ਡਾਕਟਰ ਮੁਹੰਮਦ ਇਕਬਾਲ ਨੂੰ ਅੱਲਾਮਾ ਇਕਬਾਲ ਦੇ ਨਾਂ ਨਾਲ ਵੀ ਜਾਣਿਆਂ ਜਾਂਦਾ ਹੈ । ਉਨ੍ਹਾਂ ਦਾ ਜਨਮ ੯ ਨਵੰਬਰ, ੧੮੭੭ ਨੂੰ ਸਿਆਲਕੋਟ ਵਿਖੇ ਹੋਇਆ ।ਉਨ੍ਹਾਂ ਦਾ ਦੇਹਾਂਤ ੨੧ ਅਪ੍ਰੈਲ, ੧੯੩੮ ਨੂੰ ਹੋਇਆ । ਉਹ ਵਿਸ਼ਵ ਪ੍ਰਸਿੱਧ ਕਵੀ ਅਤੇ ਦਾਰਸ਼ਨਿਕ ਸਨ । ਉਨ੍ਹਾਂ ਨੇ ਉਰਦੂ ਅਤੇ ਫਾਰਸੀ ਵਿਚ ਕਵਿਤਾ ਦੀ ਰਚਨਾ ਕੀਤੀ ।ਉਨ੍ਹਾਂ ਦਾ ਲਿਖਿਆ ਤਰਾਨਾ-ਏ-ਹਿੰਦ (ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ) ਅੱਜ ਵੀ ਬਹੁਤ ਹਰਮਨ ਪਿਆਰਾ ਹੈ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ, ਅਸਰਾਰ-ਏ-ਖੁਦੀ, ਰੁਮੂਜ਼-ਏ-ਬੇਖੁਦੀ ਅਤੇ ਬਾਂਗ-ਏ-ਦਰਾ । ਉਨ੍ਹਾਂ ਦਾ 'ਖੁਦੀ' ਦਾ ਤਸੱਵੁਰ ਕੁਰਾਨ ਸ਼ਰੀਫ਼ ਵਿਚ ਆਉਂਦਾ 'ਰੂਹ' ਦਾ ਤਸੱਵੁਰ ਹੀ ਹੈ । ਭਾਵੇਂ ਉਹ ਕੱਟੜ ਮੁਸਲਮਾਨ ਸਨ, ਪਰ ਉਨ੍ਹਾਂ ਨੇ ਦੂਜੇ ਧਰਮਾਂ ਦੇ ਮਹਾਂਪੁਰਖਾਂ ਜਿਵੇਂ ਕਿ ਰਾਮ, ਗੌਤਮ ਬੁੱਧ ਅਤੇ ਗੁਰੂ ਨਾਨਕ ਦੇਵ ਜੀ ਬਾਰੇ ਵੀ ਬੜੇ ਪਿਆਰ ਅਤੇ ਸਤਿਕਾਰ ਨਾਲ ਲਿਖਿਆ ਹੈ । ਉਹ ਆਪਣੇ ਆਪ ਨੂੰ ਬਾਹਰੀ ਤੌਰ ਤੇ ਦੁਨੀਆਂਦਾਰ ਅਤੇ ਅੰਦਰੂਨੀ ਤੌਰ ਤੇ ਸੁਫ਼ਨੇ ਵੇਖਣ ਵਾਲਾ, ਦਾਰਸ਼ਨਿਕ ਅਤੇ ਰਹੱਸਵਾਦੀ ਕਹਿੰਦੇ ਸਨ ।