ਦੁਪਹਿਰ ਤੇ ਰਾਤ ਦਾ ਖਾਣਾ: ਰਸਮਾਂ ਤੇ ਗੀਤ
ਦੁਪਹਿਰ ਦੇ ਖਾਣੇ ਤੋਂ ਪਹਿਲਾਂ ਜਾਂਞੀ, ਜੰਞ
ਘਰ ਵਿਖੇ ਸ਼ਰਾਬ ਪੀਂਦੇ ਸਨ। ਇਸ ਤੋਂ ਬਾਅਦ
ਜਾਂਞੀਆਂ ਵਲੋਂ ਰੱਜ ਕੇ ਭੰਗੜਾ ਪਾਇਆ ਜਾਂਦਾ
ਸੀ। ਜੰਞ ਰੋਟੀ ਖਾਣ ਜਾਂਦੀ ਸੀ। ਜਾਂਞੀ ਅੱਗੇ
ਭੰਗੜਾ ਪਾਉਂਦੇ ਜਾਂਦੇ ਸਨ। ਜੰਞ ਖਾਣਾ ਖਾਣ ਲਈ
ਪੰਡਾਲ ਦੇ ਅੱਗੇ ਪੁੱਜਦੀ ਸੀ ਤਾਂ ਕੁੜੀ ਦੀਆਂ
ਭੂਆ ਚਾਦਰ ਤਾਣ ਕੇ ਰਸਤਾ ਰੋਕ ਕੇ ਲਾੜੇ ਦੇ
ਬਾਬੇ ਜਾਂ ਬਾਪ ਤੋਂ ਬਣਦਾ ਲਾਗ ਲੈਂਦੀਆਂ ਸਨ।
ਇਸ ਨੂੰ 'ਫ਼ਲ੍ਹਾ ਡੱਕਣਾ' ਕਿਹਾ ਜਾਂਦਾ ਸੀ। ਇਸ
ਰਸਮ ਦਾ ਮਕਸਦ ਵੀ ਭੂਆ ਜਿਹੇ ਨਜ਼ਦੀਕੀ
ਰਿਸ਼ਤੇ ਦੀ ਨਵੇਂ ਬਣੇ ਰਿਸ਼ਤੇਦਾਰਾਂ ਨਾਲ ਪਛਾਣ
ਕਰਵਾਉਣਾ ਅਤੇ ਮਾਣ ਰੱਖਣਾ ਹੀ ਸੀ। ਇਹ
ਰਸਮ ਕਈ ਥਾਵਾਂ 'ਤੇ ਅੱਜ ਵੀ ਕੀਤੀ ਜਾਂਦੀ
ਹੈ।
ਰੋਟੀ ਖਾਣ ਤੋਂ ਪਹਿਲਾਂ ਸਹੁਰੇ ਵਲੋਂ ਵਿਆਹੀ
ਜਾਣ ਵਾਲੀ ਕੁੜੀ ਲਈ ਥਾਲੀ ਵਿਚ ਰੋਟੀ ਕਢਵਾ
ਕੇ 5 ਰੁਪਈਏ ਸ਼ਗਨ ਰੱਖਿਆ ਜਾਂਦਾ ਸੀ। ਇਹ
ਰੋਟੀ ਕੁੜੀ ਨੂੰ ਖਾਣ ਲਈ ਭੇਜੀ ਜਾਂਦੀ ਸੀ। ਉਹ
ਆਪਣੀਆਂ ਸਹੇਲੀਆਂ ਸੰਗ ਮਿਲ ਕੇ ਇਹ ਰੋਟੀ
ਖਾਂਦੀ ਸੀ। ਇਸ ਦਾ ਭਾਵ ਇਹ ਹੀ ਕਿ ਲਾਵਾਂਫ਼ੇਰਿਆਂ
ਤੋਂ ਬਾਅਦ ਮਾਪਿਆਂ ਵਲੋਂ ਕੁੜੀ ਨੂੰ
ਪਰਾਈ ਮੰਨਿਆ ਜਾਂਦਾ ਸੀ। ਸਹੁਰੇ ਵਲੋਂ ਆਪਣੀ
ਨੂੰਹ ਨੂੰ ਆਪਣੇ ਪਰਿਵਾਰ ਦਾ ਹਿੱਸਾ ਮੰਨਣਾ ਹੁੰਦਾ
ਸੀ। ਦੂਜੇ ਸ਼ਬਦਾਂ ਵਿਚ ਲਾਵਾਂ-ਫ਼ੇਰੇ ਤੋਂ ਬਾਅਦ
ਵਿਆਹ ਵਾਲੀ ਕੁੜੀ ਸਹੁਰੇ ਪਰਿਵਾਰ ਦੀ ਰੋਟੀ
ਹੀ ਖਾਂਦੀ ਸੀ। ਇਸ ਰਸਮ ਦਾ ਰੂਪ ਵੀ ਹੁਣ
ਬਹੁਤ ਬਦਲ ਗਿਆ ਹੈ। ਹੁਣ ਵਿਆਹ ਵਾਲੀ ਕੁੜੀ
ਨੂੰ ਥਾਲੀ ਕਢਵਾ ਕੇ ਜੰਞ ਦੇ ਨਾਲ ਹੀ ਰੋਟੀ ਖਾਣ
ਲਈ ਬੁਲਾ ਲਿਆ ਜਾਂਦਾ ਹੈ। ਇਹ ਰੋਟੀ ਵਿਆਂਦੜ
ਜੋੜੇ ਵਲੋਂ ਇੱਕਠੇ ਖਾਧੀ ਜਾਂਦੀ ਹੈ। ਥਾਲੀ ਵਿਚਲਾ
ਸ਼ਗਨ 500 ਰੁਪਈਏ ਜਾਂ ਵੱਧ ਆਪਣੀ ਹੈਸੀਅਤ
ਮੁਤਾਬਿਕ ਹੁੰਦਾ ਹੈ। ਪਹਿਲਾਂ ਰੋਟੀ ਵਰਤਾਉਣ
ਦਾ ਕੰਮ ਸਕੇ-ਸੰਬੰਧੀ ਕਰਦੇ ਸਨ। ਇਹ ਲਾਗ
ਲਾਗੀਆਂ ਨੂੰ ਜਾਂਦਾ ਸੀ। ਇਸ ਲਾਗ ਦੀ ਥਾਂ ਹੁਣ
ਟਿੱਪ ਪ੍ਰਧਾਨ ਹੈ।
ਦੁਪਹਿਰ ਦੇ ਖਾਣੇ ਵੇਲੇ ਦੀਆਂ ਸਿੱਠਣੀਆਂ
ਕੋਰੀ ਤੇ ਤੌੜੀ ਅਸੀਂ ਰਿੰਨ੍ਹੀਆਂ ਗੁੱਲੀਆਂ
ਭੁੱਖ ਲੱਗੀ ਲਾੜਾ ਕੱਢਦਾ ਬੁੱਲ੍ਹੀਆਂ।
ਰੋਟੀ ਭਜਾਉਣੀ ਪਈ...
ਰੋਟੀ ਭਜਾਉਣੀ ਪਈ,
ਬੇਲੱਜਿਓ ਲੱਜ ਤੁਹਾਨੂੰ ਨਈਂ।
ਲਾੜਾ ਤਾਂ ਚੜ੍ਹਿਆ ਠਾਕੁਰ ਦਵਾਰੇ
ਚੁਣ ਚੁਣ ਢੀਮਾਂ ਆਪਣੇ ਬਾਪੂ ਦੇ ਮਾਰੇ।
ਇਹ ਗੱਲ ਬਣਦੀ ਨਈਂ...
ਇਹ ਗੱਲ ਬਣਦੀ ਨਈਂ,
ਬੇਲੱਜਿਓ ਲੱਜ ਤੁਹਾਨੂੰ ਨਈਂ।
ਸਭ ਗੈਸ ਬੁਝਾ ਦਿਓ ਜੀ,
ਸਾਡਾ ਕੁੜਮ ਬੈਟਰੀ ਵਰਗਾ।
ਸਾਨੂੰ ਸੱਚ ਨਾ ਆਵੇ ਜੀ,
ਵੀਰ ਜੀ ਬਟਨ ਦਬਾ ਕੇ ਦੇਖੋ।
ਸਭ ਦੇਸੀ ਬੰਦੇ ਜੀ,
ਸਾਡਾ ਕੁੜਮ ਵਲੈਤੀ ਤੋਤਾ।
ਸਾਨੂੰ ਸੱਚ ਨਾ ਆਵੇ ਜੀ,
ਵੀਰ ਜੀ ਚੂਰੀ ਪਾ ਕੇ ਦੇਖੋ।
ਸਭ ਕੋਠੀਆਂ ਭੰਨ ਦਿਓ ਜੀ,
ਸਾਡਾ ਕੁੜਮ ਭੜੋਲੇ ਵਰਗਾ।
ਸਾਨੂੰ ਸੱਚ ਨਾ ਆਵੇ ਜੀ,
ਵੀਰ ਜੀ ਛੋਲੇ ਪਾ ਕੇ ਦੇਖੋ।
ਲਿਆਓ ਕੜਾਹੀ ਤਲੋ ਕਰੇਲੇ,
ਕੁੜਮ ਦੇ ਢਿੱਡ ਵਿਚ 12 ਛੇਲੇ।
ਘਰ ਦਾ ਇੱਜੜ ਬਣਾਇਆ, ਵੇ ਕੁੜਮਾ,
ਘਰ ਦਾ ਇੱਜੜ ਬਣਾਇਆ।
ਲਿਆਓ ਗਾਰਾ ਕਰੋ ਕੜਾਹੀ,
ਕੁੜਮ ਦੇ ਢਿੱਡ ਵਿਚ ਬਾਰਾਂ ਸਿਪਾਹੀ।
ਘਰ ਦਾ ਥਾਣਾ ਬਣਾਇਆ ਵੇ ਕੁੜਮਾ,
ਘਰ ਦਾ ਥਾਣਾ ਬਣਾਇਆ।
ਕਿਸੇ ਤਾਏ ਵਲੋਂ ਕੋਈ ਚੰਗਾ ਗੀਤ ਗਾਉਣ
ਨੂੰ ਕਿਹਾ ਜਾਂਦਾ ਸੀ, ਤਾਂ ਤਾਈਆਂ ਚਾਚੀਆਂ ਇਹ
ਜਵਾਬ ਦਿੰਦੀਆਂ:
ਲਿਆਓ ਗਾਰਾ ਕਰੋ ਕੜਾਹ।
ਤੁਸੀਂ ਗਾਵੋ ਕੁੜੀਓ ਨੀ,
ਤਾਏ ਦਾ ਇਹੋ ਸੁਭਾਅ।
ਤੁਸੀਂ ਗੁੱਸਾ ਨਾ ਕਰਿਓ ਨੀ,
ਤਾਏ ਦਾ ਇਹੋ ਸੁਭਾਅ।
ਲਾੜਾ ਕਿਹੜੀਆਂ ਗੱਲਾਂ ਦਾ ਗ਼ਮ ਖਾ ਗਿਆ,
ਸੁੱਕ ਕੇ ਤਵੀਤ ਹੋ ਗਿਆ।
ਅੰਮਾਂ ਵੇਚ ਕੇ ਜਲੰਧਰ ਕੈਦ ਹੋ ਗਿਆ,
ਸਾਡੇ ਭਾਣੇ ਨੌਕਰ ਹੋ ਗਿਆ।
ਲਾੜਿਆ ਪੱਗ ਲਿਆਂਦੀ ਮੰਗ ਕੇ,
ਆਪੇ ਈ ਲਈ ਰੰਗਾ।
ਅੜਿਆ ਪੱਗ ਵਾਲੇ ਮੁੱਲ ਮੰਗਦੇ,
ਕਿਤੇ ਮਾਂ ਨੂੰ ਗਹਿਣੇ ਪਾ।
ਨਾਲੇ ਲਾੜਾ ਬਹਿ ਕੇ ਖਾ ਗਿਆ,
ਨਾਲੇ ਲੈ ਗਿਆ ਪੱਲੇ-ਰੁਮਾਲ ਪੱਲੇ।
ਘਰ ਜਾਂਦੇ ਨੂੰ ਭੈਣਾਂ ਪੁੱਛੇ,
ਇਹ ਕਿਨ੍ਹਾਂ ਨੇ ਘੱਲੇ-ਰੁਮਾਲ ਪੱਲੇ।
ਚੁੱਪ ਕਰਕੇ ਤੂੰ ਖਾ ਲਾ ਭੈਣੇਂ,
ਨਵੇਂ ਯਾਰਾਂ ਨੇ ਘੱਲੇ-ਰੁਮਾਲ ਪੱਲੇ।
ਰਾਤੇ ਦਾ ਖੱਟਾ ਬੁੱਸ ਗਿਆ...
ਨਵਾਂ ਜਵਾਈ ਵਿਹੜੇ ਵੜਿਆ,
ਪੁਰਾਣਾ ਜਵਾਈ ਰੁੱਸ ਗਿਆ।
ਰਾਤੇ ਦੇ ਖੱਟੇ ਨੂੰ ਤਾਰ ਪਈ...
ਨਵਾਂ ਜਵਾਈ ਵਿਹੜੇ ਵੜਿਆ,
ਪੁਰਾਣੇ ਜਵਾਈ ਨੂੰ ਮਾਰ ਪਈ।
ਹਰੇ ਵੇ ਸਾਫ਼ੇ ਵਾਲਿਆ,
ਤੇਰੇ ਸਾਫ਼ੇ ਤੇ ਬੈਠੀ ਜੂੰ।
ਹੋਰਾਂ ਨੇ ਛੱਡੀਆਂ ਗੋਰੀਆਂ,
ਤੇਰੀ ਗੋਰੀ ਨੇ ਛੱਡਿਆ ਤੂੰ।
ਕੁੜਮ ਤਾਂ ਚੱਲਿਆ ਗੰਗਾ ਨਹਾਉਣ,
ਹਰ ਗੰਗਾ ਬਈ ਹਰ ਗੰਗਾ।
ਪਹਿਲੇ ਗੋਤੇ ਗਿਆ ਪਤਾਲ,
ਹਰ ਗੰਗਾ ਬਈ ਹਰ ਗੰਗਾ।
ਮੱਛੀ ਨੇ ਫੜ ਲਿਆ ਮੁੱਛ ਦਾ ਵਾਲ,
ਹਰ ਗੰਗਾ ਬਈ ਹਰ ਗੰਗਾ।
ਫੇਰ ਨਹੀਂ ਆਉਂਦਾ ਤੇਰੇ ਦਰਬਾਰ,
ਹਰ ਗੰਗਾ ਬਈ ਹਰ ਗੰਗਾ।
ਏਥੇ ਕਰ ਦਊਂ ਜ਼ੋਰੋ ਦਾ ਦਾਨ,
ਹਰ ਗੰਗਾ ਬਈ ਹਰ ਗੰਗਾ।
ਨਿੱਕੀ ਜਿਹੀ ਕੋਠੜੀਏ,
ਤੈਂ ਵਿਚ ਮੇਰਾ ਆਟਾ।
ਕੁੜਮਾਂ ਜ਼ੋਰੋ ਉਧਲ ਚੱਲੀ,
ਲੈ ਕੇ ਧੌਲਾ ਝਾਟਾ।
ਨਿੱਕੀ ਜਿਹੀ ਕੋਠੜੀਏ,
ਤੈਂ ਵਿਚ ਮੇਰੇ ਦਾਣੇ।
ਕੁੜਮਾਂ ਜ਼ੋਰੋ ਉਧਲ ਚੱਲੀ,
ਲੈ ਕੇ ਚਾਰ ਨਿਆਣੇ।
ਨਿੱਕੀ ਜਿਹੀ ਕੋਠੜੀਏ,
ਤੈਂ ਵਿਚ ਮੇਰੀ ਭੇਲੀ।
ਕੁੜਮਾਂ ਜ਼ੋਰੋ ਉਧਲ ਚੱਲੀ,
ਲੈ ਕੇ ਫ਼ੱਤੂ ਤੇਲੀ।
ਕੁੜਮਾਂ ਜ਼ੋਰੋ ਸਾਡੇ ਆਈ,
ਘੱਗਰੀ ਲਿਆਈ ਪਾਟੀ।
ਸਮਾ ਲੈ ਨੀ,
ਸਮਾ ਲੈ ਦਾਦੀ ਸਾਡੀ।
ਕੌਣ ਜੋ ਉਹਦੇ ਧਾਗੇ ਵੱਟੇ,
ਕੌਣ ਜੋ ਲਾਵੇ ਟਾਕੀ।
ਸਮਾ ਲੈ ਨੀ,
ਸਮਾ ਲੈ ਦਾਦੀ ਸਾਡੀ।
ਮੁੰਡੇ ਸਾਡੇ ਧਾਗੇ ਵੱਟਣ,
ਓਹੀਓ ਲਾਵਣ ਟਾਕੀ।
ਸਮਾ ਲੈ ਨੀ,
ਸਮਾ ਲੈ ਦਾਦੀ ਸਾਡੀ।
ਲਾੜਿਆ ਆਪਣੀਆਂ ਵੱਲ ਵੇਖ ਵੇ,
ਕਿਉਂ ਲਵੇਂ ਪਰਾਈਆਂ ਬਿੜਕਾਂ?
ਘਰ ਭੈਣ ਕੁਆਰੀ ਕੰਨਿਆਂ,
ਤੂੰ ਉਹਦਾ ਦੇ ਦੇ ਸਾਕ ਵੇ।
ਕਿਉਂ ਲਵੇਂ ਪਰਾਈਆਂ ਬਿੜਕਾਂ?
ਤੂੰ ਆਪਣੀਆਂ ਵੱਲ ਝਾਕ ਵੇ।
ਚਾਦਰ ਵੇ ਕੁੜਮਾ ਮੇਰੀ ਪੰਜ ਗਜ਼ੀ,
ਵਿਚ ਗ਼ੁਲਾਬੀ ਫ਼ੁੱਲ।
ਜਦ ਮੈਂ ਨਿਕਲੀ ਪਹਿਨ ਕੇ,
ਤੇਰੀ ਸਾਰੀ ਜਨੇਤ ਦਾ ਮੁੱਲ।
ਚੁਟਕੀ ਵੇ ਮਾਰਾਂ ਰਾਖ਼ ਦੀ,
ਤੈਨੂੰ ਖੋਤਾ ਲਮਾਂ ਬਣਾ।
ਨੌਂ ਮਣ ਛੋਲੇ ਲੱਦ ਕੇ,
ਤੈਨੂੰ ਪਾਮਾਂ ਸ਼ਹਿਰ ਦੇ ਰਾਹ।
ਮੇਰੀ ਵੇ ਖੋਹ ਗਈ ਜੀਜਾ ਆਰਸੀ,
ਤੇਰੀ ਵੇ ਖੋਹ ਗਈ ਮਾਂ।
ਆਪਾਂ ਦੋਨੋਂ ਟੋਲ਼ੀਏ,
ਤੂੰ ਕਰ ਛੱਤਰੀ ਦੀ ਛਾਂ।
ਮੱਕੀ ਦਾ ਦਾਣਾ ਕੋਠੇ 'ਤੇ,
ਵਿਚੋਲਾ ਚੜ੍ਹਾਉਣਾ ਝੋਟੇ 'ਤੇ।
ਮੱਕੀ ਦਾ ਦਾਣਾ ਟਿੰਡ ਵਿਚ ਨੀ,
ਵਿਚੋਲਾ ਨਈਂ ਰੱਖਣਾ ਪਿੰਡ ਵਿਚ ਨੀ।
ਸਾਲੇ ਲਾੜੇ ਨੂੰ ਪੁੱਛੋ,
ਰਾਤੀਂ ਅੰਮਾਂ ਕਿਥੇ ਸੀ?
ਸਾਡੇ ਬੁੱਢਿਆਂ ਦੇ ਨਾਲ,
ਗੁੱਲੀ ਡੰਡਾ ਖੇਡੇਗੀ।
ਨਖ਼ਰੋ ਖੇਡਣ ਨਾ ਜਾਣੇ,
ਪਹਿਲੀ ਬਾਜੀ ਹਾਰੇਗੀ।
ਸਾਲੇ ਲਾੜੇ ਨੂੰ ਪੁੱਛੋ,
ਰਾਤੀਂ ਭੈਣਾਂ ਕਿੱਥੇ ਸੀ?
ਸਾਡੇ ਮੁੰਡਿਆਂ ਦੇ ਨਾਲ,
ਗੁੱਲੀ ਡੰਡਾ ਖੇਡੇਗੀ।
ਨਖ਼ਰੋ ਖੇਡਣ ਨਾ ਜਾਣੇ,
ਪਹਿਲੀ ਬਾਜੀ ਹਾਰੇਗੀ।
ਤਿਲ ਛਟੇਂਦੀਏ ਨੀ,
ਕੁੜਮੇ ਜ਼ੋਰੋ ਨੀ ਛਨਾਰੇ!
ਖਲ਼ ਖਾਂਦੀਆਂ ਮੱਝੀਆਂ ਨੀ,
ਤੇਲ ਬਲ਼ੇ ਨੀ ਚੁਬਾਰੇ!
ਕੁੜਮਾਂ ਜ਼ੋਰੋ ਨੂੰ ਨਚਾ ਲਾ ਵੇ,
ਪਿੱਪਲੀ ਦੇ ਹੇਠ।
ਪੈਰੀਂ ਝਾਂਜਰਾਂ ਪਵਾ ਲਾ ਵੇ,
ਪਿੱਪਲੀ ਦੇ ਹੇਠ।
ਸਾਡੇ ਸੁਖਵਿੰਦਰ ਨੂੰ ਬੁਲਾ ਲਾ ਵੇ,
ਪਿੱਪਲੀ ਦੇ ਹੇਠ।
ਉਤੋਂ ਵਾਰਨੇ ਕਰਾ ਲਾ ਵੇ,
ਪਿੱਪਲੀ ਦੇ ਹੇਠ।
ਅੱਖਾਂ ਤੱਤੀਆਂ ਕਰਾ ਲਾ ਵੇ,
ਪਿੱਪਲੀ ਦੇ ਹੇਠ।
ਮੇਰੇ ਕਾਂਟੇ ਦੀ ਲੰਮੀ ਲੰਮੀ ਡੋਰ,
ਕਾਂਟੇ ਨੂੰ ਖਿੱਚ ਪੈਂਦੀ ਆ।
ਲਾੜੇ ਦੀ ਅੰਮਾਂ ਨੂੰ ਲੈ ਗਏ ਚੋਰ,
ਲੁਧਿਆਣੇ ਦੱਸ ਪੈਂਦੀ ਆ।
ਤੈਨੂੰ ਮਾਰਾਂ ਚੁੱਕ ਕੇ ਜੀਜਾ,
ਮਾਰਾਂ ਖ਼ੁਰਲੀ ਦੇ ਵਿਚ।
ਆਈਆਂ ਮੱਝਾਂ ਚਰ ਗਈਆਂ,
ਤੈਨੂੰ ਪੱਥਾਂ ਗੋਹੇ ਵਿਚ।
ਤੈਨੂੰ ਵੇ ਘੋੜਾ ਭੇਜਦੀ ਜੀਜਾ,
ਮੇਰਾ ਘੋੜਾ ਚਾਰ ਕੇ ਆ।
ਨਾਲ਼ ਲਿਆ ਵੇ ਭੈਣ ਨੂੰ,
ਸਾਨੂੰ ਭਾਬੋ ਆਖਣ ਦਾ ਚਾਅ।
ਸਾਲਿਆ ਲਾੜਿਆ ਗੁੱਸਾ ਨਾ ਕਰੀਂ,
ਵੇ ਗਰੇੜਾ ਨਾ ਕਰੀਂ।
ਵੇ ਵਿਆਹ ਦੀਆਂ ਸਿੱਠਣੀਆਂ,
ਲੜਾਈ ਦੇ ਮਿਹਣੇ,
ਅਸੀਂ ਨਿੱਤ ਨਹੀਂ ਦੇਣੇ,
ਵੇ ਰੋਜ਼ ਨਹੀਂ ਦੇਣੇ।
ਆਇਓਂ ਵੇ ਤੂੰ ਆਇਓਂ ਵੇ,
ਦੱਸ ਮਾਂ ਕਿਥੇ ਛੱਡ ਆਇਓਂ ਵੇ।
ਆਉਂਦੀ ਏ ਬਈ ਆਉਂਦੀ ਏ,
ਸੁਰਖੀ ਬਿੰਦੀ ਲਾਉਂਦੀ ਏ।
ਇਹ ਸਿਲ੍ਹਿਆ ਕਿਧਰ ਦੀ ਆਈ,
ਵੀਰ ਜੀ! ਸਿਲ੍ਹਿਆ ਕਿਧਰ ਦੀ ਆਈ।
ਪਕੌੜੇ ਵੀ ਖਾ ਗਏ ਚਾਹ ਵੀ ਪੀ ਗਏ,
ਪਲੇਟਾਂ ਦੀ ਕਰ ਗਏ ਸਫ਼ਾਈ।
ਵੀਰ ਜੀ! ਸਿਲ੍ਹਿਆ ਕਿੱਧਰ ਦੀ ਆਈ।
ਰਾਤ ਦਾ ਖਾਣਾ: ਰਸਮ ਅਤੇ ਗੀਤ
ਪਹਿਲਾਂ ਪਹਿਲ ਵਿਆਹ ਪਿੰਡਾਂ ਵਿਚ ਹੀ
ਹੁੰਦੇ ਸਨ। ਵਿਆਹ ਵਾਲੇ ਘਰ ਨੂੰ ਝੰਡੀਆਂ ਲਾ
ਕੇ ਸਜਾਇਆ ਜਾਦਾ ਸੀ। ਜੰਞ ਰਾਤ ਰਹਿੰਦੀ ਸੀ।
ਰੋਟੀ ਖਾਣ ਲਈ ਕੋਰੇ (ਖੱਦਰ ਦੇ ਕੱਪੜੇ) ਵਿਛਾਏ
ਜਾਂਦੇ ਸਨ। ਗਰਮੀ ਦੇ ਦਿਨਾਂ ਵਿਚ ਵੱਡੇ ਅਕਾਰ
ਦੇ ਹੱਥ ਦੇ ਬਣੇ ਦੇਸੀ ਪੱਖੇ ਵਰਤੇ ਜਾਂਦੇ ਸਨ।
ਇਨ੍ਹਾਂ ਪੱਖਿਆਂ ਨੂੰ ਰੇਸ਼ਮ ਦੀਆਂ ਝਾਲਰਾਂ
ਲਗਾਈਆਂ ਜਾਂਦੀਆਂ ਸਨ। ਕੁੜੀ ਦੇ ਭਰਾਵਾਂ ਅਤੇ
ਰਿਸ਼ਤੇਦਾਰਾਂ ਵਲੋਂ ਰੋਟੀ ਖਾਂਦੀ ਜੰਞ ਨੂੰ ਇਹ ਪੱਖੇ
ਝੱਲੇ ਜਾਂਦੇ ਸਨ। ਹੁਣ ਹੱਥ ਦੇ ਬਣੇ ਪੱਖਿਆਂ ਦੀ
ਥਾਂ ਬਿਜਲੀ ਦੇ ਪੱਖੇ ਜਾਂ ਏ ਸੀ ਨੇ ਲੈ ਲਈ ਹੈ।
ਆਤਸ਼ਬਾਜ਼ੀ ਵੀ ਚਲਾਈ ਜਾਂਦੀ ਸੀ ਜਿਸ ਦੀ
ਪੁਸ਼ਟੀ ਸਿੱਠਣੀਆਂ ਕਰਦੀਆਂ ਹਨ। ਇਹ ਰਸਮ
ਲੋਪ ਹੋ ਚੁੱਕੀ ਹੈ। ਰਾਤ ਦੀ ਰੋਟੀ ਵੇਲੇ ਗਾਏ
ਜਾਣ ਵਾਲੇ ਗੀਤ ਨਿਮਨ ਲਿਖਤ ਸਨ:
ਕੋਰੇ ਝਾੜ ਕੇ ਵਿਛਾਇਓ ਮੇਰੇ ਵੀਰਿਓ ਜੀ,
ਆਇਆਂ ਸਾਜਨਾਂ ਨੂੰ।
ਆਦਰ ਨਾਲ ਬੁਲਾਇਓ ਮੇਰੇ ਵੀਰਿਓ ਜੀ,
ਖਾਣਾ ਸੋਧ ਕੇ ਖਿਲਾਇਓ ਮੇਰੇ ਵੀਰਿਓ ਜੀ।
ਸਾਡਾ ਇਹੋ ਈ ਮੁੰਡਾ ਕੁਆਰਾ।
ਪੱਖਾ ਝੱਲਦੇ ਨੂੰ ਦਿਓ ਛੁਹਾਰਾ।
ਸਾਡਾ ਇਹੋ ਈ ਮੁੰਡਾ ਕੁਆਰਾ।
ਸਾਡਾ ਇਹੋ ਈ ਮੁੰਡਾ ਕੁਆਰਾ,
ਹੱਥ ਧਵਾਉਂਦੇ ਨੂੰ ਦਿਓ ਛੁਹਾਰਾ।
ਪੁਰਾਣੇ ਸਮੇਂ ਵਿਚ ਜੰਞ ਦੇ ਮਨੋਰੰਜਨ ਲਈ
ਕੰਜਰੀ, ਨੱਚਣ ਜਾਂ ਗਾਉਣ ਵਾਲੇ ਲਿਆਂਦੇ ਜਾਂਦੇ
ਸੀ। ਇਸ ਜ਼ਮਾਨੇ ਵਿਚ ਨੱਚਣ ਵਾਲੀ ਨੂੰ ਹੀ
'ਕੰਜਰੀ' ਕਿਹਾ ਜਾਂਦਾ ਸੀ। ਰਾਤ ਨੂੰ ਆਤਸ਼ਬਾਜ਼ੀ
ਵੀ ਚਲਾਈ ਜਾਂਦੀ ਸੀ। ਇਸ ਦੀ ਪੁਸ਼ਟੀ ਹੇਠ
ਲਿਖੀਆਂ ਸਿੱਠਣੀਆਂ ਕਰਦੀਆਂ ਹਨ। ਅੱਜ ਵੀ
ਜੰਞ ਦੇ ਮਨੋਰੰਜਨ ਲਈ ਹੈਸੀਅਤ ਮੁਤਾਬਿਕ
ਗਾਇਕ ਬੁਲਾਏ ਜਾਂਦੇ ਹਨ। ਜੰਞ ਵਿਚ ਸ਼ਾਮਿਲ,
ਮੁੰਡੇ ਦੀ ਮਾਂ, ਭੈਣਾਂ, ਭਾਬੀਆਂ ਆਦਿ ਨੱਚ-ਨੱਚ
ਧਰਤੀ ਹਿਲਾਉਂਦੀਆਂ ਹਨ:
ਵਿਹੜੇ ਤਾਂ ਸਾਡੇ, ਬਾਂਸ ਦੀ ਵੰਝਲੀ,
ਤੁਸੀਂ ਨਾ ਆਂਦੀ ਮੋਰਾਂ ਵੇ ਕੰਜਰੀ।
ਭੈਣ ਨਚਾਉਣੀ ਪਈ...
ਭੈਣ ਨਚਾਉਣੀ ਪਈ,
ਬੇਲੱਜਿਓ ਲੱਜ ਤੁਹਾਨੂੰ ਨਹੀਂ!
ਜੇ ਕੋਈ ਆਤਸ਼ਬਾਜ਼ੀ ਨਾ ਚੱਲੇ ਤਾਂ ਗਾਇਆ
ਜਾਂਦਾ ਸੀ।
ਤੇਰੀ ਅੰਬਰ ਭਾਉਂਦੀ ਵੇ,
ਕੁੜਮਾਂ ਲਾਲਚੀਆ।
ਤੇਰੀ ਅੰਬਰ ਚੜ੍ਹ ਗਈ ਵੇ,
ਕੁੜਮਾਂ ਲਾਲਚੀਆ।
ਤੇਰੀ ਛੂੰ-ਛੂੰ ਕਰ ਗਈ ਵੇ,
ਕੁੜਮਾਂ ਲਾਲਚੀਆ।
|