੀ ਕਿਸੇ ਤੋਂ ਕੋਈ ਨਾ ਆਸ ਚਾਹੀਏ ।
ਖ਼ੁਸ਼ੀਆਂ ਸੌਖੀਆਂ ਹੱਥ ਨਾ ਆਉਣ ਜਿੱਥੇ,
ਹੋਣਾ ਐਸੀ ਇਕਾਂਤ ਵਿਚ ਵਾਸ ਚਾਹੀਏ ।
੮੮
ਕਰ ਕੇ ਆਪਣਾ ਵਿਚ ਇਕਾਂਤ ਵਾਸਾ,
ਸਦਾ ਖ਼ੁਸ਼ੀਆਂ ਨੂੰ ਢੂੰਡਣਾ ਭਾਲਣਾ ਜੇ ।
ਕਾਮ, ਭੋਗ ਬਿਲਾਸ ਤਿਆਗ ਦੇਣੇ,
ਮਿਲਖ ਮਾਲਕੀ ਨੂੰ ਹੱਥੀਂ ਜਲਣਾ ਜੇ ।
ਇਉਂ ਪੰਡਤਾ ! ਨਿੱਤ ਅਭਿਆਸ ਕਰ ਕੇ,
ਫਸਤਾ ਮੋਹ ਤੇ ਮਾਇਆ ਦਾ ਵੱਢਣਾ ਈਂ ।
ਮਨ ਆਪਣਾ ਮਾਂਜ ਸਫਾ ਕਰਨਾ,
ਵਿਚੋਂ ਮਾਰ ਬੁਰਿਆਈਆਂ ਨੂੰ ਕੱਢਣਾ ਈਂ ।
੮੯
ਲੈਣ ਦੇਣ ਤੋਂ ਬੇ-ਨਿਆਜ਼ ਜਿਹੜੇ,
ਲੇਖੇ ਜਿਨ੍ਹਾਂ ਦੇ ਕੁਲ ਬੇਬਾਕ ਹੋ ਗਏ ।
ਸੁੱਚੀ ਸੋਝੀ ਨੇ ਚਿੱਤ ਵਿਚ ਲਾਏ ਡੇਰੇ,
ਪੱਲੇ ਜਿਨ੍ਹਾਂ ਦੇ ਪਾਪ ਤੋਂ ਪਾਕ ਹੋ ਗਏ ।
ਚਿਹਰੇ ਚਮਕਦੇ ਉਹਨਾਂ ਦੇ ਦਿਲ ਰੌਸ਼ਨ,
ਦਰਜਾ ਉਹਨਾਂ ਨੂੰ ਬੜਾ ਮਹਾਨ ਮਿਲਿਆ ।
ਗਏ ਉਹਨਾਂ ਦੇ ਸਗਲ ਜੰਜਾਲ ਕੱਟੇ,
ਜਗਤ ਵਿਚ ਹੀ ਪਦ ਨਿਰਬਾਣ ਮਿਲਿਆ ।
ਅਧਿਆਏ ਸਤਵਾਂ
ਅਰਹੰਤ
ਅਰਹੰਤ (ਬੌਧ-ਸੰਨਿਆਸੀ) ਵੱਗ ਵਿਚ ਵਾਸਤਵਿਕ ਅਰਹੰਤ ਦੇ ਲੱਛਣ ਦੱਸੇ ਗਏ ਹਨ ।
੯੦
ਮੰਜ਼ਲ ਆਪਣੀ ਤੇ ਜੋ ਵੀ ਪੁੱਜ ਗਿਆ,
ਜਿਸ ਤੋਂ ਦੂਰ ਉਦਾਸੀਆਂ ਹੋ ਗਈਆਂ ।
ਕੋਈ ਗ਼ਮ-ਅੰਦੋਹ ਨਾ ਆਏ ਨੇੜੇ,
ਸਗਲ ਬੰਦ ਖਲਾਸੀਆਂ ਹੋ ਗਈਆਂ ।
ਮਨ-ਗੁੰਝਲਾਂ ਜਿਸ ਦੀਆਂ ਖੁਲ੍ਹ ਗਈਆਂ,
ਚਿੰਤਾ ਓਸਦਾ ਚਿੱਤ ਲਤਾੜਦੀ ਨਹੀਂ ।
ਤਪਦਾ ਹਿਰਦਾ ਵੀ ਓਸਦਾ ਭਏ ਸੀਤਲ,
ਓਸ ਨੂੰ ਪੀੜ ਸੰਤਾਪ ਦੀ ਸਾੜਦੀ ਨਹੀਂ ।
੯੧
ਆਲਸ ਨੇਸਤੀ ਛੱਡ ਚੇਤੰਨ ਹੋ ਕੇ,
ਜਿਹੜੇ ਕਰਮ-ਗਿਆਨ ਵਿਚ ਮਸਤ ਰਹਿੰਦੇ ।
ਖ਼ੁਸ਼ੀਆਂ ਭਾਲਦੇ ਨਹੀਂ ਓਹ ਗ੍ਰਿਹਸਤ ਅੰਦਰ,
ਨਹੀਂ ਧੰਦਿਆਂ ਵਿਚ ਵਿਅਸਤ ਰਹਿੰਦੇ ।
ਓਹ ਤਿਆਗਦੇ ਸਭ ਲਟਾਕਿਆਂ ਨੂੰ,
ਇਓਂ ਛੱਡ ਕੇ ਘਰ ਤੇ ਬਾਰ ਜਾਂਦੇ ।
ਜਿਵੇਂ ਲਹਿਰਦੇ ਕੌਲ ਸਰੋਵਰਾਂ 'ਚੋਂ,
ਰਾਜ ਹੰਸ ਉਡਾਰੀਆਂ ਮਾਰ ਜਾਂਦੇ ।
੯੨
ਨਹੀਂ ਗੰਜ ਜੋੜੇ ਜਿਨ੍ਹਾਂ ਦੌਲਤਾਂ ਦੇ,
ਸੰਜਮ ਨਾਲ ਜੋ ਅਲਪ-ਆਹਾਰ ਕਰਦੇ ।
ਰਹਿਣ ਸੁੰਨ ਦੇ ਵਿਚ ਸਮਾਏ ਹੋਏ,
ਨਾਲ ਜੁਗਤ-ਨਿਰਵਾਣ ਪਿਆਰ ਕਰਦੇ ।
ਗਤੀ ਉਹਨਾਂ ਦੀ ਪਹੁੰਚ ਤੋਂ ਪਰੇ ਹੁੰਦੀ,
ਨਹੀਂ ਆਉਂਦੀ ਸਮਝ ਗਿਆਨ ਅੰਦਰ ।
ਜਿਵੇਂ ਪੈੜ ਨਾ ਓਹਨਾਂ ਦੀ ਹੱਥ ਆਵੇ,
ਪੰਛੀ ਉਡਦੇ ਜੋ ਅਸਮਾਨ ਅੰਦਰ ।
੯੩
ਜਿਸ ਪ੍ਰਾਣੀ ਦੇ ਪਾਪ ਸਰਾਪ ਝੜ ਗਏ,
ਨਿਰਾ ਖਾਣ ਦੇ ਨਾਲ ਨਾ ਵਾਹ ਰੱਖੇ ।
ਜਿਹੜਾ ਸੁੰਨ-ਸਮਾਉਣ ਨਿਰਵਾਣ ਪਦਵੀ,
ਮੰਜ਼ਲ ਜਾਣ ਕੇ ਓਸ ਤੇ ਨਿਗ੍ਹਾ ਰੱਖੇ ।
ਓਹ ਸਮਝ, ਗਿਆਨ, ਤੋਂ ਪਰੇ ਹੋਵੇ,
ਦਰਜਾ ਓਸ ਦਾ ਫੇਰ ਨਾ ਆਮ ਹੁੰਦਾ ।
ਉੱਡਦੇ ਵਿਚ ਅਕਾਸ਼ਾਂ ਦੇ ਪੰਛੀਆਂ ਤੋਂ,
ਉੱਚਾ ਬਹੁਤ ਹੀ ਓਹਦਾ ਮਕਾਮ ਹੁੰਦਾ ।
੯੪
ਇੰਦਰੀਆਂ ਜੀਹਦੀਆਂ ਸੀਤਲ ਤੇ ਸ਼ਾਂਤ ਹੋਈਆਂ.
ਘੋੜੇ ਵੱਸ ਹੈ ਜਿਵੇਂ ਰਥਵਾਨ ਕਰਦਾ ।
ਹੋਵੇ ਜੋ ਨਾ "ਪਾਪਾਂ ਦੇ ਸੰਗ ਭਰਿਆ",
ਹਉਮੈਂ ਮਾਰਦਾ ਨਹੀਂ ਅਭਿਮਾਨ ਕਰਦਾ ।
ਪਦਵੀ ਓਸਦੀ ਮਹਾਂ ਸਨਮਾਨ ਵਾਲੀ,
ਅਰਸ਼ਾਂ ਵਿਚ ਹੈ ਚਮਕਦਾ ਨਾਮ ਓਹਦਾ ।
ਰਹਿੰਦੇ ਦੇਵਤੇ ਵੀ ਸਦਾ ਲੋਚਦੇ ਨੇ,
ਪਾਉਣ ਲਈ ਬੁਲੰਦ ਮੁਕਾਮ ਓਹਦਾ ।
੯੫
ਜਿਗਰਾ ਧਰਤੀ ਦੇ ਵਾਂਗ ਵਿਸ਼ਾਲ ਕਰ ਕੇ,
ਗੁੱਸੇ ਵਿਚ ਜੋ ਕਦੀ ਵੀ ਆਉਂਦਾ ਨਹੀਂ ।
ਇੰਦਰ-ਥੰਮ ਦੇ ਵਾਂਗ ਅਡੋਲ ਬੱਜਰ,
ਆਹਢਾ ਕਿਸੇ ਦੇ ਨਾਲ ਵੀ ਲਾਉਂਦਾ ਨਹੀਂ ।
ਓਸ ਝੀਲ ਦੇ ਵਾਂਗਰਾਂ ਹੋਏ ਨਿਰਮਲ,
ਜੀਹਦੇ ਜਲ ਦੇ ਹੇਠ ਨਾ ਗਾਰ ਪੈਂਦੀ ।
ਓਸ ਪੁਰਸ਼ ਤੇ ਔਕੜਾਂ ਤੰਗੀਆਂ ਦੀ,
ਨਹੀਂ ਵਿਚ ਸੰਸਾਰ ਦੇ ਮਾਰ ਪੈਂਦੀ ।
੯੬
ਬੰਧਨ ਜੋੜ ਕੇ ਸੱਚੇ ਗਿਆਨ ਦੇ ਨਾਲ,
ਪ੍ਰਾਣੀ ਜੋ ਵੀ ਮੁਕਤ ਆਜ਼ਾਦ ਹੋਇਆ ।
ਜਿਸ ਨੇ ਇਸ ਤਰ੍ਹਾਂ ਠੰਢ ਤਸਕੀਨ ਪਾਈ,
ਜੋ ਇਓਂ ਗੰਭੀਰ ਤੇ ਸ਼ਾਦ ਹੋਇਆ ।
ਓਹਦੇ ਮਨ ਦੇ ਵਿਚ ਟਿਕਾਓ ਆਏ,
ਫਿੱਕਾ ਬੋਲ ਓਹ ਕਦੇ ਵੀ ਬੋਲਦਾ ਨਹੀਂ ।
ਸਗਲੇ ਕਾਜ ਸੁਹੇਲੜੇ ਥੀਂਵਦੇ ਨੇ,
ਓਹ ਕਦੇ ਟਿਕਾਣਿਓਂ ਡੋਲਦਾ ਨਹੀਂ ।
੯੭
ਹੋਵੇ ਅੰਧ ਵਿਸ਼ਵਾਸ ਦਾ ਧਾਰਨੀ ਨਾ,
ਸਗਲ-ਮੋਹ ਜ਼ੰਜੀਰੀਆਂ ਤੋੜ ਜਾਏ ।
ਨਿਕਲ ਗਿਆ ਜੋ ਜਨਮਾਂ ਦੇ ਗੇੜ ਵਿਚੋਂ,
ਤ੍ਰਿਸ਼ਨਾ, ਕਾਮਨਾ ਮਨੋਂ ਵਿਛੋੜ ਜਾਏ ।
ਜਿਹੜਾ ਤੱਤ ਨਿਰਵਾਣ ਦੀ ਸਾਰ ਸਮਝੇ,
ਪੱਲੇ ਸੂਝ ਤੇ ਸੱਤ-ਗਿਆਨ ਹੁੰਦਾ ।
ਉੱਤਮ ਜਾਣੀਏ ਪੁਰਸ਼ ਓਹ ਜੱਗ ਅੰਦਰ,
ਸੋਈ ਸਦਾ ਮਹਾਨ ਮਹਾਨ ਹੁੰਦਾ ।
੯੮
ਭਾਵੇਂ ਨਗਰ ਜਾਂ ਕੋਈ ਗਰਾਂ ਹੋਵੇ,
ਜੰਗਲ ਘਣਾ ਜਾਂ ਕੋਈ ਉਜਾੜ ਹੋਵੇ ।
ਮਾਰੂ ਥਲ ਤੇ ਰੇਤਲਾ ਹੋਏ ਟਿੱਬਾ,
ਗੁਫਾ ਹੇਠ ਜਾਂ ਕਿਸੇ ਪਹਾੜ ਹੋਵੇ ।
ਕੋਈ ਥਾਂ ਹੋਵੇ, ਭਾਵੇਂ ਕਿਤੇ ਹੋਵੇ,
ਹੋਵੇ ਦੂਰ ਹੋਵੇ, ਭਾਵੇਂ ਪਾਸ ਹੋਵੇ ।
ਓਹੀ ਧਰਤ ਸੁਹਾਵਣੀ ਹੋ ਜਾਂਦੀ,
ਸੰਤਾਂ ਸਾਧੂਆਂ ਦਾ ਜਿੱਥੇ ਵਾਸ ਹੋਵੇ ।
੯੯
ਜਿਨ੍ਹਾਂ ਵਣਾਂ ਅੰਦਰ ਜਾ ਕੇ ਆਮ ਲੋਕੀਂ,
ਖ਼ੁਸ਼ੀਆਂ ਅਤੇ ਆਨੰਦ ਨਹੀਂ ਮਾਣ ਸਕਦੇ ।
ਹੁੰਦੀ ਵਣਾਂ ਦੀ ਕਿੰਨੀ ਇਕਾਂਤ ਸੋਹਣੀ,
ਕਾਮੀ ਪੁਰਸ਼ ਨਾ ਕਦੇ ਵੀ ਜਾਣ ਸਕਦੇ ।
ਜਿਨ੍ਹਾਂ ਮਾਰਿਆ ਕਾਮ ਦੀ ਵਾਸ਼ਨਾ ਨੂੰ,
ਜੋ ਭੋਗ ਬਿਲਾਸ ਤੋਂ ਦੂਰ ਰਹਿੰਦੇ ।
ਖ਼ੁਸ਼ੀਆਂ ਖੋਜ ਲੈਂਦੇ ਸੁੰਦਰ ਵਣਾਂ ਅੰਦਰ,
ਸਦਾ ਮਨ ਆਨੰਦ ਮਖ਼ਮੂਰ ਰਹਿੰਦੇ ।
ਅਧਿਆਏ ਅੱਠਵਾਂ
ਸਹੱਸ
ਸਹੱਸ (ਹਜ਼ਾਰ) ਵੱਗ ਵਿਚ ਹਜ਼ਾਰਾਂ ਸਾਰ-ਹੀਣ ਗੱਲਾਂ ਨਾਲੋਂ ਸਾਰ ਦੀ ਇੱਕ ਗੱਲ ਨੂੰ ਚੰਗਾ ਆਖਿਆ ਗਿਆ ਹੈ ।
੧੦੦
ਬਿਨਾਂ ਅਰਥਾਂ ਦੇ ਜੋੜ ਕੇ ਵਾਕ-ਛਲੀਆਂ,
ਇਕ ਥਾਂ ਤੇ ਬਾਝ ਤਾਸੀਰ ਕਰੀਏ ।
ਇਓਂ ਭਾਲ ਕੇ ਸੱਖਣੇ ਸ਼ਬਦ ਲੱਖਾਂ,
ਭਾਵੇਂ ਕਈ ਹਜ਼ਾਰ ਤਕਰੀਰ ਕਰੀਏ ।
ਓਹ ਸਾਰੀਆਂ ਥੋਥੀਆਂ ਹੁੰਦੀਆਂ ਨੇ,
ਨਹੀਂ ਓਹਨਾਂ ਦੇ ਹੇਠ ਜ਼ਮੀਨ ਹੁੰਦੀ ।
ਓਹਨਾਂ ਨਾਲੋਂ ਸੁਅਰਥ ਇੱਕ ਸ਼ਬਦ ਚੰਗਾ,
ਜਿਸ ਨੂੰ ਸੁਣਦਿਆਂ ਦਿਲੀ ਤਸਕੀਨ ਹੁੰਦੀ ।
੧੦੧
ਅਰਥੋਂ ਸੱਖਣੇ ਸ਼ਬਦਾਂ ਦੇ ਨਾਲ ਗੁੰਦੇ,
ਲੱਖਾਂ ਸੋਹਣੀਆਂ ਤੁਕਾਂ ਦੇ ਹਾਰ ਹੋਵਣ ।
ਫੇਰ ਜੋੜ ਕੇ ਓਹਨਾਂ ਨੂੰ ਨਾਲ ਵਿਧੀਆਂ,
ਰਚੇ ਮਹਿਮਾਂ ਦੇ ਗੀਤ ਹਜ਼ਾਰ ਹੋਵਣ ।
ਓਹਨਾਂ ਸਾਰਿਆਂ ਤੋਂ ਇਕੋ ਗੀਤ ਚੰਗਾ,
ਓਹਦੀ ਉਸਤਤੀ ਅਸਲ ਪਰਬੀਨ ਹੋਵੇ ।
ਜਿਸ ਦਾ ਇਕ ਵੀ ਸ਼ਬਦ (ਸੁਅਰਥ) ਐਸਾ,
ਜਿਸ ਨੂੰ ਸੁਣਦਿਆਂ ਦਿਲੀ ਤਸਕੀਨ ਹੋਵੇ ।
੧੦੨
ਅਰਥੋਂ ਸੱਖਣੇ ਸ਼ਬਦਾਂ ਦੇ ਨਾਲ ਬੀੜੇ,
ਸੁਰਾਂ ਮਿੱਠੀਆਂ ਨਾਲ ਸਜਾਏ ਕੋਈ ।
ਇਓਂ ਜੋੜ ਕੇ ਗੀਤ ਹਜ਼ਾਰ ਭਾਵੇਂ,
ਸੋਹਲੇ ਉਪਮਾਂ ਦੇ ਝੂਮ ਕੇ ਗਾਏ ਕੋਈ ।
ਓਹਨਾਂ ਨਾਲੋਂ ਪਰ ਇੱਕੋ ਹੀ ਗੀਤ ਚੰਗਾ,
ਜਿਸ ਦੀ ਉਪਮਾ ਦੇ ਹੇਠ ਜ਼ਮੀਨ ਹੋਵੇ ।
ਇੱਕੋ ਸ਼ਬਦ ਜਿਸਦਾ ਅਰਥਾਂ ਨਾਲ ਭਰਿਆ,
ਜਿਸ ਨੂੰ ਸੁਣਦਿਆਂ ਸਾਰ ਤਸਕੀਨ ਹੋਵੇ ।
੧੦੩
ਕੋਈ ਸੂਰਮਾ ਜੰਗ ਮੈਦਾਨ ਤੱਤੇ,
ਜਾ ਕੇ ਤੇਗ਼ ਦੀ ਲੱਖ ਲਿਸ਼ਕਾਰ ਪਾਏ ।
ਫਿਰੇ ਗੱਜਦਾ ਵੈਰੀ ਦੇ ਦਲਾਂ ਅੰਦਰ,
ਲੜਦਾ, ਮਾਰਦਾ ਜਿੱਤ ਹਜ਼ਾਰ ਪਾਏ ।
ਬਿਲਾ-ਸ਼ੱਕ ਓਹ ਤੇਗ਼ ਦਾ ਧਨੀ ਹੁੰਦਾ,
ਮਾਲਕ ਜਾਣੀਏ ਮਹਾਂ ਬਲਕਾਰ ਦਾ ਏ ।
ਓਸ ਤੋਂ ਚੜ੍ਹਕੇ ਪਰ ਹੁੰਦਾ ਹੈ, ਸ਼ੂਰਮਾ ਓਹ,
ਜਿਹੜਾ ਅਪਣੀ ਹਓਮੈ ਨੂੰ ਮਾਰਦਾ ਏ ।
੧੦੪-੧੦੫
ਜਿਸਨੇ ਆਪਣੇ ਆਪ ਨੂੰ ਜਿੱਤਿਆ ਹੈ,
ਕੋਈ ਸੂਰਮਾ ਓਸਦੇ ਨਾਲ ਦਾ ਨਹੀਂ ।
ਓਸ ਦਿਗ-ਵਿਜਈ ਦੇ ਵਾਂਗ ਕੋਈ,
ਵਿਚ ਜ਼ਿੰਦਗੀ ਦੇ ਸੰਜਮ ਪਾਲਦਾ ਨਹੀਂ ।
ਮਹਾਂਬਲੀ ਵਰਿਆਮ ਅਜਿੱਤ ਯੋਧਾ,
ਕੋਈ ਓਸਦੇ ਤੁੱਲ ਨਹੀਂ ਹੋ ਸਕਦਾ ।
ਕਾਮਦੇਵ ਤੇ ਗਣ ਗੰਧਰਬ ਬ੍ਰਹਮਾ,
ਮਾਰੀ ਓਸਦੀ ਮੱਲ ਨਹੀਂ ਖੋਹ ਸਕਦਾ ।
੧੦੬
ਕੋਈ ਹਰ ਮਹੀਨੇ ਹੀ ਬਿਲਾ ਨਾਗਾ,
ਰਹੇ ਸੈਂਕੜੇ ਵਰ੍ਹੇ ਜੇ ਦਾਨ ਕਰਦਾ ।
ਕਰੇ ਭੇਂਟ ਓਹ ਇੱਕ ਹਜ਼ਾਰ ਦਮੜਾ,
ਨਿੱਜ ਇਸ਼ਟ ਦਾ ਮਾਨ ਸਨਮਾਨ ਕਰਦਾ ।
ਏਸ ਘਾਲਣਾ ਤੋਂ ਬਾਹਲਾ ਫਲ ਮਿਲਦਾ,
ਇੱਕ ਛਿਨ ਜੇ ਓਹ ਧਿਆਨ ਧਰ ਕੇ ।
ਸ਼ੁੱਧ ਚਿੱਤ ਵਾਲੇ ਕਿਸੇ ਆਦਮੀ ਦਾ,
ਵੇਖ ਲਏ ਜੇ ਮਾਨ ਸਨਮਾਨ ਕਰ ਕੇ ।
੧੦੭
ਕੋਈ ਆਦਮੀ ਜੰਗਲਾਂ ਵਿਚ ਜਾ ਕੇ,
ਧੰਦੇ ਅਤੇ ਸੰਸਾਰ ਵਸਾਰ ਦੇਵੇ ।
ਸਾਲ ਸੈਂਕੜੇ ਨੇਮ ਦੇ ਨਾਲ ਓਥੇ,
ਅਗਨੀ ਪੂਜਾ ਦੇ ਵਿਚ ਗੁਜ਼ਾਰ ਦੇਵੇ ।
ਕਰਕੇ ਘੋਰ ਤਪੱਸਿਆ ਘਾਲ ਭਾਰੀ,
ਆਸ ਰੱਖਦਾ ਫਲ ਵਰਦਾਨ ਦੀ ਓਹ ।
ਉਸ ਤੋਂ ਫਲ ਬਾਹਲਾ ਇੱਕ ਛਿਨ ਜੇਕਰ,
ਪੂਜਾ ਕਰੇ ਜੇ ਨੇਕ ਇਨਸਾਨ ਦੀ ਓਹ ।
੧੦੮
ਪੁੰਨ ਖੱਟਣਾ ਧਾਰ ਕੇ ਚਿੱਤ ਅੰਦਰ,
ਕੋਈ ਆਪਣਾ ਨੇਮ ਸੁਲੱਗ ਕਰ ਲਏ ।
ਪੂਰਾ ਸਾਲ ਸਾਰਾ ਦਿਲ ਖੋਲ੍ਹ ਕੇ ਤੇ,
ਕਰੇ ਹਵਨ ਤੇ ਸੈਂਕੜੇ ਯੱਗ ਕਰ ਲਏ ।
ਫਲ ਘਾਲ ਦਾ ਇੱਕ ਚੁਥਾਈ ਕੇਵਲ,
ਓਸ ਫਲ ਦੇ ਕਦੇ ਨਹੀਂ ਤੁੱਲ ਹੁੰਦਾ ।
ਨੇਕ-ਦਿਲ ਨੂੰ ਭੇਂਟ ਸ਼ਰਧਾਂਜਲੀ ਦਾ,
ਜਿਹੜਾ ਜੱਗ ਜਹਾਨ ਤੇ ਮੁੱਲ ਹੁੰਦਾ ।
੧੦੯
ਕਰਦਾ ਰਹੇ ਨਿਰੰਤਰ ਜੋ ਅਭੀਵਾਦਨ,
ਕੋਈ ਉਲਟੀ ਨਾ ਕਦੇ ਵੀ ਕਾਰ ਕਰਦਾ ।
ਸਦਾ ਬੁੱਢਿਆਂ, ਠੇਰਿਆਂ ਵੱਡਿਆਂ ਦਾ,
ਪੂਰਾ ਮਾਨ ਸਨਮਾਨ ਸਤਕਾਰ ਕਰਦਾ ।
ਚਾਰ ਖੂਬੀਆਂ, ਗੁਣਾਂ ਵਿਚ ਹੋਏ ਵਾਧਾ,
ਉਸ ਨੂੰ ਵਾਧਾ ਇਹ ਸਦਾ ਅਟੱਲ ਮਿਲਦਾ ।
ਰੂਪ, ਰੰਗ, ਸੋਹਣਾ, ਓਹਦੀ ਉਮਰ ਲੰਮੀ,
ਜੀਵਣ-ਸੁਖ ਤੇ ਨਾਲ ਹੀ ਬਲ ਮਿਲਦਾ ।
੧੧੦
ਦੁਰਾਚਾਰ ਦੇ ਵਿਚ ਬਦਮਸਤ ਰਹਿ ਕੇ,
ਜੀਵੇ ਸੈਂਕੜੇ ਸਾਲ ਜੇ ਦੁਰਾਚਾਰੀ ।
ਕਾਬੂ ਆਪਣੇ ਆਪ ਤੇ ਨਾ ਰੱਖੇ,
ਉਮਰ ਐਸ਼ ਦੇ ਵਿਚ ਲੰਘਾਏ ਸਾਰੀ ।
ਓਹਦੇ ਟਾਕਰੇ ਜ਼ਿੰਦਗੀ ਇੱਕ ਦਿਨ ਦੀ,
ਪੁਰਸ਼ ਓਹ ਸੁਲੱਖਣੀ ਮਾਣਦਾ ਹੈ ।
ਸੀਲ ਸੰਜਮੀ ਤੇ ਧਿਆਨ-ਮਗਨ ਜਿਹੜਾ,
ਠੀਕ ਆਪਣਾ ਮੂਲ ਪਛਾਣਦਾ ਹੈ ।
੧੧੧
ਬਿਨਾਂ ਆਪਣੇ ਆਪ ਨੂੰ ਵੱਸ ਕੀਤੇ,
ਕਰਕੇ ਰੱਜਵੇਂ ਕੂੜ ਪਸਾਰ ਜਾਏ ।
ਕੋਈ ਮੂਰਖਾਂ ਵਾਂਗ ਗਿਆਨ ਬਾਝੋਂ,
ਉਮਰ ਸੈਂਕੜੇ ਸਾਲ ਗੁਜ਼ਾਰ ਜਾਏ ।
ਏਨੀ ਉਮਰ ਦੇ ਟਾਕਰੇ ਗੱਲ ਪੱਕੀ,
ਇਕ ਦਿਨ ਦੀ ਜ਼ਿੰਦਗੀ ਓਹ ਭਾਰੀ ।
ਜਿਹੜੀ ਗਿਆਨ ਧਿਆਨ ਦੇ ਵਿਚ ਗੁਜ਼ਰੇ,
ਹੋਏ ਅੰਦਰੋਂ ਹਊਮੈ ਦੀ ਅੰਸ਼ ਮਾਰੀ ।
੧੧੨
ਕੋਈ ਆਲਸੀ, ਉੱਦਮ ਤੋਂ ਸੱਖਣਾ ਜੋ,
ਭਾਵੇਂ ਉਮਰ ਓਹਦੀ ਦੋ ਸੌ ਸਾਲ ਹੋਵੇ ।
ਓਹਦੇ ਜੀਣ ਦਾ ਕੋਈ ਨਾ ਹੱਜ ਹੁੰਦਾ,
ਓਹ ਅਸਲੋਂ ਹੀ ਮਾਤਾ ਦਾ ਮਾਲ ਹੋਵੇ ।
ਓਹਦੇ ਨਾਲੋਂ ਤਾਂ ਉੱਦਮੀ ਉਹ ਉੱਤਮ,
ਉੱਦਮ ਸੁੱਚਾ ਸੁਚੇਤ ਜੋ ਕਰ ਜਾਏ ।
ਇਕੋ ਦਿਨ ਦੀ ਭੋਗ ਕੇ ਜ਼ਿੰਦਗਾਨੀ,
ਭਾਵੇਂ ਤੁਰਦਿਆਂ ਫਿਰਦਿਆਂ ਮਰ ਜਾਏ ।
੧੧੩
ਸੰਸਕਾਰਾਂ ਤੇ ਸੰਗਿਆ, ਵੇਦਨਾ ਦੀ,
ਤੱਤ, ਰੂਪ, ਵਿਗਿਆਨ ਦੀ ਸਾਰ ਸਮਝੇ ।
ਇਹਨਾਂ ਤੱਤਾਂ ਨੇ ਉਭਰਨਾ ਨਾਸ਼ ਹੋਣਾ,
ਉਮਰ ਘੜੀ ਦੀ ਵਿਚ ਇਸਰਾਰ ਸਮਝੇ ।
ਓਹ ਓਸ ਪਰਾਣੀ ਤੋਂ ਬੜਾ ਉੱਤਮ,
ਸੌ ਸਾਲ ਜੋ ਉਮਰ ਗੁਜ਼ਾਰਦਾ ਏ ।
ਪੰਜ ਤੱਤ ਦਾ ਵਿਗਸਣਾ ਨਾ ਵੇਖੇ,
ਨਾ ਹੀ ਝਾਤੀ ਵਿਨਾਸ਼ ਤੇ ਮਾਰਦਾ ਏ ।
੧੧੪
ਉਮਰ ਸੈਂਕੜੇ ਸਾਲ ਦੀ ਕੋਈ ਲੰਮੀ,
ਆਲਸ ਗ਼ਾਫ਼ਲੀ ਵਿਚ ਗੁਜ਼ਾਰ ਜਾਏ ।
ਜਿਹੜਾ ਰਾਹ ਨਿਰਵਾਣ ਦਾ ਭਾਲਦਾ ਨਹੀਂ,
ਐਵੇਂ ਫੋਕੀਆਂ ਟੱਕਰਾਂ ਮਾਰ ਜਾਏ ।
ਓਸ ਨਾਲੋਂ ਤਾਂ ਜ਼ਿੰਦਗੀ ਇੱਕ ਦਿਨ ਦੀ,
ਉੱਤਮ ਅਤੇ ਸੁਲੱਖਣੀ ਮਾਣਦਾ ਏ ।
ਜਿਹੜਾ ਪੁਰਸ਼, ਸੁਚੇਤ ਸੁਲਗਨ ਹੋ ਕੇ,
ਰਹਿੰਦਾ ਭਾਲਦਾ ਰਾਹ ਨਿਰਵਾਣ ਦਾ ਏ ।
੧੧੫
ਉਮਰ ਸੈਂਕੜੇ ਸਾਲ ਦੀ ਕੋਈ ਭੋਗੇ,
ਜੇਕਰ ਧਰਮ ਦੀ ਸਾਰ ਨੂੰ ਜਾਣਦਾ ਨਹੀਂ ।
ਓਹ ਕੱਟਦਾ ਪਿਆ ਹੈ ਜੂਨ ਐਵੇਂ,
ਓਹ ਅਸਲ ਵਿਚ ਜ਼ਿੰਦਗੀ ਮਾਣਦਾ ਨਹੀਂ ।
ਓਹਦੇ ਨਾਲੋਂ ਤਾਂ ਉੱਦਮੀ ਉਹ ਉੱਤਮ,
ਹਰ ਥਾਂ ਤੇ ਸਮੇਂ ਸਤਕਾਰ ਪਾਏ ।
ਭਾਵੇਂ ਉਮਰ ਹੋਵੇ ਉਹਦੀ ਇੱਕ ਦਿਨ ਦੀ,
ਪਰ ਓਹ ਧਰਮ ਸ੍ਰੇਸ਼ਟ ਦੀ ਸਾਰ ਪਾਏ ।
ਅਧਿਆਏ ਨੌਵਾਂ
ਪਾਪ
ਪਾਪ ਵੱਗ ਪਾਪ ਤੋਂ ਬਚਣ ਦਾ ਉਪਦੇਸ਼ ਦੇਂਦਾ ਹੈ ।
੧੧੬
ਪੁੰਨ ਕਰਦਿਆਂ ਰਤਾ ਨਾ ਢਿੱਲ ਕਰੀਏ,
ਚਿੱਤ ਨੇਕੀਓਂ ਕਦੇ ਨਾ ਮੋੜਨਾ ਜੇ ।
ਜੇਕਰ ਲੋਚਦਾ ਮਨ ਬੁਰਿਆਈਆਂ ਨੂੰ,
ਸਦਾ ਓਸ ਨੂੰ ਹਟਕਣਾ ਹੋੜਨਾ ਜੇ ।
ਨੇਕੀ ਕਰਦਿਆਂ ਆਲਸੀ ਕਰੇ ਜਿਹੜਾ,
ਓਹ ਅਸਲ ਵਿਚ ਪੁੱਜ ਖਵਾਰ ਹੁੰਦਾ ।
ਕੀਤੀ ਕੱਤਰੀ ਓਸ ਦੀ ਖੂਹ ਪੈ ਜਾਏ,
ਓਹਦੇ ਮਨ ਤੇ ਪਾਪ ਸਵਾਰ ਹੁੰਦਾ ।
੧੧੭
ਉਸ ਨੂੰ ਝੱਟ ਆਰੰਭ ਵਿਚ ਰੋਕ ਦਈਏ,
ਮੰਦੇ ਕੰਮ ਵਿਚ ਪੈਰ ਜੇ ਧਰੇ ਕੋਈ ।
ਫੇਰ ਟੋਕੀਏ, ਡੱਕੀਏ ਅਗ੍ਹਾਂ ਹੋ ਕੇ,
ਵਾਰ ਵਾਰ ਗੁਨਾਹ ਜੇ ਕਰੇ ਕੋਈ ।
ਕਦੇ ਹੱਥ ਨਾ ਪਾਪਾਂ ਦੇ ਨਾਲ ਭਰੀਏ,
ਇਹ ਜੀਣ ਦਾ ਸੋਨ-ਅਸੂਲ ਹੁੰਦਾ ।
ਕਦੇ ਸੰਚੀਏ ਪਾਪਾਂ ਨੂੰ ਭੁੱਲ ਕੇ ਨਾ,
ਢੇਰ ਪਾਪਾਂ ਦਾ ਦੁੱਖਾਂ ਦਾ ਮੂਲ ਹੁੰਦਾ ।
੧੧੮
ਕੋਈ ਆਦਮੀ ਪੁੰਨ ਜਾਂ ਕਰੇ ਨੇਕੀ,
ਸਦਾ ਹੁੰਦੀਆਂ ਓਹਦੀਆਂ ਪੌਂ ਬਾਰਾਂ ।
ਸ਼ਾਲਾ ! ਨੇਕੀ ਦੀ ਕਾਰ ਕਮਾਈ ਜਾਵੇ,
ਕਰੇ ਪੁੰਨ ਓਹ ਲੱਖ ਹਜ਼ਾਰ ਵਾਰਾਂ ।
ਸੁਰਤ ਸਦਾ ਓਹ ਨੇਕੀਆਂ ਨਾਲ ਜੋੜੇ,
ਪੈਦਾ ਓਸ ਤੋਂ ਸਦਾ ਉਤਸ਼ਾਹ ਹੁੰਦਾ ।
ਪੁੰਨ, ਨੇਕੀਆਂ ਸੰਚਿਆਂ ਵਿਚ ਦੁਨੀਆਂ,
ਖ਼ੁਸ਼ੀਆਂ ਬਹੁਤ, ਅਨੰਤ ਉਮਾਹ ਹੁੰਦਾ ।
੧੧੯
ਪਾਪ ਕਰਦਿਆਂ ਸਮਝਦਾ ਨਹੀਂ ਪਾਪੀ,
ਪੈਰ ਪੈਰ ਉੱਤੇ ਧੋਖਾ ਖਾਈ ਜਾਏ ।
ਜਦੋਂ ਤੀਕ ਨਾ ਪਾਪ ਦਾ ਫਲ ਮਿਲਦਾ,
ਪੁੰਨ ਸਮਝ ਕੇ ਪਾਪ ਕਮਾਈ ਜਾਏ ।
ਲੱਗੇ ਪਾਪ ਨੂੰ ਆਣ ਜਦ ਫਲ ਕੌੜਾ,
ਫੇਰ ਗੱਲ ਓਹ ਆਪਣੇ ਆਪ ਸਮਝੇ ।
ਪਾਪ ਨਜ਼ਰ ਆਏ ਉਸ ਨੂੰ ਚੌਂਹ ਪਾਸੀਂ,
ਮੁੜਕੇ ਸਦਾ ਹੀ ਪਾਪ ਨੂੰ ਪਾਪ ਸਮਝੇ ।
੧੨੦
ਜਦੋਂ ਤੀਕ ਨਾ ਪੁੰਨ ਦਾ ਫਲ ਮਿਲਦਾ,
ਪੁੰਨ ਕਰਨ ਵਾਲਾ ਹਿੰਮਤ ਹਾਰ ਜਾਏ ।
ਸਮਝਣ ਲੱਗ ਪਏ ਪੁੰਨ ਨੂੰ ਪਾਪ ਭਾਰੀ,
ਨਜ਼ਰੇ ਆਪਣੀ ਹੋ ਬੁਰਿਆਰ ਜਾਏ ।
ਮਿੱਠਾ ਫਲ ਜਦ ਪੁੰਨ ਨੂੰ ਆਣ ਲੱਗੇ,
ਓਹ ਪੁੰਨ ਦੀ ਸਾਰ ਸਿਆਣਦਾ ਹੈ ।
ਨਜ਼ਰ ਪੁੰਨ ਦਾ ਅਸਲ ਸਰੂਪ ਆਏ,
ਮਿੱਠਾ ਫਲ ਵੀ ਓਸਦਾ ਮਾਣਦਾ ਹੈ ।
੧੨੧
ਮਤਾਂ ਏਸ ਭੁਲੇਖੇ ਵਿਚ ਰਹੇ ਕੋਈ,
ਮੇਰੇ ਨੇੜੇ ਤਾਂ ਪਾਪ ਨੇ ਢੁੱਕਣਾ ਨਹੀਂ ।
ਕਿਉਂਕਿ ਪਾਪ ਦੀ ਰਗ ਹੀ ਵੱਖਰੀ ਏ,
ਉਹਨੇ ਆਉਣ ਤੋਂ ਕਦੇ ਵੀ ਚੁੱਕਣਾ ਨਹੀਂ ।
ਤੁਪਕਾ ਤੁਪਕਾ ਜੇ ਪਾਣੀ ਦਾ ਸਿੰਮਦਾ ਰਹੇ,
ਮੂੰਹੋਂ ਮੂੰਹ ਉਹ ਘੜੇ ਨੂੰ ਭਰ ਦਿੰਦਾ ।
ਉਸੇ ਤਰ੍ਹਾਂ ਪਾਪੀ ਥੋੜ੍ਹਾ ਥੋੜ੍ਹਾ ਕਰਕੇ,
ਪਾਪ ਪਰਬਤਾਂ ਜੇਡ ਹੈ ਕਰ ਦਿੰਦਾ ।
੧੨੨
ਇਓਂ ਸੋਚਣਾ ਬੜਾ ਨਿਰਮੂਲ ਹੁੰਦਾ,
"ਪੁੰਨ ਕਦੇ ਵੀ ਮੇਰੇ ਨਹੀਂ ਪਾਸ ਆਉਣਾ" ।
ਬੂੰਦ, ਬੂੰਦ ਕਰਕੇ ਘੜਾ ਜਿਵੇਂ ਭਰਦਾ,
ਓਸੇ ਤਰ੍ਹਾਂ ਹੀ ਪੁੰਨ ਨੇ ਰਾਸ ਆਉਣਾ ।
ਇਹੀ ਹੁੰਦਾ ਹੈ ਸ਼ਰਫ਼ ਸਿਆਣਿਆਂ ਨੂੰ,
ਥੋੜ੍ਹਾ ਥੋੜ੍ਹਾ ਓਹ ਪੁੰਨ ਕਮਾਉਂਦੇ ਨੇ ।
ਕਰ ਲੈਣ ਪਰ ਥੋੜ੍ਹਿਓਂ ਬਹੁਤ ਬਹੁਤਾ,
ਉਚੇ ਪੁੰਨ ਦੇ ਢੇਰ ਓਹ ਲਾਉਂਦੇ ਨੇ ।
੧੨੩
ਨਾਲ ਹੋਰਨਾਂ ਦੇ ਛੋਟੇ ਕਾਫ਼ਲੇ ਵਿਚ,
ਤੁਰਿਆ ਕੋਈ ਤਾਜਰ ਧਨੀ, ਸ਼ਾਹ ਜਾਏ ।
ਓਹ ਤਾੜ ਕੇ ਸਾਥ ਨਖੇੜ ਲੈਂਦਾ,
ਖਤਰੇ ਵਾਲੇ ਨਾ ਕਦੇ ਵੀ ਰਾਹ ਜਾਏ ।
ਕੋਈ ਜੀਉੜਾ ਜ਼ਿੰਦਗੀ ਚਾਹੁਣ ਵਾਲਾ,
ਅੱਖੀਂ ਵੇਖ ਕੇ ਜ਼ਹਿਰ ਨਾ ਕਦੇ ਖਾਏ ।
ਓਸੇ ਤਰ੍ਹਾਂ ਹੀ ਚਾਹੀਦਾ ਆਦਮੀ ਨੂੰ,
ਨੇੜੇ ਕਦੇ ਗੁਨਾਹਾਂ ਦੇ ਨਾ ਜਾਏ ।
੧੨੪
ਲੱਗਾ ਜ਼ਖ਼ਮ ਝਰੀਟ ਜੇ ਨਾ ਹੋਵੇ,
ਕੋਈ ਜ਼ਹਿਰ ਵੀ ਹੱਥਾਂ ਵਿਚ ਰਹੇ ਫੜਦਾ ।
ਓਹਦਾ ਅਸਰ ਨਾ ਰਤਾ ਰਵਾਲ ਹੋਵੇ,
ਜ਼ਖ਼ਮ ਬਾਝ ਨਾ ਜ਼ਹਿਰ ਹੈ ਕਦੇ ਚੜ੍ਹਦਾ ।
ਓਸੇ ਤਰ੍ਹਾਂ ਜੇ ਰਮਜ਼ ਪਛਾਣ ਲਈਏ,
ਫੇਰ ਕਦੇ ਨਾ ਦੁੱਖ ਸੰਤਾਪ ਲੱਗੇ ।
ਮੰਦਾ ਕੰਮ ਜੋ ਭੁੱਲ ਕੇ ਨਹੀਂ ਕਰਦਾ,
ਨੇੜੇ ਓਸ ਦੇ ਕਦੇ ਨਾ ਪਾਪ ਲੱਗੇ ।
੧੨੫
ਜਿਹੜਾ ਕਿਸੇ ਨਿਰਦੋਸ਼ ਤੇ ਦੋਸ਼ ਲਾਵੇ,
ਪਾਕ ਸਾਫ਼ ਨੂੰ ਵੀ ਗੁਨ੍ਹਾਗਾਰ ਦੱਸੇ ।
ਨਿਰਮਲ ਆਦਮੀ ਤੇ ਲਾਏ ਸੌ ਊਜਾਂ,
ਬੋਲ, ਬੋਲ ਕੁਬੋਲ ਹਜ਼ਾਰ ਦੱਸੇ ।
ਊਜ ਲਾਉਣ ਵਾਲੇ ਐਸੇ ਮੂਰਖਾਂ ਤੇ,
ਉਲਟੀ ਪਾਪਾਂ ਦੀ ਇਸ ਤਰ੍ਹਾਂ ਮਾਰ ਪੈਂਦੀ ।
ਮਿੱਟੀ ਸਾਹਮਣੀ ਹਵਾ ਤੇ ਕੋਈ ਸੁੱਟੇ,
ਜਿਵੇਂ ਉਡਕੇ ਓਸ ਤੇ ਛਾਰ ਪੈਂਦੀ ।
੧੨੬
ਗਰਭ ਜੂਨ ਵਿਚ ਕਈਆਂ ਨੂੰ ਪਏ ਜਾਣਾ,
ਨਰਕੀਂ ਸੜਦੇ ਨੇ ਪਾਪ ਕਮਾਉਣ ਵਾਲੇ ।
ਕਰਨ ਜਾ ਬਹਿਸ਼ਤਾਂ ਦੇ ਵਿਚ ਮੌਜਾਂ,
ਜੀਵਣ ਨੇਕੀਆਂ ਦੇ ਲੇਖੇ ਲਾਉਣ ਵਾਲੇ ।
ਗੱਲ ਸੌ ਦੀ ਇੱਕ ਇਉਂ ਮੁਕਦੀ ਏ,
ਪੱਲੇ ਪਾਪਾਂ ਤੋਂ ਜੋ ਬਚਾਉਣ ਵਾਲੇ ।
ਸਫਲ ਆਪਣੀ ਘਾਲ ਕਮਾਈ ਕਰਕੇ,
ਹੁੰਦੇ ਪਦ ਨਿਰਬਾਣ ਨੂੰ ਪਾਉਣ ਵਾਲੇ ।
੧੨੭
ਚੜ੍ਹਕੇ ਕੋਈ ਅਸਮਾਨ ਤੇ ਬੈਠ ਜਾਏ,
ਆਸਣ ਲਾਏ ਜਾਂ ਸਾਗਰਾਂ ਖਾਰਿਆਂ ਵਿਚ ।
ਭਾਵੇਂ ਕਿਸੇ ਪਹਾੜ ਦੀ ਖੋਹ ਅੰਦਰ,
ਜਾਵੇ ਛੁਪ ਉਹ ਗੁਫ਼ਾ ਦੇ ਹਾਰਿਆਂ ਵਿਚ ।
ਮਿਲੇ ਫੇਰ ਨਾ ਓਸ ਨੂੰ ਢੋਈ ਕਿਧਰੇ,
ਭਾਵੇਂ ਸਭ ਸੰਸਾਰ ਵਿਚ ਭਾਲ ਵੇਖੇ ।
ਕਿਸੇ ਥਾਂ ਨਾ ਪਾਪਾਂ ਦਾ ਫਲ ਟਲਦਾ,
ਲੱਖ ਆਦਮੀ ਓਸ ਨੂੰ ਟਾਲ ਵੇਖੇ ।
੧੨੮
ਟੀਸੀ ਅੱਧ ਅਸਮਾਨ ਦੀ ਚੜ੍ਹੇ ਕੋਈ,
ਚੁੱਭੀ ਲਾਏ ਜਾਂ ਸਾਗਰਾਂ ਖਾਰਿਆਂ ਵਿਚ ।
ਭਾਵੇਂ ਖੋਹ ਪਹਾੜ ਦੀ ਜਾ ਮੱਲੇ,
ਲੁਕ ਜਾਵੇ ਜਾਂ ਗੁਫ਼ਾ ਦੇ ਹਾਰਿਆਂ ਵਿਚ ।
ਮਿਲੇ ਫੇਰ ਵੀ ਢੋਈ ਨਾ ਕਿਤੇ ਓਹਨੂੰ,
ਭਾਵੇਂ ਸਭ ਸੰਸਾਰ ਵਿਚ ਭਾਲ ਵੇਖੇ ।
ਕਿਸੇ ਥਾਂ ਵੀ ਟਾਲਿਆਂ ਨਹੀਂ ਟਲਦੀ,
ਲੱਖ ਆਦਮੀ ਮੌਤ ਨੂੰ ਟਾਲ ਵੇਖੇ ।
ਅਧਿਆਏ ਦਸਵਾਂ
ਦੰਡ
ਦੰਡ ਵੱਗ ਵਿਚ ਦੂਜਿਆਂ ਪ੍ਰਤੀ ਦੰਡ ਦੇ ਪ੍ਰਯੋਗ ਜਾਂ ਹਿੰਸਾ ਦੀ ਭਾਵਨਾ ਨੂੰ ਤਿਆਗ ਦੇਣ ਦਾ ਉਪਦੇਸ਼ ਦਿੱਤਾ ਗਿਆ ਹੈ ।
੧੨੯-੧੩੦
ਡੰਡੇ, ਮੌਤ ਕੋਲੋਂ ਡਰਦਾ ਹਰ ਕੋਈ,
ਭਿਖਸ਼ੂ, ਤੱਤ ਨੂੰ ਇਓਂ ਵਿਚਾਰਦਾ ਈ ।
ਵਰਗੇ ਆਪਣੇ ਸਮਝ ਕੇ ਸਾਰਿਆਂ ਨੂੰ,
ਮਾਰਨ ਦਏ ਨਾ ਕਿਸੇ ਨੂੰ ਮਾਰਦਾ ਈ ।
ਡਰਦਾ ਡੰਡੇ ਦੀ ਮਾਰ ਤੋਂ ਹਰ ਕੋਈ,
ਨਾਲੇ ਜ਼ਿੰਦਗੀ ਤਾਈਂ ਪਿਆਰਦਾ ਈ ।
ਭਿਖਸ਼ੂ, ਸਮਝ ਸਮਾਨ ਪਰਾਣੀਆਂ ਨੂੰ,
ਮਾਰਨ ਦਏ ਨਾ ਕਿਸੇ ਨੂੰ ਮਾਰਦਾ ਈ ।
੧੩੧-੧੩੨
ਖਾਤਰ ਆਪਣੇ ਸੁੱਖ ਦੇ ਮੂੜ੍ਹ ਕੋਈ,
ਸੁੱਖ-ਭਾਲਕਾਂ ਨੂੰ ਡੰਡੇ ਜੇ ਮਾਰੇ ।
ਮਰਨ ਮਗਰੋਂ ਵੀ ਸੁੱਖ ਨਾ ਮਿਲੇ ਓਹਨੂੰ,
ਬੇੜੀ ਡੋਬਦੇ ਓਸਦੀ ਇਹ ਕਾਰੇ ।
ਪਰ ਜੇ ਆਪਣੇ ਸੁੱਖ ਨੂੰ ਚਾਹੁਣ ਵਾਲਾ,
ਸੁੱਖ-ਭਾਲਕਾਂ ਤੇ ਡੰਡਾ ਚੁੱਕਦਾ ਨਹੀਂ ।
ਓਹਨੂੰ ਮਰਨ ਮਗਰੋਂ ਮਿਲਦਾ ਸੁੱਖ ਏਨਾਂ,
ਜਿਹੜਾ ਕਦੇ ਨਿਖੁੱਟਦਾ ਮੁੱਕਦਾ ਨਹੀਂ ।
੧੩੩-੧੩੪
ਅੱਗੋਂ ਫਿੱਕਾ ਜਵਾਬ ਹੈ ਪਰਤ ਆਉਂਦਾ,
ਫਿੱਕਾ ਬੋਲ ਜ਼ਬਾਨ ਤੋਂ ਬੋਲੀਏ ਨਾ ।
ਮਗਰੋਂ ਭੁਗਤਣਾ ਪੈਂਦਾ ਹੈ ਦੰਡ ਕਰੜਾ,
ਅੱਤ ਚੁੱਕੀਏ ਤੇ ਕੁਫ਼ਰ ਤੋਲੀਏ ਨਾ ।
ਹੋਵੇ ਕਹੇਂ ਦੇ ਭਾਂਡੇ ਨੂੰ ਤੇੜ ਆਈ,
ਓਹਦੇ ਵਾਂਗ ਜੋ ਬੋਲਦਾ ਖੜਕਦਾ ਨਹੀਂ ।
ਓਹ ਪਦ ਨਿਰਬਾਣ ਨੂੰ ਪਾ ਜਾਏ,
ਕੋਈ ਰੇੜਕਾ ਦਿਲੇ ਵਿਚ ਰੜਕਦਾ ਨਹੀਂ ।
੧੩੫-੧੩੬
ਜਿਵੇਂ ਆਪਣੇ ਵੱਗ ਨੂੰ ਕੋਈ ਵਾਗੀ,
ਸੋਟਾ ਮਾਰ ਕੇ ਘਰਾਂ ਨੂੰ ਮੋੜਦਾ ਏ ।
ਓਸੇ ਤਰ੍ਹਾਂ ਯਮਰਾਜ ਪ੍ਰਾਣੀਆਂ ਨੂੰ,
ਬੁੱਢੀ ਉਮਰ ਤੋਂ ਆਣ ਵਿਛੋੜਦਾ ਏ ।
ਪਾਪ ਕਰਦਿਆਂ ਸੋਚਦਾ ਨਹੀਂ ਮੂਰਖ,
ਰੀਝ ਪਾਪ ਦੀ ਗੱਲ ਵਗਾੜਦੀ ਏ ।
ਪਿਛੋਂ ਦੁਖੀ ਇਉਂ ਚਾਂਗਰਾਂ ਪਿਆ ਮਾਰੇ,
ਜਿਵੇਂ ਅੱਗ ਸਰੀਰ ਨੂੰ ਸਾੜਦੀ ਏ ।
੧੩੭-੧੩੮
ਜਿਹੜਾ ਕੋਈ ਨਿਰਦੋਸ਼ ਨਿਹੱਥਿਆਂ ਨੂੰ,
ਨਾਲ ਡੰਡੇ ਦੇ ਕੁੱਟਦਾ ਮਾਰਦਾ ਏ ।
ਓਹਨੂੰ ਆਪਣੀ ਕੀਤੀ ਦਾ ਫਲ ਮਿਲਦਾ,
ਪਾਪ ਲੱਗਦਾ ਦਸ ਪਰਕਾਰ ਦਾ ਏ ।
ਲੱਤ-ਬਾਂਹ ਭੱਜੇ, ਤਿੱਖਾ ਸੂਲ ਹੋਵੇ,
ਮੋਹਲਕ ਰੋਗ ਦਾ ਹੋ ਸ਼ਿਕਾਰ ਜਾਏ ।
ਦੁਬਧਾ, ਚਿੰਤਾ ਜਾਂ ਚਿੱਤ ਨੂੰ ਪੀੜਦੀ ਏ,
ਜਾਂ ਓਹ ਕਿਸੇ ਮੈਦਾਨ ਵਿਚ ਹਾਰ ਜਾਏ ।
੧੩੯-੧੪੦
ਮਿਲੇ ਰਾਜ ਦਰਬਾਰ ਤੋਂ ਦੰਡ ਕਰੜਾ,
ਓਹਨੂੰ ਫੁੰਡਦਾ ਭੰਡੀ ਪਰਚਾਰ ਹੋਵੇ ।
ਹੋਏ ਨਾਸ਼ ਜਾਂ ਸਾਕਾਂ ਸਰਬੰਧੀਆਂ ਦਾ,
ਜੀਵਣ ਸਾਧਨਾਂ ਤੇ ਗੜੇ ਮਾਰ ਹੋਵੇ ।
ਜਾਂ ਫਿਰ ਓਸਦੇ ਘਰ ਨੂੰ ਅੱਗ ਸਾੜੇ,
ਅਕਲ ਮੂੜ੍ਹ ਤੋਂ ਹੋ ਫ਼ਰਾਰ ਜਾਏ ।
ਓਹ ਜਦੋਂ ਤਿਆਗ ਕੇ ਤੁਰੇ ਕਾਇਆਂ ?
ਕੁੰਭੀ ਨਰਕ ਦੇ ਵੱਲ ਸਿਧਾਰ ਜਾਏ ।
੧੪੧
ਕੋਈ ਜਟਾਧਾਰੀ ਫਿਰੇ ਸਾਧ ਨਾਂਗਾ,
ਰੱਖੇ ਵਰਤ ਭਬੂਤ ਰਮਾਏ ਕੋਈ ।
ਭਾਵੇਂ ਸਾਰੇ ਸਰੀਰ ਤੇ ਲਿੰਬ ਚਿੱਕੜ,
ਗੋਡੇ-ਓਕੜੂ ਚੌਕੜੀ ਲਾਏ ਕੋਈ ।
ਕਰੜੀ ਭੋਂ ਤੇ ਲੇਟਦਾ ਰਹੇ ਭਾਵੇਂ,
ਕਦੇ ਸਫ਼ਲ ਨਾ ਇਉਂ ਕਮਾਈ ਹੁੰਦੀ ।
ਜਿੰਨਾ ਚਿਰ ਨਾ ਅੰਦਰੋਂ ਭਰਮ ਜਾਏ,
ਓਹਦੀ ਸ਼ੁਧੀ ਨਾ ਕੋਈ ਸਫ਼ਾਈ ਹੁੰਦੀ ।
੧੪੨
ਬਣਿਆ, ਤਣਿਆ, ਸ਼ਿੰਗਾਰਿਆ ਹੋਏ ਭਾਵੇਂ,
ਜੇਕਰ ਸ਼ਾਂਤ ਓਹ ਮਨੋਂ ਹੈ ਬ੍ਰਹਮਚਾਰੀ ।
ਹਿੰਸਾ ਸਾਰਿਆਂ ਪ੍ਰਤੀ ਤਿਆਗ ਦਿੰਦਾ,
ਹਉਮੈ ਅੰਦਰੋਂ ਜਿਸ ਨੇ ਹੋਏ ਮਾਰੀ ।
ਆਪਾ ਸਾਧਿਆ ਇਸ ਤਰ੍ਹਾਂ ਹੋਏ ਜਿਸ ਨੇ,
ਬ੍ਰਹਮਣ ਓਹ ਹੈ ਅਸਲ ਵਿਚ ਜਾਣ ਲਈਏ ।
ਓਹੀ ਸ਼੍ਰਮਣ ਤੇ ਭਿਖਸ਼ੂ ਦਾ ਰੂਪ ਸਮਝੋ,
ਕੋਈ ਦੂਸਰਾ ਨਹੀਂ, ਪਛਾਣ ਲਈਏ ।
੧੪੩
ਕਈ ਪੁਰਸ਼ ਸੰਸਾਰ ਵਿਚ ਹੋਣ ਐਸੇ,
ਸ਼ਰਮ ਆਪਣੀ ਜਿਨ੍ਹਾਂ ਨੂੰ ਮਾਰਦੀ ਏ ।
ਏਸੇ ਕਾਰਨ ਹੀ ਪਾਪਾਂ ਤੋਂ ਬਚੇ ਰਹਿੰਦੇ,
ਏਹੋ ਝਿਜਕ ਹੀ ਓਹਨਾਂ ਨੂੰ ਤਾਰਦੀ ਏ ।
ਉਮਦਾ ਨਸਲ ਤੇ ਰਵੇ ਦੇ ਜਿਵੇਂ ਘੋੜੇ,
ਛਾਟ, ਛਾਂਟੇ ਦੀ ਜ਼ਰਾ ਸਹਾਰਦੇ ਨਹੀਂ ।
ਓਸੇ ਤਰ੍ਹਾਂ ਹੀ ਪੁਰਸ਼ ਸੰਕੋਚ ਵਾਲੇ,
ਹੋਵੇ ਨਿੰਦਿਆ ਚਿੱਤ ਚਿਤਾਰਦੇ ਨਹੀਂ ।
੧੪੪
ਵਧੀਆ ਨਸਲ ਤੇ ਰਵੇ ਦਾ ਜਿਵੇਂ ਘੋੜਾ,
ਛੋਹੇ ਛਾਂਟ ਕਮਾਲ ਦਾ ਹੋ ਜਾਏ ।
ਲਾਏ ਜ਼ੋਰ ਤੇ ਚਾਲ ਨੂੰ ਕਰੇ ਤਿੱਖਾ,
ਬਸ ! ਹਵਾ ਦੇ ਨਾਲ ਦਾ ਹੋ ਜਾਏ ।
ਓਸੇ ਤਰ੍ਹਾਂ ਹੀ ਚਾਹੀਦਾ ਆਦਮੀ ਦਾ,
ਸ਼ੁੱਧ ਕਰਮ ਤੇ ਸੱਚ ਆਚਾਰ ਹੋਵੇ ।
ਸ਼ਰਧਾ, ਧਰਮ ਦੇ ਵਿਚ ਵਿਸ਼ਵਾਸ ਪੱਕਾ,
ਕਰਕੇ ਦੁੱਖਾਂ ਦੇ ਸਾਗਰੋਂ ਪਾਰ ਹੋਵੇ ।
੧੪੫
ਪਾਣੀ ਲਾਏ ਕਿਰਸਾਣ ਜੋ ਖੇਤੀਆਂ ਨੂੰ,
ਜਿਧਰ ਚਾਹੇ ਓਹ ਪਾਣੀ ਨੂੰ ਮੋੜ ਲੈਂਦਾ ।
ਜਿਵੇਂ ਚਾਹੁੰਦਾ ਤੀਰ ਬਣਾਉਣ ਵਾਲਾ,
ਘੜਦਾ ਤੀਰ ਤੇ ਮੁੱਖੀ ਨੂੰ ਜੋੜ ਲੈਂਦਾ ।
ਮਨ ਭਾਉਂਦੀ ਤੱਛਦਾ ਲੱਕੜੀ ਨੂੰ,
ਤੇਸਾ ਜਦੋਂ ਤਰਖਾਣ ਉਲਾਰਦਾ ਏ ।
ਓਸੇ ਤਰ੍ਹਾਂ ਹੀ ਆਦਮੀ ਨੇਕ-ਨੀਅਤ,
ਸਦਾ ਆਪਣੇ ਆਪ ਨੂੰ ਮਾਰਦਾ ਏ ।
ਅਧਿਆਏ ਗਿਆਰ੍ਹਵਾਂ
ਜਰਾ
ਜਰਾ (ਬੁਢਾਪਾ) ਵੱਗ ਵਿਚ ਬੁਢਾਪੇ ਦਿਆਂ ਦੁੱਖਾਂ ਤੇ ਕਸ਼ਟਾਂ ਦਾ ਵਰਣਨ ਹੈ ।
੧੪੬
ਹੋਵੇ ਚਾਰ ਚੁਫੇਰ ਨੂੰ ਅੱਗ ਲੱਗੀ,
ਫੇਰ ਖ਼ੁਸ਼ੀ ਕਾਹਦੀ, ਫੇਰ ਹੱਸਣਾ ਕੀ ?
ਚਾਰੇ ਪਾਸੇ ਹੀ ਘੋਰ ਅੰਧਿਆਰ ਛਾਇਆ,
ਕਿਹੜਾ ਰਾਹ ਤੇ ਕਿਸੇ ਨੇ ਨੱਸਣਾ ਕੀ ?
ਜਦੋਂ ਹੱਥ ਪਸਾਰਿਆਂ ਨਹੀਂ ਦਿਸਦਾ,
ਕਿਓਂ ਆਪਣਾ ਆਪ ਸੰਭਾਲਦੇ ਨਹੀਂ ।
ਮੰਜ਼ਲ ਵੱਲ ਨੂੰ ਰਾਹ ਦੀ ਪਏ ਝਾਤੀ,
ਦੀਵਾ ਕਿਉਂ ਓਹ ਲੱਭਦੇ ਭਾਲਦੇ ਨਹੀਂ ।
੧੪੭
ਸਜੇ ਹੋਏ ਸਰੀਰ ਦਾ ਬੁੱਤ ਵੇਖੋ,
ਜ਼ਖ਼ਮਾਂ ਨਾਲ ਜੋ ਅੰਦਰੋਂ ਚੂਰ ਹੋਇਆ ।
ਐਵੇਂ ਬੱਝਿਆ ਖੜਾ ਹੈ ਆਸਰੇ ਤੇ,
ਕਈਆਂ ਰੋਗਾਂ ਦੇ ਨਾਲ ਭਰਪੂਰ ਹੋਇਆ ।
ਇਹਦੇ ਮਨ ਵਿਚ ਭਰੇ ਸੰਕਲਪ ਲੱਖਾਂ,
ਭਾਵੇਂ ਓਹਨਾਂ ਦੀ ਦਿਸਦੀ ਛਾਂ ਕੋਈ ਨਾ ।
ਰਹਿੰਦਾ ਭਟਕਦਾ, ਡੋਲਦਾ, ਥਿੜਕਦਾ ਇਹ,
ਮਿਲੇ ਇਹਨੂੰ ਟਿਕਾਣੇ ਦੀ ਥਾਂ ਕੋਈ ਨਾ ।
੧੪੮
ਬੁੱਢੀ, ਜਰ-ਜਰੀ, ਕੋਝੀ, ਕਰੂਪ, ਕਾਇਆਂ,
ਸਮਝੋ ਆਹਲਣਾ ਨਿਰਾ ਬੀਮਾਰੀਆਂ ਦਾ ।
ਭਰੀਆਂ ਏਸ ਦੇ ਵਿਚ ਨੇ ਸੜੇਹਾਨਾ,
ਭਾਂਡਾ ਗੰਦੀਆਂ ਵਸਤੂਆਂ ਸਾਰੀਆਂ ਦਾ ।
ਚਾਣਚੱਕ ਹੀ ਏਸ ਨੇ ਭੱਜਣਾ ਏਂ,
ਇਕ ਜਗਤ ਪਰਸਿੱਧ ਅਖੌਤ ਸਮਝੋ ।
ਗੱਲ ਇਹ ਹੈ ਪੱਥਰ ਤੇ ਲੀਕ ਵਾਂਗੂੰ,
ਮੰਜ਼ਲ ਜ਼ਿੰਦਗੀ ਦੀ ਆਖਰ ਮੌਤ ਸਮਝੋ ।
੧੪੯-੧੫੦
ਸੁੱਟੀ ਹੋਈ ਲੌਹਕੀ ਜਿਵੇਂ ਸਰਦੀਆਂ ਵਿਚ,
ਭੂਰਾ ਹੱਡੀਆਂ ਦਾ ਰੰਗ ਹੋ ਜਾਏ ।
ਕੌਣ ਵੇਖ ਕੇ ਓਹਨਾਂ ਨੂੰ ਖ਼ੁਸ਼ੀ ਹੋਵੇ,
ਝਾਤੀ ਮਾਰਨੇ ਲਈ ਖਲੋ ਜਾਏ ।
ਇਸ ਨੂੰ ਲਿੰਬਿਆ ਲਹੂ ਤੇ ਮਾਸ ਦੇ ਨਾਲ,
ਬਣਿਆ ਹੱਡੀਆਂ ਦਾ ਵੱਡਾ ਸ਼ਹਿਰ ਹੋਇਆ ।
ਸਣੇ ਮੌਤ, ਅਭੀਮਾਨ ਤੇ ਉਮਰ ਬੁੱਢੜੀ,
ਭਰਿਆ ਏਸ ਵਿਚ ਦੰਭ ਦਾ ਜ਼ਹਿਰ ਹੋਇਆ ।
੧੫੧
ਕਰਕੇ ਰੰਗ ਸ਼ਿੰਗਾਰਿਆ ਰੱਥ ਸ਼ਾਹੀ,
ਸਮਾਂ ਪਾ ਕੇ ਤੇ ਖੱਦਾ ਹੋ ਜਾਏ ।
ਓਸੇ ਤਰ੍ਹਾਂ ਹੀ ਇਹ ਅਰੋਗ ਕਾਂਇਆਂ,
ਬੁਢੀ ਉਮਰ ਤੇ ਪਹੁੰਚ ਖਲੋ ਜਾਏ ।
ਐਪਰ ਧਰਮੀਆਂ, ਸੰਤਾਂ ਤੇ ਸਾਧੂਆਂ ਤੇ,
ਜ਼ਾਲਮ ਕਦੇ ਬੁਢਾਪਾ ਨਾ ਆਉਂਦਾ ਹੈ ।
ਭਲਾ ਆਦਮੀ ਜੋ ਭਲੇ ਆਦਮੀ ਨੂੰ,
ਇਹੀ ਧੁਰਾਂ ਤੋਂ ਭੇਦ ਸਮਝਾਉਂਦਾ ਹੈ ।
੧੫੨-੧੫੩
ਹੋਵੇ ਆਦਮੀ ਜੋ ਥੋੜ੍ਹੀ ਮੱਤ ਵਾਲਾ,
ਵਾਂਗ ਸਾਹਨ ਦੇ ਫਿੱਟਦਾ ਜਾਂਵਦਾ ਏ ।
ਉਹਦੀ ਮੱਤ ਵਿਚ ਰਤਾ ਨਾ ਹੋਏ ਵਾਧਾ,
ਹੱਡ-ਮਾਸ ਦੀ ਹੀ ਭਰਤੀ ਪਾਂਵਦਾ ਏ ।
ਫਿਰਿਆ ਭਾਲਦਾ ਜਨਮ ਜਨਮਾਤਰਾਂ ਵਿਚ,
ਕਾਂਇਆਂ ਮਹਿਲ ਨੂੰ ਕਿਨ੍ਹੇ ਉਸਾਰਿਆ ਏ ।
ਪਈ ਭਾਲ ਤੇ ਘਾਲ ਨਾ ਥਾਏਂ ਮੇਰੀ,
ਮੁੜ ਮੁੜ ਜੰਮਣ ਦੇ ਦੁੱਖਾਂ ਨੇ ਮਾਰਿਆ ਏ ।
੧੫੪
ਇਹ ਘਰ-ਅਟਾਰੀ ਬਣਾਉਣ ਵਾਲੇ,
ਮੈਂ ਪਾ ਲਿਆ ਏ, ਤੈਨੂੰ ਪਾ ਲਿਆ ਏ ।
ਘਰ ਇਹ ਨਾ ਤੂੰ ਬਣਾਈਂ ਮੁੜ ਕੇ,
ਥੰਮਾਂ, ਤੋੜਿਆਂ ਨੂੰ ਘੁਣ ਖਾ ਲਿਆ ਏ ।
ਲੜੀਆਂ ਇਹਦੀਆਂ ਸਾਰੀਆਂ ਟੁੱਟ ਗਈਆਂ,
ਬੁਰਜ ਸਿਖਰ ਦਾ ਵੀ ਸਾਰਾ ਢਹਿ ਗਿਆ ਏ ।
ਮਨ ਹੋਇਆ ਆਜ਼ਾਦ ਹੈ ਬੰਧਨਾਂ ਤੋਂ,
ਮਗਰੋਂ ਤ੍ਰਿਸ਼ਨਾ ਦਾ ਰੋਗ ਵੀ ਲਹਿ ਗਿਆ ਏ ।
੧੫੫-੧੫੬
ਕੀਤੀ ਸਾਧਨਾ ਹੋ ਨਾ ਬ੍ਰਹਮਚਾਰੀ,
ਚੜ੍ਹਦੀ ਉਮਰ ਵੀ ਜਦੋਂ ਵੀਰਾਨ ਜਾਏ ।
ਮੱਛੀ, ਡੱਡੀ ਬਿਨ ਝੀਲ ਦੇ ਜਾ ਕੰਢੇ,
ਬਗਲੇ ਵਾਂਗਰਾਂ ਬਿਰਧ ਧਿਆਨ ਲਾਏ ।
ਕੀਤੀ ਸਾਧਨਾ ਹੋ ਨਾ ਬ੍ਰਹਮਚਾਰੀ,
ਚੜ੍ਹਦੀ ਉਮਰ ਵੀ ਜਦੋਂ ਵੀਰਾਨ ਜਾਏ ।
ਬੁਢੜਾ ਬੀਤਿਆਂ ਦਿਨਾਂ ਨੂੰ ਝੂਰਦਾ ਏ,
ਝੁਕ ਵਾਂਗ ਉਹ ਰੱਦੀ ਕਮਾਨ ਜਾਏ ।
ਅਧਿਆਏ ਬਾਰ੍ਹਵਾਂ
ਅੱਤ
ਅੱਤ (ਆਪਣਾ ਆਪ) ਵੱਗ ਵਿਚ ਆਤਮ ਉੱਨਤੀ ਦਾ ਮਾਰਗ ਦੱਸਿਆ ਗਿਆ ਹੈ ।
੧੫੭-੧੫੮
ਤੈਨੂੰ ਆਪੇ ਦੇ ਨਾਲ ਪਿਆਰ ਜੇਕਰ,
ਉਸ ਨੂੰ ਕੀਮਤੀ ਸਮਝ ਸੰਭਾਲਣਾ ਈਂ ।
ਇਕ ਪਹਿਰ ਤਾਂ ਜਾਗਦੇ ਰਹਿਣ ਪੰਡਤ,
ਵਕਤ ਗ਼ਾਫ਼ਲੀ ਵਿਚ ਨਾ ਗਾਲਣਾ ਈਂ ।
ਫੇਰ ਦਏ ਨਸੀਹਤਾਂ ਹੋਰਨਾਂ ਨੂੰ,
ਪਹਿਲਾਂ ਆਪ ਜੋ ਨੇਕੀ ਦੀ ਕਾਰ ਕਰਦਾ ।
ਓਸੇ ਪੰਡਤ ਦੀ ਘਾਲ ਸੁਲੱਖਣੀ ਏ,
ਕੋਈ ਦੁੱਖ ਨਾ ਓਸ ਤੇ ਵਾਰ ਕਰਦਾ ।
੧੫੯
ਦੇਣਾ ਚਾਹੇ ਉਪਦੇਸ਼ ਜੋ ਹੋਰਨਾਂ ਨੂੰ,
ਓਹੀ ਆਪਣੇ ਆਪ ਕਮਾਏ ਪਹਿਲਾਂ ।
ਰੋਕ ਆਪਣੇ ਆਪ ਨੂੰ ਨਾਲ ਸੰਜਮ,
ਹਓਮੈ ਆਪਣੀ ਮਾਰ ਗਵਾਏ ਪਹਿਲਾਂ ।
ਕਰੇ ਜਾਏ ਕੇ ਦਮਨ ਫਿਰ ਦੂਜਿਆਂ ਦਾ,
ਜੀਹਦੇ ਨਾਲ ਕਲਿਆਣ ਉਧਾਰ ਹੁੰਦਾ ।
ਇਹੀ ਤੱਤ ਵਿਰੋਲਿਆ ਪੰਡਤਾਂ ਨੇ,
ਸੌਖਾ ਆਪਣਾ ਆਪ ਨਹੀਂ ਮਾਰ ਹੁੰਦਾ ।
੧੬੦
ਹੁੰਦਾ ਹੋਰ ਨਾ ਕਿਸੇ ਦਾ ਕੋਈ ਸਵਾਮੀ,
ਅਸਲੋਂ ਆਦਮੀ ਫੇਅਲ-ਮੁਖਤਾਰ ਹੋਵੇ ।
ਹੋਰ ਕੌਣ ਹੈ ਏਸ ਸੰਸਾਰ ਅੰਦਰ,
ਜਿਸਦਾ ਆਦਮੀ ਤਾਬਿਆਦਾਰ ਹੋਵੇ ।
ਜਦੋਂ ਆਪਣੇ ਆਪ ਨੂੰ ਮਾਰ ਲਈਏ,
ਵੱਡਾ ਫੇਰ ਹੈ ਸ਼ਾਹ ਸੁਲਤਾਨ ਮਿਲਦਾ ।
ਜਿਸ ਨੂੰ ਸਮਝਦੇ ਨੇ ਮੁਸ਼ਕਿਲ ਸਾਰਿਆਂ ਤੋਂ,
ਓਹ ਜੀਵ ਨੂੰ ਪਰਮ ਨਿਰਵਾਣ ਮਿਲਦਾ ।
੧੬੧
ਕੀਤਾ ਆਪਣੇ ਆਪ ਦਾ ਪਾਪ ਹੋਇਆ,
ਜਾਇਆ ਆਪਣਾ ਪਾਪ ਈ ਮਾਰਦਾ ਏ ।
ਹੱਥੀਂ ਆਪ ਸਹੇੜੀਏ ਪਾਪ ਜਿਹੜਾ,
ਓੜਕ ਆਣ ਕੇ ਓਹੀ ਦੁਰਕਾਰਦਾ ਏ ।
ਸਦਾ ਆਪਣੇ ਪਾਪ ਦੀ ਮਾਰ ਤਿਖੀ,
ਇਓਂ ਮੂੜ੍ਹ ਨੂੰ ਚੀਰਦੀ ਪਾੜਦੀ ਏ ।
ਸਖ਼ਤ ਪੱਥਰਾਂ ਦੀ ਜਿਵੇਂ ਸੱਟ ਕਰੜੀ,
ਕਿਸੇ ਚੀਜ਼ ਨੂੰ ਪਈ ਦਰਾੜਦੀ ਏ ।
੧੬੨
ਜਿਵੇਂ ਸਾਲ ਦੇ ਰੁੱਖ ਨੂੰ ਘੇਰਨੇ ਲਈ,
ਅਮਰ-ਵੇਲ ਦਾ ਜਾਲ-ਆਕਾਰ ਫੈਲੇ ।
ਓਸੇ ਤਰ੍ਹਾਂ ਹੀ ਢਾਹੁਣ ਲਈ ਆਦਮੀ ਨੂੰ,
ਓਹਦਾ ਆਪਣਾ ਹੀ ਦੁਰਾਚਾਰ ਫੈਲੇ ।
ਸੱਚੀ ਗੱਲ ਹੈ ਆਦਮੀ ਜਿਸ ਵੇਲੇ,
ਦੁਰਾਚਾਰ ਦੇ ਵੱਸ ਹੈ ਹੋ ਜਾਂਦਾ ।
ਜਿਹੜੀ ਭਾਂਵਦੀ ਓਸ ਦੇ ਵੈਰੀਆਂ ਨੂੰ,
ਓਸੇ ਥਾਂ ਤੇ ਆਣ ਖਲੋ ਜਾਂਦਾ ।
੧੬੩
ਗੱਲਾਂ ਮਾੜੀਆਂ ਕਰਨੀਆਂ ਸੌਖੀਆਂ ਨੇ,
ਏਸ ਬਾਤ ਨੂੰ ਜ਼ਰਾ ਵਿਚਾਰਨਾ ਜੇ ।
ਇਹ ਤਾਂ ਆਪਣਾ ਕਰਨ ਨੁਕਸਾਨ ਭਾਰਾ,
ਹੱਥੀਂ ਪੈਰ ਕੁਹਾੜੇ ਨੂੰ ਮਾਰਨਾ ਜੇ ।
ਉਸਦੇ ਉਲਟ ਪਰ ਚੰਗੀਆਂ ਸਾਊ ਗੱਲਾਂ,
ਲਾਭ ਜਿਨ੍ਹਾਂ ਦਾ ਬੜਾ ਮਹਾਨ ਹੁੰਦਾ ।
ਮੁਸ਼ਕਲ ਓਹਨਾਂ ਦੇ ਬਾਰੇ ਹੈ ਇਹ ਬਣਦੀ,
ਕਰਨਾ ਓਹਨਾਂ ਨੂੰ ਨਹੀਂ ਆਸਾਨ ਹੁੰਦਾ ।
ਅਧਿਆਏ ਤੇਰ੍ਹਵਾਂ
ਲੋਕ
ਲੋਕ ਵੱਗ ਵਿਚ ਲੋਕ (ਸੰਸਾਰ) ਸੰਬੰਧੀ ਉਪਦੇਸ਼ ਹਨ ।
੧੬੪
ਸਿਆਣੇ, ਸਾਊ, ਗੁਣਵੰਤ ਤੇ ਨੇਕਨੀਅਤ,
ਹੁੰਦੇ ਲੋਕ ਜੋ ਮਾਨ ਸਨਮਾਨ ਵਾਲੇ ।
ਜਿਹੜੇ ਧਰਮ ਦੇ ਰਾਹ ਤੇ ਰਹਿਣ ਤੁਰਦੇ,
ਉੱਜਲ-ਬੁੱਧ ਤੇ ਗਿਆਨ ਧਿਆਨ ਵਾਲੇ ।
ਕਰੇ ਇਹਨਾਂ ਦੀ ਨਿੰਦਿਆ ਮੂੜ੍ਹ ਕੋਈ,
ਮੰਦੀ ਭਾਵਨਾ ਵੱਸ, ਅਪਮਾਨ ਕਰਦਾ ।
ਜਿਵੇਂ ਵੰਝਾਂ ਨੂੰ ਵੰਝਾਂ ਦੇ ਫੁੱਲ ਖਾਂਦੇ,
ਮੂੜ੍ਹ ਆਪਣਾ ਤਿਵੇਂ ਨੁਕਸਾਨ ਕਰਦਾ ।
੧੬੫
ਓਹੀ ਆਪਣੀ ਬੁੱਧ ਨੂੰ ਕਰੇ ਮੈਲਾ,
ਕੀਤਾ ਆਪਣੇ ਆਪ ਜੋ ਪਾਪ ਹੋਵੇ ।
ਨਾਲ ਪਾਪ ਜੇ ਹੱਥ ਨਾ ਭਰੇ ਕੋਈ,
ਨਹੀਂ ਓਸ ਨੂੰ ਰੋਗ ਸੰਤਾਪ ਹੋਵੇ ।
ਅਸਲ, ਓਹ ਤਾਂ ਆਪਣਾ ਪਾਪ ਹੀ ਹੈ,
ਜਿਸ ਦੇ ਕੀਤਿਆਂ ਸ਼ੁੱਧ ਅਸ਼ੁੱਧ ਹੋਵੇ ।
ਕੋਈ ਆਦਮੀ ਵੀ ਕਿਸੇ ਦੂਸਰੇ ਦੇ,
ਨਹੀਂ ਕੀਤਿਆਂ ਕਦੇ ਵੀ ਸ਼ੁੱਧ ਹੋਵੇ ।
੧੬੬
ਹੋਣ ਹੋਰਾਂ ਦੇ ਹਿਤ ਹਜ਼ਾਰ ਭਾਵੇਂ,
ਬਾਹਲਾ ਗੌਲੀਏ ਓਹਨਾਂ ਨੂੰ ਫੋਲੀਏ ਨਾ ।
ਐਵੇਂ ਕਿਸੇ ਦੇ ਹਿਤਾਂ ਦੀ ਰੱਖਿਆ ਲਈ,
ਹਿਤ ਆਪਣਾ ਮਿੱਟੀ ਵਿਚ ਰੋਲੀਏ ਨਾ ।
ਸਦਾ ਆਪਣਾ ਜਾਣੀਏਂ ਹਿਤ ਕਿਹੜਾ,
ਨਜ਼ਰ ਸਾਹਮਣੇ ਓਹਨੂੰ ਸੰਭਾਲਣਾਂ ਜੇ ।
ਬਿਨਾਂ ਥਿੜਕਿਆਂ, ਸਦਾ ਪਰਯਤਨ ਕਰ ਕੇ,
ਓਹਨੂੰ ਪਾਲਣਾ ਏਂ, ਓਹਨੂੰ ਪਾਲਣਾ ਜੇ ।
੧੬੭
ਭਲੇ ਆਦਮੀ ! ਸਦਾ ਸੁਚੇਤ ਰਹਿਣਾ,
ਨੀਚ ਧਰਮ ਨੂੰ ਕਦੇ ਨਾ ਪਾਲਣਾ ਈਂ ।
ਖਬਰਦਾਰ, ਹੁਸ਼ਿਆਰ ਚੇਤੰਨ ਸੋਮਨ,
ਉਮਰ ਗ਼ਾਫ਼ਲੀ ਵਿਚ ਨਾ ਗਾਲਣਾ ਈਂ ।
ਮਗਰ ਲੱਗ ਕੇ ਮੰਦੀਆਂ ਧਾਰਨਾਂ ਦੇ,
ਕੋਝਾ ਕੰਮ ਹੈ ਬਿਨਾਂ ਗਿਆਨ ਰਹਿਣਾ ।
ਮਾੜੇ ਪਿੱਟਣੇ ਬਹੁਤ ਸਹੇੜ ਲੈਣੇ,
ਫੋਕਾ ਧੰਦਿਆਂ ਵਿਚ ਗ਼ਲਤਾਨ ਰਹਿਣਾ ।
੧੬੮
ਆਲਸ. ਗ਼ਾਫ਼ਲੀ ਨੂੰ ਮਨ ਤੋਂ ਝਾੜ ਦਈਏ,
ਸਦਾ ਆਦਮੀ ਚੁਸਤ ਹੁਸ਼ਿਆਰ ਚੰਗਾ ।
ਹੋਰ ਸਾਰਿਆਂ ਕੰਮਾਂ ਤੋਂ ਵਿਚ ਦੁਨੀਆਂ,
ਉੱਤਮ ਧਰਮ ਦਾ ਸੁੱਚ ਵਿਹਾਰ ਚੰਗਾ ।
ਜੋ ਵੀ ਧਰਮ ਦੇ ਰਾਹ ਤੇ ਜਾਏ ਤੁਰਦਾ,
ਸਫਲ ਓਸੇ ਦਾ ਜੱਗ ਤੇ ਜੀਵਣਾ ਈਂ ।
ਓਹਦੇ ਕਾਜ ਸੁਹੇਲੜੇ ਰਾਸ ਆਉਂਦੇ,
ਸੁਖੀ ਲੋਕ ਪਰਲੋਕ ਵਿਚ ਥੀਵਣਾ ਈਂ ।
੧੬੯
ਉੱਤਮ ਧਰਮ ਦੇ ਰਾਹ ਤੇ ਤੁਰਨ ਵਾਲੇ,
ਪੱਲੇ ਸੱਚ ਆਚਾਰ ਨੂੰ ਬੰਨ੍ਹਣਾ ਈਂ ।
ਦੁਰਾਚਾਰ, ਕੁਕਰਮਾਂ ਤੋਂ ਦੂਰ ਰਹਿਣਾ,
ਭਾਂਡਾ ਕੂੜ ਦਾ ਤੋੜਨਾ ਭੰਨਣਾਂ ਈਂ ।
ਜੋ ਵੀ ਧਰਮ ਦੇ ਰਾਹ ਤੇ ਜਾਣ ਤੁਰਦੇ,
ਸਫਲ ਓਹਨਾਂ ਦਾ ਜੱਗ ਤੇ ਜੀਵਣਾ ਈਂ ।
ਸੱਭ ਕਾਜ ਸੁਹੇਲੜੇ ਕਰ ਓਹਨਾਂ,
ਸੁਖੀ ਲੋਕ ਪਰਲੋਕ ਵਿਚ ਥੀਵਣਾ ਈਂ ।
੧੭੦
ਜਿਹੜਾ ਏਸ ਸੰਸਾਰ ਨੂੰ ਇਓਂ ਜਾਣੇ,
ਇਹ ਤਾਂ ਨਿਰਾ ਹੀ ਬੁਲਬੁਲਾ ਆਬ ਦਾ ਏ ।
ਮਾਰੂਥਲ ਅੰਦਰ ਧੋਖਾ ਨਜ਼ਰ ਦਾ ਹੈ,
ਹੁੰਦਾ ਝਾਉਲਾ ਜਿਵੇਂ ਸਰਾਬ ਦਾ ਏ ।
ਜਿਸ ਵੀ ਆਦਮੀ ਨੂੰ ਪਏ ਇਹ ਸੋਝੀ,
ਓਹ ਰਾਹ ਨਿਰਵਾਣ ਦੇ ਜਾ ਸਕਦਾ ।
ਲੱਖ ਟੱਕਰਾਂ ਪਿਆ ਯਮਰਾਜ ਮਾਰੇ,
ਓਹਦੀ ਗਰਦ ਨੂੰ ਕਦੇ ਨਹੀਂ ਪਾ ਸਕਦਾ ।
੧੭੧
ਆਓ ! ਜ਼ਰਾ ਸੰਸਾਰ ਤੇ ਪਾਓ ਝਾਤੀ,
ਕਿਵੇਂ ਰੰਗਾਂ ਦੇ ਨਾਲ ਨਿਖਾਰਿਆ ਏ ।
ਕਿਵੇਂ ਲਿਸ਼ਕਿਆ, ਪੋਚਿਆ, ਸੱਜਦਾ ਏ,
ਜੰਗੀ ਰੱਥ ਜਿਓਂ ਕਿਸੇ ਸ਼ਿੰਗਾਰਿਆ ਏ ।
ਮੂੜ੍ਹ ਜਾਣਦੇ ਜੋ ਨਾ ਅਸਲ ਇਹਦਾ,
ਫਸਕੇ ਭਰਮ ਅੰਦਰ ਅਵਾਜ਼ਾਰ ਹੁੰਦੇ ।
ਗਿਆਨੀ ਪੁਰਸ਼ ਜੋ ਸਾਰ ਪਛਾਣ ਲੈਂਦੇ,
ਓਹ ਨਾ ਔਝੜੀਂ ਪੈ ਖਵਾਰ ਹੁੰਦੇ ।
੧੭੨-੧੭੩
ਰਿਹਾ ਆਲਸੀ, ਗ਼ਾਫ਼ਲੀ ਜੋ ਕਰਦਾ,
ਮਗਰੋਂ ਆਣ ਪਰ ਹੋ ਹੁਸ਼ਿਆਰ ਜਾਏ ।
ਹੇਠ ਪੁੰਨ ਦੇ ਢੱਕ ਲਏ ਪਾਪ ਆਪਣੇ,
ਜਿਹੜਾ ਆਪਣਾ ਆਪ ਸੁਧਾਰ ਜਾਏ ।
ਓਹ ਕਾਇਆਂ ਸੰਸਾਰ ਦੀ ਪਲਟ ਦੇਵੇ,
ਇਓਂ ਧਰਤੀ ਦਾ ਰੂਪ ਨਿਖਾਰਦਾ ਏ ।
ਨਿਕਲ ਬੱਦਲਾਂ ਓਹਲਿਓਂ ਚੰਦ ਮਾਮਾ,
ਚਾਨਣ ਆਪਣਾ ਜਿਵੇਂ ਖਿਲਾਰਦਾ ਏ ।
੧੭੪-੧੭੫
ਹੋ ਗਿਆ ਹੈ ਸਗਲ ਸੰਸਾਰ ਅੰਨ੍ਹਾ,
ਥੋੜ੍ਹੇ ਲੋਕ ਨੇ ਨਜ਼ਰ ਪਛਾਣ ਵਾਲੇ ।
ਵਿਰਲਾ ਜਾਲ 'ਚੋਂ ਨਿਕਲਦਾ ਜਿਵੇਂ ਪੰਛੀ,
ਬੜੇ ਘਟ ਨਿਰਵਾਣ ਨੂੰ ਪਾਣ ਵਾਲੇ ।
ਸੂਰਜ ਵੱਲ ਉਡਾਰੀਆਂ ਹੰਸ ਲਾਉਂਦੇ,
ਜੋਗੀ ਸਿਧ ਜੋ ਫਿਰਨ ਅਸਮਾਨ ਅੰਦਰ ।
ਗਿਆਨੀ ਜਿੱਤ ਸ਼ੈਤਾਨ ਨੂੰ ਸਣੇ ਸੈਨਾ,
ਜਾਣ ਸੁਰਖਰੂ ਹੋ ਜਹਾਨ ਅੰਦਰ ।
੧੭੬
ਇਕ ਵਾਰ ਵੀ ਫਿਸਲ ਕੇ ਪੁਰਸ਼ ਜਿਹੜਾ,
ਮੁੱਖ ਧਰਮ ਦੇ ਰਾਹ ਤੋਂ ਮੋੜਦਾ ਏ ।
ਨਹੀਂ ਫ਼ਿਕਰ ਪਰਲੋਕ ਦਾ ਜ਼ਰਾ ਕਰਦਾ,
ਰਹਿੰਦਾ ਕੂੜ ਕਹਾਣੀਆਂ ਜੋੜਦਾ ਏ ।
ਇਓਂ ਚਿੰਤਾ-ਵਿਹੂਣ ਜੇ ਹੋਏ ਕੋਈ,
ਝੋਲੀ ਨਾਲ ਗੁਨਾਹਾਂ ਦੇ ਭਰ ਸਕਦਾ ।
ਹੋਣਾ ਪਾਪ ਨਾ ਜੱਗ ਤੇ ਕੋਈ ਐਸਾ,
ਐਸਾ ਆਦਮੀ ਜੋ ਨਹੀਂ ਕਰ ਸਕਦਾ ।
੧੭੭
ਗੱਲ ਠੀਕ ਹੈ, ਲੋਕ ਕੰਜੂਸ ਜਿਹੜੇ,
ਦੇਵ-ਲੋਕ ਦੇ ਵਿਚ ਨਹੀਂ ਜਾ ਸਕਦੇ ।
ਮੂਰਖ ਦਾਨ ਦੀ ਕਦੇ ਨਹੀਂ ਸਿਫ਼ਤ ਕਰਦੇ,
ਹੁੰਦੀ ਸਿਫ਼ਤ ਨਾ ਵੇਖ ਪਚਾ ਸਕਦੇ ।
ਹੁੰਦੀ ਖ਼ੂਬੀ ਪਰ ਪੰਡਤਾਂ ਸਿਆਣਿਆਂ ਦੀ,
ਸਿਫ਼ਤ ਦਾਨ ਵਰਦਾਨ ਦੀ ਕਰ ਜਾਂਦੇ ।
ਸੁਖੀ ਸਦਾ ਸੰਸਾਰ ਵਿਚ ਹੋ ਜਾਂਦੇ,
ਇਸੇ ਕਰਮ ਦੇ ਨਾਲ ਹੀ ਤਰ ਜਾਂਦੇ ।
੧੭੮
ਕੋਈ ਸੁਰਗਾਂ ਵਿਚ ਜਾਏ ਕੇ ਫਿਰੇ ਭਉਂਦਾ,
ਵੱਡਾ ਧਰਤੀ ਤੇ ਕਿਸੇ ਦਾ ਰਾਜ ਹੋਵੇ ।
ਸਵਾਮੀ ਲੋਕ ਪਰਲੋਕ ਦਾ ਹੋ ਜਾਏ,
ਓਹਦੇ ਸੀਸ ਤੇ ਸ਼ੋਭਦਾ ਤਾਜ ਹੋਵੇ ।
ਇਹਨਾਂ ਸਾਰੀਆਂ ਅਜ਼ਮਤਾਂ ਪਦਵੀਆਂ ਤੋਂ,
ਦਰਜਾ ਸਾਧਕ ਦਾ ਬੜਾ ਬਲੰਦ ਹੁੰਦਾ ।
ਜਿਹੜਾ ਮਿਲੇ ਨਿਰਵਾਣ ਦਾ ਵਹਿਣ ਤਰਿਆਂ,
ਓਸ ਫਲ ਦਾ ਮਹਾਂ ਆਨੰਦ ਹੁੰਦਾ ।
ਅਧਿਆਏ ਚੌਧਵਾਂ
ਬੁੱਧ
ਬੁੱਧ ਵੱਗ ਵਿਚ ਬੁੱਧ ਦੇ ਨੈਤਿਕ ਉਪਦੇਸ਼ਾਂ ਦਾ ਸਾਰ-ਤੱਤ ਸਾਨੂੰ ਪ੍ਰਾਪਤ ਹੁੰਦਾ ਹੈ ।
੧੭੯
ਜਿਸ ਦੀ ਜਿੱਤ ਨਾ ਹਾਰ ਵਿਚ ਬਦਲਦੀ ਏ,
ਜਿੱਤੇ ਹੋਏ ਨਾ ਸਿਰ ਉਠਾ ਸਕਦੇ ।
ਇਉਂ ਕੁਚਲੇ ਨੇ ਮੋਹ ਤੇ ਕਾਮ ਜਿਸਨੇ,
ਮੁੜਕੇ ਉਹਨੂੰ ਭਰਮਾਉਣ ਨਹੀਂ ਆ ਸਕਦੇ ।
ਓਹ ਬੁੱਧ, ਅਲੇਪ, ਅਨੰਤ-ਗੋਚਰ,
ਮੋਹ ਵਾਸ਼ਨਾ ਦੇ ਜਿਸ ਦੇ ਪੈਰ ਹੈ ਨਹੀਂ ।
ਐਸੇ ਬੁੱਧ ਨੂੰ ਵੱਸ ਜੋ ਕਰਨ ਆਏ,
ਮਾਰ-ਕੰਨਿਆਂ ਦੀ ਸਮਝੋ ਖ਼ੈਰ ਹੈ ਨਹੀਂ ।
੧੮੦
ਤ੍ਰਿਸ਼ਨਾ ਜ਼ਹਿਰ-ਭਿੱਜੀ ਜਿਹੜੀ ਬੁੱਧ ਤਾਈਂ,
ਕਦੇ ਰਾਹੋਂ ਕੁਰਾਹੇ ਨਹੀਂ ਪਾ ਸਕਦੀ ।
ਜਾਲ ਘੱਤ ਕੇ ਵਾਂਗ ਸ਼ਿਕਾਰੀਆਂ ਦੇ,
ਫਾਹੀ ਵਿਚ ਨਾ ਉਸ ਨੂੰ ਫਸਾ ਸਕਦੀ ।
ਓਹ ਬੁੱਧ, ਅਲੇਪ, ਅਨੰਤ-ਗੋਚਰ,
ਮੋਹ ਵਾਸ਼ਨਾ ਦੇ ਜਿਸ ਦੇ ਪੈਰ ਹੈ ਨਹੀਂ ।
ਐਸੇ ਬੁੱਧ ਨੂੰ ਵੱਸ ਜੋ ਕਰਨ ਆਏ,
ਮਾਰ-ਕੰਨਿਆਂ ਦੀ ਸਮਝੋ ਖ਼ੈਰ ਹੈ ਨਹੀਂ ।
੧੮੧
ਕੋਈ ਸਾਧਕ ਜੋ ਸਦਾ ਅਟੰਕ ਹੋ ਕੇ,
ਮਸਤ ਵਿਚ ਗਿਆਨ ਧਿਆਨ ਰਹਿੰਦਾ ।
ਭੱਜ-ਨੱਸ ਤਿਆਗ ਕੇ ਖ਼ੁਸ਼ ਹੋਵੇ,
ਚਿੱਤ ਸ਼ਾਂਤ ਓਹ ਵਿਚ ਨਿਰਵਾਣ ਰਹਿੰਦਾ ।
ਐਸੇ ਬੁੱਧ ਦੀ ਹੁੰਦੀ ਜੋ ਮਹਾਂ ਪਦਵੀ,
ਮਿਲਦੀ ਨਹੀਂ ਹੈ ਕਿਸੇ ਨੂੰ ਸੌਖ ਦੇ ਨਾਲ ।
ਰਹਿ ਗਏ ਮਨੁੱਖ ਤਾਂ ਇਕ ਪਾਸੇ,
ਪੁੱਜਣ ਦੇਵਤੇ ਓਸ ਨੂੰ ਔਖ ਦੇ ਨਾਲ ।
੧੮੨
ਮਾਨਸ ਜਨਮ ਪਰਾਪਤੀ ਬੜੀ ਮੁਸ਼ਕਿਲ,
ਇਹ ਨਹੀਂ ਹੈ ਜੇ ਬਾਰਮਬਾਰ ਹੁੰਦਾ ।
ਇਹ ਜਨਮ ਦੁਰਲੱਭ ਜੇ ਮਿਲ ਜਾਏ,
ਜੀਵਣ ਜੀਉਣਾ ਵੀ ਬੜਾ ਦੁਸ਼ਵਾਰ ਹੁੰਦਾ ।
ਸੱਚ, ਧਰਮ, ਉਪਦੇਸ਼ ਦਾ ਧਿਆਨ ਧਰਨਾ,
ਹੋਵੇ ਸਾਧਕਾਂ ਲਈ ਨਾ ਗੱਲ ਔਖੀ ।
ਆਉਂਦੇ ਬੁੱਧ ਭਗਵਾਨ ਹਨ ਯੁਗਾਂ ਮਗਰੋਂ,
ਪਰਗਟ ਹੋਣਾ ਨਾ ਓਹਨਾਂ ਦਾ ਗੱਲ ਸੌਖੀ ।
੧੮੩
ਇਹ ਚਾਹੀਦਾ ਸਾਧਕਾਂ, ਸਾਦਕਾਂ ਨੂੰ,
ਹਰ ਪਾਪ ਤੋਂ ਸਦਾ ਪਰਹੇਜ਼ ਕਰਨਾ ।
ਸਾਫ਼ ਲਿਸ਼ਕਦਾ ਰਹੇ ਐਮਾਲ ਨਾਮਾ,
ਉਸ ਨੂੰ ਨੇਕੀਆਂ ਨਾਲ ਲਬਰੇਜ਼ ਕਰਨਾ ।
ਮਨ ਉਹਨਾਂ ਦਾ ਕਰੇ ਨਾ ਮੋਹ ਮੈਲਾ,
ਮਨ ਰੱਖਣਾ ਸ਼ੁੱਧ ਹਮੇਸ਼ ਹੁੰਦਾ ।
ਗਿਆਨਵਾਨ ਨਿਰਵਾਣ ਨੂੰ ਹੋ ਪੁੱਜੇ,
ਮਹਾਂ ਬੁਧਾਂ ਦਾ ਇਹੀ ਉਪਦੇਸ਼ ਹੁੰਦਾ ।
੧੮੪
ਸਹਿਣ-ਸ਼ੀਲਤਾ, ਕਿਸੇ ਨੂੰ ਖਿਮਾ ਕਰਨੀ,
ਉਹ ਸਮਝੀਏ, ਤਪ ਮਹਾਨ ਹੁੰਦਾ ।
ਖ਼ੁਸ਼ੀ ਨਾਲ ਸੰਸਾਰ ਤਿਆਗ ਦੇਣਾ,
ਪਾਉਣ ਅਸਲ ਵਿਚ ਪਰਮ ਨਿਰਵਾਣ ਹੁੰਦਾ ।
ਦੁਨੀਆਂ ਵਿਚ ਆਜ਼ਾਦੀ ਦੇ ਨਾਲ ਭਉਂਦੇ,
ਓਹ ਕਦੇ ਨਹੀਂ ਕਿਸੇ ਦਾ ਘਾਤ ਕਰਦੇ ।
"ਸ਼ਮਣ" ਉਹ ਨਾ ਆਖੀਏ ਕਿਸੇ ਨੂੰ ਜੋ,
ਕੋਈ ਦੁੱਖ ਪੁਚਾਉਣ ਦੀ ਬਾਤ ਕਰਦੇ ।
੧੮੫
ਕਰੀਏ ਨਿੰਦਿਆ ਨਾ, ਗਾਲਾਂ ਕੱਢੀਏ ਨਾ,
ਧਰਮ-ਮੋਖ ਦੇ ਮਾਰਗ ਤੇ ਜਾਵਣਾ ਈਂ ।
ਬਹਿਣਾ, ਉੱਠਣਾ, ਸੌਣਾ ਇਕਾਂਤ ਅੰਦਰ,
ਖਾਣਾ ਸਦਾ ਹਿਸਾਬ ਦਾ ਖਾਵਣਾ ਈਂ ।
ਉੱਚੇ ਖ਼ਿਆਲਾਂ ਦੇ ਮੰਡਲਾਂ ਵਿਚ ਭੰਵੀਏ,
ਫੇਰ ਕਦੇ ਨਾ ਕੋਈ ਕਲੇਸ਼ ਹੁੰਦਾ ।
ਬੁੱਧਾਂ ਪਰਮ-ਨਿਰਵਾਣ ਨੂੰ ਪੁੱਜਿਆਂ ਦਾ,
ਇਹੋ ਸਦਾ ਹੈ ਸ਼ੁਭ ਉਪਦੇਸ਼ ਹੁੰਦਾ ।
੧੮੬-੧੮੭
ਭਾਵੇਂ ਹੋਵੇ ਰੁਪਈਆਂ ਦਾ ਮੀਂਹ ਵਰ੍ਹਦਾ,
ਤ੍ਰਿਪਤੇ ਕਾਮ ਨਾ ਹੋਰ ਵੀ ਭੜਕਦਾ ਏ ।
ਸਵਾਦ ਕਰਮ ਤੇ ਭੋਗ ਦਾ ਛਿਨ-ਭੰਗਰ,
ਫੇਰ ਦੁੱਖ ਦੇ ਵਾਂਗਰਾਂ ਰੜਕਦਾ ਏ ।
ਭੇਦ ਸਮਝ ਪੰਡਤ ਦੇਵ ਲੋਕ ਅੰਦਰ,
ਨਹੀਂ ਭੋਗਾਂ ਦੇ ਵਿਚ ਵਿਸ਼ਵਾਸ ਕਰਦਾ ।
ਬਣ ਕੇ ਬੁੱਧ ਭਗਵਾਨ ਦਾ ਉਹ ਚੇਲਾ,
ਤ੍ਰਿਸ਼ਨਾ, ਕਾਮ ਨੂੰ ਮਾਰਦਾ ਨਾਸ਼ ਕਰਦਾ ।
੧੮੮-੧੮੯
ਡਰਕੇ ਆਦਮੀ ਨੱਸਦੇ ਖਤਰਿਆਂ ਤੋਂ,
ਸ਼ਰਨ ਜਾ ਪਹਾੜਾਂ ਵਿਚ ਭਾਲਦੇ ਨੇ ।
ਰੁੱਖਾਂ, ਬਾਗ਼ਾਂ ਤੇ ਵਣਾਂ ਦੀ ਕਰਨ ਪੂਜਾ,
ਉਮਰਾਂ ਪਾਕ ਮੁਕਾਮਾਂ ਤੇ ਗਾਲਦੇ ਨੇ ।
ਪੂਜਾ ਏਸ ਦਾ ਹੋਏ ਨਾ ਲਾਭ ਕਾਈ,
ਏਸ ਸ਼ਰਨ ਵਿਚ ਨਹੀਂ ਧਰਵਾਸ ਹੁੰਦਾ ।
ਸ਼ਰਨ ਆਏ ਨੂੰ ਇਹ ਨਾ ਕੰਠ ਲਾਏ,
ਨਹੀਂ ਦੁੱਖਾਂ ਕਲੇਸ਼ਾਂ ਦਾ ਨਾਸ਼ ਹੁੰਦਾ ।
੧੯੦-੧੯੧-੧੯੨
ਸੰਘ, ਬੁੱਧ ਭਗਵਾਨ ਤੇ ਧਰਮ ਸੰਧੀ,
ਸ਼ਰਨ ਜੋ ਵੀ ਆਦਮੀ ਮਾਣ ਗਿਆ ।
ਉੱਜਲ ਮੱਤ ਤੇ ਗਿਆਨ ਦੀ ਸੂਝ ਸਦਕਾ,
ਚੌਹਰਾ-ਸੱਚ ਪਵਿਤ ਪਛਾਣ ਗਿਆ ।
"ਦੁੱਖ ਹੈ ਕੀ ਏ ? ਦੁੱਖ ਕਿਵੇਂ ਉਪਜੇ ?
ਦੁੱਖ ਕਿਵੇਂ ਬਿਨਸੇ ? ਅਸ਼ਟ ਅੰਗ ਮਾਰਗ" ।
ਉੱਤਮ ਸ਼ਰਨ ਇਹ ਰੱਖਿਆ ਕਰਨ ਵਾਲੀ,
ਆਇਆ ਏਸ ਵਿਚ ਦੁੱਖਾਂ ਤੋਂ ਹੋਏ ਫ਼ਾਰਗ ।
੧੯੩-੧੯੪
ਪੂਰਨ ਪੁਰਖ ਹੈ ਬੜਾ ਦੁਰਲੱਭ ਮਿਲਦਾ,
ਵਿਰਲੇ ਘਰੀਂ ਅਵਤਾਰ ਉਹ ਧਾਰਦਾ ਏ ।
ਉਹਦਾ ਜਨਮ ਸੁਲੱਖਣਾ ਸੁਖਦਾਇਕ,
ਉਹ ਪੀਹੜੀਆਂ ਤੇ ਕੁਲਾਂ ਤਾਰਦਾ ਏ ।
ਧੰਨ ! ਬੁੱਧਾਂ ਦਾ ਜਨਮ ਸੁਹੇਲੜਾ ਏ,
ਧੰਨ ! ਸੰਘ ਦੇ ਵਿਚ ਪਰਵੇਸ਼ ਕਰਨਾ ।
ਧੰਨ ! ਘਾਲ ਤਪੱਸਿਆ ਸਦਾ ਕਰਨੀ,
ਧੰਨ ! ਧਰਮ ਦਾ ਸਦਾ ਉਪਦੇਸ਼ ਕਰਨਾ ।
੧੯੫-੧੯੬
ਜਿਵੇਂ ਬੁੱਧ ਭਗਵਾਨ ਦੇ ਨਾਲ ਚੇਲੇ,
ਰੋਗ ਸੋਗ ਦੀ ਜੂਹ ਤੋਂ ਪਾਰ ਹੋਏ ।
ਜਿਹੜੇ ਭੈ ਨਾ ਕਿਸੇ ਦਾ ਜਾਣਦੇ ਨੇ,
ਦੁਖਾਂ ਸਾਹਮਣੇ ਨਹੀਂ ਲਾਚਾਰ ਹੋਏ ।
ਓਹੀ ਪੂਜਾ ਕਰਾਉਣ ਦੇ ਯੋਗ ਹੁੰਦੇ,
ਜੋ ਵੀ ਉਹਨਾਂ ਨੂੰ ਪੂਜ ਸਤਕਾਰਦਾ ਏ ।
ਏਡਾ ਫਲ ਮਰਾਤਬਾ ਮਿਲੇ ਓਹਨੂੰ,
ਜਿਹੜਾ ਕਥਨ ਬਿਆਨ ਤੋਂ ਬਾਹਰ ਦਾ ਏ ।
ਆਧਿਆਏ ਪੰਦਰ੍ਹਵਾਂ
ਸੁਖ
ਸੁਖ ਵੱਗ ਵਿਚ ਦੱਸਿਆ ਗਿਆ ਹੈ ਕਿ ਅਸਲ ਸੁਖ ਕੀ ਹੈ ਤੇ ਉਸ ਦੀ ਮਹੱਤਾ ਕੀ ਹੈ ।
੧੯੭-੧੯੮-੧੯੯-੨੦੦
ਆਓ ! ਵੈਰੀਆਂ ਵਿਚ ਨਿਰਵੈਰ ਹੋ ਕੇ,
ਖ਼ੁਸ਼ੀ ਅਤੇ ਆਨੰਦ ਨੂੰ ਮਾਣ ਲਈਏ ।
ਰਹਿਣਾ ਵੈਰੀਆਂ ਵਿਚ ਨਿਰਵੈਰ ਕਿੱਦਾਂ,
ਏਸ ਭੇਦ ਵਿਹਾਰ ਨੂੰ ਜਾਣ ਲਈਏ ।
ਆਓ ਦੁੱਖ ਨੂੰ ਆਪ ਅਣ-ਡਿੱਠ ਕਰਕੇ,
ਰਹੀਏ ਖ਼ੁਸ਼ੀ ਦੇ ਨਾਲ ਦੁਖਿਆਰਿਆਂ ਵਿਚ ।
ਰਹਿਣ ਦੁੱਖ ਤੋਂ ਬੇਨਿਆਜ਼ ਕਿਦਾਂ ?
ਕਰਨਾ ਕਿਵੇਂ ਵਿਹਾਰ ਦੁਖਿਆਰਿਆਂ ਵਿਚ ।
ਲਿਪਤ ਲੋਕਾਂ ਦੇ ਵਿਚ ਨਿਰਲਿਪਤ ਹੋ ਕੇ,
ਖ਼ੁਸ਼ੀ ਅਤੇ ਆਨੰਦ ਨੂੰ ਮਾਣ ਲਈਏ ।
ਕਿਵੇਂ, ਲਿਪਤਾਂ ਦੇ ਵਿਚ ਨਿਰਲਿਪਤ ਰਹਿਣਾ,
ਏਸ ਭੇਦ ਵਿਹਾਰ ਨੂੰ ਜਾਣ ਲਈਏ ।
ਕੌਡੀ ਮਾਲ ਨਾ ਅਸਾਂ ਦੇ ਕੱਖ ਪੱਲੇ,
ਕਿਉਂ ਅਸੀਂ ਆਨੰਦ ਨਾ ਮਾਣ ਲਈਏ ।
ਨੂਰੀ ਦੇਵਤੇ ਜਿਸ ਤਰ੍ਹਾਂ ਕਰਨ ਮੌਜਾਂ,
ਖ਼ੁਸ਼ੀਆਂ ਸਬਰ ਸਬੂਰੀ ਵਿਚ ਮਾਣ ਲਈਏ ।
੨੦੧
ਇਹ ਗੱਲ ਹੈ ਪੱਥਰ ਤੇ ਲੀਕ ਵਾਂਗੂੰ,
ਜਿੱਤ ਸਦਾ ਹੀ ਵੈਰ ਉਭਾਰਦੀ ਏ ।
ਜਿਹੜਾ ਹਾਰ ਜਾਂਦਾ, ਬੜਾ ਦੁੱਖੀ ਰਹਿੰਦਾ,
ਕਿਉਂਕਿ ਉਹਨੂੰ ਸ਼ਰਮਿੰਦਗੀ ਮਾਰਦੀ ਏ ।
ਹੋਇਆ 'ਰਾਗ-ਦਵੇਸ਼' ਤੋਂ ਮੁਕਤ ਜਿਹੜਾ,
ਚਿੱਤ ਸ਼ਾਂਤ ਉਹਦਾ ਕਦੇ ਡੋਲਦਾ ਨਹੀਂ ।
ਸੱਚੇ ਸਾਧਕਾਂ ਵਾਂਗ ਓਹ ਖ਼ੈਰ ਖ਼ੁਸ਼ੀਆਂ,
ਕਦੇ ਜਿੱਤ ਜਾਂ ਹਾਰ ਵਿਚ ਟੋਲਦਾ ਨਹੀਂ ।
੨੦੨
ਰਾਗ ਕਾਮਨਾ, ਤੇ ਤ੍ਰਿਸ਼ਨਾ ਕਾਮ ਨਾਲੋਂ,
ਕੋਈ ਹੋਰ ਅਗਨੀ ਬਾਹਲਾ ਸਾੜਦੀ ਨਹੀਂ ।
ਘਿਰਨਾ, ਈਰਖਾ, ਵੈਰ, ਦਵੈਸ਼ ਨਾਲੋ,
ਸ਼ੈਅ, ਭਾਗਾਂ ਨੂੰ ਹੋਰ ਵਿਗਾੜਦੀ ਨਹੀਂ ।
ਰੂਪ, ਵੇਦਨਾ, ਸੰਗਿਆ, ਸੰਸਕਾਰੋਂ,
ਹੋਰ ਕੋਈ ਨਾ ਚੀਜ਼ ਦੁਖਦਾਈ ਹੋਵੇ ।
ਓਸੇ ਤਰ੍ਹਾਂ ਹੀ ਵੱਧ ਨਿਰਵਾਣ ਨਾਲੋਂ,
ਕੋਈ ਗੱਲ ਨਾ ਹੋਰ ਸੁਖਦਾਈ ਹੋਵੇ ।
੨੦੩
ਮਿਲਦਾ ਨਹੀਂ ਸੰਸਾਰ ਦੇ ਵਿਚ ਕਿਧਰੇ,
ਹੋਰ ਰੋਗ ਕੋਈ ਵੱਡਾ ਭੁੱਖ ਵਰਗਾ ।
ਦੁੱਖ ਹੋਰ ਨੇ ਜੱਗ ਤੇ ਬਹੁਤ ਸਾਰੇ,
ਦੁੱਖ ਹੋਰ ਨਾ ਸੰਸੇ ਦੇ ਦੁੱਖ ਵਰਗਾ ।
ਸਾਧਕ ਜੋ ਵੀ ਸਮਝਿਆ ਸਾਰ ਤਾਈਂ,
ਏਸ ਤੱਤ ਦਾ ਰੂਪ ਪਛਾਣਦਾ ਏ ।
ਓਹ ਭੁੱਲ ਭੁਲਾ ਕੇ ਹੋਰ ਖ਼ੁਸ਼ੀਆਂ,
ਉੱਤਮ ਖ਼ੁਸ਼ੀ ਨਿਰਵਾਣ ਨੂੰ ਜਾਣਦਾ ਏ ।
੨੦੪
ਏਸ ਗੱਲ ਦੇ ਵਿਚ ਨਾ ਸ਼ੱਕ ਕਾਈ,
ਪਰਮ ਲਾਭ ਅਰੋਗਤਾ ਜਾਣ ਲਈਏ ।
ਪਰਮ-ਧਨ ਸੰਤੋਖ ਵਿਚ ਲੱਭਦਾ ਏ,
ਏਸ ਤੱਤ ਦਾ ਰੂਪ ਪਛਾਣ ਲਈਏ ।
ਕਿਧਰੇ ਹੋਰ ਵਿਸ਼ਵਾਸ ਦੇ ਨਾਲ ਦਾ ਜੇ,
ਦੁਨੀਆਂ ਵਿਚ ਨਾ ਸਾਕ ਸਰਬੰਸ ਹੁੰਦਾ ।
ਖ਼ੁਸ਼ੀਆਂ ਹੋਰ ਨਿਰਵਾਣ ਤੋਂ ਸਭ ਹੇਠਾਂ,
ਉਸ ਦੇ ਵਿਚ ਹੈ ਮਹਾਂ ਆਨੰਦ ਹੁੰਦਾ ।
੨੦੫
ਧਿਆਨ ਮਗਨ ਇਕਾਂਤ ਵਿਚ ਬੈਠ ਕੋਈ,
ਪਰਮ ਸ਼ਾਂਤੀ ਰਸ ਨੂੰ ਪੀਂਵਦਾ ਏ ।
ਓਹਦੇ ਦੁੱਖ ਤੇ ਡਰ ਕਾਫ਼ੂਰ ਹੁੰਦੇ,
ਮੰਗਲ, ਸੁੱਖ ਦੇ ਨਾਲ ਉਹ ਜੀਂਵਦਾ ਏ ।
ਜਿਹੜਾ ਧਰਮ ਉਪਦੇਸ਼ ਦਾ ਰਸ ਪੀਵੇ,
ਨਾਲੇ ਜਿਸ ਨੂੰ ਸਬਰ ਕਰਾਰ ਹੁੰਦਾ ।
ਉਹਦੇ ਪਾਪ ਕਲੇਸ਼ ਨੇ ਹਰੇ ਜਾਂਦੇ,
ਬੇੜਾ ਓਸ ਦਾ ਭਵਜਲੋਂ ਪਾਰ ਹੁੰਦਾ ।
੨੦੬-੨੦੭
ਦਰਸ਼ਣ ਸੱਜਣਾਂ ਦੇ ਉੱਤਮ ਗੱਲ ਹੁੰਦੀ,
ਰਹਿਣ ਉਹਨਾਂ ਦੇ ਨਾਲ ਮਸ਼ਹੂਰ ਹੋਣਾ ।
ਮੱਥੇ ਕਦੇ ਵੀ ਮੂੜ੍ਹ ਦੇ ਲੱਗੀਏ ਨਾ,
ਉਹ ਤਾਂ ਹੁੰਦਾ ਹੈ ਖ਼ੁਸ਼ੀ ਤੋਂ ਦੂਰ ਹੋਣਾ ।
ਤੁਰੀਏ ਮੂੜ੍ਹ ਦੇ ਨਾਲ ਤਾਂ ਦੁੱਖ ਪਾਈਏ,
ਵਾਂਗਰ ਵੈਰੀਆਂ ਮੂੜ੍ਹ ਦਾ ਸੰਗ ਕਰਦਾ ।
ਰੱਖੇ ਕੋੜਮੇ ਵਾਂਗਰਾਂ ਖ਼ੁਸ਼ੀ ਹਰਦਮ,
ਬੁੱਧੀਵਾਨ ਦਾ ਸੰਗ ਨਾ ਤੰਗ ਕਰਦਾ ।
੨੦੮
ਇਸੇ ਕਰਕੇ ਗਿਆਨੀਆਂ ਪਾਸ ਜਾਈਏ,
ਬੜੇ ਸੰਜਮੀ ਤੇ ਸ਼ੀਲਵਾਨ ਜਿਹੜੇ ।
ਜਿਨ੍ਹਾਂ ਸਾਧਿਆ ਆਪਣੀ ਜ਼ਿੰਦਗੀ ਨੂੰ,
ਸਾਊ, ਪਾਰਸਾਂ, ਨੇਕ ਇਨਸਾਨ ਜਿਹੜੇ ।
ਖ਼ੁਸ਼ੀਆਂ ਸੱਚੀਆਂ ਹੋਣ ਤੇ ਸੁੱਖ ਮਿਲਦਾ,
ਕਰੀਏ ਭਾਲ ਜੇ ਇਸ ਤਰ੍ਹਾਂ ਸਾਰਿਆਂ ਦੀ ।
ਜਿਵੇਂ ਚੰਦ ਅਸਮਾਨ ਵਿਚ ਫਿਰੇ ਭਉਂਦਾ,
ਉਪਰ ਪੈੜ ਨਛਤਰਾਂ ਤਾਰਿਆਂ ਦੀ ।
ਅਧਿਆਏ ਸੋਲ੍ਹਵਾਂ
ਪਿਯ
ਪਿਯ ਵੱਗ ਵਿਚ ਸੰਸਾਰਿਕ ਪ੍ਰੇਮ ਨੂੰ ਦੁੱਖ, ਸ਼ੋਕ ਅਤੇ ਭੈਅ ਦਾ ਕਾਰਣ ਮੰਨਿਆਂ ਗਿਆ ਹੈ ।
੨੦੯
ਕੰਮਾਂ ਮੰਦਿਆਂ ਵਿਚ ਗ਼ਲਤਾਨ ਹੋ ਕੇ,
ਮੁੱਖ ਚੰਗਿਆਂ ਕੰਮਾਂ ਤਂ ਮੋੜਦਾ ਜੋ ।
ਮਾਰਗ ਸੱਚਾ ਪਰਮਾਰਥ ਦਾ ਛੱਡ ਕੇ ਤੇ
ਸੁਰਤ ਨਾਲ ਸੰਸਾਰ ਦੇ ਜੋੜਦਾ ਜੋ ।
ਉਸ ਨੂੰ ਚਾਹੀਦਾ ਹੈ, ਤਿਆਗ ਮੋਹ ਮਾਇਆ,
ਰਾਹ ਪਾਪ ਦੇ ਤੋਂ ਪਿੱਛੇ ਮੁੜ ਜਾਏ ।
ਹੋਵੇ ਵੱਸ ਜਿਸ ਆਪਣਾ ਆਪ ਕੀਤਾ,
ਓਸ ਆਦਮੀ ਦੇ ਨਾਲ ਜੁੜ ਜਾਏ ।
੨੧੦
ਕਰਨਾ ਮਾੜਾ ਹੈ ਸੰਗ ਪਿਆਰਿਆਂ ਦਾ,
ਉਸ ਵਿਚੋਂ ਹੈ ਸਦਾ ਹੀ ਦੁੱਖ ਮਿਲਦਾ ।
ਕਰੀਏ ਸੰਗ ਜੇਕਰ ਦੁਪਿਆਰਿਆਂ ਦਾ,
ਉਸ ਵਿਚੋਂ ਵੀ ਕਦੇ ਨਾ ਸੁੱਖ ਮਿਲਦਾ ।
ਬੜੀ ਆਦਮੀ ਪੀੜ ਮਨਾਉਂਦਾ ਏ,
ਵਿੱਛੜ ਜਾਏ ਜੇ ਸਾਥ ਪਿਆਰਿਆਂ ਦਾ ।
ਉਹ ਵੀ ਬੜਾ ਹੀ ਦੁੱਖ ਦਾ ਬਣੇ ਕਾਰਨ,
ਪਏ ਸੰਗ ਕਰਨਾ ਦੁਪਿਆਰਿਆਂ ਦਾ ।
੨੧੧
ਇਸੇ ਕਰਕੇ ਪਿਆਰੀਆਂ ਸੂਰਤਾਂ ਨਾਲ,
ਕਦੇ ਭੁੱਲ ਨਾ ਮੋਹ ਪਿਆਰ ਪਾਈਏ ।
ਕਿਉਂਕਿ ਦੁੱਖ ਵਿਜੋਗ ਦਾ ਬੜਾ ਡੂੰਘਾ,
ਇਹ ਤੱਥ ਨਾ ਕਦੇ ਵਿਸਾਰ ਜਾਈਏ ।
ਓਹੀ ਪੁਰਸ਼ ਖ਼ੁਸ਼ਹਾਲ ਨਿਹਾਲ ਰਹਿੰਦਾ,
ਉਸ ਨੂੰ ਕੋਈ ਕਲੇਸ਼ ਨਾ ਮਾਰਦਾ ਏ ।
ਬੰਧਨ ਮੋਹ ਪਿਆਰ ਦੇ ਨਹੀਂ ਪਾਉਂਦਾ,
ਨਾ ਹੀ ਕਿਸੇ ਨੂੰ ਉਹ ਦੁਰਕਾਰਦਾ ਏ ।
੨੧੨-੨੧੩
ਮਿਲਦਾ ਦੁੱਖ ਹੈ ਸਦਾ ਪਿਆਰਿਆਂ ਤੋਂ,
ਡਰ ਵੀ ਓਹਨਾਂ ਤੋਂ ਸਦਾ ਉਤਪੰਨ ਹੁੰਦਾ ।
ਮੁਕਤ ਹੋਇਆ ਜੋ ਮੋਹ ਤੋਂ ਪਿਆਰਿਆਂ ਦੇ,
ਓਹੀ ਸੁਖੀ, ਨਿਰਭੈ ਪਰਸੰਨ ਹੁੰਦਾ ।
ਚਾਹਤ, ਪਿਆਰ ਤਾਂ ਸਦਾ ਹੀ ਦੁਖਦਾਇਕ,
ਨਾਲੇ ਉਪਜਦਾ ਉਹਨਾਂ ਤੋਂ ਡਰ ਵੀ ਹੈ ।
ਜਿਸ ਨੇ ਤੋੜਿਆ ਮੋਹ ਦੇ ਬੰਧਨਾਂ ਨੂੰ,
ਡਰ, ਦੁੱਖ ਤੋਂ ਓਹ ਬਾਲਾ-ਤਰ ਵੀ ਹੈ ।
੨੧੪-੨੧੫
ਬਾਹਲਾ ਕਿਸੇ ਦੇ ਨਾਲ ਨਾ ਤੇਹ ਕਰੀਏ,
ਪੈਦਾ ਓਸ ਤੋਂ ਭੈਅ ਤੇ ਦੁੱਖ ਹੋਵੇ ।
ਜਿਹੜੇ ਪੁਰਸ਼ ਨੂੰ ਤੇਹ ਤੋਂ ਮਿਲੇ ਮੁਕਤੀ,
ਦੁੱਖ ਭੈਅ ਬਿਨਸੇ ਸਦਾ ਸੁੱਖ ਹੋਵੇ ।
ਕਾਮ ਵਾਸ਼ਨਾ ਸਦਾ ਹੈ ਦੁਖਦਾਈ,
ਕਾਮੀ ਪੁਰਸ਼ ਨੂੰ ਮਾਰਦਾ ਡਰ ਰਹਿੰਦਾ ।
ਕਾਮ-ਮੁਕਤ ਹੋਇਆਂ, ਦੁੱਖ, ਭੈਅ ਬਿਨਸੇ,
ਪ੍ਰਾਣੀ ਸੁੱਖ ਆਨੰਦ ਦੇ ਘਰ ਰਹਿੰਦਾ ।
੨੧੬-੨੧੭
ਤ੍ਰਿਸ਼ਨਾ, ਕਾਮਨਾ ਸੋਗ ਦਾ ਮੂਲ ਸਮਝੋ,
ਤ੍ਰਿਸ਼ਨਾ ਸਦਾ ਉਪਜਾਉਂਦੀ ਡਰ ਵੀ ਹੈ ।
ਤ੍ਰਿਸ਼ਨਾ ਮਾਰਿਆਂ ਸੋਗ ਤੇ ਭੈਅ ਬਿਨਸੇ,
ਮਿਲਦਾ ਰਹਿਣ ਨੂੰ ਸੁੱਖਾਂ ਦਾ ਘਰ ਵੀ ਹੈ ।
ਸੀਲਵਾਨ, ਸਮਦਰਸੀ ਤੇ ਸਦਾਚਾਰੀ,
ਸੱਚ ਬੋਲਦਾ ਜੋ ਫ਼ਰਜ਼ ਪਾਲਦਾ ਏ ।
ਐਸੇ ਧਰਮੀ ਨੂੰ ਲੋਕ ਪਿਆਰ ਕਰਦੇ,
ਸਦਾ ਸਮਝਦੇ "ਆਪਣੇ ਨਾਲ ਦਾ ਏ" ।
੨੧੮
ਜੀਹਦੇ ਅੰਦਰੋਂ ਉਪਜੀ ਹੈ ਅਭਿਲਾਸ਼ਾ,
"ਮਿਲ ਮੈਨੂੰ ਅਕੱਥ ਨਿਰਵਾਣ ਜਾਏ" ।
ਮਨ ਕੁੰਗੂ ਦੇ ਵਾਂਗਰਾਂ ਸਾਫ਼ ਜਿਸ ਦਾ,
ਪਦਵੀ ਉੱਚੀ ਨੂੰ ਪਹੁੰਚ ਇਨਸਾਨ ਜਾਏ ।
ਜਿਹਨੂੰ ਵਿਸ਼ੇ-ਵਿਕਾਰਾਂ ਨੇ ਬੰਨ੍ਹਿਆ ਨਹੀਂ,
ਰਹੇ ਮਸਤ ਜੋ ਧਰਮ-ਧਿਆਨ ਅੰਦਰ ।
ਤਰਦਾ ਜਾਏ ਓਹ ਉਪਰ ਸਰੋਤ ਵੱਲ ਨੂੰ,
ਲਹਿਰਾਂ ਮਾਰਦੇ ਵਹਿਣ ਨਿਰਵਾਣ ਅੰਦਰ ।
੨੧੯-੨੨੦
ਜਿਵੇਂ ਦੂਰ ਪਰਦੇਸ ਤੋਂ ਚਿਰਾਂ ਪਿੱਛੋਂ,
ਕੋਈ ਸੁੱਖੀ ਸਾਂਦੀ ਘਰੀਂ ਆਉਂਦਾ ਏ ।
ਚਾਅ ਚੜ੍ਹ ਜਾਂਦੇ ਸਾਕਾਂ ਮਿੱਤਰਾਂ ਨੂੰ,
ਹਰ ਇਕ ਉਸ ਨੂੰ ਜੱਫੀਆਂ ਪਾਉਂਦਾ ਏ ।
ਓਸੇ ਤਰ੍ਹਾਂ ਹੀ ਨੇਕ ਕਮਾਈ ਵਾਲੇ,
ਜਿਸ ਵੇਲੇ ਪਰਲੋਕ ਸਿਧਾਰਦੇ ਨੇ ।
ਖ਼ੁਸ਼ੀਆਂ ਨਾਲ ਅੱਗੋਂ ਪੁੰਨ ਲੈਣ ਆਉਂਦੇ,
ਕਰਨ ਪੁਸ਼ਪ-ਵਰਖਾ, ਪਾਣੀ ਵਾਰਦੇ ਨੇ ।
ਅਧਿਆਏ ਸਤਾਰ੍ਹਵਾਂ
ਕੋਧ
ਕੋਧ ਵੱਗ ਵਿਚ ਇਹ ਸਿਖਿਆ ਦਿੱਤੀ ਗਈ ਹੈ ਕਿ ਕ੍ਰੋਧ ਨੂੰ ਪਿਆਰ ਨਾਲ, ਬੁਰਿਆਈ ਨੂੰ ਚੰਗਿਆਈ ਨਾਲ, ਕੰਜੂਸੀ ਨੂੰ ਉਦਾਰਤਾ (ਖੁਲ੍ਹ ਦਿਲੀ) ਨਾਲ ਅਤੇ ਝੂਠ ਨੂੰ ਸਚਿਆਈ ਨਾਲ ਜਿੱਤਣਾ ਚਾਹੀਦਾ ਹੈ ।
੨੨੧
ਜਿਹੜਾ ਬਸ਼ਰ ਕ੍ਰੋਧ ਨੂੰ ਕਰੇ ਕਾਬੂ,
ਨਾਲੇ ਵੱਸ ਜੋ ਗਰਬ ਹੰਕਾਰ ਕਰਦਾ ।
ਤੋੜ ਤਾੜ ਕੇ ਸਾਰਿਆਂ ਬੰਧਨਾਂ ਨੂੰ,
ਸੱਭੇ ਔਖੀਆਂ ਘਾਟੀਆਂ ਪਾਰ ਕਰਦਾ ।
ਨਹੀਂ ਰੂਪ, ਪਰਸਿੱਧੀ ਤੇ ਰੀਝਦਾ ਜੋ,
ਪੱਲੇ ਰਿਜਕ ਜਾਂ ਮਾਲ ਨੂੰ ਬੰਨ੍ਹਦਾ ਨਹੀਂ ।
ਸਦਾ ਸੁੱਖੀ ਸੁਹੇਲੜਾ ਥੀ ਜਾਏ,
ਉਸ ਨੂੰ ਦੁੱਖ ਫਿਰ ਮਾਰਦਾ ਭੰਨਦਾ ਨਹੀਂ ।
੨੨੨
ਮੂੰਹ-ਜ਼ੋਰ ਘੋੜੇ ਜੁੱਤੇ ਰੱਥ ਅੱਗੇ,
ਨੱਸੇ ਜਾਣ ਜਿਉਂ ਕੋਈ ਤੂਫ਼ਾਨ ਆਉਂਦਾ ।
ਓਸੇ ਤਰ੍ਹਾਂ ਹੀ ਆਪੇ ਤੋਂ ਬਾਹਰ ਹੋਵੇ,
ਗੁੱਸੇ ਵਿਚ ਹੈ ਜਦੋਂ ਇਨਸਾਨ ਆਉਂਦਾ ।
ਜਿਹੜਾ ਦੌੜਦਾ ਗੁੱਸੇ ਦਾ ਰੱਥ ਥੰਮੇ,
ਓਹੀ ਅਸਲ ਦੇ ਵਿਚ ਰਥਵਾਨ ਸਮਝੋ ।
ਐਵੇਂ ਹੋਰ ਲਗਾਮਾਂ ਨੂੰ ਫਿਰਨ ਚੁੱਕੀ,
ਏਸ ਪੱਖ ਤੋਂ ਨਿਰੇ ਨਾਦਾਨ ਸਮਝੋ ।
੨੨੩-੨੨੪
ਨਾਲ ਸ਼ਾਂਤੀ ਕ੍ਰੋਧ ਤੇ ਵਿਜੇ ਪਾਈਏ,
ਲਈਏ ਮਾਰ ਬੁਰਿਆਈ, ਭਲਿਆਈ ਦੇ ਨਾਲ ।
ਜਿੱਤ ਲਈਏ ਕੰਜੂਸ ਨੂੰ ਦਾਨ ਕਰ ਕੇ,
ਝੂਠ ਜਿੱਤੀਏ ਸਦਾ ਸਚਿਆਈ ਦੇ ਨਾਲ ।
ਭਾਵੇਂ ਕੋਲ ਥੋੜ੍ਹਾ, ਮੋੜੇ ਮੰਗਤਾ ਨਾ,
ਸੱਚ ਬੋਲਦਾ, ਗੁੱਸੇ ਨੂੰ ਥੁੱਕਦਾ ਏ ।
ਇਹਨਾਂ ਤਿੰਨਾਂ ਹੀ ਥਾਵਾਂ ਤੇ ਖੜਾ ਜਿਹੜਾ,
ਓਹੀ ਦੇਵਤੇ ਦੇ ਨੇੜੇ ਢੁੱਕਦਾ ਏ ।
੨੨੫-੨੨੬
ਜੋਗੀ ਜਿਨ੍ਹਾਂ ਨੇ ਕਾਂਇਆਂ ਨੂੰ ਸਾਧਿਆ ਹੈ,
ਦਿੰਦੇ ਦੁੱਖ ਨਾ ਕਿਸੇ ਨੂੰ ਮਾਰਦੇ ਨੇ ।
ਪਾਉਣ ਓਹ ਅਬਿਨਾਸ ਨਿਰਵਾਣ ਪਦਵੀ,
ਸਗਲੇ ਆਪਣੇ ਦੁੱਖ ਨਿਵਾਰਦੇ ਨੇ ।
ਆਲਸ ਦੂਰ ਕਰ ਸਦਾ ਚੇਤੰਨ ਰਹਿ ਕੇ,
ਦਿਨੇ ਰਾਤ ਜੋ ਜੋਗ ਅਭਿਆਸ ਕਰਦੇ ।
ਸਗਲੇ ਪਾਪ ਨੇ ਓਹਨਾਂ ਦੇ ਹਰੇ ਜਾਂਦੇ,
ਓਹੀ ਘਰ ਨਿਰਵਾਣ ਦੇ ਵਾਸ ਕਰਦੇ ।
੨੨੭-੨੨੮
ਇਹ ਧੁਰਾਂ ਤੋਂ ਗੱਲ ਹੈ ਅੱਜ ਦੀ ਨਾ,
"ਆਤੁਲ" ਰੱਖੀਏ ਇਹਨੂੰ ਵਿਚਾਰ ਅੰਦਰ ।
ਜਿਸ ਦੀ ਕੋਈ ਵੀ ਨਿੰਦਿਆ ਨਹੀਂ ਕਰਦਾ,
ਐਸਾ ਪੁਰਖ ਨਾ ਕੋਈ ਸੰਸਾਰ ਅੰਦਰ ।
ਜਾਵੇ ਨਿੰਦਿਆ, ਚੁੱਪ ਵੀ ਬਹੇ ਜਿਹੜਾ,
ਬਾਹਲਾ ਬੋਲਦਾ ਜੋ ਓਹਨੂੰ ਭੰਡਦੇ ਨੇ ।
ਜਿਹੜਾ ਸੰਜਮ ਹਿਸਾਬ ਦੇ ਨਾਲ ਬੋਲੇ ।
ਲੋਕੀਂ ਉਸ ਨੂੰ ਵੀ ਭੰਡਦੇ ਛੰਡਦੇ ਨੇ ।
੨੨੯-੨੩੦
ਜਿਸ ਦੀ ਜ਼ਿੰਦਗੀ ਵਿਚ ਨਾ ਖੋਟ ਕੋਈ,
ਸ਼ੀਲਵਾਨ ਤੇ ਸੁੱਚਾ ਆਚਾਰ ਦਾ ਏ ।
ਪੰਡਤ ਲੋਕ ਵੀ ਜਾਣ ਕੇ ਕਰਨ ਉਪਮਾ,
ਗਿਆਨੀ ਪੁਰਖ ਓਹ ਖਰਾ ਵਿਚਾਰ ਦਾ ਏ ।
ਖਰੇ ਸੋਨੇ ਦੀ ਮੋਹਰ ਨੂੰ ਕੌਣ ਨਿੰਦੇ,
ਹਰ ਕੋਈ ਓਹਦੀ ਵਾਹ ਵਾਹ ਕਰਦਾ ।
ਹੋਰ ਦੇਵਤੇ ਰਹਿ ਗਏ ਇੱਕ ਪਾਸੇ,
ਓਹਦੀ "ਬ੍ਰਹਮਾ" ਵੀ ਸਿਫ਼ਤ-ਸਲਾਹ ਕਰਦਾ ।
੨੩੧-੨੩੨
ਬਚੀਏ ਸਦਾ ਸਰੀਰ ਦੇ ਦੁਰਾਚਾਰੋਂ,
ਸੰਜਮ ਕਰ ਸਰੀਰ ਸੰਭਾਲੀਏ ਜੀ ।
ਕਰੀਏ ਨਾਲ ਸਰੀਰ ਨਾ ਕੰਮ ਮਾੜੇ,
ਇਉਂ ਵਿਸ਼ੇ-ਵਿਕਾਰਾਂ ਨੂੰ ਟਾਲੀਏ ਜੀ ।
ਮੰਦੇ ਬੋਲ ਵਿਗਾੜ ਤੋਂ ਦੂਰ ਰਹੀਏ,
ਸਦਾ ਨਾਲ ਸੰਜਮ ਮੂੰਹੋਂ ਬੋਲੀਏ ਜੀ ।
ਦੁਰਾਚਾਰ ਜ਼ਬਾਨ ਦਾ ਤਿਆਗ ਏਦਾਂ,
ਸੁਖੀ ਜ਼ਿੰਦਗੀ ਦਾ ਰਸਤਾ ਟੋਲੀਏ ਜੀ ।
੨੩੩-੨੩੪
ਮਨ ਦੇ ਦੁਰ-ਆਚਰਣ ਤੋਂ ਸਦਾ ਬਚੀਏ,
ਸਦਾ ਮਨ ਬੁਰਿਆਈਆਂ ਤੋਂ ਮੋੜਨਾ ਜੇ ।
ਇਹਨੂੰ ਮੰਦਿਆਂ ਕੰਮਾਂ ਤੋਂ ਮੋੜਕੇ ਤੇ,
ਉੱਤਮ ਜ਼ਿੰਦਗੀ ਦੇ ਸੰਗ ਜੋੜਨਾ ਜੇ ।
ਕਾਂਇਆਂ ਸਾਧ ਲਈ ਜਿਨ੍ਹਾਂ ਸਿਆਣਿਆਂ ਨੇ,
ਨਾਲੇ ਆਪਣੀ ਵੱਸ ਜ਼ਬਾਨ ਕਰ ਲਈ ।
ਮਨ ਉਹਨਾਂ ਨੇ ਆਪਣਾ ਨੱਥਿਆ ਹੈ,
ਸੌਖੀ, ਸੁਖੀ ਹੈ ਆਪਣੀ ਜਾਨ ਕਰ ਲਈ ।
ਅਧਿਆਏ ਅਠਾਰ੍ਹਵਾਂ
ਮਲ
ਮਲ ਵੱਗ ਵਿਚ ਦੱਸਿਆ ਗਿਆ ਹੈ ਕਿ ਹੈ ਕਿ ਅਵਿਦਿਆ (ਅਗਿਆਨ) ਸਭ ਤੋਂ ਵੱਡਾ ਮਲ (ਮੈਲ) ਹੈ ।
੨੩੫-੨੩੬
ਪੀਲੇ ਪੱਤ ਵਾਂਗਰ ਤੇਰਾ ਰੰਗ ਲੱਥਾ,
ਬੈਠ ਗਏ ਯਮਦੂਤ ਨੇ ਪਾ ਘੇਰਾ ।
ਪੱਲੇ ਬੰਨ੍ਹਿਆਂ ਰਾਹ ਦਾ ਖਰਚ ਨਹੀਂਓਂ,
ਸਮਾਂ ਕੂਚ ਦਾ ਗਿਆ ਈ ਆ ਤੇਰਾ ।
ਵਾਂਗ ਪੰਡਤਾਂ ਘਾਲ ਕਮਾਈ ਕਰ ਕੇ,
ਲੱਭੀਂ ਠਾਹਰ ਦੇ ਲਈ ਅਸਥਾਨ ਚੰਗਾ ।
ਧੋ ਲੈ, ਪਾਪਾਂ ਗੁਨਾਹਾਂ ਦੀ ਮੈਲ ਸਾਰੀ,
ਮਿਲੇ ਮਰਤਬਾ ਓਸ ਜਹਾਨ ਚੰਗਾ ।
੨੩੭-੨੩੮
ਤੇਰੀ ਜ਼ਿੰਦਗੀ ਦੀ ਖੇਡ ਖ਼ਤਮ ਹੋਈ,
ਕੀਤਾ ਪੇਸ਼ ਯਮਦੂਤਾਂ ਦਰਗਾਹ ਅੰਦਰ ।
ਖਰਚ ਮਾਲ ਨਾ ਬੰਨ੍ਹਿਆਂ ਤੂੰ ਪੱਲੇ,
ਨਹੀਂ ਥਾਂ ਸਸਤਾਉਣ ਲਈ ਰਾਹ ਅੰਦਰ ।
ਜਾਗ ਏਸ ਪੜਾਅ ਤੇ ਪੁੱਜ ਕੇ ਵੀ,
ਵਾਂਗ ਪੰਡਤਾਂ ਵਕਤ ਸੰਭਾਲ ਵੀਰਾ ।
ਧੋ ਲੈ, ਪਾਪਾਂ ਗੁਨਾਹਾਂ ਦੀ ਮੈਲ ਸਾਰੀ,
ਜੰਮਣ ਮਰਨ ਦਾ ਜਾਏ ਜੰਜਾਲ ਵੀਰਾ ।
੨੩੯-੨੪੦
ਮੱਠੀ ਅੱਗ ਤੇ ਚਾਂਦੀ ਦਾ ਖੋਟ ਜਿੱਦਾਂ,
ਫੂਕਾਂ ਮਾਰ ਸੁਨਿਆਰ ਉਤਾਰਦਾ ਏ ।
ਬੁੱਧੀਵਾਨ ਵੀ ਉਸ ਤਰ੍ਹਾਂ ਮੈਲ ਧੋ ਕੇ,
ਮਨ ਆਪਣਾ ਸਦਾ ਨਿਖਾਰਦਾ ਏ ।
ਹੋ ਕੇ ਲੋਹੇ ਦੇ ਵਿਚੋਂ ਜੰਗਾਲ ਪੈਦਾ,
ਓਸੇ ਲੋਹੇ ਨੂੰ ਖੁਰਚਦਾ ਖਾਰਦਾ ਏ ।
ਓਸੇ ਤਰ੍ਹਾਂ ਕੁਰਾਹੀਏ ਕੁ-ਹੱਢ ਤਾਈਂ,
ਉਹਦਾ ਆਪਣਾ ਪਾਪ ਹੀ ਮਾਰਦਾ ਏ ।
੨੪੧-੨੪੨
ਪਾਠ ਨਾ ਕਰਿਆਂ, ਮੰਤਰ ਹੋਣ ਮੈਲੇ,
ਮੈਲਾ ਘਰ ਜੇ ਝਾੜ-ਬੁਹਾਰੀਏ ਨਾ ।
ਪਹਿਰੇਦਾਰ ਨੂੰ ਮੈਲ ਹੈ ਗ਼ਾਫ਼ਲੀ ਦੀ,
ਮੈਲੀ ਵਸਤ ਜੇ ਵਰਤ ਉਜਿਆਰੀਏ ਨਾ ।
ਮੈਲੀ ਇਸਤਰੀ ਜੋ ਦੁਰਾਚਾਰ ਕਰਦੀ,
ਹੋਵੇ ਨਾਲ ਕੰਜੂਸੀ ਦੇ ਦਾਨ ਮੈਲਾ ।
ਖੋਟੇ ਧਰਮ ਕਾਰਨ ਦੁਨੀਆਂ ਏਹ ਮੈਲੀ,
ਓਹਦੇ ਨਾਲ ਹੀ ਅਗਲਾ ਜਹਾਨ ਮੈਲਾ ।
੨੪੩
ਦਸੇ ਉਪਰ ਜੋ ਖੋਟ ਨੇ ਬੜੇ ਮਾੜੇ,
ਸ਼ੱਕ ਇਹਦੇ ਵਿਚ ਰਤੀ ਰਵਾਲ ਦਾ ਨਹੀਂ ।
ਹੁੰਦਾ ਖੋਟ ਜੋ ਮਗਰ ਅਵਿੱਦਿਆ ਦਾ,
ਮਾੜਾ ਕੋਈ ਵੀ ਓਸ ਦੇ ਨਾਲ ਦਾ ਨਹੀਂ ।
ਭਿਖਸ਼ੂ ਸੱਜਣੋ ! ਬੰਨ੍ਹ ਕੇ ਗੱਲ ਪੱਲੇ,
ਪ੍ਰੱਣ ਚਿੱਤ ਅੰਦਰ ਇਹੋ ਧਾਰਨਾ ਜੇ ।
ਕਰਕੇ ਦੂਰ ਅਵਿੱਦਿਆ ਆਪਣੀ ਨੂੰ,
ਮਨੋ ਖੋਟ ਤੇ ਮੈਲ ਉਤਾਰਨਾ ਜੇ ।
੨੪੪
ਜਿਨ੍ਹਾਂ ਘੋਟ ਕੇ ਪੀ ਲਿਆ ਲੱਜਿਆ ਨੂੰ,
ਜੀਣਾ ਉਹਨਾਂ ਲਈ ਬੜਾ ਅਸਾਨ ਹੋਵੇ ।
ਉਹ ਵੀ ਨਾਲ ਆਰਾਮ ਦੇ ਜੱਗ-ਜੀਵੇ,
ਬਕੜਵਾਹ ਕਰਦਾ, ਆਕੜ ਖਾਨ ਹੋਵੇ ।
ਕਾਂਵਾਂ ਵਾਂਗ ਸੁਆਰਥੀ ਸੂਰਮੇ ਜੋ,
ਵਿਚ ਜ਼ਿੰਦਗੀ ਉਹਨਾਂ ਦੀ ਸ਼ਾਨ ਹੁੰਦੀ ।
ਏਥੇ ਲਾਲੀਆਂ ਚੜ੍ਹਨ ਅਧਰਮੀਆਂ ਨੂੰ,
ਪਤਿਤ, ਪਾਪੀਆਂ ਦੀ ਸੌਖੀ ਜਾਨ ਹੁੰਦੀ ।
੨੪੫
ਸਦਾ ਸ਼ਰਮ ਹਯਾ ਨੂੰ ਪਾਲਦਾ ਜੋ,
ਉਹਦੀ ਜ਼ਿੰਦਗੀ ਬੜੀ ਦੁਸ਼ਵਾਰ ਹੋਵੇ ।
ਉੱਪਰ ਕੰਡਿਆਂ ਦੇ ਰਹਿੰਦਾ ਲੇਟਦਾ ਉਹ,
ਜੀਹਦਾ ਸੱਚ ਦੇ ਨਾਲ ਵਿਹਾਰ ਹੋਵੇ ।
ਮਿੱਠ-ਬੋਲੜਾ, ਦੀਨ ਤੇ ਨੇਕ, ਸਾਊ,
ਜੀਹਦਾ ਨਾਲ ਹੰਕਾਰ ਦੇ ਵਾਸਤਾ ਨਹੀਂ ।
ਉਹਦੀ ਜ਼ਿੰਦਗੀ ਮੁਸ਼ਕਿਲਾਂ ਵਿਚ ਗੁਜ਼ਰੇ,
ਕਦੇ ਸੌਖ ਦੇ ਨਾਲ ਆਰਾਸਤਾ ਨਹੀਂ ।
੨੪੬-੨੪੭
ਜੀਵ ਹੱਤਿਆ ਕਰੇ ਤੇ ਝੂਠ ਬੋਲੇ,
ਖਾਂਦਾ ਰਹੇ ਪਰਾਇਆਂ ਦਾ ਮਾਲ ਜਿਹੜਾ ।
ਯਾਰੀ ਲਾ, ਬਗਾਨੀਆਂ ਨਾਰੀਆਂ ਨੂੰ,
ਫਿਰਦਾ ਬਗਲ ਦੇ ਵਿਚ ਲੈ ਨਾਲ ਜਿਹੜਾ ।
ਨਸ਼ਿਆਂ, ਦਾਰੂਆਂ ਨਾਲ ਜੋ ਧੁੱਤ ਹੋ ਕੇ,
ਰਹਿੰਦਾ ਝੂਮਦਾ ਥਿੜਕਦਾ ਡੋਲਦਾ ਏ ।
ਜੜ੍ਹ ਆਪਣੀ ਏਸ ਜਹਾਨ ਅੰਦਰ,
ਹੱਥੀਂ ਆਪਣੀ ਕੱਟਦਾ, ਫੋਲਦਾ ਏ ।
੨੪੮
ਓਏ ਭਲੇ ਪੁਰਖਾ ! ਸੁਣੀ ਧਿਆਨ ਧਰਕੇ,
ਏਸ ਗੱਲ ਨੂੰ ਮਨੋਂ ਨਾ ਟਾਲਣਾ ਈਂ ।
ਖੋਟੇ ਧਰਮ ਦੇ ਝੂਠੇ ਵਿਸ਼ਵਾਸ ਜਿਹੜੇ,
ਜੀਵਨ ਉਹਨਾਂ ਦੇ ਪੰਧ ਨਾ ਗਾਲਣਾ ਈਂ ।
ਸੰਜਮ-ਹੀਣ ਕੁਕਰਮਾਂ ਨੂੰ ਜਾਣ ਲੈਣਾ,
ਲਬ, ਲੋਭ ਤੇ ਪਾਪ ਤਿਆਗਣਾ ਈਂ ।
ਇਹਨਾਂ ਮਾੜਿਆਂ ਧੰਦਿਆਂ ਵਿਚ ਪੈ ਕੇ,
ਐਵੇਂ ਦੁੱਖ ਨਾ ਪਿਆਰਿਆ ਝਾਗਣਾ ਈਂ ।
੨੪੯-੨੫੦
ਖ਼ੁਸ਼ੀ ਨਾਲ ਵਿਸ਼ਵਾਸ ਅਨੁਸਾਰ ਕੋਈ,
ਜਿੰਨਾ ਹੋ ਸਕੇ ਹਥੋਂ ਦਾਨ ਕਰਦਾ ।
ਜਰੇ ਵੇਖ ਨਾ ਖਾਂਦਿਆਂ ਪੀਂਦਿਆਂ ਨੂੰ,
ਨਿਸਦਿਨ ਆਪਣਾ ਚੈਨ ਵੀਰਾਨ ਕਰਦਾ ।
ਏਸ ਤਰ੍ਹਾਂ ਦੀ ਲਾਲਚੀ ਮਨੋਬਿਰਤੀ,
ਜੋ ਵੀ ਜੜ੍ਹਾਂ ਤੋਂ ਧੂਹ ਕੇ ਮਾਰਦਾ ਏ ।
ਨਿਸ ਦਿਨ ਓਸ ਨੂੰ ਚੈਨ ਕਰਾਰ ਆਏ,
ਇਉਂ ਆਪਣਾ ਕਾਜ ਸਵਾਰਦਾ ਏ ।
੨੫੧
ਹੋਰ ਲਾਲਸਾ ਵਾਂਗ ਨਾ ਅੱਗ ਕੋਈ,
ਜਿਹੜੀ ਰੂਹ ਤੇ ਜਿਸਮ ਨੂੰ ਸਾੜਦੀ ਏ ।
ਨਫ਼ਰਤ ਨਾਲ ਦਾ ਹੋਰ ਗਰੱਹੁ ਕੋਈ ਨਾ,
ਘੁੱਗ ਵੱਸਦੇ ਘਰ ਉਜਾੜਦੀ ਏ ।
ਤ੍ਰਿਸ਼ਨਾ ਵਾਂਗ ਨਾ ਬਹੇ ਦਰਿਆ ਕਿਧਰੇ,
ਸਾਰੇ ਪਾਸਿਆਂ ਨੂੰ ਢਾਹ ਲਾਈ ਜਾਏ ।
ਮਾਇਆ ਮੋਹ ਸਮਾਨ ਨਾ ਜਾਲ ਕੋਈ,
ਹਰ ਪ੍ਰਾਣੀ ਨੂੰ ਫਾਹੇ ਫਸਾਈ ਜਾਏ ।
੨੫੨
ਹੋਵੇ ਅੱਖ ਦੇ ਵਿਚ ਸ਼ਹਿਤੀਰ ਫਸਿਆ,
ਆਪਣੇ ਆਪ ਨੂੰ ਨਜ਼ਰ ਨਹੀਂ ਆ ਸਕਦਾ ।
ਤਿਲ ਦੂਜੇ ਦੀ ਅਖ ਵਿਚ ਜ਼ਰਾ ਮਾਸਾ,
ਸੌਖਾ ਓਸ ਨੂੰ ਵੇਖਿਆ ਜਾ ਸਕਦਾ ।
ਦੋਸ਼ ਵੇਖ ਕੇ ਆਦਮੀ ਦੂਜਿਆਂ ਦੇ,
ਤੂੜੀ ਮਿੱਟੀ ਦੇ ਵਾਂਗ ਉਡਾਉਂਦਾ ਏ ।
ਦੋਸ਼ ਆਪਣੇ ਵਾਂਗ ਜੁਆਰੀਆਂ ਦੇ,
ਖਚਰੀ "ਚਾਲ" ਦੇ ਵਾਂਗ ਲੁਕਾਉਂਦਾ ਏ ।
੨੫੩
ਦੋਸ਼ ਤਾੜਦਾ ਰਹੇ ਜੋ ਹੋਰਨਾਂ ਦੇ,
ਨੁਕਸ-ਬੀਨੀਆਂ ਨਾਲ ਜੋ ਵਾਹ ਰੱਖੇ ।
ਝਾੜ ਸੁਣਦਿਆਂ ਸਾਰ ਜੋ ਪਏ ਕਾਹਲਾ,
ਬਾਹਲਾ ਚਿੜਚਿੜਾ ਜਿਹੜਾ ਸੁਭਾਅ ਰੱਖੇ ।
ਐਸੇ ਪੁਰਸ਼ ਦਾ ਜਾਣੀਏ ਚਿੱਤ ਹਰਦਮ,
ਪਾਪ-ਮੈਲ ਦੇ ਨਾਲ ਭਰਪੂਰ ਰਹਿੰਦਾ ।
ਮੰਦੇ ਕਰਮਾਂ ਦੇ ਵਿਚ ਓਹ ਰਹੇ ਫਾਥਾ,
ਸਦਾ ਪਾਪ-ਵਿਨਾਸ਼ ਤੋਂ ਦੂਰ ਰਹਿੰਦਾ ।
੨੫੪-੨੫੫
ਨਹੀਂ ਰਾਹ ਅਕਾਸ਼ ਦੇ ਵਿਚ ਕੋਈ,
ਬੋਧੀ ਪੰਥ ਤੋਂ ਬਾਹਰ ਵਿਰੱਕਤ ਕਿੱਥੇ ?
ਹੋਰ ਲੋਕ ਪਰਪੰਚਾਂ ਦੇ ਵਿਚ ਰੁਝੇ,
ਤਥਾਗਤਾਂ ਨੂੰ ਏਸ ਲਈ ਵਕਤ ਕਿੱਥੇ ।
ਨਹੀਂ ਰਾਹ ਅਕਾਸ਼ ਦੇ ਵਿਚ ਜਿੱਦਾਂ,
ਬੋਧੀ ਪੰਥ ਤੋਂ ਸ਼ਾਖ ਨਾ ਬਾਹਰ ਕੋਈ ।
ਕਦੇ ਬੁੱਧ ਨਾ ਬੁੱਧਾਂ ਦੀ ਹੋਏ ਚੰਚਲ,
ਅਸਥਿਰ ਓਹਨਾਂ ਦਾ ਨਾ ਸੰਸਕਾਰ ਕੋਈ ।
ਅਧਿਆਏ ਉਨੀਵਾਂ
ਧੰਮੱਠ
ਧੰਮੱਠ (ਧਰਮਾਤਮਾ) ਵੱਗ ਵਿਚ ਸੱਚੇ ਧਰਮੀ ਮਨੁੱਖ ਦੇ ਲੱਛਣ ਦੱਸੇ ਗਏ ਹਨ ।
੨੫੬-੨੫੭
ਐਵੇਂ ਕਿਸੇ ਨੂੰ ਬਿਨਾਂ ਵਿਚਾਰਿਆਂ ਦੇ,
ਜੇਕਰ ਗੱਲ ਇਨਸਾਫ਼ ਦੀ ਸੁੱਝ ਜਾਏ ।
ਉਹ ਨਾ ਮੁਨਸਫ਼ ਧਰਮਾਤਮਾ ਹੋ ਜਾਂਦਾ,
ਨਾ ਹੀ ਸੱਚ ਦੇ ਰਾਹ ਨੂੰ ਬੁੱਝ ਜਾਏ ।
ਅਸਲ ਵਿਚ ਧਰਮਾਤਮਾ ਓਹ 'ਸਿਆਣਾ',
ਝੂਠ, ਸੱਚ ਵਿਚਾਰ ਨਿਤਾਰਦਾ ਏ ।
ਸ਼ਾਂਤ ਚਿੱਤ, ਨਿਰਪੱਖ, ਸੁਚੇਤ ਹੋ ਕੇ,
ਜਿਹੜਾ ਹੋਰਾਂ ਨੂੰ ਪਾਰ ਉਤਾਰਦਾ ਏ ।
੨੫੮
ਜਿਹੜਾ ਕੋਈ ਵੀ ਬੋਲਦਾ ਰਹੇ ਬਾਹਲਾ,
ਗੱਲ ਸੋਚਦਾ ਅਤੇ ਵਿਚਾਰਦਾ ਨਹੀਂ ।
ਉਹਦਾ ਹੋਏ ਪ੍ਰਭਾਵ ਨਾ ਰਤਾ ਮਾਸਾ,
ਪਤਿਤ ਸਮਝਕੇ ਕੋਈ ਸਤਕਾਰਦਾ ਨਹੀਂ ।
ਜਿਹੜਾ ਕਿਸੇ ਦੇ ਨਾਲ ਨਾ ਵੈਰ ਕਰਦਾ,
ਸਹਿਣ-ਸ਼ੀਲ, ਨਿਰਭੈ ਨਿਝੱਕ ਹੁੰਦਾ ।
ਹੋਵੇ ਸਬਰ, ਸੰਤੋਖ ਦੇ ਨਾਲ ਰਹਿੰਦਾ,
ਉਹਨੂੰ ਪੰਡਤ ਕਹਾਉਣ ਦਾ ਹੱਕ ਹੁੰਦਾ ।
੨੫੯
ਧਰਮਵਾਨ ਨਾ ਸਮਝੀਏ ਓਸ ਤਾਈਂ,
ਕਿਉਂਕਿ ਪੁਰਖ ਕੋਈ ਬਾਹਲਾ ਬੋਲਦਾ ਏ ।
ਐਪਰ ਕੋਈ ਜੋ ਥੋੜ੍ਹੀ ਵਿਚਾਰ ਕਰ ਕੇ,
ਮਾਰਗ ਧਰਮ ਦਾ ਲੱਭਦਾ ਟੋਲਦਾ ਏ ।
ਕਾਂਇਆਂ ਆਪਣੀ ਧਰਮ ਅਨੁਸਾਰ ਸਾਧੇ,
ਸਦਾ ਸੱਚ ਦਾ ਚੱਜ ਆਚਾਰ ਕਰਦਾ ।
ਕਰਕੇ ਗ਼ਾਫ਼ਲੀ, ਮੁੱਖ ਜੋ ਮੋੜਦਾ ਨਹੀਂ,
ਧਰਮਧਾਰੀ ਉਹ ਧਰਮ ਵਿਹਾਰ ਕਰਦਾ ।
੨੬੦-੨੬੧
ਐਵੇਂ ਓਹਨੂੰ ਬਜੁਰਗ ਨਾ ਸਮਝ ਲਈਏ,
ਸਿਰ ਕਿਸੇ ਦਾ ਹੋ ਜੇ ਜਾਏ ਧੌਲਾ ।
ਧੁੱਪੇ ਬੈਠ ਕੇ ਬਾਲ ਸਫ਼ੈਦ ਕੀਤੇ,
ਲੋਕੀਂ ਉਹਦੇ ਸੰਬੰਧ ਵਿਚ ਪਾਉਣ ਰੌਲਾ ।
ਇਹਦੇ ਉਲਟ, ਜੋ ਸੱਚ ਦੇ ਤੁਰੇ ਮਾਰਗ,
ਸੰਜਮ-ਸ਼ੀਲ, ਕਰ ਪਾਪ ਨਿਵਾਰਦਾ ਏ ।
ਇਹੋ ਜਿਹੇ ਅਹਿੰਸਾ ਦੇ ਨੇਮੀਆਂ ਨੂੰ,
ਹਰ ਕੋਈ 'ਪੂਜ' 'ਬਜ਼ੁਰਗ' ਉਚਾਰਦਾ ਏ ।
੨੬੨-੨੬੩
ਹੋਵੇ ਝੂਠ, ਮੱਕਾਰੀ, ਬਦਨੀਤ ਪੱਲੇ,
ਹਿਰਦਾ ਈਰਖਾ ਨਾਲ ਭਰਪੂਰ ਹੋਵੇ ।
ਸੁੰਦਰ ਮੁੱਖ ਭਾਵੇਂ ਵਕਤਾ ਹੋਏ ਸੋਹਣਾ,
ਨਹੀਂ ਚੇਹਰੇ ਤੇ ਫੇਰ ਵੀ ਨੂਰ ਹੋਵੇ ।
ਜੋ ਵੀ ਅੰਦਰੋਂ ਇਹਨਾਂ ਬੁਰਿਆਂਈਆਂ ਨੂੰ,
ਪੁੱਟ ਜੜ੍ਹਾਂ ਤੋਂ ਚਿੱਤ ਨਿਖਾਰਦਾ ਏ ।
ਓਹੀ ਪੁਰਖ ਹੈ ਸਾਧ-ਸਰੂਪ ਹੁੰਦਾ,
ਨੂਰ ਮੁੱਖੜੇ ਤੇ ਡਲ੍ਹਕਾਂ ਮਾਰਦਾ ਏ ।
੨੬੪-੨੬੫
ਤ੍ਰਿਸ਼ਨਾ-ਲੋਭ ਦੇ ਜਾਲ ਵਿਚ ਜੋ ਫਸਿਆ,
ਝੂਠ ਬੋਲਦਾ, 'ਬਚਨ' ਨੂੰ ਪਾਲਦਾ ਨਹੀਂ ।
ਸਿਰ ਤੇ ਉਸਤਰਾ ਫੇਰ ਕੇ ਹੋ ਜਾਂਦਾ,
ਬੋਧੀ-ਸੰਗ ਵਿਰਕਤਾਂ ਦੇ ਨਾਲ ਦਾ ਨਹੀਂ ।
ਜਿਹੜਾ ਹੂੰਝ ਕੇ ਚਾਰ ਚੁਫੇਰ ਵਿਚੋਂ,
ਛੋਟੇ, ਵੱਡਿਆਂ ਪਾਪਾਂ ਨੂੰ ਮਾਰਦਾ ਏ ।
ਬੋਧੀ-ਸੰਗ ਵਿਰਕਤ ਦਾ ਮਾਣ ਪਾਏ,
ਦੁੱਖ, ਰੋਗ, ਸੰਤਾਪ ਨਿਵਾਰਦਾ ਏ ।
੨੬੬-੨੬੭
ਭਿਖਸ਼ੂ ਨਹੀਂ ਉਹ ਜੋ ਗੁਜ਼ਰਾਨ ਦੇ ਲਈ,
ਦਰ ਦਰ ਤੋਂ ਭਿੱਖਿਆ ਮੰਗਦਾ ਏ ।
ਨਾ ਹੀ ਉਹ ਭਿਖਸ਼ੂ ਵਿਖਮ-ਧਰਮ ਅੰਦਰ,
ਫਾਹੇ ਆਪਣੀ ਜਾਨ ਜੋ ਟੰਗਦਾ ਏ ।
ਅਸਲ ਵਿਚ ਤਾਂ ਜਾਣੀਏ ਉਹੀ ਭਿਖਸ਼ੂ,
ਪੁੰਨ-ਪਾਪ ਦਾ ਸੰਗ ਤਿਆਗਦਾ ਜੋ ।
ਗਿਆਨੀ ਹੋਏ ਬ੍ਰਹਮਚਰਜ ਦਾ ਕਰੇ ਪਾਲਣ,
ਕਰਦਾ ਆਲਸੀ ਨਾ ਸਦਾ ਜਾਗਦਾ ਜੋ ।
੨੬੮-੨੬੯
ਮੂੜ੍ਹ, ਸੱਖਣਾ ਗਿਆਨ ਤੇ ਵਿੱਦਿਆ ਤੋਂ,
ਮੌਨ ਧਾਰਿਆਂ ਮੁਨੀ ਨਾ ਹੋ ਜਾਏ ।
ਪੰਡਤ ਪਕੜ ਇਨਸਾਫ਼ ਦਾ ਧਰਮ-ਕੰਡਾ,
ਤੋਲਣ ਦੋਵੇਂ ਜਹਾਨ ਖਲੋ ਜਾਏ ।
ਨਾਲੇ ਉਹ ਗੁਨਾਹਾਂ ਤੋਂ ਕਰੇ ਤੋਬਾ,
ਤੋਲ ਸੱਚ ਦਾ ਤੋਲ ਵਿਖਾਉਂਦਾ ਏ ।
ਐਸਾ ਤੋਲਾ ਹੀ ਅਸਲ ਵਿਚ ਮੁਨੀ ਹੁੰਦਾ,
ਅਤੇ ਲੋਕਾਂ ਤੋਂ ਮੁਨੀ ਕਹਾਉਂਦਾ ਏ ।
੨੭੦
ਕੋਈ ਆਦਮੀ ਹੋਰਨਾਂ ਪਰਾਣੀਆਂ ਨੂੰ,
ਦਿੰਦਾ ਦੁੱਖ ਜਾਂ ਕੁਟਦਾ ਮਾਰਦਾ ਜੋ ।
ਉਹ ਤਾਂ ਆਰੀਆ ਪੁਰਸ਼ ਨਾ ਜਾਏ ਗਿਣਿਆ,
ਮਾਲਕ ਹੁੰਦਾ ਅਜਿਹੇ ਕਿਰਦਾਰ ਦਾ ਜੋ ।
ਜੋ ਵੀ ਆਦਮੀ ਹੋਰਨਾਂ ਪਰਾਣੀਆਂ ਨੂੰ,
ਦਿੰਦਾ ਦੁੱਖ ਨਾ ਕੁਟਦਾ ਮਾਰਦਾ ਏ ।
ਉਤਮ ਆਰੀਆ ਪੁਰਸ਼ ਉਹ ਜਾਏ ਗਿਣਿਆ,
ਹਰ ਇਕ ਆਰੀਆ ਆਖ ਸਤਕਾਰਦਾ ਏ ।
੨੭੧-੨੭੨
ਸ਼ੀਲ ਵਰਤ ਆਚਰਨ ਤੇ ਨੇਮ ਸੰਜਮ,
ਕਰਕੇ ਲੱਖ ਸਮਾਧੀਆਂ ਲਾਏ ਕੇ ਜੀ ।
ਸੌਂ ਕੇ ਸਦਾ ਇਕੱਲਿਆਂ ਕੁੰਜ ਗੋਸ਼ੇ,
ਹੱਥ ਜੋੜ ਖ਼ਲੂਸ ਜਤਾਏ ਕੇ ਜੀ ।
"ਹੋਈ ਮੈਨੂੰ ਨਿਰਵਾਣ ਪ੍ਰਾਪਤੀ ਏ",
ਫਿਰ ਵੀ ਇਉਂ ਵਿਚਾਰ ਵਿਚਾਰੀਏ ਨਾ ।
ਜਿੰਨਾ ਚਿਰ ਨਾ ਪਾਪਾਂ ਦਾ ਨਾਸ਼ ਹੋਵੇ,
ਕਦੇ ਭਿਖਸ਼ੂਆ ! ਹੌਸਲਾ ਹਾਰੀਏ ਨਾ ।
ਅਧਿਆਏ ਵੀਹਵਾਂ
ਮੱਗ
ਮੱਗ ਵੱਗ ਵਿਚ ਨਿਰਵਾਣ ਦੇ ਮਾਰਗ ਦਾ ਵਰਨਣ ਹੈ ।
੨੭੩-੨੭੪
"ਅਸ਼ਟ-ਮਾਰਗ" ਸਰੇਸ਼ਟ ਹੈ ਸਾਰਿਆਂ ਤੋਂ,
"ਚਾਰ-ਆਰੀਯਾ" ਸੱਚ ਸਰੇਸ਼ਟ ਕਹੀਏ ।
ਧਰਮਾਂ ਵਿਚੋਂ ਵੈਰਾਗ ਦਾ ਧਰਮ ਵਧੀਆ,
ਗਿਆਨੀ ਪੁਰਖ ਮਨੁੱਖਾਂ 'ਚੋਂ ਸਮਝ ਲਈਏ ।
ਇਹੋ ਗਿਆਨ ਦੀ ਸ਼ੁਧੀ ਲਈ ਇਕ ਮਾਰਗ,
ਨਹੀਂ ਦੂਸਰਾ ਏਸ ਦੇ ਨਾਲ ਦਾ ਏ ।
ਭਿਖਸ਼ੂ ਸੱਜਣੋ ! ਏਸ ਦੀ ਸ਼ਰਨ ਆਓ,
ਇਹੀ ਮਾਇਆ ਤੇ ਮਾਰਾ ਨੂੰ ਟਾਲਦਾ ਏ ।
(ਅਸ਼ਟ-ਮਾਰਗ=ਠੀਕ ਦ੍ਰਿਸ਼ਟੀ, ਠੀਕ ਸੰਕਲਪ,
ਠੀਕ ਵਚਨ, ਠੀਕ ਕਰਮ, ਠੀਕ ਜੀਵਕਾ, ਠੀਕ
ਪਰਯਤਨ, ਠੀਕ ਸਿਮ੍ਰਤੀ ਅਤੇ ਠੀਕ ਸਮਾਧੀ;
ਚਾਰ-ਆਰੀਯਾ ਸੱਚ=ਦੁਖ ਹੈ, ਦੁਖ ਦਾ ਕਾਰਨ ਹੈ,
ਦੁਖ ਦਾ ਅੰਤ ਹੈ, ਦੁਖ ਹਰਨ ਦਾ ਉਪਾਏ ਹੈ)
੨੭੫-੨੭੬
ਹੋਵੇ ਦੁਖਾਂ ਕਲੇਸ਼ਾਂ ਦਾ ਅੰਤ ਸਮਝੋ,
ਐਸੇ ਮਾਰਗ ਵਿਚ ਤੁਸੀਂ ਪਰਵੇਸ਼ ਕੀਤਾ ।
ਮਾਰਗ ਨਹੀਂ ਇਹ ਸੂਲਾਂ ਤੇ ਕੰਡਿਆਂ ਦਾ,
ਇਸੇ ਲਈ ਮੈਂ ਸੱਚ ਉਪਦੇਸ਼ ਕੀਤਾ ।
"ਤਥਾ ਗਤ" ਉਪਦੇਸ਼ ਨੇ ਕਰਨ ਵਾਲੇ,
ਜ਼ੋਰ ਤੁਸਾਂ ਨੇ ਭਿਖਸ਼ੂਓ ਮਾਰਨਾ ਏਂ ।
ਏਸ ਮਾਰਗ ਤੇ ਤੁਸਾਂ ਜਦ ਪੈਰ ਧਰਿਆ,
ਮਾਇਆ ਮਾਰਨੀ ਦੁਖ ਨਿਵਾਰਨਾ ਏਂ ।
੨੭੭-੨੭੮
"ਛਿਨ-ਭੰਗਰ ਦੇ ਮਾਇਆ ਸੰਕਲਪ ਸਾਰੇ",
ਜਦੋਂ ਤੱਤ ਗਿਆਨੀ ਪਛਾਣਦਾ ਏ ।
ਉਹਦੇ ਦੁੱਖ ਤੇ ਪਾਪ ਸਭ ਹਰੇ ਜਾਂਦੇ,
ਮਾਰਗ ਲੱਭਦਾ ਪਰਮ ਨਿਰਵਾਣ ਦਾ ਏ ।
ਨਿਰਾ ਦੁੱਖ ਕਲੇਸ਼ ਸੰਕਲਪ ਸਾਰੇ,
ਜਦੋਂ ਤੱਤ ਗਿਆਨੀ ਪਛਾਣਦਾ ਏ ।
ਓਸ ਪੁਰਖ ਸੁਜਾਨ ਨੂੰ ਮਿਲੇ ਮੁਕਤੀ,
ਮਾਰਗ ਲੱਭਦਾ ਪਰਮ ਨਿਰਵਾਣ ਦਾ ਏ ।
੨੭੯
ਜਦੋਂ ਰਾਹੀਂ ਗਿਆਨ ਦੇ ਪਏ ਸੋਝੀ,
"ਛਾਇਆ ਰੂਪ ਇਹ ਵਸਤੂਆਂ ਸਾਰੀਆਂ ਨੇ" ।
ਸਾਰੇ ਗੁਣ ਵੀ ਇਹਨਾਂ ਦੇ ਹਨ ਮਿਥਿਆ,
ਤੰਦਾਂ ਮਾਇਆ ਨੇ ਜਿਵੇਂ ਪਸਾਰੀਆਂ ਨੇ ।
ਡੇਰਾ ਦੁੱਖ ਕਲੇਸ਼ ਦਾ ਉੱਠ ਜਾਏ,
ਰਾਗ-ਮੁਕਤ ਹੈ ਉਹ ਇਨਸਾਨ ਹੁੰਦਾ ।
ਇਹੀ ਸੁੱਖ ਦਾ ਹੋਏ ਸਰੇਸ਼ਟ ਮਾਰਗ,
ਇਹੀ ਅਸਲ ਵਿਚ ਪਰਮ ਨਿਰਵਾਣ ਹੁੰਦਾ ।
੨੮੦
ਉੱਠ ਜਾਗਣੇ ਦਾ ਜਦੋਂ ਹੋਏ ਵੇਲਾ,
ਜਿਹੜਾ ਆਦਮੀ ਉਠਦਾ ਜਾਗਦਾ ਨਹੀਂ ।
ਰਿਸ਼ਟ ਪੁਸ਼ਟ ਤੇ ਬਲੀ ਜਵਾਨ ਹੋ ਕੇ,
ਆਲਸ ਨੇਸਤੀ ਜਿਹੜਾ ਤਿਆਗਦਾ ਨਹੀਂ ।
ਲਿੱਸਾ ਮਨ, ਕਮਜ਼ੋਰ ਵਿਚਾਰ ਜਿਸ ਦੇ,
ਉਦਮ-ਹੀਣ, ਜੋ ਛਾਲ ਨਹੀਂ ਮਾਰ ਸਕਦਾ ।
ਮਾਰਗ ਉਹ ਨਿਰਵਾਣ ਦੇ ਕਦੇ ਤੁਰ ਕੇ,
ਨਹੀਂ ਆਪਣੇ ਦੁੱਖ ਨਿਵਾਰ ਸਕਦਾ ।
੨੮੧
ਮੂੰਹੋਂ ਸੋਚ ਵਿਚਾਰ ਕੇ ਗੱਲ ਕਰੀਏ,
ਸੰਜਮ ਨਾਲ ਸੰਭਾਲੀਏ ਮਨ ਆਪਣਾ ।
ਪਾਪ ਕਰਮਾਂ ਤੋਂ ਸਦਾ ਸੰਕੋਚ ਕਰ ਕੇ,
ਸਾਫ਼ ਮੈਲ ਤੋਂ ਰੱਖੀਏ ਤਨ ਆਪਣਾ ।
ਮਨ, ਬਚਨ ਤੇ ਕਰਮ ਨੇ ਤਿੰਨ ਮਾਰਗ,
ਇਹਨਾਂ ਤਿੰਨਾਂ ਨੂੰ ਸਦਾ ਬੁਹਾਰਨਾ ਜੇ ।
ਇਉਂ ਦੱਸਿਆ ਬੁੱਧ ਨੇ ਜੋ ਮਾਰਗ,
ਉਸ ਨੂੰ ਮੰਨਣਾ ਅਤੇ ਸਤਕਾਰਨਾ ਜੇ ।
੨੮੨
ਸਿਰੜ ਨਾਲ ਜੇ ਯੋਗ ਅਭਿਆਸ ਕਰੀਏ,
ਹਿਰਦੇ ਵਿਚ ਹੈ ਗਿਆਨ ਪਰਗਾਸ ਹੁੰਦਾ ।
ਜੇਕਰ ਯੋਗ ਅਭਿਆਸ ਨੂੰ ਛੱਡ ਦੇਈਏ,
ਫੇਰ ਗਿਆਨ ਦਾ ਸੱਤਿਆਨਾਸ ਹੁੰਦਾ ।
ਨਾਸ ਅਤੇ ਵਿਕਾਸ ਦੇ ਇਹ ਮਾਰਗ,
ਕਰ ਦੋਹਾਂ ਦੀ ਖੂਬ ਸਿਆਣ ਲਈਏ ।
ਫੇਰ ਇਹਨਾਂ ਤੇ ਇਸ ਤਰ੍ਹਾਂ ਪੈਰ ਧਰੀਏ,
ਵਿਕਸਤ ਆਪਣਾ ਕਰ ਗਿਆਨ ਲਈਏ ।
੨੮੩
ਜੰਗਲ ਕੱਟੀਏ ਸਾਰਾ ਹੀ ਖਾਹਿਸ਼ਾਂ ਦਾ,
ਇੱਕ-ਇੱਕ ਦਰਖਤ ਦਾ ਵੱਢਣਾ ਕੀ ।
ਏਸ ਜੰਗਲ ਤੋਂ ਹੁੰਦਾ ਹੈ ਡਰ ਪੈਦਾ,
ਏਸ ਜੰਗਲ ਨੂੰ ਵੱਢਣੋਂ ਛੱਡਣਾ ਕੀ ।
ਕੱਟ ਵੱਢ, ਉਖਾੜ ਕੇ ਵਣ ਸਾਰਾ,
ਮੁਕਤ ਖਾਹਿਸ਼ਾਂ ਤੋਂ ਤੁਸੀਂ ਹੋ ਜਾਓ ।
ਜਿਹੜ ਡਰ ਸੀ ਆਉਂਦਾ ਖਾਹਿਸ਼ਾਂ ਤੋਂ,
ਓਸ ਡਰ ਤੋਂ ਸੁਰਖਰੂ ਹੋ ਜਾਓ ।
੨੮੪
ਜਿੰਨਾ ਚਿਰ ਵੀ ਪੁਰਸ਼ ਦੇ ਦਿਲ ਅੰਦਰ,
ਰਾਈ ਭਰ ਰਹਿੰਦੀ ਤ੍ਰਿਸ਼ਨਾ ਨਾਰ ਦੀ ਏ ।
ਵਣ ਕੱਟਿਆਂ, ਜਿਵੇਂ ਇੱਕ ਰੁਖ ਬਾਕੀ,
ਹੋਂਦ-ਕਾਮਨਾ ਓਸ ਦੀ ਮਾਰਦੀ ਏ ।
ਜਿੰਨਾ ਚਿਰ ਵੀ ਕਿਸੇ ਦਾ ਮਨ ਰੁਕਿਆ,
ਰਹਿੰਦਾ ਮਾਰਿਆ ਲਾਲਸਾ-ਭੁੰਗਦਾ ਏ ।
ਓਨਾ ਚਿਰ ਓਹ ਇਉਂ ਨਿਰਬਲ ਹੁੰਦਾ,
ਬਾਲ ਮਾਤਾ ਦਾ ਦੁੱਧ ਜੋ ਚੁੰਘਦਾ ਏ ।
੨੮੫
ਸਰਦ ਰੁੱਤੇ ਜੀਕਰ "ਫੁੱਲ ਕਮਲਲਿਨੀ" ਦਾ,
ਪਕੜ ਹੱਥ ਦੇ ਨਾਲ ਭਰੂੱ ਲਈਏ ।
ਓਸੇ ਤਰ੍ਹਾਂ ਹੀ ਆਤਮ-ਸਨੇਹ ਤਾਈਂ,
ਆਪੇ ਅੰਦਰੋਂ ਬਾਹਰ ਧਰੂਹ ਲਈਏ ।
ਕੇਵਲ ਓਸੇ ਹੀ ਮਾਰਗ ਦੀ ਗੱਲ ਕਰੀਏ,
ਜਿਹੜਾ ਬੁੱਧ ਸੰਸਾਰ ਨੂੰ ਦੱਸਿਆ ਏ ।
ਐਸਾ ਬੁੱਧ ਜੋ ਗਿਆ ਨਿਰਵਾਣ ਮਾਰਗ,
ਅਤੇ ਜਾਏ ਅਨੰਤ ਵਿਚ ਵੱਸਿਆ ਏ ।
੨੮੬
'ਏਸ ਸਾਲ ਬਰਸਾਤ ਦੀ ਰੁੱਤ ਅੰਦਰ,
ਮੇਰਾ ਦਿਲ ਕਰਦਾ ਏਥੇ ਰਹਾਂਗਾ ਮੈਂ ।
ਆਉਣ ਵਾਲੀਆਂ ਸਰਦੀਆਂ ਗਰਮੀਆਂ ਵਿਚ,
ਜਾ ਕੇ ਅਮਕੇ ਸਥਾਨ ਤੇ ਬਹਾਂਗਾ ਮੈਂ' ।
ਜਿਹੜਾ ਕੋਈ ਵੀ ਸੋਚਦਾ ਰਹੇ ਏਦਾਂ,
ਕੱਚਾ ਅਕਲ ਦਾ ਮੂੜ੍ਹ ਇਨਸਾਨ ਹੁੰਦਾ ।
ਆਉਣ ਵਾਲਿਆਂ ਵਿਘਨਾਂ ਤੇ ਖਤਰਿਆਂ ਦਾ,
ਭੋਰਾ ਭਰ ਨਹੀਂ ਜਿਸ ਨੂੰ ਗਿਆਨ ਹੁੰਦਾ ।
੨੮੭-੨੮੮
ਵਿਸ਼ਿਆਂ ਵਿਚ ਜੋ ਪੁਰਸ਼ ਗ਼ਲਤਾਨ ਹੋਵੇ,
ਦੁੱਧ, ਪੁੱਤ ਦਾ ਮੋਹ ਜਦ ਪੈ ਜਾਏ,
ਹੜ੍ਹ ਰੋਹੜਦਾ ਜਿਵੇਂ ਹੈ ਪਿੰਡ ਸੁੱਤਾ,
ਮੌਤ ਉਹਨੂੰ ਘਸੀਟ ਕੇ ਲੈ ਜਾਏ ।
ਹੋਏ ਘਟੀ ਤਾਂ ਕੋਈ ਨਾ ਬਾਂਹ ਫੜਦਾ,
ਟਲਦੀ ਮੌਤ ਨਾ ਜਦੋਂ ਵੀ ਆਈ ਹੋਵੇ ।
ਪੁੱਤ, ਪਿਓ, ਮਾਤਾ, ਸਾਕ-ਸੈਣ ਕੋਈ,
ਨਾਹੀਂ ਆਖਰੀ ਸਮੇਂ ਸਹਾਈ ਹੋਵੇ ।
੨੮੯
ਹੋਵੇ ਘਟੀ ਤਾਂ ਕੋਈ ਨਾ ਬਾਂਹ ਫੜਦਾ,
ਟਲਦੀ ਮੌਤ ਨਾ ਜਦੋਂ ਵੀ ਆਈ ਹੋਵੇ ।
ਪੁੱਤ, ਪਿਓ, ਮਾਤਾ, ਰਿਸ਼ਤੇਦਾਰ ਕੋਈ,
ਨਹੀਂ ਆਖਰੀ ਵਕਤ ਸਹਾਈ ਹੋਵੇ ।
ਏਸ ਅਮਰ ਹਕੀਕਤ ਨੂੰ ਕੋਈ ਪੰਡਤ,
ਜਿਸ ਵੇਲੇ ਵੀ ਵੇਖ ਪਛਾਣਦਾ ਏ ।
ਬਿਨਾਂ ਦੇਰ ਲਾਇਆਂ ਸ਼ੀਲਵਾਨ ਹੋ ਕੇ,
ਕਰਦਾ ਰਾਹ ਉਹ ਸਾਫ਼ ਨਿਰਵਾਣ ਦਾ ਏ ।
ਅਧਿਆਏ ਇੱਕੀਵਾਂ
ਪਕਿੱਣਕ
ਪਕਿੱਣਕ (ਫੁਟਕਲ) ਵੱਗ ਵਿਚ ਵਿਭਿੰਨ ਵਿਸ਼ਿਆਂ ਬਾਰੇ ਨੈਤਿਕ ਉਪਦੇਸ਼ ਦਿੱਤੇ ਗਏ ਹਨ ।
੨੯੦-੨੯੧
ਥੋੜ੍ਹਾ ਸੁੱਖ ਤਿਆਗਿਆਂ ਕਦੇ ਜੇਕਰ,
ਬਾਹਲੇ ਸੁੱਖ ਦੇ ਮਿਲਣ ਦੀ ਆਸ ਹੋਵੇ ।
ਥੋੜ੍ਹੇ ਸੁੱਖ ਨੂੰ ਛੱਡ ਕੇ ਪਾਉਣ ਬਾਹਲਾ,
ਇਓਂ ਪੰਡਤਾਂ ਦਾ ਕਾਰਜ ਰਾਸ ਹੋਵੇ ।
ਦੁੱਖ ਦੇ ਕੇ ਕੋਈ ਜੋ ਹੋਰਨਾਂ ਨੂੰ,
ਰਹਿੰਦਾ ਆਪ ਨੂੰ ਸੁੱਖ ਦੀ ਆਸ ਕਰਦਾ ।
ਵੈਰ ਭਾਵਨਾ ਦੀ ਫਾਹੀ ਫੱਸ ਜਾਏ,
ਉਹਦਾ ਵੈਰ ਹੀ ਓਸਦਾ ਨਾਸ ਕਰਦਾ ।
੨੯੨-੨੯੩
ਜਿਹੜੇ ਚੰਗੇ ਕਰਤੱਬ ਨੂੰ ਛੱਡ ਬਹਿੰਦੇ,
ਅਤੇ ਮੰਦੇ ਕਰਤੱਬ ਨੂੰ ਪਾਲਦੇ ਨੇ ।
ਮਾਰੇ ਹੋਏ ਜੋ ਇਸ ਤਰ੍ਹਾਂ ਗ਼ਾਫ਼ਲੀ ਦੇ,
ਹੁੰਦੇ ਉਹ ਗੁਨਾਹਾਂ ਦੇ ਨਾਲ ਦੇ ਨੇ ।
ਰੱਖਣ ਮਨ ਦੀ ਮੈਲ ਨੂੰ ਜੋ ਚੇਤੇ,
ਮੰਦਾ ਕੋਈ ਕਰਤੱਬ ਜੋ ਨਹੀਂ ਕਰਦੇ ।
ਕਰਕੇ ਗ਼ਾਫ਼ਲੀ ਦੂਰ ਸੁਚੇਤ ਰਹਿੰਦੇ,
ਉਹਨਾਂ ਪੰਡਤਾਂ ਦੇ ਪਾਪ ਸਦਾ ਹਰਦੇ ।
੨੯੪-੨੯੫
ਮਾਈ ਬਾਪ ਜੋ ਤ੍ਰਿਸ਼ਨਾ-ਹੰਕਾਰ ਰੂਪੀ,
ਕੋਈ ਮੌਤ ਦੇ ਘਾਟ ਉਤਾਰ ਦੇਵੇ ।
ਜੜ੍ਹ-ਚੇਤਨ ਸਿਧਾਂਤ, ਜੋ ਦੋ ਰਾਜੇ,
ਸਣੇ ਮੋਹ ਤੇ ਰੂਪ ਦੇ ਮਾਰ ਦੇਵੇ ।
ਬਾਘ ਵਾਸ਼ਨਾ ਦਾ ਇਹਨਾਂ ਨਾਲ ਪੰਜਵਾਂ,
ਪੰਡਤ ਜੋ ਵੀ ਓਸ ਨੂੰ ਕੋਹ ਜਾਏ ।
ਤੁਰ ਕੇ ਪਰਮ-ਨਿਰਵਾਣ ਦੇ ਰਾਹ ਉੱਤੇ,
ਮੁਕਤ ਸਾਰਿਆਂ ਦੁੱਖਾਂ ਤੋਂ ਹੋ ਜਾਏ ।
੨੯੬-੨੯੭
ਦਿਨੇ ਰਾਤ ਜੋ ਬੁੱਧਾਂ ਦਾ ਧਿਆਨ ਧਰਦੇ,
ਏਸੇ ਧੁਨ ਵਿਚ ਵਕਤ ਲੰਘਾਉਂਦੇ ਨੇ ।
ਰਹਿਣ ਜਾਗਦੇ, ਦੂਰ ਉਹ ਗ਼ਾਫ਼ਿਲੀ ਤੋਂ,
ਸੱਚੇ ਗੌਤਮ ਦੇ ਭਗਤ ਅਖਵਾਉਂਦੇ ਨੇ ।
ਦਿਨੇ ਰਾਤ ਜੋ ਧਰਮ ਦਾ ਧਿਆਨ ਧਰ ਕੇ,
ਇਸੇ ਧੁਨ ਵਿਚ ਵਕਤ ਲੰਘਾਉਂਦੇ ਨੇ ।
ਰਹਿਣ ਜਾਗਦੇ, ਦੂਰ ਉਹ ਗ਼ਾਫ਼ਿਲੀ ਤੋਂ,
ਸੱਚੇ ਗੌਤਮ ਦੇ ਸ਼ਿਸ਼ ਕਹਾਉਂਦੇ ਨੇ ।
੨੯੮-੨੯੯
ਦਿਨੇ ਰਾਤ ਜੋ "ਸੰਘ" ਦਾ ਧਿਆਨ ਧਰਦੇ,
ਏਸੇ ਧੁਨ ਵਿਚ ਵਕਤ ਲੰਘਾਉਂਦੇ ਨੇ ।
ਰਹਿਣ ਜਾਗਦੇ, ਦੂਰ ਉਹ ਗ਼ਾਫ਼ਿਲੀ ਤੋਂ,
ਸੱਚੇ ਗੌਤਮ ਦੇ ਭਗਤ ਅਖਵਾਉਂਦੇ ਨੇ ।
ਕਾਂਇਆਂਗਤੀ ਦਾ ਨਿਸਦਿਨ ਜੋ ਧਿਆਨ ਧਰਦੇ,
ਏਸ ਧੁਨ ਵਿਚ ਵਕਤ ਲੰਘਾਉਂਦੇ ਨੇ ।
ਰਹਿਣ ਜਾਗਦੇ, ਦੂਰ ਉਹ ਗ਼ਾਫ਼ਿਲੀ ਤੋਂ,
ਸੱਚੇ ਗੌਤਮ ਦੇ ਸ਼ਿਸ਼ ਕਹਾਉਂਦੇ ਨੇ ।
੩੦੦-੩੦੧
ਦਿਨੇ ਰਾਤ "ਅਹਿੰਸਾ" ਦਾ ਧਿਆਨ ਕਰ ਕੇ,
ਏਸ ਧੁਨ ਵਿਚ ਵਕਤ ਲੰਘਾਉਂਦੇ ਨੇ ।
ਰਹਿਣ ਜਾਗਦੇ, ਦੂਰ ਉਹ ਗ਼ਾਫ਼ਿਲੀ ਤੋਂ,
ਸੱਚੇ ਗੌਤਮ ਦੇ ਭਗਤ ਸਦਾਉਂਦੇ ਨੇ ।
ਨਿਸ ਦਿਨ ਆਪੇ ਨੂੰ ਵੱਸ ਜੋ ਰਹਿਣ ਕਰਦੇ,
ਏਸੇ ਕਾਰ ਵਿਚ ਵਕਤ ਲੰਘਾਉਂਦੇ ਨੇ ।
ਜਾਗਰੂਕ ਓਹ ਦੂਰ ਨੇ ਗ਼ਾਫ਼ਿਲੀ ਤੋਂ,
ਸੱਚੇ ਗੌਤਮ ਦੇ ਸ਼ਿਸ਼ ਕਹਾਉਂਦੇ ਨੇ ।
੩੦੨
ਜਿਹੜੇ ਘਰ ਨਾ ਰਹਿਣ ਦੇ ਹੋਣ ਕਾਬਲ,
ਔਖਾ ਉਹਨਾਂ ਵਿਚ ਕਰਨ ਹੈ ਵਾਸ ਹੁੰਦਾ ।
ਛੱਡ ਜਾਣਾ ਵੀ ਘਰਾਂ ਨੂੰ ਬੜਾ ਮੁਸ਼ਕਿਲ,
ਔਖਾ ਵਿਚਰਨਾ ਵਿਚ ਸਨਿਆਸ ਹੁੰਦਾ ।
ਔਖਾ ਵੱਸਣਾ ਬੜਾ ਅਪਮਾਨ ਜਰ ਕੇ,
ਦੁੱਖ ਬਹੁਤ ਸੰਸਾਰ ਦੇ ਰਾਹੀਆਂ ਨੂੰ ।
ਭਟਕਣ ਮਾਰਗ ਸੰਸਾਰ ਦੀ ਤਜੇ ਜਿਹੜਾ,
ਕੱਟ ਜਾਏ ਉਹ ਦੁੱਖ ਦੀਆਂ ਫਾਹੀਆਂ ਨੂੰ ।
੩੦੩-੩੦੪
ਸ਼ੀਲਵਾਨ, ਸ਼ਰਧਾਲੂ ਤੇ ਸਾਊ, ਸੱਚਾ,
ਜਿਹੜਾ ਨੇਕੀ ਦੀ ਕਾਰ ਕਮਾਉਂਦਾ ਏ ।
ਓਸ ਪੁਰਸ਼ ਦਾ ਜੱਗ ਤੇ ਜੱਸ ਹੋਵੇ,
ਇੱਜ਼ਤ ਮਾਣ ਉਹ ਹਰ ਥਾਂ ਪਾਉਂਦਾ ਏ ।
ਬਰਫ਼ਾਂ ਢਕੇ ਪਹਾੜ ਹਿਮਾਲੀਆ ਜਿਉਂ,
ਚਾਨਣ ਸੰਤਾਂ ਦਾ ਦਿਸੇ ਚੁਫੇਰੇ ਦੇ ਵਿਚ ।
ਨਹੀਂ ਨੇੜਿਓਂ ਨਜ਼ਰ ਅਸੰਤ ਆਏ,
ਤੀਰ ਛਡਿਆ ਜਿਵੇਂ ਹਨੇਰੇ ਦੇ ਵਿਚ ।
੩੦੫
ਰਹੇ ਮਸਤ ਇਕੱਲਿਆਂ ਬੈਠ ਕੇ ਜੋ,
ਕਦੇ ਬੈਠਾ ਇਕੱਲਿਆਂ ਅੱਕਦਾ ਨਹੀਂ ।
ਇੱਕੋ ਸੇਜੇ ਇਕੱਲਿਆਂ ਰਹੇ ਸੌਂਦਾ,
ਕਦੇ ਭੌਂਦਿਆਂ ਫਿਰਦਿਆਂ ਥੱਕਦਾ ਨਹੀਂ ।
ਜਿਹੜਾ ਇਉਂ ਇਕਾਂਤ ਦੇ ਵਿਚ ਰਹਿ ਕੇ,
ਕਾਬੂ ਆਪਣੇ ਆਪ ਤੇ ਪਾਉਂਦਾ ਏ ।
ਰਹਿਕੇ ਉਹਨੂੰ ਇਕੱਲੇ ਨੂੰ ਵਿਚ ਜੰਗਲ,
ਲੁੱਤਫ਼ ਜ਼ਿੰਦਗੀ ਦਾ ਡਾਢਾ ਆਉਂਦਾ ਏ ।
ਅਧਿਆਏ ਬਾਈਵਾਂ
ਨਿਰਯ
ਨਿਰਯ (ਨਰਕ) ਵੱਗ ਵਿਚ ਮਨੁੱਖ ਨੂੰ ਅਜਿਹੇ ਪਾਪ ਕਰਮਾਂ ਤੋਂ ਖ਼ਬਰਦਾਰ ਕੀਤਾ ਗਿਆ ਹੈ , ਜਿਨ੍ਹਾਂ ਨਾਲ ਨਰਕ ਦੀ ਪ੍ਰਾਪਤੀ ਹੁੰਦੀ ਹੈ ।
੩੦੬-੩੦੭
ਸਿੱਧਾ ਨਰਕ ਨੂੰ ਜਾਏ ਜੋ ਝੂਠ ਬੋਲੇ,
ਮੁਨਕਰ ਹੋਣ ਕਰਕੇ ਬੇਈਮਾਨ ਹੁੰਦੇ ।
ਜਾਏ ਵਿਚ ਪਰਲੋਕ ਦੇ ਨੀਚ-ਕਰਮੀ,
ਪੈ ਕੇ ਦੋਜ਼ਖ਼ੀਂ ਇਕ-ਸਮਾਨ ਹੁੰਦੇ ।
ਪੀਲੇ ਕਪੜੇ ਗਲਾਂ ਵਿਚ ਪਾਈ ਫਿਰਦੇ,
ਸੰਜਮ ਹੀਣ ਅਧਰਮ ਦੀ ਕਾਰ ਕਰਦੇ ।
ਸਿੱਧੇ ਜਾਣ ਓਹ ਸੜਦਿਆਂ ਵਿਚ ਨਰਕਾਂ,
ਕੀਤੇ ਪਾਪ ਹੀ ਉਹਨਾਂ ਨੂੰ ਲੈ ਮਰਦੇ ।
੩੦੮
ਸੰਜਮ ਹੀਣ ਹੋ ਕੇ ਦੁਰਾਚਾਰ ਕਰਕੇ,
ਕਰਦਾ ਕਮਾਈ ਜੋ ਸ਼ਹਿਰ ਅੰਦਰ ।
ਏਸ ਪਾਪ ਦੀ ਖੱਟੀ ਦੇ ਚੌਲ ਹੁੰਦੇ,
ਬੁੱਝੇ ਹੋਏ ਸਮਝੋ ਮਾਰੂ ਜ਼ਹਿਰ ਅੰਦਰ ।
ਇਹਨਾਂ ਚੌਲਾਂ 'ਚੋਂ ਪਿੰਨੀਆਂ ਬਣਦੀਆਂ ਜੋ,
ਕਦੇ ਭੁੱਲ ਨਾ ਉਹਨਾਂ ਨੂੰ ਚੱਖੀਏ ਜੀ ।
ਓਹਦੇ ਨਾਲੋਂ ਤਾਂ ਚੰਗਾ ਹੈ ਲਾਟ ਵਰਗਾ,
ਭਖਦਾ ਲਹ-ਗੋਲਾ ਭਾਵੇਂ ਭੱਖੀਏ ਜੀ ।
੩੦੯
ਹੋਵੇ ਗ਼ਾਫ਼ਿਲੀ-ਮਾਰਿਆ ਪੁਰਸ਼ ਕੋਈ,
ਸੰਗ ਨਾਰ ਬਿਗਾਨੀ ਦਾ ਭਾਲਦਾ ਏ ।
ਚਾਰ ਮੰਦੀਆਂ ਗਤੀਆਂ ਦਾ ਬਣੇ ਭਾਗੀ,
ਪਾਪੀ ਕੋਈ ਨਾ ਓਸ ਦੇ ਨਾਲ ਦਾ ਏ ।
ਪੱਲੇ ਇੱਕ ਤਾਂ ਉਹਦੇ ਗੁਨਾਹ ਪੈਂਦਾ,
ਕਾਮ ਓਸ ਦੀ ਨੀਂਦ ਨਸਾਂਵਦਾ ਏ ।
ਮਿੱਟੀ ਓਸ ਦੀ ਪੁੱਜ ਪਲੀਤ ਤੀਜੀ,
ਚੌਥੇ, ਨਰਕ ਨੂੰ ਓਹ ਸਿਧਾਂਵਦਾ ਏ ।
੩੧੦
ਮੰਦਾ ਫਲ ਮਿਲਦਾ, ਮਿੱਟੀ ਵੱਖ ਬਲਦੀ,
ਮਾੜੀ ਗਤੀ ਤਕਦੀਰ ਮਨਹੂਸ ਹੁੰਦੀ ।
ਪਰ-ਇਸਤਰੀ ਸਹਿਮੀ ਤੇ ਡਰੀ ਹੋਈ ਤੋਂ,
ਖ਼ੁਸ਼ੀ ਡਰੇ ਨੂੰ ਘੱਟ ਮਹਿਸੂਸ ਹੁੰਦੀ ।
ਉਤੋਂ ਰਾਜ ਦਰਬਾਰ ਤੋਂ ਜੁਰਮ ਕਾਰਨ,
ਨਾਲ ਡੰਡਿਆਂ ਸਖ਼ਤ ਪਿਟਾਈ ਹੁੰਦੀ ।
ਇਸੇ ਕਰ ਕੇ ਹੈ ਕਥਨ ਸਿਆਣਿਆਂ ਦਾ,
ਪਾਪ ਰੂਪ ਹੈ ਨਾਰ ਪਰਾਈ ਹੁੰਦੀ ।
੩੧੧-੩੧੨
ਢੱਬ ਨਾਲ ਸੰਭਾਲ ਕੇ ਨਾ ਲਾਈਏ,
ਸੁੱਕਾ ਘਾਹ ਵੀ ਹੱਥ ਨੂੰ ਪੱਛਦਾ ਏ ।
ਠੀਕ ਤਰ੍ਹਾਂ ਨਾ "ਸੰਗਮ" ਵਿਚ ਰਲੇ ਜਿਹੜਾ,
ਓਹ ਨਰਕ ਦਾ ਰਾਹ ਹੀ ਕੱਛਦਾ ਏ ।
ਹੋਵੇ ਕਰਮ ਸਿਥੱਲ, ਵਰਤ ਮੈਲ ਭਰਿਆ,
ਹੋਵੇ ਬਿਨਾਂ ਉਤਸ਼ਾਹ ਦੇ ਬ੍ਰਹਮਚਾਰੀ ।
ਗੱਲਾਂ ਤਿੰਨੇ ਹੀ ਜਾਣੀਏਂ ਕੱਚੀਆਂ ਨੇ,
ਨਹੀਂ ਹੁੰਦੀਆਂ ਕਦੇ ਵੀ ਲਾਭਕਾਰੀ ।
੩੧੩-੩੧੪
ਧਾਰਨ ਦਿਓ ਉਹਨੂੰ ਸਿਰੜ ਹੌਸਲੇ ਥੀਂ,
ਜੇਕਰ ਕੋਈ ਸਨਿਆਸ ਨੂੰ ਚਾਂਹਵਦਾ ਏ ।
ਹੋਵੇ ਢਿਲਮਠ-ਯਕੀਨ ਜੋ ਸੰਨਿਆਸੀ,
ਫਿਰਦਾ ਐਵੇਂ ਓਹ ਖੇਹ ਉਡਾਂਵਦਾ ਏ ।
ਉੱਤਮ ਗੱਲ ਹੈ ਪਾਪ ਦਾ ਨਾ ਕਰਨਾ,
ਪਾਪੀ ਪਾਪ ਕਰ ਕੇ ਪੱਛੋਤਾਉਂਦਾ ਏ,
ਕਾਰਜ ਸਦਾ ਸਰੇਸ਼ਟ ਹੈ ਪੁੰਨ ਕਰਨਾ,
ਕਿਉਂਕਿ ਕਰਨ-ਹਾਰਾ ਸੁੱਖ ਪਾਉਂਦਾ ਏ ।
੩੧੫
ਜਿਵੇਂ ਰੱਖਿਆ ਦੇ ਪੱਖ ਤੋਂ ਬੜਾ ਤਕੜਾ,
ਬਾਹਰੋਂ ਅੰਦਰੋਂ ਸੀਮਾਂ ਦਾ ਸ਼ਹਿਰ ਹੁੰਦਾ ।
ਤਿਵੇਂ ਰੱਖਿਆ ਆਪੇ ਦੀ ਆਪ ਕਰੀਏ,
ਇਸ 'ਚ ਹੋਏ ਅਣਗਹਿਲੀ ਤਾਂ ਕਹਿਰ ਹੁੰਦਾ ।
ਇਕ ਛਿਨ ਵੀ ਕੋਈ ਜੇ ਖੁੰਝ ਜਾਏ,
ਲਾਂਭੇ ਰਾਹ ਤੋਂ ਕੋਹਾਂ ਤੇ ਜਾ ਪਇੰਦਾ ।
ਕੁੰਭੀ ਨਰਕ ਦੇ ਵਿਚ ਉਹ ਜਾ ਡਿੱਗੇ,
ਨਾਲ ਸ਼ੋਕ ਦੇ ਰਿੱਝਦਾ ਸਦਾ ਰਹਿੰਦਾ ।
੩੧੬
ਜਿਹੜੀ ਸ਼ਰਮ ਨਾ ਕਰਨ ਦੀ ਗੱਲ ਹੋਵੇ,
ਜਿਹੜੇ ਓਸ ਤੋਂ ਐਵੇਂ ਸ਼ਰਮਾਈ ਜਾਂਦੇ ।
ਜਿਹੜੀ ਸ਼ਰਮ ਕਰਨ ਵਾਲੀ ਜਿਹੜੀ ਥਾਂ ਹੋਵੇ,
ਓਥੇ ਵੇਚ ਕੇ ਸ਼ਰਮ ਜੋ ਖਾਈ ਜਾਂਦੇ ।
ਐਸੇ ਆਦਮੀ ਵਹਿਮ ਤੇ ਭਰਮ ਖਾਧੇ,
ਮਿਥਿਆ ਉਹਨਾਂ ਦਾ ਨੁਕਤਾ-ਨਿਗਾਹ ਹੁੰਦਾ ।
ਸਦਾ ਓਹਨਾਂ ਦੀ ਬੜੀ ਦੁਰਗਤੀ ਹੁੰਦੀ,
ਨਹੀਂ ਓਹਨਾਂ ਲਈ ਸੁੱਖ ਦਾ ਸਾਹ ਹੁੰਦਾ ।
੩੧੭
ਜਿਹੜੀ ਡਰਨ ਦੀ ਜ਼ਰਾ ਨਾ ਗੱਲ ਹੋਵੇ,
ਓਥੇ ਸਮਝ ਕੇ ਡਰ ਜੋ ਡਰ ਜਾਏ ।
ਜਿਹੜੀ ਥਾਂ ਉਤੋਂ ਆਉਣਾ ਡਰ ਚਾਹੀਏ,
ਓਸ ਥਾਂ ਤੇ ਹੋ ਨਿਡਰ ਜਾਂਦੇ ।
ਐਸੇ ਆਦਮੀ ਵਹਿਮ ਤੇ ਭਰਮ ਖਾਧੇ,
ਮਿਥਿਆ ਉਹਨਾਂ ਦਾ ਨੁਕਤਾ-ਨਿਗਾਹ ਹੁੰਦਾ ।
ਸਦਾ ਓਹਨਾਂ ਦੀ ਪੁੱਜ ਦੁਰਗਤੀ ਹੁੰਦੀ,
ਨਹੀਂ ਓਹਨਾਂ ਲਈ ਸੁੱਖ ਦਾ ਸਾਹ ਹੁੰਦਾ ।
੩੧੮
ਕੋਈ ਗੱਲ ਜੋ ਚਾਹੀਦੀ ਨਹੀਂ ਕਰਨੀ,
ਜਿਹੜੇ ਸਮਝਦੇ ਓਸ ਨੂੰ ਕਰਨ ਵਾਲੀ ।
ਜਿਹੜੀ ਗੱਲ ਪਰ ਕਰਨ ਦੇ ਯੋਗ ਹੋਵੇ,
ਜੋ ਨਾ ਸਮਝਦੇ ਓਸ ਨੂੰ ਕਰਨ ਵਾਲੀ ।
ਐਸੇ ਆਦਮੀ ਵਹਿਮ ਤੇ ਭਰਮ ਫਾਥੇ,
ਮਿਥਿਆ ਉਹਨਾਂ ਦਾ ਨੁਕਤਾ-ਨਿਗਾਹ ਹੁੰਦਾ ।
ਸਦਾ ਓਹਨਾਂ ਦੀ ਪੁੱਜ ਦੁਰਗਤੀ ਹੋਵੇ,
ਨਹੀਂ ਓਹਨਾਂ ਲਈ ਸੁੱਖ ਦਾ ਸਾਹ ਹੁੰਦਾ ।
੩੧੯
ਜਿਹੜੀ ਗੱਲ ਹੋਵੇ ਨਹੀਂ ਕਰਨ ਵਾਲੀ,
ਜੋ ਜਾਣ ਜਾਏ ਨਹੀਂ ਕਰਨ ਵਾਲੀ ।
ਜਿਹੜੀ ਗੱਲ ਹੋਵੇ ਕੀਤੀ ਜਾਣ ਵਾਲੀ,
ਜੋ ਜਾਣ ਜਾਏ ਹੈਗੀ ਕਰਨ ਵਾਲੀ ।
ਐਸੇ ਆਦਮੀ ਦਾ ਭਰਮ ਦੂਰ ਹੋਇਆ,
ਠੀਕ ਓਸ ਦਾ ਨੁਕਤਾ-ਨਿਗਾਹ ਹੁੰਦਾ ।
ਉੱਤਮ ਗਤੀ ਦਾ ਬਣੇ ਉਹ ਬਸ਼ਰ ਭਾਗੀ,
ਓਹਨੂੰ ਸੁੱਖ ਆਨੰਦ ਉਮਾਹ ਹੁੰਦਾ ।
ਅਧਿਆਏ ਤੇਈਵਾਂ
ਨਾਗ
ਨਾਗ (ਹਾਥੀ) ਵੱਗ ਵਿਚ ਨਿੰਦਿਆ ਰੂਪੀ ਬਾਣ ਸਹਿ ਕੇ ਵੀ ਹਾਥੀ ਵਾਂਗ ਸਥਿਰ ਤੇ ਅਡਿੱਗ ਰਹਿਣ ਦੀ ਸਿੱਖਿਆ ਦਿੱਤੀ ਗਈ ਹੈ ।
੩੨੦
ਹਾਥੀ ਜੰਗ ਦੇ ਗਰਮ ਮੈਦਾਨ ਅੰਦਰ,
ਫਿਰਕੇ ਵੈਰੀ ਦੇ ਦਲਾਂ ਨੂੰ ਗਾਹ ਕਰਦਾ ।
ਸ਼ੂਕਣ ਤੀਰ ਕਮਾਨਾਂ ਚੋਂ ਲੱਖ ਭਾਵੇਂ,
ਰੱਤੀ ਭਰ ਨਹੀਂ ਉਹ ਪਰਵਾਹ ਕਰਦਾ ।
ਓਸੇ ਤਰ੍ਹਾਂ ਹੀ ਗਾਲੀਆਂ ਬੋਲ ਮੰਦੇ ।
ਸੁਣ ਕੇ ਟਾਲਦਾ ਅਤੇ ਸਹਾਰਦਾ ਹੈ ।
'ਗਿਣਤੀ ਬਾਹਲੀ ਜ਼ਬਾਨ ਦੇ ਭੈੜਿਆਂ ਦੀ',
ਇਸੇ ਗੱਲ ਨੂੰ ਸਦਾ ਵਿਚਾਰਦਾ ਹੈ ।
੩੨੧
ਜਿਹੜਾ ਕਿਸੇ ਨੇ ਹੋਏ ਸਿਧਾਇਆ ਹਾਥੀ,
ਓਹੀ ਜਾਂਦਾ ਹੈ ਫੌਜੀ ਕਮਾਨ ਦੇ ਨਾਲ ।
ਉਹਦੇ ਉੱਪਰ ਹੀ ਰਾਜਾ ਅਸਵਾਰ ਹੋ ਕੇ,
ਚੜ੍ਹਦਾ ਜੰਗ ਨੂੰ ਹੈ ਸ਼ਾਹੀ ਸ਼ਾਨ ਦੇ ਨਾਲ ।
ਓਸੇ ਤਰ੍ਹਾਂ ਹੈ ਸ਼ਾਨ ਉਸ ਆਦਮੀ ਦੀ,
ਕਰ ਆਪਣਾ ਆਪ ਜੋ ਵੱਸ ਛੱਡਦਾ ।
ਸੁਣ ਕੇ ਮੰਦਿਆਂ ਬੋਲਾਂ ਤੇ ਗਾਲੀਆਂ ਨੂੰ,
ਗੁੱਸਾ ਨਹੀਂ ਕਰਦਾ, ਸਗੋਂ ਹੱਸ ਛੱਡਦਾ ।
੩੨੨
ਓਸੇ ਖੱਚਰ ਨੂੰ ਸਮਝਦੇ ਲੋਕ ਵਧੀਆ,
ਜਿਸ ਨੂੰ ਕਿਸੇ ਨੇ ਠੀਕ ਸਿਧਾਇਆ ਹੋਵੇ ।
ਓਸੇ ਘੋੜੇ ਦਾ ਪਾਰਖੂ ਮੁੱਲ ਪਾਉਂਦੇ,
ਚੰਗੀ ਨਸਲ ਦਾ ਜੰਮਿਆਂ ਜਾਇਆ ਹੋਵੇ ।
ਵਿਚ ਹਾਥੀਆਂ ਦੇ 'ਮਹਾਂ-ਨਾਗ' ਸੋਹੇ,
ਕੋਈ ਹੋਰ ਹਾਥੀ ਓਹਦੀ ਚਾਲ ਦਾ ਨਹੀਂ ।
ਓਸੇ ਤਰ੍ਹਾਂ ਹੀ ਆਪੇ ਨੂੰ ਸਾਧਿਆ ਜਿਸ,
ਉੱਤਮ ਆਦਮੀ ਓਸ ਦੇ ਨਾਲ ਦਾ ਨਹੀਂ ।
੩੨੩
ਪਦਵੀ ਪਾਉਣੀ ਨਿਰਵਾਣ ਦੀ ਬੜੀ ਔਖੀ,
ਕੋਈ ਵਿਰਲਾ ਹੀ ਓਸ ਨੂੰ ਪਾ ਸਕਦਾ ।
ਚੜ੍ਹ ਕੇ ਔੜਿਆਂ, ਖੱਚਰਾਂ ਹਾਥੀਆਂ ਤੇ,
ਏਸ ਮੰਜ਼ਿਲ ਦੇ ਵੱਲ ਨਹੀਂ ਜਾ ਸਕਦਾ ।
ਕੇਵਲ ਸੰਜਮੀ ਹੋਏ ਤੇ ਕਰੇ ਸੰਜਮ,
ਵਸ ਆਪਣੇ ਆਪ ਨੂੰ ਕਰ ਜਾਏ ।
ਤੁਰੇ ਓਹ ਨਿਰਵਾਣ ਦੇ ਰਾਹ ਉੱਪਰ,
ਮੰਜ਼ਿਲ ਆਪਣੀ ਕਰ ਉਹ ਸਰ ਜਾਏ ।
੩੨੪
ਕੁੰਚਰ 'ਧਨ ਪਾਲਕ' ਬੜੇ ਬਲ ਵਾਲਾ,
ਜਿਹੜਾ ਫੌਜਾਂ ਨੂੰ ਮਾਰ ਭਜਾਉਂਦਾ ਏ ।
ਉਸ ਨੂੰ ਰੋਕਣਾ ਬੜਾ ਹੀ ਹੋਏ ਮੁਸ਼ਕਿਲ,
ਜਦੋਂ ਕਾਮ ਦੇ ਵੇਗ ਵਿਚ ਆਉਂਦਾ ਏ ।
ਜੇਕਰ ਨੂੜ ਕੇ ਓਸ ਨੂੰ ਸੁੱਟ ਲਈਏ,
ਚੌਲ-ਚਾਰੇ ਨੂੰ ਮੂੰਹ ਉਹ ਲਾਉਂਦਾ ਨਹੀਂ ।
ਲੱਥੇ ਹੇਰਵਾ ਹਾਥੀਆਂ ਸਾਥੀਆਂ ਦਾ,
ਹਾਥੀ ਵਣ ਦੀ ਸ਼ਾਨ ਭੁਲਾਉਂਦਾ ਨਹੀਂ ।
੩੨੫
ਕਣਕ ਖਾ ਕੇ ਫਿਟੇ ਹੋਏ ਸੂਰ ਵਾਂਗਰ,
ਪੇਟੂ ਭੈੜੇ ਡਕਾਰ ਜੋ ਮਾਰਦਾ ਏ,
ਮੀਟ ਅੱਖੀਆਂ ਊਂਘਦਾ ਰਹੇ ਜਿਹੜਾ,
ਪਾਸੇ ਬਿਸਤਰੇ ਤੇ ਰਹਿੰਦਾ ਮਾਰਦਾ ਏ ।
ਹੋਵੇ ਆਦਮੀ ਆਲਸੀ ਇਉਂ ਜੋ ਵੀ,
ਮਨ ਓਸ ਦਾ ਸੋਚਣ ਤੋਂ ਰਹਿ ਜਾਏ ।
ਖਹਿੜਾ ਛੱਡਦਾ ਨਹੀਂ ਹੈ ਦੁੱਖ ਉਹਦਾ,
ਜੰਮਣ ਮਰਨ ਦੇ ਗੇੜ ਵਿਚ ਪੈ ਜਾਏ ।
੩੨੬
ਪਹਿਲਾਂ ਅੱਜ ਤੋਂ ਇਹ ਚੰਚਲ ਚਿੱਤ ਮੇਰਾ,
ਰਹਿੰਦਾ ਆਪਣੀ ਮਰਜ਼ੀ ਨਾਲ ਭਟਕਦਾ ਸੀ ।
ਜਿਧਰ ਦਿਲ ਕਰਦਾ, ਓਧਰ ਉੱਡ ਜਾਂਦਾ,
ਕੋਈ ਮੋੜਦਾ ਇਹਨੂੰ ਨਾ ਹਟਕਦਾ ਸੀ ।
ਚੰਗੀ ਤਰ੍ਹਾਂ ਮੈਂ ਕਰਾਂ ਪਰ ਵੱਸ ਇਹਨੂੰ,
ਕਰਨ ਦਿਆਂ ਨਾ ਏਸ ਨੂੰ ਮਨ ਆਈ ।
ਮਸਤ ਹਾਥੀ ਨੂੰ ਸਿਰ ਤੇ ਜਿਵੇਂ ਕੁੰਡਾ,
ਦੇਵੇ ਵੱਸ ਤੋਂ ਬਾਹਰ ਨਾ ਜਾਣ ਰਾਈ ।
੩੨੭
ਆਲਸ ਝਾੜ ਕੇ ਸਦਾ ਪਰਸੰਨ ਰਹੀਏ,
ਏਸ ਗੱਲ ਨੂੰ ਕਦੇ ਵਿਸਾਰੀਏ ਨਾ ।
ਕਰੀਏ ਆਪਣੇ ਮਨ ਦੀ ਨਿੱਤ ਰਾਖੀ,
ਇਹਨੂੰ ਛੱਡ ਖੁੱਲ੍ਹਾ ਬਾਜ਼ੀ ਹਾਰੀਏ ਨਾ ।
ਕੋਈ ਹਾਥੀ ਜਿਉਂ ਦਲਦਲ ਦੇ ਵਿਚ ਫਸਿਆ,
ਜਿਸਮ ਆਪਣਾ ਜ਼ੋਰ ਨਾਲ ਪੁੱਟ ਜਾਏ,
ਓਸ ਤਰ੍ਹਾਂ ਹੀ ਚਾਹੀਦਾ ਆਦਮੀ ਨੂੰ,
ਜ਼ੋਰ ਮਾਰ ਕੇ ਪਾਪਾਂ ਤੋਂ ਛੁੱਟ ਜਾਏ ।
੩੨੮
ਐਸਾ ਕੋਈ ਸਾਥੀ ਜੇਕਰ ਮਿਲੇ ਤੈਨੂੰ,
ਕੋਟ ਅਕਲ ਦਾ ਅਤੇ ਹੁਸ਼ਿਆਰ ਹੋਵੇ ।
ਚੰਗੀ ਜ਼ਿੰਦਗੀ ਭੋਗਦਾ ਖ਼ੁਸ਼ੀ ਰਹਿੰਦਾ,
ਨਾਲ ਤੁਰਨ ਲਈ ਤੇਰੇ ਤਿਆਰ ਹੋਵੇ ।
ਸਾਰੇ ਵਿਘਨ ਅੰਦੇਸੜੇ ਦੂਰ ਕਰ ਕੇ,
ਉਹਦੇ ਨਾਲ ਤੂੰ ਕਦਮ ਮਿਲਾਈ ਚੱਲੀਂ ।
ਪੂਰੀ ਸਮਝ ਤੇ ਹੌਸਲੇ ਨਾਲ ਭਿਖਸ਼ੂ,
ਉਹਦੇ ਨਾਲ ਤੂੰ ਸਾਥ ਨਿਭਾਈ ਚੱਲੀਂ ।
੩੨੯
ਗਜਰਾਜ ਜਿਉਂ ਵਣਾਂ ਦੇ ਵਿਚ ਫਿਰਦਾ,
ਖੁੱਲ੍ਹਾਂ ਪੂਰੀਆਂ ਪੂਰੀਆਂ ਮਾਣਦਾ ਏ ।
ਰਾਜ ਹਾਰਿਆ ਜਿਸ ਤਰ੍ਹਾਂ ਕੋਈ ਰਾਜਾ,
ਫਿਰਦਾ ਜੰਗਲਾਂ ਦੀ ਖੇਹ ਛਾਣਦਾ ਏ ।
ਓਸੇ ਤਰ੍ਹਾਂ ਹੀ ਤੂੰ ਨਿਸ਼ੰਗ ਹੋ ਕੇ,
ਤੈਨੂੰ ਜੇਕਰਾਂ ਨਾ ਪਾਰਾਵਾਰ ਮਿਲਦਾ,
ਤੁਰ ਪਈਂ ਇਕੱਲਾ ਸੁਚੇਤ ਹੋ ਕੇ,
ਸਿਆਣਾ ਜੇ ਨਾ ਰਾਹ ਦਾ ਯਾਰ ਮਿਲਦਾ ।
੩੩੦
ਹੁੰਦਾ ਨਹੀਂ ਅੰਞਾਣੇ ਦਾ ਸਾਥ ਚੰਗਾ,
ਉਹ ਤਾਂ ਕਦੇ ਨਾ ਪੂਰੀਆਂ ਪਾਉਂਦਾ ਏ ।
ਚੰਗਾ ਓਸ ਤੋਂ ਤੁਰਨ ਇਕੱਲਿਆਂ ਹੀ,
ਸਾਥ ਮੂੜ੍ਹ ਦਾ ਰਾਸ ਨਾ ਆਉਂਦਾ ਏ ।
ਖੁੱਲ੍ਹਾ , ਘੁੰਮਦਾ ਜੰਗਲੀ ਜਿਵੇਂ ਹਾਥੀ,
ਚਾਹੀਏ ਘੁੰਮਣਾਂ ਓਦਾਂ ਹੀ ਲਟਕ ਦੇ ਨਾਲ ।
ਕਰੀਏ ਪਾਪ ਨਾ, ਸਦਾ ਸੁਚੇਤ ਰਹੀਏ,
ਤੁਰੀਏ ਫੇਰ ਭਾਵੇਂ ਕੱਲੇ ਮਟਕ ਦੇ ਨਾਲ ।
੩੩੧
ਕੰਮ ਪੈਣ ਉੱਪਰ ਜਿਹੜੇ ਬਹੁੜਦੇ ਨੇ,
ਮਿੱਤਰ ਲੱਗਦੇ ਬੜੇ ਹੀ ਸੁੱਖਦਾਈ ।
ਕਾਰਨ ਸੁੱਖ ਦਾ ਸਬਰ ਸੰਤੋਖ ਹੁੰਦਾ,
ਕਰੀਏ ਏਸ ਦੇ ਵਿਚ ਨਾ ਸ਼ੱਕ ਰਾਈ ।
ਸੁਖੀ ਪੁੰਨ ਰੱਖਣ ਮੌਤ ਆਈ ਪਿੱਛੋਂ,
ਜਦੋਂ ਵਿਚ ਪਰਲੋਕ ਦੇ ਵਾਸ ਹੁੰਦਾ ।
ਅਸਲ ਸੁੱਖ ਆਨੰਦ ਹੈ ਓਸ ਵੇਲੇ,
ਜਦੋਂ ਸਗਲ ਸੰਤਾਪ ਦਾ ਨਾਸ ਹੁੰਦਾ ।
੩੩੨-੩੩੩
ਕਰੀਏ ਸੇਵਾ ਜੇ ਆਪਣੇ ਮਾਪਿਆਂ ਦੀ,
ਘਰ ਆਪਣੇ ਸੁੱਖ ਤਦ ਵੱਸਦਾ ਏ ।
ਖ਼ੁਸ਼ੀ ਬੜੀ ਸੰਨਿਆਸ ਦੇ ਵਿਚ ਹੋਵੇ,
ਸੁੱਖ ਸਦਾ ਨਿਸ਼-ਪਾਪ ਤੇ ਹੱਸਦਾ ਏ ।
ਬਿਰਧ ਹੋ ਕੇ ਵੀ ਸ਼ੀਲਵਾਨ ਰਹਿਣਾ,
ਸ਼ਰਧਾ ਹੋਏ ਅਡੋਲ ਤਾਂ ਸੁਖਦਾਈ ।
ਸੁੱਖ ਦਵੇ ਗਿਆਨ-ਗ੍ਰਹਿਣ ਕਰਨਾ,
ਮੁੱਖ ਪਾਪ ਤੋਂ ਮੋੜਨਾ ਸੁਖਦਾਈ ।
ਅਧਿਆਏ ਚੌਬੀਵਾਂ
ਤਞਹਾ
ਤਞਹਾ (ਤ੍ਰਿਸ਼ਨਾ) ਵੱਗ ਵਿਚ ਤ੍ਰਿਸ਼ਨਾ ਨੂੰ ਜੜ੍ਹੋਂ ਉਖਾੜ ਸੁਟਣ ਦਾ ਉਪਦੇਸ਼ ਦਿੱਤਾ ਗਿਆ ਹੈ ।
੩੩੪
ਜਿਹੜਾ ਗ਼ਾਫ਼ਲੀ ਕਰੇ ਇਖ਼ਲਾਕ ਵੱਲੋਂ,
ਤ੍ਰਿਸ਼ਨਾ ਓਸ ਨੂੰ ਇਓਂ ਦਬੱਲਦੀ ਏ ।
ਅਮਰ ਵੇਲ ਜਿਓਂ ਬੇਰੀ ਦੇ ਰੁੱਖ ਉੱਤੇ,
ਪਾਉਂਦੀ ਜੜ੍ਹ ਤੇ ਫੈਲਦੀ ਮੱਲਦੀ ਏ ।
ਓਹ ਆਦਮੀ ਇਕ ਤੋਂ ਥਾਂ ਦੂਜੀ,
ਰਹਿੰਦਾ, ਦੌੜਦਾ, ਭਟਕਦਾ ਡੋਲਦਾ ਏ ।
ਜਿਵੇਂ ਸੰਘਣੇ ਜੰਗਲ ਦੇ ਵਿਚ ਬਾਂਦਰ,
ਭੁੜਕ ਨੱਸ ਕੇ ਫਲਾਂ ਨੂੰ ਫੋਲਦਾ ਏ ।
੩੩੫
ਕਾਲੇ ਮੂੰਹ ਵਾਲੀ ਭੈੜੀ ਨੀਚ ਤ੍ਰਿਸ਼ਨਾ,
ਜਦੋਂ ਆਪਣੀ ਆਈ ਤੇ ਆਉਂਦੀ ਏ ।
ਚੰਬੜ ਫੈਲ ਕੇ ਏਸ ਸੰਸਾਰ ਅੰਦਰ,
ਜਿਸ ਆਦਮੀ ਤੇ ਗਲਬਾ ਪਾਉਂਦੀ ਏ ।
ਕਰਨ ਓਸ ਤੇ ਸਾਰੇ ਸੰਤਾਪ ਧਾਵਾ,
ਇਓਂ ਦੁਖੀ ਓਹਦਾ ਸਾਹ ਸਾਹ ਹੋਵੇ ।
ਜਿਵੇਂ ਰੁੱਤ ਬਰਸਾਤ ਦੀ ਤਿੜ੍ਹਾਂ ਵਾਲਾ,
ਹਰ ਪਾਸੇ ਵੱਲ ਉੱਗਿਆ ਘਾਹ ਹੋਵੇ ।
੩੩੬
ਕਾਲੇ ਮੂੰਹ ਵਾਲੀ ਭੈੜੀ ਨੀਚ ਤ੍ਰਿਸ਼ਨਾ,
ਹੁੰਦਾ ਬੜਾ ਔਖਾ ਜਿਸ ਨੂੰ ਮਾਰਨਾ ਈਂ ।
ਜਿਹੜਾ ਏਸ ਬਲਾ ਤੇ ਪਾਏ ਕਾਬੂ,
ਓਹਨੇ ਆਪਣਾ ਕਾਜ ਸਵਾਰਨਾ ਈਂ ।
ਓਹਨੂੰ ਫ਼ਿਕਰ ਨਾ ਕੋਈ ਸੰਸਾਰ ਅੰਦਰ,
ਦੁੱਖ ਇਸ ਤਰ੍ਹਾਂ ਲਾਗਿਓਂ ਢਿਲਕ ਜਾਏ,
ਕੌਲ ਫੁੱਲ ਦੀ ਪੱਤੀ ਤੇ ਪੈਣ ਵਾਲਾ,
ਤੁਬਕਾ ਪਾਣੀ ਦਾ ਜਿਸ ਤਰ੍ਹਾਂ ਤਿਲਕ ਜਾਏ ।
੩੩੭
ਜਿਹੜੇ ਚੱਲ ਕੇ ਆਏ ਹੋ ਤੁਸੀਂ ਏਥੇ,
ਇਕ ਗੱਲ ਆਖਾਂ ਜਿਸ ਤੇ ਜੁੱਟ ਜਾਓ ।
ਜਿਵੇਂ ਘਾਹ ਨੂੰ ਜੜ੍ਹਾਂ ਤੋਂ ਪੁੱਟਦੇ ਨੇ,
ਤੁਸੀਂ ਮਨਾਂ 'ਚੋਂ ਤ੍ਰਿਸ਼ਨਾ ਨੂੰ ਪੁੱਟ ਜਾਓ ।
ਇਹ ਗੱਲ ਕਲਿਆਣ ਨਿਰਵਾਣ ਦੀ ਏ,
ਪੱਲੇ ਬੰਨ੍ਹਣੀ ਚਾਹੀਦੀ ਦਾਨਿਆਂ ਨੂੰ ।
ਤੋੜਨ ਦਿਓ ਨਾ ਮਾਇਆ ਨੂੰ ਇਓਂ ਆਪਾ,
ਵਹਿਣ ਭੰਨਦਾ ਜਾਏ ਜਿਓਂ ਕਾਨਿਆਂ ਨੂੰ ।
੩੩੮
ਕਿਸੇ ਰੁੱਖ ਨੂੰ ਛਾਂਗੀਏ ਸੌ ਵਾਰੀ,
ਤਣਾ, ਡਾਹਣਿਆਂ ਦੇ ਸਣੇ ਵੱਢ ਦਈਏ ।
ਮੁੜਕੇ ਝੱਟ ਹੀ ਉਹ ਹੈ ਪੁੰਗਰ ਆਉਂਦਾ,
ਜੇਕਰ ਜੜ੍ਹ ਜ਼ਮੀਨ ਵਿਚ ਛੱਡ ਦਈਏ ।
ਓਸੇ ਤਰ੍ਹਾਂ ਹੀ ਸਮਝੀਏ ਆਦਮੀ ਜੋ,
ਤ੍ਰਿਸ਼ਨਾ ਜੜ੍ਹਾਂ ਤੋਂ ਖਿੱਚ ਕੇ ਪੁੱਟਦਾ ਨਹੀਂ ।
ਮੁੜ ਮੁੜ ਲੱਗਦੇ ਰੋਗ-ਸੰਤਾਪ ਉਸ ਨੂੰ,
ਖਹਿੜਾ ਦੁੱਖਾਂ ਤੋਂ ਓਸਦਾ ਛੁੱਟਦਾ ਨਹੀਂ ।
੩੩੯-੩੪੦
ਜੀਹਦੇ ਛੱਤੀ ਸਰੋਤ ਨੇ ਪਏ ਵਹਿੰਦੇ,
ਵੱਲ ਸੋਹਣੀਆਂ ਚੀਜ਼ਾਂ ਪਿਆਰੀਆਂ ਦੇ ।
ਤ੍ਰਿਸ਼ਨਾ ਮੋਹ ਨੇ ਓਸ ਨੂੰ ਰੋਹੜ ਖੜਦੇ,
ਵਿਚ ਖੋਲਿਆਂ, ਖੱਡਾਂ, ਖਵਾਰੀਆਂ ਦੇ ।
ਇਹ ਸਾਰੇ ਸਰੋਤ ਨੇ ਵਹੀ ਜਾਂਦੇ,
ਅਮਰ ਵੇਲ ਹਰ ਪਾਸਿਓਂ ਫੁੱਟਦੀ ਏ ।
ਜੜ੍ਹਾਂ ਪੁੱਟੀਏ ਉਹਦੀਆਂ ਗਿਆਨ ਦੇ ਨਾਲ,
ਤਾਂਹੀਓਂ ਜਾਨ ਅਜ਼ਾਬ ਤੋਂ ਛੁੱਟਦੀ ਏ ।
੩੪੧
ਖਾਰੇ ਤ੍ਰਿਸ਼ਨਾ ਦੇ ਪਿਆਰੇ ਨੇ ਪਰਾਣੀਆਂ ਨੂੰ,
ਬੜੇ ਮਨ ਮੋਹਣੇ ਮਿੱਠੇ ਲੱਗਦੇ ਨੇ ।
ਜਿਹੜੇ ਐਸ਼ ਦੀ ਭਾਲ ਵਿਚ ਫਿਰਨ ਭਉਂਦੇ,
ਇਹ ਉਹਨਾਂ ਨੂੰ ਫਾਹੁੰਦੇ ਠੱਗਦੇ ਨੇ ।
ਐਸੇ ਤ੍ਰਿਸ਼ਨਾ ਦੇ ਚੱਕਰ ਵਿਚ ਜੋ ਫਾਥੇ,
ਜਾਂਦੇ ਰੁੜ੍ਹੀ ਉਹ ਜ਼ਰਾ ਨਾ ਥੰਮਦੇ ਨੇ ।
ਦੁੱਖ ਜੱਗ ਦਾ ਉਹਨਾਂ ਨੂੰ ਮਾਰਦਾ ਏ,
ਵਾਰ ਵਾਰ ਉਹ ਵਿਣਸਦੇ ਜੰਮਦੇ ਨੇ ।
੩੪੨-੩੪੩
ਲੱਗੇ ਵੇਖ ਕੇ ਪਿੱਛੇ ਸ਼ਿਕਾਰੀਆਂ ਨੂੰ,
ਸੈਹਾ ਦੌੜਦਾ ਹੈ ਜਿਵੇਂ ਜ਼ੋਰ ਦੇ ਨਾਲ ।
ਓਸੇ ਤਰ੍ਹਾਂ ਹੀ ਤ੍ਰਿਸ਼ਨਾ ਦੇ ਮਗਰ ਪ੍ਰਾਣੀ,
ਫਿਰਦਾ ਨੱਸਦਾ ਜ਼ੋਰ ਤੇ ਸ਼ੋਰ ਦੇ ਨਾਲ ।
ਉਹ ਜਕੜਿਆ ਮਨ ਦੇ ਬੰਧਨਾਂ ਵਿਚ,
ਸਦਾ ਦੁੱਖ ਹੀ ਦੁੱਖ ਉਠਾਈ ਜਾਵੇ ।
ਇਸੇ ਲਈ ਹੀ ਭਿਖਸ਼ੂ ਨੂੰ ਚਾਹੀਦਾ ਹੈ,
ਦੂਰ ਤ੍ਰਿਸ਼ਨਾ ਨੂੰ ਮਨੋਂ ਹਟਾਈ ਜਾਵੇ ।
੩੪੪
ਜਿਹੜਾ ਆਦਮੀ ਤੋੜ ਕੇ ਬੰਧਨਾਂ ਨੂੰ,
ਧਾਰਨ ਖ਼ੁਸ਼ੀ ਦੇ ਨਾਲ ਸੰਨਿਆਸ ਕਰਦਾ ।
ਉਹ ਮੋਹ ਸੰਸਾਰ ਦਾ ਤਿਆਗ ਦਿੰਦਾ,
ਵਿਚ ਜੰਗਲਾਂ ਦੇ ਜਾ ਕੇ ਵਾਸ ਕਰਦਾ ।
ਜੇਕਰ ਫੇਰ ਵੀ ਛੱਡ ਕੇ ਜੰਗਲਾਂ ਨੂੰ,
ਓਹ ਵੱਲ ਸੰਸਾਰ ਦੇ ਆਉਂਦਾ ਏ ।
ਸਮਝੋ ਓਹ ਤਾਂ ਫਾਹੀ ਤੋਂ ਮੁਕਤ ਹੋ ਕੇ,
ਫੇਰ ਫਾਹੀ ਵਿਚ ਧੌਣ ਫਸਾਉਂਦਾ ਏ ।
੩੪੫
ਬਣੇ ਹੋਣ ਸਨੁਕੜੇ ਦੇ ਰੱਸਿਆਂ ਦੇ,
ਬੰਧਨ ਹੋਣ ਭਾਵੇਂ ਲੋਹੇ ਲੱਕੜੀ ਦੇ ।
ਪੰਡਤ ਓਹਨਾਂ ਨੂੰ ਕਦੇ ਨਾ ਕਹਿਣ ਪੱਕੇ,
ਸਗੋਂ ਸਮਝਦੇ ਤਾਰ ਨੇ ਮੱਕੜੀ ਦੇ ।
ਜੜੇ ਮੋਤੀਆਂ ਨਾਲ ਜੋ ਕੁੰਡਲਾਂ ਨੂੰ,
ਅਤੇ ਵਹੁਟੀਆਂ ਪੁੱਤਰਾਂ ਪਿਆਰਦੇ ਨੇ ।
ਓਸ ਮੋਹ ਪਿਆਰ ਨੂੰ ਕਹਿਣ ਪੰਡਤ,
ਬੰਧਨ ਇਹੀ ਤਾਂ ਅਸਲ ਵਿਚ ਸਾਰ ਦੇ ਨੇ ।
੩੪੬
ਮਾਇਆ ਮੋਹ ਤੇ ਧਨ ਦੇ ਬੰਧਨਾਂ ਨੂੰ,
ਪੱਕਾ ਬਹੁਤ ਹੀ ਪੰਡਤ ਬਖਾਣਦੇ ਨੇ ।
ਪੀਡੇ, ਛਲੀਏ ਤੇ ਹੇਠ ਨੂੰ ਧੂਹਣ ਵਾਲੇ,
ਲੱਛਣ ਇਹਨਾਂ ਦੇ ਖੂਬ ਪਛਾਣਦੇ ਨੇ ।
ਤੋੜ ਭੰਨ ਕੇ ਇਹੋ ਜਿਹੇ ਬੰਧਨਾਂ ਨੂੰ,
ਪੰਡਤ ਲੋਕ ਆਜ਼ਾਦੀਆਂ ਮਾਣਦੇ ਨੇ ।
ਝੰਜਟ-ਕਾਮ ਦੇ ਸਭ ਤਿਆਗ ਦਿੰਦੇ,
ਪੈਂਦੇ ਤੁਰ ਉਹ ਰਾਹ ਨਿਰਵਾਣ ਦੇ ਨੇ ।
੩੪੭
ਤ੍ਰਿਸ਼ਨਾ ਮਾਇਆ ਦੇ ਵਿਚ ਗ਼ਲਤਾਨ ਜਿਹੜੇ,
ਇਓਂ ਡਿਗਦੇ ਆਪਣੀ ਝਾਲ ਅੰਦਰ ।
ਜਿਵੇਂ ਮੱਕੜੀ ਘਾਤ ਵਿਚ ਹੋਈ ਬੈਠੀ,
ਜਾਂਦੀ ਫਸ ਹੈ ਆਪਣੇ ਜਾਲ ਅੰਦਰ ।
ਸੋਝੀ ਆਏ ਤਾਂ ਤੋੜ ਕੇ ਬੰਧਨਾਂ ਨੂੰ,
ਪੰਡਤ ਜਾਲ ਤਾਈਂ ਤਾਰ ਤਾਰ ਕਰਦੇ ।
ਤ੍ਰਿਸ਼ਨਾ, ਦੁੱਖ ਤੇ ਭੁੱਖ ਤੋਂ ਪਾਉਣ ਮੁਕਤੀ,
ਬੇੜੇ ਆਪਣੇ ਭਵਜਲੋਂ ਪਾਰ ਕਰਦੇ ।
੩੪੮
ਕੋਈ ਚਾਹੇ ਜੋ ਏਸ ਸੰਸਾਰ ਅੰਦਰ,
ਦੁੱਖ ਰੋਗ ਦੇ ਸਾਗਰ ਨੂੰ ਪਾਰ ਕਰਨਾ ।
ਓਸ ਨੂੰ ਚਾਹੀਦਾ ਪੰਜਾਂ "ਸਕੰਧਾਂ" ਦੇ ਨਾਲ,
ਕਦੇ ਭੁੱਲ ਵੀ ਨਹੀਂ ਪਿਆਰ ਕਰਨਾ ।
ਭਰਮ ਭੂਤ, ਭਵਿਖ ਦੇ ਤਿਆਗ ਦੇਵੇ,
ਹਾਲਾ ਸਾਲ ਦੇ ਵੀ ਸੰਸੇ ਹਰੇ ਸਾਰੇ ।
ਜੰਮਣ-ਮਰਨ ਦਾ ਓਸ ਦਾ ਗੇੜ ਮੁੱਕੇ,
ਵਹਿਣ ਉਹ ਨਿਰਵਾਣ ਦੇ ਤਰੇ ਸਰੇ ।
੩੪੯
ਤੀਬਰ ਮੋਹ ਤੜਫਾਉਂਦਾ ਰਹੇ ਹਰ ਦਮ,
ਜੀਹਨੂੰ ਸੰਸਿਆਂ ਕੋਹ ਨਿਢਾਲ ਕੀਤਾ ।
ਕਾਮ-ਵਾਸ਼ਨਾ ਸੁੰਦਰਤਾ ਭਾਲਦਾ ਜੋ,
ਜਿਸਨੇ ਤਿਆਗ ਦਾ ਰਤਾ ਨਹੀਂ ਖ਼ਿਆਲ ਕੀਤਾ ।
ਵਾਰ ਵਾਰ ਉਸ ਤੇ ਵਾਰ ਕਰੇ ਤ੍ਰਿਸ਼ਨਾ,
ਮਗਰ ਪੈ ਕੇ ਬੜਾ ਘਰਕਾਉਂਦੀ ਏ ।
ਇਓਂ ਉਹਦਿਆਂ ਮੋਹ ਦੇ ਬੰਧਨਾਂ ਨੂੰ,
ਰਹਿੰਦੀ ਹੋਰ ਮਜ਼ਬੂਤ ਬਣਾਉਂਦੀ ਏ ।
੩੫੦
ਭਲਾ ਆਦਮੀ ਹੋ ਸੁਚੇਤ ਜਿਹੜਾ,
ਵਿਚੋਂ ਭਰਮ ਸੰਦੇਹ ਨੂੰ ਮਾਰਦਾ ਏ ।
ਮੁੱਖ ਭੋਗ ਵਿਲਾਸ ਤੋਂ ਮੋੜ ਲੈਂਦਾ,
ਪੱਲਾ ਪਕੜ ਲੈਂਦਾ ਸਦਾਚਾਰ ਦਾ ਏ ।
ਉਹ ਤੋੜ ਕੇ ਮਾਇਆ ਦੇ ਸੰਗਲਾਂ ਨੂੰ,
ਪੈਜ ਆਪਣੀ ਆਪ ਸਵਾਰਦਾ ਏ ।
ਤ੍ਰਿਸ਼ਨਾ ਕਾਮ ਨੂੰ ਜੜ੍ਹਾਂ ਤੋਂ ਪੁੱਟ ਛੱਡੇ,
ਸਾਰੇ ਆਪਣੇ ਦੁੱਖ ਨਿਵਾਰਦਾ ਏ ।
੩੫੧
ਪੂਰਨ ਜਿਸ ਨੇ ਮਰਾਤਬਾ ਪਾ ਲਿਆ ਏ,
ਜਿਸ ਨੂੰ ਮੋਹ ਦਾ ਭੈ ਵਿਆਪਦਾ ਨਹੀਂ ।
ਜਿਸ ਨੇ ਤ੍ਰਿਸ਼ਨਾ ਨੂੰ ਜੜ੍ਹਾਂ ਤੋਂ ਪੁੱਟਿਆ ਹੈ,
ਧੱਬਾ ਲੱਗਿਆ ਦਾਮਨ ਤੇ ਪਾਪ ਦਾ ਨਹੀਂ ।
ਓਸ ਪੁਰਖ ਨੇ ਏਸ ਸੰਸਾਰ ਅੰਦਰ,
ਦੁੱਖ ਰੋਗ ਦੇ ਤੀਰਾਂ ਨੂੰ ਕੱਟਿਆ ਏ ।
ਬੰਧਨ ਓਸ ਦੇ ਸਭ ਖਲਾਸ ਹੋ ਗਏ,
ਮਰਨਾ ਜੰਮਣਾ ਓਸ ਦਾ ਮੁੱਕਿਆ ਏ ।
੩੫੨
ਜੀਹਨੇ ਤ੍ਰਿਸ਼ਨਾ ਤੋਂ ਗੈਲ ਛਡਾ ਲਈ ਏ,
ਐਸ਼-ਸੰਪਤੀ ਨੂੰ ਜੱਫਾ ਮਾਰਦਾ ਨਹੀਂ ।
ਭਾਸ਼ਾ, ਕਾਵਿ ਦੇ ਵਿਚ ਨਿਪੁੰਨ ਜਿਹੜਾ,
ਐਵੇਂ ਫੋਕੀਆਂ ਯੱਕੜਾਂ ਮਾਰਦਾ ਨਹੀਂ ।
ਬੁੱਧ-ਵਾਣੀ ਦਾ ਬੋਧ ਵੀ ਰੱਖਦਾ ਹੈ,
ਅੱਖਰ ਜੋੜਨਾ ਤੋੜਨਾ ਜਾਣਦਾ ਏ ।
ਮਰਨਾ ਜੰਮਣਾ ਓਸ ਦਾ ਖਤਮ ਹੋਇਆ,
ਗਿਆਨੀ ਪੁਰਖ ਉਹ ਤਾਰੂ ਨਿਰਵਾਣ ਦਾ ਏ ।
੩੫੩
ਮੈਂ ਮੋਹ ਤੇ ਮਾਇਆ ਨੂੰ ਜਿੱਤਿਆ ਹੈ,
ਮੈਂ ਸਭ ਹਕੀਕਤਾਂ ਜਾਣਦਾ ਹਾਂ ।
ਮੈਂ ਝਾੜਿਆ ਸਾਰਿਆਂ ਲੱਛਣਾਂ ਨੂੰ,
ਪੂਰਨ ਤਿਆਗ ਅਵਸਥਾ ਨੂੰ ਮਾਣਦਾ ਹਾਂ ।
ਤ੍ਰਿਸ਼ਨਾ ਨਾਸ ਕਰਕੇ ਮੁਕਤ ਹੋ ਗਿਆ ਹਾਂ,
ਕੋਈ ਖਿੱਚ ਨਾ ਪਾਉਂਦੀ ਚਾਹ ਮੈਨੂੰ ।
ਕਿਹੜੇ ਗੁਰੂ ਦੀ ਕਿਸੇ ਨੂੰ ਦੱਸ ਪਾਵਾਂ,
ਮਿਲਿਆ ਆਪਣੇ ਆਪ ਹੈ ਰਾਹ ਮੈਨੂੰ ।
੩੫੪
ਜੇ ਕਰ ਧਰਮ ਦਾ ਕੋਈ ਉਪਦੇਸ਼ ਕਰਦਾ,
ਉਹ ਦਾਨ ਤਾਂ ਦਾਨਾ-ਸਿਰ-ਦਾਨ ਹੁੰਦਾ ।
ਕਰੇ ਧਰਮ ਦੇ ਰਸ ਦੀ ਰੀਸ ਜਿਹੜਾ,
ਸਭਨਾਂ ਰਸਾਂ 'ਚੋਂ ਓਹ ਪ੍ਰਧਾਨ ਹੁੰਦਾ ।
ਜਿਹੜੇ ਲੋਕ ਨੇ ਧਰਮ ਦੇ ਨਾਲ ਰੱਤੇ,
ਕਿਧਰੇ ਹੋਰ ਰੱਤੇ ਉਹਨਾਂ ਨਾਲ ਦੇ ਨਹੀਂ ।
ਤ੍ਰਿਸ਼ਨਾ ਪੁੱਟ ਕੇ ਜੜ੍ਹਾਂ ਤੋਂ ਨਾਸ ਕਰੀਏ,
ਦੁੱਖ ਕਦੇ ਫਿਰ ਸਿਰ ਉਠਾਲਦੇ ਨਹੀਂ ।
੩੫੫
ਪਰਲੇ ਪਾਰ ਨੂੰ ਜਾਣ ਦੀ ਸੋਚਦਾ ਨਹੀਂ,
ਨਾ ਹੀ ਓਸ ਦੇ ਲਈ ਪਰਯਾਸ ਕਰਦਾ ।
ਮੰਦੀ ਮੱਤ ਵਾਲੇ ਐਸੇ ਆਦਮੀ ਦਾ,
ਕਾਮ, ਭੋਗ, ਵਿਲਾਸ ਹੈ ਨਾਸ ਕਰਦਾ ।
ਤ੍ਰਿਸ਼ਨਾ ਭੋਗ ਦੇ ਵਿਚ ਗ਼ਲਤਾਨ ਹੋ ਕੇ,
ਨਹੀਂ ਨੇਕੀ ਦੀ ਕਾਰ ਵਿਚਾਰਦਾ ਏ ।
ਖੈ ਆਪਣਾ ਕਰੇ ਦੁਰਬੁੱਧ ਏਦਾਂ,
ਜਿਵੇਂ ਉਹ ਪਰਾਇਆਂ ਨੂੰ ਮਾਰਦਾ ਏ ।
੩੫੬
ਜਿਵੇਂ ਖੇਤਾਂ ਵਿਚ ਘਾਹ ਬਘਾਟ ਹੋਵੇ,
ਪਾਈਏ ਬੀਜ ਤਾਂ ਜ਼ਰਾ ਵੀ ਉੱਗਦਾ ਨਹੀਂ ।
ਓਸੇ ਤਰ੍ਹਾਂ ਹੀ ਸਦਾ ਤਬਾਹ ਕਰਦਾ,
ਮੋਹ ਕਦੇ ਮਨੁੱਖ ਨੂੰ ਪੁੱਗਦਾ ਨਹੀਂ ।
ਏਸੇ ਵਾਸਤੇ ਸੱਚ ਦੀ ਗੱਲ ਸਮਝੋ,
ਮੋਹ ਮਾਇਆ ਨੂੰ ਤਜੇ ਇਨਸਾਨ ਜਿਹੜਾ ।
ਮਹਾਂਫਲ ਅਵੱਸ਼ ਹੀ ਮਿਲੇ ਉਸ ਤੋਂ,
ਐਸੇ ਆਦਮੀ ਨੂੰ ਕਰੀਏ ਦਾਨ ਜਿਹੜਾ ।
੩੫੭
ਜਿਵੇਂ ਖੇਤਾਂ ਵਿਚ ਘਾਹ ਬਘਾਟ ਹੋਵੇ,
ਜਿਨਸ ਕੋਈ ਵੀ ਓਸ ਵਿਚ ਉੱਗਦੀ ਨਹੀਂ ।
ਓਸੇ ਤਰ੍ਹਾਂ ਹੀ ਸਦਾ ਤਬਾਹ ਕਰਦੀ,
ਨਫ਼ਰਤ ਕਦੇ ਮਨੁੱਖ ਨੂੰ ਪੁੱਗਦੀ ਨਹੀਂ ।
ਏਸੇ ਵਾਸਤੇ ਸੱਚ ਦੀ ਗੱਲ ਸਮਝੋ,
ਦਿਲੋਂ ਈਰਖਾ ਤਜੇ ਇਨਸਾਨ ਜਿਹੜਾ ।
ਮਹਾਂਫਲ ਅਵੱਸ਼ ਹੀ ਮਿਲੇ ਉਸ ਤੋਂ,
ਐਸੇ ਆਦਮੀ ਨੂੰ ਕਰੀਏ ਦਾਨ ਜਿਹੜਾ ।
੩੫੮
ਜਿਵੇਂ ਖੇਤਾਂ ਵਿਚ ਘਾਹ ਬਘਾਟ ਹੋਵੇ,
ਬੀਜ ਪਾਈਏ ਤਾਂ ਜ਼ਰਾ ਵੀ ਉੱਗਦਾ ਨਹੀਂ ।
ਓਸੇ ਤਰ੍ਹਾਂ ਹੀ ਸਦਾ ਤਬਾਹ ਕਰਦਾ,
ਭਰਮ ਕਦੇ ਮਨੁੱਖ ਨੂੰ ਪੁੱਗਦਾ ਨਹੀਂ ।
ਏਸੇ ਵਾਸਤੇ ਸੱਚ ਦੀ ਗੱਲ ਸਮਝੋ,
ਦੇਵੇ ਭਰਮ ਨੂੰ ਤਜ ਇਨਸਾਨ ਜਿਹੜਾ ।
ਮਹਾਂਫਲ ਅਵੱਸ਼ ਹੀ ਮਿਲੇ ਉਸ ਤੋਂ,
ਐਸੇ ਆਦਮੀ ਨੂੰ ਕਰੀਏ ਦਾਨ ਜਿਹੜਾ ।
੩੫੯
ਜਿਵੇਂ ਖੇਤਾਂ ਵਿਚ ਘਾਹ ਬਘਾਟ ਹੋਵੇ,
ਜਿਨਸ ਕੋਈ ਵੀ ਓਸ ਵਿਚ ਉੱਗਦੀ ਨਹੀਂ ।
ਓਸੇ ਤਰ੍ਹਾਂ ਹੀ ਸਦਾ ਤਬਾਹ ਕਰਦੀ,
ਤ੍ਰਿਸ਼ਨਾ ਕਦੇ ਮਨੁੱਖ ਨੂੰ ਪੁੱਗਦੀ ਨਹੀਂ ।
ਏਸੇ ਵਾਸਤੇ ਸੱਚ ਦੀ ਗੱਲ ਸਮਝੋ,
ਤ੍ਰਿਸ਼ਨਾ ਚਾਹ ਨੂੰ ਤਜੇ ਇਨਸਾਨ ਜਿਹੜਾ ।
ਮਹਾਂਫਲ ਅਵੱਸ਼ ਹੀ ਮਿਲੇ ਉਸ ਤੋਂ,
ਐਸੇ ਆਦਮੀ ਨੂੰ ਕਰੀਏ ਦਾਨ ਜਿਹੜਾ ।
ਅਧਿਆਏ ਪੰਝੀਵਾਂ
ਭਿੱਖੂ
ਭਿੱਖੂ ਵੱਗ ਵਿਚ ਭਿੱਖੂਆਂ ਲਈ ਨੈਤਿਕ ਉਪਦੇਸ਼ ਦਿੱਤੇ ਗਏ ਹਨ ।
੩੬੦-੩੬੧
ਸੁੰਘਣ, ਸੁਨਣ ਦੇ ਵਿਚ ਜੋ ਕਰੇ ਸੰਜਮ,
ਰਹੇ ਉਹ ਨਾ ਕਦੇ ਨੁਕਸਾਨ ਦੇ ਵਿਚ ।
ਸੰਜਮ ਠੀਕ ਹੁੰਦਾ ਕਰਨਾ ਅੱਖੀਆਂ ਦਾ,
ਸੰਜਮ ਠੀਕ ਹੈ ਕਰਨ ਜ਼ਬਾਨ ਦੇ ਵਿਚ ।
ਮਨ, ਬਚਨ ਤੇ ਕਰਮ ਵਿਚ ਰੱਖ ਸੰਜਮ,
ਸਭਨਾਂ ਇੰਦਰੀਆਂ ਨੂੰ ਵੱਸ ਕਰ ਜਾਏ ।
ਭਿਖਸ਼ੂ ਉਹ ਤਾਂ ਸਮਝੀਏ ਮੁਕਤ ਹੋਇਆ,
ਸਾਗਰ ਦੁੱਖ ਕਲੇਸ਼ ਦਾ ਤਰ ਜਾਏ ।
੩੬੨
ਕਰੇ ਹੱਥ ਦੀ ਕਾਰ ਦੇ ਵਿਚ ਸੰਜਮ,
ਪੈਰ-ਚਾਲ ਵੀ ਸੰਜਮ ਦੇ ਨਾਲ ਚੱਲੇ ।
ਸੰਜਮ ਵਾਲਿਆਂ ਵਿਚ ਸਿਰ-ਕੱਢ ਹੋਵੇ,
ਸੰਜਮ ਹੋਵੇ ਜ਼ਬਾਨ ਦਾ ਜਿਸ ਪੱਲੇ ।
ਜਿਸ ਦੀ ਸੋਚ ਅਧਿਆਤਮ ਤੇ ਟਿਕੀ ਰਹਿੰਦੀ,
ਧਿਆਨ-ਮਗਨ ਸਮਾਧੀਆਂ ਲਾਉਂਦਾ ਏ ।
ਰੱਖ ਸਬਰ ਸੰਤੋਖ ਏਕਾਂਤ ਵਾਸੀ,
ਭਿਖਸ਼ੂ ਜੱਗ ਵਿਚ ਓਹੀ ਕਹਾਉਂਦਾ ਏ ।
੩੬੩
ਰਹਿੰਦਾ ਮੰਤਰਾਂ ਦਾ ਜਿਹੜਾ ਜਾਪ ਕਰਦਾ,
ਸੰਜਮ ਜੋ ਜ਼ਬਾਨ ਦਾ ਰੱਖਦਾ ਏ ।
ਆਕੜ ਖਾਨ ਤੇ ਬੋਲ ਦਾ ਨਹੀਂ ਭੈੜਾ,
ਭਿਖਸ਼ੂ ਓਸ ਨੂੰ ਮੰਨੀਏਂ ਲੱਖ ਦਾ ਏ ।
ਧਰਮ, ਅਰਥ, ਪਰਮਾਰਥ ਦੇ ਰਸਤਿਆਂ ਨੂੰ,
ਐਸਾ ਭਿਖਸ਼ੂ ਹੀ ਸਦਾ ਰੁਸ਼ਨਾਉਂਦਾ ਏ ।
ਘੁਲੀਆਂ ਮਿਸਰੀਆਂ ਉਹਦੇ ਵਖਿਆਨਾਂ ਦੇ ਵਿਚ,
ਮੰਦਾ ਬੋਲ ਨਾ ਜੀਭ ਤੇ ਆਉਂਦਾ ਏ ।
੩੬੪
ਰਹੇ ਧਰਮ ਦੇ ਰਾਹ ਤੇ ਜੋ ਤੁਰਿਆ,
ਨਿਸਚਾ ਧਰਮ ਦੇ ਰਾਹ ਵਿਚ ਜੋ ਰੱਖਦਾ ਏ ।
ਦਿਨੇ ਰਾਤ ਜੋ ਧਰਮ ਦਾ ਕਰੇ ਚਿੰਤਨ,
ਜਿਹੜਾ ਧਰਮ ਉਪਦੇਸ਼ ਦੇ ਪੱਖ ਦਾ ਏ ।
ਐਸਾ ਭਿਖਸ਼ੂ ਧਰਮਾਤਮਾ ਜੋ ਹੋਵੇ,
ਮਹਿਮਾ ਓਸ ਦੀ ਅਪਰ ਅਪਾਰ ਹੁੰਦੀ ।
ਦੁੱਖ, ਜ਼ਰਾ, ਨਾ ਓਸ ਨੂੰ ਮੌਤ ਆਏ,
ਓਹਦੀ ਜ਼ਿੰਦਗੀ ਧਰਮ ਸਾਕਾਰ ਹੁੰਦੀ ।
੩੬੫
ਝੋਲੀ ਆਪਣੀ ਵਿਚ ਜੋ ਲਾਭ ਆਏ,
ਮੰਦਾ ਓਸ ਨੂੰ ਕਦੇ ਵੀ ਜਾਣੀਏ ਨਾ ।
ਲਾਭ ਪੁੱਜਦਾ ਵੇਖ ਕੇ ਹੋਰਨਾਂ ਨੂੰ,
ਸੜੀਏ ਭੰਡੀਏ ਕਿਸੇ ਨੂੰ ਰਾਣੀਏ ਨਾ ।
ਭਿਖਸ਼ੂ ਜੋ ਵੀ ਈਰਖਾ ਲੱਬ ਕਾਰਣ,
ਹੜੱਪਣ ਮਾਲ ਪਰਾਏ ਨੂੰ ਚਾਂਹਵਦਾ ਏ ।
ਉਹਦਾ ਚਿੱਤ ਇਕਾਗਰ ਨਹੀਂ ਹੋ ਸਕਦਾ,
ਵਾਰ ਵਾਰ ਉਹ ਭਟਕਦਾ ਜਾਂਵਦਾ ਏ ।
੩੬੬
ਭਾਵੇਂ ਰਤਾ ਮਾਸਾ ਹੋਏ ਲਾਭ ਪੁੱਜਾ,
ਜਿਹੜਾ ਓਸ ਨੂੰ ਆਪਣਾ ਜਾਣਦਾ ਏ ।
ਨਫ਼ਰਤ ਨਾਲ ਨਾ ਓਸ ਨੂੰ ਕਹੇ ਮੰਦਾ,
ਨਾ ਹੀ ਝੂਰਦਾ, ਭੰਡਦਾ, ਰਾਣਦਾ ਏ ।
ਐਸੇ ਭਿਖਸ਼ੂ ਦੀ ਦੇਵਤੇ ਕਰਨ ਉਪਮਾ,
ਓਹਨੂੰ ਆਖਦੇ ਸ਼ੁੱਧ ਆਚਾਰ ਵਾਲਾ ।
ਸਦਾ ਆਲਸ ਹੈ ਨੱਸਦਾ ਦੂਰ ਉਸ ਤੋਂ,
ਹੁੰਦਾ ਜੋ ਹੈ ਸੱਚੇ ਵਿਹਾਰ ਵਾਲਾ ।
੩੬੭-੩੬੮
ਜਿਸ ਨੂੰ ਜੱਗ ਦੇ ਨਾਲ ਨਾ ਮੋਹ ਮਮਤਾ,
ਕਿਸੇ ਚੀਜ਼ ਦੀ ਨਹੀਂ ਪਰਵਾਹ ਕਰਦਾ ।
ਅਸਲ ਭਿਖਸ਼ੂ ਹੈ ਜੋ "ਅਣ ਹੁੰਦਿਆਂ" ਤੇ,
ਨਾਲ ਗ਼ਮ ਦੇ ਨਹੀਂ ਠੰਢੇ ਸਾਹ ਭਰਦਾ ।
ਭਿਖਸ਼ੂ ਬੁੱਧ-ਉਪਦੇਸ਼ ਨੂੰ ਮੰਨਦਾ ਜੋ,
ਸੁੱਚਾ ਮਿੱਤਰਾਂ ਵਾਂਗ ਵਿਹਾਰ ਦਾ ਏ ।
ਓਹੋ ਸ਼ਾਂਤੀ ਮਹਾਂ ਆਨੰਦ ਮਾਣੇ,
ਜੋ ਮਾੜੇ ਸੰਸਕਾਰਾਂ ਨੂੰ ਮਾਰਦਾ ਏ ।
੩੬੯
ਭਿਖਸ਼ੂ ਪਿਆਰਿਆ ਬੇੜੀ ਨੂੰ ਕਰਾਂ ਖਾਲੀ,
ਇਸ ਨੂੰ ਠੇਲ੍ਹਣਾ ਹੋਏ ਆਸਾਨ ਤੈਨੂੰ ।
ਮੋਹ, ਮਾਇਆ ਤੇ ਈਰਖਾ ਛੱਡ ਪਹਿਲਾਂ,
ਫੇਰ ਮਿਲੇਗਾ ਪਦ ਨਿਰਵਾਣ ਤੈਨੂੰ ।
ਆਕੜ, ਰੂਪ, ਅਗਿਆਨ, ਅਭਿਮਾਨ ਤਾਈਂ,
ਸਣੇ ਮੋਹ ਦੇ ਪੰਜਾਂ ਨੂੰ ਛੇਕੀਏ ਜੀ ।
ਤਮ੍ਹਾਂ, ਹਿਰਸ ਹਵਾ ਦੇ ਬੰਦਿਆਂ ਨੂੰ,
ਸਦਾ ਦੂਰ ਤੋਂ ਹੀ ਮੱਥਾ ਟੇਕੀਏ ਜੀ ।
੩੭੦
ਵਰਤ, ਨੇਮ ਤੇ ਭੋਗਾਂ ਦਾ ਮੋਹ ਜਿਹੜਾ,
ਨੇੜੇ ਓਸ ਦੇ ਕਦੇ ਵੀ ਢੁੱਕੀਏ ਨਾ ।
ਦਈਏ ਤਜ ਸੰਦੇਹ ਤੇ ਭਰਮ ਤਾਈਂ,
ਮਨ ਵਿਚ ਬਦਲੇ ਦੀ ਭਾਵਨਾ ਚੁੱਕੀਏ ਨਾ ।
ਸ਼ਰਧਾ, ਸ਼ਕਤੀ, ਧਿਆਨ, ਗਿਆਨ, ਸਿਮਰਨ,
ਇਹਨਾਂ ਪੰਜਾਂ ਦੀ ਇੱਛਿਆ ਜੋ ਕਰਦਾ ।
ਪੰਜੇ ਮੋਹ ਜੋ ਕਰ ਲਏ ਵੱਸ ਭਿਖਸ਼ੂ,
ਭਵ-ਸਾਗਰੀਂ ਲਹਿਰਾਂ ਨੂੰ ਓਹ ਤਰਦਾ ।
੩੭੧
ਛੱਡ ਗ਼ਾਫ਼ਲੀ, ਧਿਆਨ ਲਗਾ ਭਿਖਸ਼ੂ,
ਚਿੱਤ ਵਿਸ਼ੇ ਵਿਕਾਰਾਂ ਤੋਂ ਮੋੜਨਾ ਈਂ ।
ਵੱਸ ਭੋਗ ਵਿਲਾਸ ਦੇ ਨਹੀਂ ਪੈਣਾ,
ਮਾਇਆ ਮੋਹ, ਜੰਜਾਲ ਨੂੰ ਤੋੜਨਾ ਈਂ ।
ਕਰਕੇ ਗ਼ਾਫ਼ਲੀ, ਲੋਹੇ ਦਾ ਗਰਮ ਗੋਲਾ,
ਜੇਕਰ ਸੰਘ ਦੇ ਵਿਚ ਲੰਘਾਏਂਗਾ ਤੂੰ ।
"ਹਾਏ ਦੁੱਖ ਹੋਇਆ, ਲੋਕੋ ਸੜ ਗਿਆ ਮੈਂ",
ਹਾਲ ਪਾਹਰਿਆ ਤੇ ਬਹੁੜੀ ਪਾਏਂਗਾ ਤੂੰ ।
੩੭੨
ਓਸ ਪੁਰਸ਼ ਨੇ ਧਿਆਨ ਲਗਾਉਣਾ ਕੀ,
ਜਿਹੜਾ ਸੱਖਣਾ ਹੋਏ ਗਿਆਨ ਬਾਝੋਂ ।
ਕਦੇ ਗਿਆਨ ਨਾ ਕਿਸੇ ਦੇ ਪਏ ਪੱਲੇ,
ਲਾਏ ਗਏ ਅਡੋਲ ਧਿਆਨ ਬਾਝੋਂ ।
ਜਿਹੜੇ ਆਦਮੀ ਏਸ ਜਹਾਨ ਅੰਦਰ,
ਧਿਆਨ ਲਾ ਗਿਆਨ ਨੂੰ ਬੁੱਝਿਆ ਏ ।
ਏਸ ਗੱਲ ਵਿਚ ਸ਼ੱਕ ਨਾ ਰਾਈ ਮਾਤਰ,
ਨੇੜੇ ਓਹ ਨਿਰਵਾਣ ਦੇ ਪੁੱਜਿਆ ਏ ।
੩੭੩-੩੭੪
ਸ਼ਾਂਤ ਚਿੱਤ ਵਾਲਾ ਕੋਈ ਜਦੋਂ ਭਿਖਸ਼ੂ,
ਜਾਏ ਵਿਚ ਏਕਾਂਤ ਦੇ ਵਾਸ ਕਰਦਾ ।
ਸੱਚੇ ਧਰਮ ਦਾ ਓਸ ਨੂੰ ਹੋਏ ਦਰਸ਼ਨ,
ਜਿਹੜਾ ਮਨ ਆਨੰਦ ਪ੍ਰਗਾਸ ਕਰਦਾ ।
ਜਿਹੜਾ ਪੰਜਾਂ ਸਕੰਧਾਂ ਦੀ ਉਤਪਤੀ ਨੂੰ,
ਸਣੇ ਹੁੰਦੇ ਵਿਨਾਸ਼ ਵਿਚਾਰਦਾ ਏ ।
ਉਹ ਗਿਆਨੀਆਂ ਵਾਂਗ ਪਰਸੰਨ ਹੋ ਕੇ,
ਅਮਿਓਂ eਸ ਨਾਲ ਕਾਲਜਾ ਠਾਰਦਾ ਏ ।
੩੭੫
ਹੁੰਦਾ ਭਿਖਸ਼ੂ ਗਿਆਨੀ ਦਾ ਫ਼ਰਜ਼ ਪਹਿਲਾ,
ਕਾਬੂ ਪਾਉਣਾ ਆਪਣੇ ਨਫ਼ਸ ਉੱਤੇ ।
ਸੁੱਚਾ ਆਪਣਾ ਚੱਜ ਆਚਾਰ ਕਰਨਾ,
ਕੁੰਡਾ ਰੱਖਣਾ ਸਦਾ ਹੀ ਹਵਸ ਉੱਤੇ ।
ਕਰਕੇ ਸਬਰ ਸੰਤੋਖ ਅਟੰਕ ਰਹਿਣਾ,
ਮੁਕਤੀ ਮਾਰਗੋਂ ਕਦੇ ਨਾ ਉੱਕਣਾ ਈਂ ।
ਨਹੀਂ ਆਲਸੀ, ਨੇਕ ਕਮਾਈ ਵਾਲੇ,
ਐਸੇ ਮਿੱਤਰਾਂ ਦੇ ਨੇੜੇ ਢੁੱਕਣਾ ਈਂ ।
੩੭੬-੩੭੭
ਕਰੋ ਗੱਲ ਸਤਕਾਰ ਦੇ ਨਾਲ ਮਿੱਠੀ,
ਸੁੱਚਾ ਆਪਣਾ ਸਦਾ ਆਚਾਰ ਕਰੀਏ ।
ਏਸੇ ਤਰ੍ਹਾਂ ਹੀ ਪਰਮ ਆਨੰਦ ਪਾਈਏ,
ਸਾਗਰ ਦੁੱਖ ਤੇ ਰੋਗ ਦਾ ਪਾਰ ਕਰੀਏ ।
ਜਿਵੇਂ ਵੇਖੀਏ ਫੁੱਲਾਂ ਮੁਰਝਾਇਆਂ ਨੂੰ,
ਝੱਟ ਵੇਲ ਚੰਬੇਲੀ ਦੀ ਝਾੜਦੀ ਏ ।
ਓਸੇ ਤਰ੍ਹਾਂ ਹੀ ਭਿਖਸ਼ੂ ਦੀ ਸੋਚ ਸੁੱਚੀ,
ਮੋਹ ਅਤੇ ਦਵੇਸ਼ ਨੂੰ ਸਾੜਦੀ ਏ ।
੩੭੮
ਝਰੇ ਬੋਲਾਂ 'ਚੋਂ ਸ਼ਾਂਤ-ਫੁਹਾਰ ਜਿਸ ਦੇ,
ਅਤੇ ਸਾਧਿਆ ਸ਼ਾਂਤ ਸਰੀਰ ਹੋਵੇ ।
ਖੱਲਲ ਨਹੀਂ ਵਿਚਾਰਾਂ ਵਿਚ ਪੈਣ ਦੇਵੇ,
ਭਰਿਆ ਸ਼ਾਂਤੀ ਵਿਚ ਅਮੀਰ ਹੋਵੇ ।
ਬੰਧਨ ਜੋ ਸੰਸਾਰ ਦੇ ਤੋੜ ਜਾਏ,
ਲੋਭ ਜਿਸ ਦਾ ਮਨ ਭਰਮਾਉਂਦਾ ਨਹੀਂ ।
ਪੂਰਨ ਸ਼ਾਂਤ-ਭਿਖਸ਼ੂ ਓਸੇ ਨੂੰ ਆਖਦੇ ਨੇ,
ਉਹਦੀ ਪਦਵੀ ਨੂੰ ਪੁੱਜਿਆ ਜਾਉਂਦਾ ਨਹੀਂ ।
੩੭੯-੩੮੦
ਲਏ ਆਪੇ ਤੋਂ ਆਪ ਪਰੇਰਨਾ ਜੋ,
ਆਪਣੇ ਆਪੇ ਵਿਚ ਝਾਤੀਆਂ ਮਾਰਦਾ ਏ ।
ਰਾਖਾ ਆਪਣਾ ਆਪ ਜੋ ਹੋਏ ਭਿਖਸ਼ੂ,
ਓਹੀ ਖ਼ੁਸ਼ੀ ਵਿਚ ਸਮਾਂ ਗੁਜ਼ਾਰਦਾ ਏ ।
ਆਪ ਆਪਣੇ ਆਪ ਦਾ ਹੋਏ ਸਵਾਮੀ,
ਆਪਾ ਆਪੇ ਨੂੰ ਆਪ ਹੀ ਜਾਣਦਾ ਏ ।
ਇਓਂ ਆਪੇ ਨੂੰ ਸੋਧੀਏ ਜਿਵੇਂ ਤਾਜਰ,
ਸੁੰਦਰ ਘੋੜੇ ਦੀ ਰਗ ਪਛਾਣਦਾ ਏ ।
੩੮੧-੩੮੨
ਜਿਹੜਾ ਬੁੱਧ ਭਗਵਾਨ ਦੀ ਸਿੱਖਿਆ ਨੂੰ,
ਹਿਰਦੇ ਖ਼ੁਸ਼ੀ ਦੇ ਨਾਲ ਸਮਾਉਂਦਾ ਏ ।
ਓਸ ਭਿਖਸ਼ੂ ਦੀ ਭਟਕਣਾ ਮੁੱਕ ਜਾਏ,
ਉਹ ਸ਼ਾਂਤੀ ਦੀ ਪਦਵੀ ਪਾਉਂਦਾ ਏ ।
ਭਿਖਸ਼ੂ ਜੋ ਜਵਾਨੀ ਦੀ ਉਮਰ ਅੰਦਰ,
ਹਿਰਦੇ ਬੁੱਧ-ਉਪਦੇਸ਼ ਨੂੰ ਧਾਰਦਾ ਏ ।
ਚੰਦ ਨਿਕਲ ਕੇ ਜਿਸ ਤਰ੍ਹਾਂ ਬੱਦਲਾਂ 'ਚੋਂ,
ਚਾਨਣ ਧਰਤ ਦੇ ਉੱਤੇ ਖਿਲਾਰਦਾ ਏ ।
ਅਧਿਆਏ ਛੱਬੀਵਾਂ
ਬ੍ਰਾਹਮਣ
ਬ੍ਰਾਹਮਣ ਵੱਗ ਅਸਲੀ ਬ੍ਰਾਹਮਣ ਦੀ ਵਿਆਖਿਆ ਕਰਦਾ ਹੈ ।
੩੮੩
ਤ੍ਰਿਸ਼ਨਾ ਰੂਪ ਸਰੋਤ ਨੂੰ ਲਾ ਮੁੰਦਾ,
ਬ੍ਰਾਹਮਣ ! ਜਾਗਣਾ ਤੇ ਬਲ ਧਾਰਨਾ ਈਂ ।
ਮਨ ਭਾਉਂਦੀਆਂ ਜੋ ਵੀ ਕਾਮਨਾਵਾਂ,
ਓਹਨਾਂ ਤਾਈਂ ਭਜਾਉਣਾ ਮਾਰਨਾ ਈਂ ।
ਮੰਦੀ ਭਾਵਨਾ ਦੇ ਸੰਸਕਾਰ ਜਿਹੜੇ,
ਜੇਕਰ ਖੈ ਕਰਦਾ ਬ੍ਰਾਹਮਣ ! ਜਾਏਂਗਾ ਤੂੰ ।
ਇਹ ਗੱਲ ਹੈ ਪੱਥਰ ਤੇ ਲੀਕ ਵਰਗੀ,
ਨਿਰਾਕਾਰ ਨਿਰਵਾਣ ਨੂੰ ਪਾਏਂਗਾ ਤੂੰ ।
੩੮੪
ਤੁਰਦਾ ਧਰਮ ਦੇ ਮਾਰਗ ਤੇ ਜੋ ਪੰਡਤ,
"ਚਿੱਤ-ਭਾਵਨਾ" ਦਾ ਸੰਜਮ ਕਰੀ ਜਾਏ ।
ਲਹਿਰਾਂ ਮਾਰਦਾ ਸਾਗਰ ਨਾ ਰੋਕ ਸਕਦਾ,
ਓਹ ਪਾਰਲੇ ਕੰਢੇ ਵਲ ਤਰੀ ਜਾਏ ।
ਜਿਸ ਪੰਡਤ ਪ੍ਰਾਕਰਮੀ ਨੇ ਇਸ ਤਰ੍ਹਾਂ ਦਾ,
ਭੇਦ ਤੱਤ ਤੇ ਸੱਤ ਦਾ ਪਾ ਲਿਆ ਏ ।
ਸਾਰੇ ਬੰਧਨ ਹੀ ਓਸ ਦੇ ਦੂਰ ਹੋ ਗਏ,
ਗਲੋਂ ਓਸ ਨੇ ਫਾਹੀ ਨੂੰ ਲਾਹ ਲਿਆ ਏ ।
੩੮੫
ਅੱਖ, ਕੰਨ ਤੇ ਨੱਕ ਨਾ ਜੀਭ ਜਿਸ ਦੀ,
ਕਾਇਆ ਮਨ ਆਈ ਨਹੀਂ ਪਾਰ ਜਿਸ ਦਾ ।
ਰੂਪ, ਸ਼ਬਦ, ਸਪਰਸ਼ ਨਾ ਧਰਮ ਜੀਹਦੇ,
ਰਸ ਗੰਧ ਨੇ ਨਹੀਂ ਅਪਾਰ ਜਿਸ ਦਾ ।
ਮੈਂ, ਮੇਰੀ ਨੂੰ ਮਾਰਿਆ ਜਿਸ ਹੋਵੇ,
ਕਾਬੂ ਆਪਣੇ ਆਪ ਤੇ ਪਾਏਗਾ ਜੋ ।
ਉਹਨੂੰ ਬ੍ਰਾਹਮਣ ਕਹਾਉਣ ਦਾ ਹੱਕ ਪੂਰਾ,
ਜਗਤ ਜਾਲ ਤੋਂ ਮੁਕਤ ਹੋ ਜਾਏਗਾ ਜੋ ।
੩੮੬
ਜੀਹਦਾ ਪਾਕ ਗੁਨਾਹ ਤੋਂ ਹੋਏ ਦਾਮਨ,
ਸੋਹਣਾ ਆਪਣਾ ਫ਼ਰਜ਼ ਨਿਭਾਉਂਦਾ ਏ ।
ਮਨ ਕੁੰਗੂ ਦੇ ਵਾਂਗਰਾਂ ਸਾਫ਼ ਰੱਖੇ,
ਸਦਾ ਜੋ ਧਿਆਨ ਲਗਾਉਂਦਾ ਏ ।
ਜੀਹਦੀ ਵਾਸਨਾ ਭੜਕਣਾ ਮੁੱਕ ਗਈ,
ਇਕ ਥਾਂ ਜਿਨ ਚਿੱਤ ਟਿਕਾ ਲਿਆ ਏ ।
ਉਸੇ ਆਦਮੀ ਨੂੰ ਬ੍ਰਾਹਮਣ ਆਖਦਾ ਹਾਂ,
ਓਹਨੇ ਪਦ ਨਿਰਵਾਣ ਨੂੰ ਪਾ ਲਿਆ ਏ ।
੩੮੭
ਤੇਜ ਸੂਰਜ ਦਾ ਲਿਸ਼ਕਦਾ ਦਿਨ ਵੇਲੇ,
ਰਾਤੀਂ ਚੰਦ ਪ੍ਰਕਾਸ਼ ਖਿਲਾਰਦਾ ਏ ।
ਚਮਕ ਸਸ਼ਤਰਾਂ ਨਾਲ ਹੈ ਸੂਰਮੇ ਦੀ,
ਬ੍ਰਾਹਮਣ ਧਿਆਨ ਅੰਦਰ ਡਲ੍ਹਕਾਂ ਮਾਰਦਾ ਏ ।
ਆਲਸ ਦੂਰ ਕਰਕੇ ਬੁੱਧ ਜਾਗਿਆ ਜੋ,
ਤੇਜ ਓਸ ਦਾ ਹੋਰ ਪਰਕਾਰ ਦਾ ਏ ।
ਉਹ ਤਾਂ ਨੂਰ ਦਾ ਹੋਏ ਅਖੁੱਟ ਸੋਮਾਂ,
ਦਿਨੇ ਰਾਤ ਹੀ ਪਿਆ ਲਿਸ਼ਕਾਰਦਾ ਏ ।
੩੮੮
ਬ੍ਰਾਹਮਣ ਆਖਦੇ ਨੇ ਓਸ ਆਦਮੀ ਨੂੰ,
ਸਗਲੀ ਪਾਪਾਂ ਦੀ ਮੈਲ ਨੂੰ ਧੋ ਲਿਆ ਜਿਸ ।
ਹੋਇਆ ਅਸਲ ਸੰਨਿਆਸ ਦਾ ਧਾਰਨੀ ਓਹ,
ਮਨ 'ਸੰਘ' ਦੇ ਵਿਚ ਪਰੋ ਲਿਆ ਜਿਸ ।
ਜਿਸ ਨੇ ਆਪਣੇ ਚਿੱਤ ਨੂੰ ਸਾਫ਼ ਕੀਤਾ,
ਵਿਚੋਂ ਮਾਰ ਬੁਰਿਆਈਆਂ ਨੂੰ ਕੱਢਿਆ ਏ ।
ਓਹਨੂੰ ਏਸ ਕਾਰਨ ਭਿਖਸ਼ੂ ਆਖਦੇ ਨੇ,
ਜੀਹਨੇ ਮੋਹ ਸੰਸਾਰ ਦਾ ਛੱਡਿਆ ਏ ।
੩੮੯-੩੯੦
ਮੰਦਾ ਬ੍ਰਾਹਮਣ ਦਾ ਅੱਗਿਓਂ ਕੋਪ ਕਰਨਾ,
ਮਾੜੀ ਗੱਲ ਬ੍ਰਾਹਮਣ ਤੇ ਵਾਰ ਹੋਵੇ ।
ਕਰੇ ਬ੍ਰਾਹਮਣ ਤੇ ਵਾਰ ਧ੍ਰਿਗ ਓਹਨੂੰ,
ਕੋਪੇ ਬ੍ਰਾਹਮਣ ਤਾਂ ਲੱਖ ਧਿੱਕਾਰ ਹੋਵੇ ।
ਇਹ ਬ੍ਰਾਹਮਣ ਦੀ ਥੋੜ੍ਹੀ ਪਰਾਪਤੀ ਨਹੀਂ,
ਜਿਹੜਾ ਮੋਹ ਤੇ ਮਾਇਆ ਨੂੰ ਮਾਰ ਲੈਂਦਾ ।
ਹੋੜ, ਮੋੜ ਕੇ ਹਿੰਸਾ ਤੋਂ ਹੱਥ ਆਪਣਾ,
ਭੁੱਖ ਮੇਟ ਲੈਂਦਾ ਹਿਰਦਾ ਠਾਰ ਲੈਂਦਾ ।
੩੯੧-੩੯੨
ਮਨ, ਬਚਨ ਤੇ ਆਪਣੇ ਕਰਮ ਰਾਹੀਂ,
ਕਦੇ ਜੋ ਨਾਹੀਂ ਕੋਈ ਪਾਪ ਕਰਦਾ ।
ਓਸੇ ਤਾਈਂ ਬ੍ਰਾਹਮਣ ਮੈਂ ਮੰਨਦਾ ਹਾਂ,
ਇਹਨਾਂ ਤਿੰਨਾਂ ਨੂੰ ਵੱਸ ਜੋ ਆਪ ਕਰਦਾ ।
ਜਿਸ ਕੋਲੋਂ ਵੀ ਬੁੱਧ-ਉਪਦੇਸ਼ ਲੈ ਕੇ,
ਕੋਈ ਆਪਣਾ ਆਪ ਸੰਵਾਰਦਾ ਏ ।
ਉਹਨੂੰ ਚਾਹੀਦਾ ਉਹਦਾ ਸਨਮਾਨ ਕਰਨਾ,
ਬ੍ਰਾਹਮਣ 'ਅਗਨੀ' ਨੂੰ ਜਿਵੇਂ ਸਤਕਾਰਦਾ ਏ ।
੩੯੩-੩੯੪
ਜਟਾ, ਜਨਮ ਤੇ ਗੋਤ ਦੇ ਨਾਲ ਸਮਝੋ,
ਕੋਈ ਆਦਮੀ ਬ੍ਰਾਹਮਣ ਨਾ ਹੋ ਜਾਏ ।
ਬ੍ਰਾਹਮਣ ਉਹ ਹੈ ਸੱਚ ਦਾ ਧਾਰਨੀ ਹੋ,
ਪਹਿਰੇ ਧਰਮ ਦੇ ਜਿਹੜਾ ਖਲੋ ਜਾਏ ।
ਓਏ ਮੂਰਖਾ ! ਜਟਾਂ ਵਿਚ ਕੀ ਧਰਿਆ ?
ਮ੍ਰਿਗ-ਛਾਲਾ ਨੂੰ ਦੱਸ ਹੰਢਾਵਣਾ ਕੀ ?
ਤੇਰੇ ਅੰਦਰ ਤਾਂ ਗੁੱਦੜ ਦਾ ਵਾਸ ਹੋਇਆ,
ਕੁਲਾ, ਰੇਸ਼ਮੀ ਬਾਹਰ ਦਿਖਾਵਣਾ ਕੀ ?
੩੯੫-੩੯੬
ਸੁੱਕਾ ਪਿੰਜਰ ਤੇ ਨਾੜੀਆਂ ਦਿਸਦੀਆਂ ਨੇ,
ਰੱਖੇ ਚੀਥੜੇ ਵੀ ਜੇ ਗਲ ਪਾਈ ।
ਬ੍ਰਾਹਮਣ ਆਖੀਏ ਓਸ 'ਨਵੇਕਲੇ' ਨੂੰ,
ਬੈਠਾ ਜੰਗਲਾਂ ਵਿਚ ਜੋ ਧਿਆਨ ਲਾਈ ।
ਜਿਹੜਾ ਮਾਂ ਦੀ ਕੁੱਖ ਦਾ ਹੋਏ ਜਾਇਆ,
ਬੜਾ ਉਹ ਧਨਵਾਨ ਮਗਰੂਰ ਹੋਵੇ ।
ਮੈਂ ਤਾਂ ਬ੍ਰਾਹਮਣ ਪਰ ਓਸ ਨੂੰ ਮੰਨਦਾ ਹਾਂ,
ਜਿਹੜਾ ਤਿਆਗੀ ਤੇ ਮੋਹ ਤੋਂ ਦੂਰ ਹੋਵੇ ।
੩੯੭-੩੯੮
ਜਿਸ ਨੇ ਕੱਟਿਆ ਸਾਰੀਆਂ ਬੇੜੀਆਂ ਨੂੰ,
ਜਿਸ ਨੂੰ ਤ੍ਰਿਸ਼ਨਾ ਦਾ ਡਰ ਡਰਾਉਂਦਾ ਨਹੀਂ ।
ਓਸ ਸੰਜਮੀ ਨੂੰ ਬ੍ਰਾਹਮਣ ਆਖਦਾ ਹਾਂ,
ਜਿਹੜਾ ਮੋਹ ਵਿਚ ਚਿੱਤ ਫਸਾਉਂਦਾ ਨਹੀਂ ।
ਭੰਨ ਤੋੜਿਆ ਕ੍ਰੋਧ ਦੇ ਸੰਗਲਾਂ ਨੂੰ,
ਝੱਬੂ ਵਾਸਨਾ ਦਾ ਹੋਵੇ ਲਾਹਿਆ ਜਿਸ ।
ਓਸ ਬੁੱਧ ਤਾਈਂ ਬ੍ਰਾਹਮਣ ਮੰਨਦਾ ਹਾਂ,
ਜੂਲਾ ਗਲੋਂ ਅਗਿਆਨ ਦਾ ਲਾਹਿਆ ਜਿਸ ।
੩੯੯-੪੦੦
ਜਿਹੜਾ ਆਦਮੀ ਚਿੱਤ ਨਾ ਕਰੇ ਮੈਲਾ,
ਕੈਦ, ਗਾਲੀਆਂ, ਫਾਂਸੀਆਂ ਸਹੀ ਜਾਏ ।
ਖਿਮਾ-ਬਲ ਉਹਦਾ ਤਕੜੀ ਫੌਜ ਜੇਡਾ,
ਮੇਰਾ ਮਨ ਉਸ ਨੂੰ ਬ੍ਰਾਹਮਣ ਕਹੀ ਜਾਏ ।
ਸੀਲ ਸੰਜਮੀ ਹੋਏ ਤੇ ਨਿੱਤ-ਨੇਮੀ,
ਸੁਣੇ ਬੁੱਧ-ਵਾਣੀ ਕਰੋਧ ਨਹੀਂ ਕਰਦਾ ।
ਓਸ ਆਦਮੀ ਨੂੰ ਬ੍ਰਾਹਮਣ ਆਖਦਾ ਹਾਂ,
ਅੰਤਮ-ਦੇਹ ਧਾਰੀ ਜਿਹੜਾ ਨਹੀਂ ਮਰਦਾ ।
੪੦੧-੪੦੨
ਦਾਣਾ ਸਰ੍ਹੋਂ ਦਾ ਸੂਈ ਦੀ ਨੋਕ ਉਤੇ,
ਜਿਵੇਂ ਧਰਦਿਆਂ ਸਾਰ ਹੀ ਢਹਿ ਜਾਏ ।
ਕਤਰਾ ਪਾਣੀ ਦਾ ਕੰਵਲ ਦੇ ਪੱਤਿਆਂ ਤੇ,
ਝੱਟ ਤਿਲਕ ਜਾਏ, ਥੱਲੇ ਵਹਿ ਜਾਏ ।
ਓਸੇ ਤਰ੍ਹਾਂ ਹੀ ਕਾਮ ਦੇ ਭੋਗ ਕੋਲੋਂ,
ਰਹਿ ਕੇ ਦੂਰ ਜੋ ਬੋਝ ਉਤਾਰ ਲੈਂਦਾ ।
ਐਸੇ ਸੰਜਮੀ ਨੂੰ ਬ੍ਰਾਹਮਣ ਆਖਦਾ ਹਾਂ,
ਪਾ ਜਿਹੜਾ ਹੈ ਦੁੱਖ ਦੀ ਸਾਰ ਲੈਂਦਾ ।
੪੦੩-੪੦੪
ਐਸਾ ਆਦਮੀ ਗੂੜ੍ਹ ਗਿਆਨ ਵਾਲਾ,
ਜਿਹੜਾ ਰਾਹ-ਕੁਰਾਹ ਨੂੰ ਜਾਣਦਾ ਏ ।
ਮੈਂ ਤਾਂ ਉਸੇ ਨੂੰ ਹੀ ਬ੍ਰਾਹਮਣ ਆਖਦਾ ਹਾਂ,
ਪਾਇਆ ਮਰਤਬਾ ਜਿਸ ਨਿਰਵਾਣ ਦਾ ਏ ।
ਜਿਹੜਾ ਵਿਚ ਸੰਸਾਰ ਦੇ ਨਹੀਂ ਫਾਥਾ,
ਖੱਚਤ ਹੋ ਰਿਹਾ ਵਿਚ ਸੰਨਿਆਸ ਨਾਹੀਂ ।
ਬ੍ਰਾਹਮਣ ਆਖਦਾ ਓਸ ਨਿਥਾਵੇਂ ਨੂੰ ਮੈਂ,
ਜਿਸ ਨੂੰ ਇੱਛਿਆ, ਵਾਸਨਾ, ਆਸ ਨਾਹੀਂ ।
੪੦੫-੪੦੬
ਜਿਸ ਨੇ ਲਾਠੀ ਨੂੰ ਰੱਖ ਕੇ ਇਕ ਪਾਸੇ,
ਮੁੱਖ ਆਪਣਾ ਹਿੰਸਾ ਤੋਂ ਫੇਰਿਆ ਏ ।
ਨਾ ਹੀ ਮਾਰਿਆ ਕਿਸੇ ਨੂੰ ਆਪ ਓਹਨੇ,
ਨਾ ਹੀ ਮਾਰਨ ਦੇ ਲਈ ਪਰੇਰਿਆ ਏ ।
ਜਿਹੜਾ ਨਹੀਂ ਵਿਰੋਧੀ ਵਿਰੋਧੀਆਂ ਦਾ,
ਅੱਗੇ ਲਾਠੀਆਂ, ਹੱਥ ਜੋ ਚੁੱਕਦਾ ਨਹੀਂ ।
ਮੈਂ ਤਾਂ ਬ੍ਰਾਹਮਣ ਹੀ ਓਸ ਨੂੰ ਆਖਦਾ ਹਾਂ,
ਪਾਉਂਦਾ ਮੰਗਤੇ ਨੂੰ ਵਾਸਤਾ ਟੁੱਕ ਦਾ ਨਹੀਂ ।
੪੦੭-੪੦੮
ਦਾਣਾ ਸਰ੍ਹੋਂ ਦਾ ਸੂਈ ਦੀ ਨੋਕ ਉਤੇ,
ਜਿਵੇਂ ਧਰਦਿਆਂ ਸਾਰ ਹੀ ਗਿਰ ਜਾਏ ।
ਬ੍ਰਾਹਮਣ ਓਹ ਹੈ ਜਿਸ ਦੇ ਚਿੱਤ ਵਿਚੋਂ,
ਮੋਹ, ਵੈਰ, ਪਾਖੰਡ ਸਭ ਕਿਰ ਜਾਏ ।
ਓਹ ਵੀ ਬ੍ਰਾਹਮਣ ਅਖਵਾਉਣ ਦਾ ਹੱਕ ਰੱਖੇ,
ਜਿਹੜਾ ਸੱਚ ਦੇ ਸੁਖਨ ਅਲਾਉਂਦਾ ਏ ।
ਸਦਾ ਸਾਰਥ ਤੇ ਕੰਮ ਦੀ ਗੱਲ ਕਰਦਾ,
ਫਿੱਕਾ ਬੋਲ ਨਾ ਦਿਲ ਦੁਖਾਉਂਦਾ ਏ ।
੪੦੯-੪੧੦
ਛੋਟੀ ਲੰਮੀ ਜਾਂ ਸ਼ੁਭ ਅਸ਼ੁਭ ਹੋਵੇ,
ਭਾਵੇਂ ਹੋਏ ਹੌਲੀ ਭਾਵੇਂ ਹੋਏ ਭਾਰੀ ।
ਬਿਨਾ ਦਿੱਤਿਆਂ ਚੀਜ਼ ਜੋ ਨਹੀਂ ਲੈਂਦਾ,
ਓਹੀ ਬ੍ਰਾਹਮਣ ਕਹਾਉਣ ਦਾ ਅਧਿਕਾਰੀ ।
ਨਹੀਂ ਲੋਕ-ਪਰਲੋਕ ਦੀ ਚਾਹ ਜਿਸ ਨੂੰ,
ਜਿਹੜਾ ਕਿਸੇ ਦਾ ਆਸਰਾ ਤੱਕਦਾ ਨਹੀਂ ।
ਐਸੇ ਸੰਜਮੀ ਪੁਰਸ਼ ਨੂੰ ਸੱਚ ਜਾਣੋਂ,
ਬ੍ਰਾਹਮਣ ਆਖਦਾ ਕਦੇ ਮੈਂ ਥੱਕਦਾ ਨਹੀਂ ।
੪੧੧-੪੧੨
ਮੁਕਤ ਹੋਇਆ ਜੋ ਤ੍ਰਿਸ਼ਨਾ ਤੇ ਇੱਛਿਆ ਤੋਂ,
ਸੰਸੇ ਵਿਚ ਨਾ ਚਿੱਤ ਫਸਾਉਂਦਾ ਏ ।
ਐਸੇ ਮੈਂ ਗਿਆਨੀ ਨੂੰ ਕਹਾਂ ਬ੍ਰਾਹਮਣ,
ਡੀਕ ਅੰਮ੍ਰਿਤ-ਨਿਰਵਾਣ ਦੀ ਲਾਉਂਦਾ ਏ ।
ਪੁੰਨ-ਪਾਪ ਦੀ ਫਾਹੀ ਤੋਂ ਪਾਰ ਹੋਇਆ,
ਬਿਨਾਂ ਮੈਲ ਤੇ ਪਾਪ ਸੰਤਾਪ ਜਿਹੜਾ ।
ਓਸ ਪੁਰਸ਼ ਤਾਈਂ ਬ੍ਰਾਹਮਣ ਆਖਦਾ ਹਾਂ,
ਹੋਏ ਪਾਕ-ਪਵਿੱਤ ਨਿਸ਼ਪਾਪ ਜਿਹੜਾ ।
੪੧੩-੪੧੪
ਐਸੇ ਆਦਮੀ ਨੂੰ ਬ੍ਰਾਹਮਣ ਆਖਦਾ ਹਾਂ,
ਜਨਮ ਜਨਮ ਦੀ ਜੋ ਤ੍ਰਿਸ਼ਨਾ ਮਾਰਦਾ ਏ ।
ਨਿਰਮਲ, ਸਾਫ਼, ਸਵੱਛ ਜੋ ਚੰਦ ਵਾਂਗੂੰ,
ਬਿਨਾਂ ਦਾਗ਼ ਜੋ ਚਾਨਣ ਖਿਲਾਰਦਾ ਏ ।
ਧਿਆਨ ਮਗਨ ਸੰਤੋਖੀ ਨੂੰ ਕਹਾਂ ਬ੍ਰਾਹਮਣ,
ਪਰਲੇ ਪਾਰ ਜੋ ਸ਼ਾਂਤ ਹੋ ਤਰ ਗਿਆ ਏ ।
ਜੰਮਣ ਮਰਨ ਦੇ ਗੇੜ ਵਿਚ ਪਾਉਣ ਵਾਲੇ,
ਸੰਸੇ, ਮੋਹ ਤਾਈਂ ਸਰ ਕਰ ਗਿਆ ਏ ।
੪੧੫-੪੧੬
ਬ੍ਰਾਹਮਣ ਮੈਂ ਤਾਂ ਓਸ ਨੂੰ ਆਖਦਾ ਹਾਂ,
ਜੀਹਨੇ ਤ੍ਰਿਸ਼ਨਾ ਦੇ ਸੋਮੇ ਦਾ ਨਾਸ ਕੀਤਾ ।
ਸਾਰੇ ਭੋਗ ਵਿਲਾਸ ਤਿਆਗ ਦਿੱਤੇ,
ਧਾਰਨ ਖ਼ੁਸ਼ੀ ਦੇ ਨਾਲ ਸੰਨਿਆਸ ਕੀਤਾ ।
ਬ੍ਰਾਹਮਣ ਓਸੇ ਹੀ ਪੁਰਸ਼ ਨੂੰ ਆਖਦਾ ਹਾਂ,
ਤ੍ਰਿਸ਼ਨਾ ਜਿਸ ਦੀ ਦਾ ਸੋਮਾ ਸੁੱਕਿਆ ਏ ।
ਘਰ ਛੱਡ ਜੋ ਜੰਗਲਾਂ ਵਿਚ ਭਉਂਦਾ,
ਲੇਖਾ ਜਨਮ ਤੇ ਮਰਨ ਦਾ ਮੁੱਕਿਆ ਏ ।
੪੧੭-੪੧੮
ਮਾਨਸ ਜਨਮ ਜੰਜਾਲ ਨੂੰ ਕੱਟ ਜਿਹੜਾ,
ਦੈਵੀ ਬੰਧਨਾਂ ਨੂੰ ਪਿੱਛੇ ਛੋੜ ਜਾਏ ।
ਓਸ ਆਦਮੀ ਨੂੰ ਮੈਂ ਤਾਂ ਕਹਾਂ ਬ੍ਰਾਹਮਣ,
ਸਗਲੇ ਜਾਲ ਜੰਜਾਲ ਜੋ ਤੋੜ ਜਾਏ ।
ਤਜ "ਮੋਹ-ਨਿਰਮੋਹ" ਨੂੰ ਸ਼ਾਂਤ ਹੋਵੇ,
ਸਰਬ ਲੋਕ ਵਿਜੱਈ ਬਲਵਾਨ ਜਿਹੜਾ ।
ਬਿਲਾ ਸ਼ੱਕ ਮੈਂ ਓਸ ਨੂੰ ਕਹਾਂ ਬ੍ਰਾਹਮਣ,
ਹੋਵੇ ਬਿਨਾਂ-ਕਲੇਸ਼ ਇਨਸਾਨ ਜਿਹੜਾ ।
੪੧੯-੪੨੦
ਜੰਮਣ-ਮਰਨ ਜੋ ਜਾਣਦਾ ਪਰਾਣੀਆਂ ਦਾ,
ਸੁੰਦਰ-ਗਤੀ ਨੂੰ ਜਿਸ ਨੇ ਪਾ ਲਿਆ ਏ ।
ਜੀਹਨੇ ਮੋਹ ਨੂੰ ਇਸ ਤਰ੍ਹਾਂ ਕੋਹ ਲਿਆ,
ਓਸ ਬੁੱਧ ਨੇ ਬ੍ਰਾਹਮਣ ਅਖਵਾ ਲਿਆ ਏ ।
ਮਾਣਸ, ਦੇਵ, ਗੰਧਰਬ ਨਾ ਜਾਣ ਸਕਦੇ,
ਗਤੀ ਓਸ ਦੀ ਅਪਰ-ਅਪਾਰ ਹੋਵੇ ।
ਓਸ ਨਿਹ-ਕਲੰਕ ਨੂੰ ਕਹਾਂ ਬ੍ਰਾਹਮਣ,
ਜਿਸ ਦਾ ਸਦਾ ਹੀ ਮਾਣ ਸਤਕਾਰ ਹੋਵੇ ।
੪੨੧-੪੨੨
ਨਹੀਂ ਭੂਤ, ਭਵਿੱਖ ਦਾ ਫ਼ਿਕਰ ਕਰਦਾ,
ਹਰ ਹਾਲ ਅੰਦਰ ਖਿੜੇ ਰੰਗ ਜਿਹੜਾ ।
ਮੈਂ ਤਾਂ ਓਸ ਨੂੰ ਹੀ ਬ੍ਰਾਹਮਣ ਆਖਦਾ ਹਾਂ,
ਦਾਨ ਲਏ ਨਾ ਨੰਗ ਮਲੰਗ ਜਿਹੜਾ ।
ਮਹਾਂਰਿਸ਼ੀ ਤੇ ਸੂਰਮਾ, ਸਰਬ-ਜੇਤੂ,
ਹੋਵੇ ਬੁੱਧ, ਅਡੋਲ, ਬਲਵਾਨ ਜਿਹੜਾ,
ਬਿਲਾ ਸ਼ੱਕ ਮੈਂ ਓਸ ਨੂੰ ਕਹਾਂ ਬ੍ਰਾਹਮਣ,
ਗੁਣਵੰਤ, ਵਿਦਵਾਨ ਇਨਸਾਨ ਜਿਹੜਾ ।
੪੨੩
ਪਿਛਲਾ ਜਨਮ ਜੋ ਆਪਣਾ ਜਾਣਦਾ ਏ,
ਨਰਕ-ਸੁਰਗ ਤੇ ਝਾਤੀਆਂ ਮਾਰ ਆਇਆ ।
ਪੁਨਰ-ਜਨਮ ਜੰਜਾਲ ਜਿਸ ਕੱਟਿਆ ਏ,
ਜੋ ਵੀ ਤੱਤ ਦੀ ਸਮਝਕੇ ਸਾਰ ਆਇਆ ।
ਜੋ ਸਦਾ ਸੁਚੇਤ ਤੇ ਜਾਗਦਾ ਹੈ,
ਕਾਰਜ ਕਰ ਚੁੱਕਿਆ ਜੋ ਵੀ ਕਰਨ ਵਾਲਾ ।
ਐਸੇ ਗਹਿਰ ਗੰਭੀਰ ਨੂੰ ਕਹਾਂ ਬ੍ਰਾਹਮਣ,
ਸਾਗਰ ਜੋ ਨਿਰਵਾਣ ਦਾ ਤਰਨ ਵਾਲਾ ।
|