ਡੋਲੀ ਘਰ ਢੁੱਕਣ ਤੋਂ ਬਾਅਦ ਦੀਆਂ ਰਸਮਾਂ
ਡੋਲੀ ਦੇ ਸਵਾਗਤ ਦੀ ਰਸਮ ਅਤੇ ਗੀਤ
ਇਸ ਰਸਮ ਮੁਤਾਬਕ ਕੁਝ ਬਰਾਤੀ ਮਰਦ
ਤੇ ਔਰਤਾਂ ਡੋਲੀ ਤੋਂ ਪਹਿਲਾਂ ਘਰ ਪੁੱਜ ਜਾਂਦੇ ਸਨ।
ਸਹੁਰੇ ਪਿੰਡ 'ਚ ਰਾਹਾਂ 'ਚ ਅੱਖਾਂ ਵਿਛਾਈ ਮਾਂ,
ਭੈਣਾਂ-ਭਰਜਾਈਆਂ, ਚਾਚੀਆਂ-ਤਾਈਆਂ ਤੇ ਆਂਢ-ਗੁਆਂਢ
ਡੋਲੀ ਦੀ ਉਡੀਕ ਕਰ ਰਿਹਾ ਹੁੰਦਾ ਸੀ।
ਨਵੀਂ ਵਿਆਹੀ ਭਾਬੀ ਦੇ ਮਹਿਤਾਬੀ ਮੁੱਖ ਤੋਂ ਘੁੰਡ
ਚੁੱਕ ਕੇ ਦੇਖਣ ਦੀ ਉਤਸੁਕਤਾ ਵਿਚ ਨਣਦਾਂ ਦੇ
ਪੱਬ ਧਰਤੀ 'ਤੇ ਨਹੀਂ ਲੱਗਦੇ ਸਨ। ਮਾਂ ਦਾ ਦਿਲ
ਨੂੰਹ-ਪੁੱਤ ਦੇ ਸਿਰ ਤੋਂ ਪਾਣੀ ਵਾਰ ਕੇ ਪੀਣ ਲਈ
ਬੇਤਾਬ ਹੁੰਦਾ ਸੀ। ਭਾਬੀਆਂ ਲਾਡਲੇ ਦਿਓਰ ਅਤੇ
ਦਰਾਣੀ ਨਾਲ ਨੋਕ-ਝੋਕ ਕਰਨ ਲਈ ਬੇਚੈਨ
ਹੁੰਦੀਆਂ ਸਨ। ਭੂਆ ਭਤੀਜੇ ਤੇ ਭਤੀਜ-ਨੂੰਹ ਕੋਲੋਂ
ਮੱਥਾ ਟਿਕਾਉਣ ਲਈ ਉਤਾਵਲੀਆਂ ਹੁੰਦੀਆਂ ਸਨ।
ਚਾਚੀਆਂ-ਤਾਈਆਂ, ਮਾਮੀਆਂ-ਮਾਸੀਆਂ
ਦੇ ਚਿਹਰੇ ਤੇ ਡੋਲੀ ਦੇ ਇੰਤਜ਼ਾਰ ਵਿਚ ਖ਼ੁਸ਼ੀ
ਡਲ੍ਹਕਾਂ ਮਾਰਦੀ ਹੁੰਦੀ ਸੀ। ਅਜੋਕੇ ਸਮੇਂ ਵਿਚ
ਅਜਿਹੀ ਇੰਤਜ਼ਾਰ ਨਹੀਂ ਰਹੀ, ਕਿਉਂਕਿ ਹੁਣ ਜੰਞ
ਵਿਚ ਔਰਤਾਂ ਦੀ ਸ਼ਮੂਲੀਅਤ ਮਰਦਾਂ ਦੇ ਬਰਾਬਰ
ਹੁੰਦੀ ਹੈ। ਹਾਂ! ਕਿਤੇ ਕਿਤੇ ਅਜੇ ਵੀ ਲਾੜੇ ਦੀ ਮਾਂ
ਘਰ ਰਹਿਣਾ ਪਸੰਦ ਕਰਦੀ ਹੈ। ਪਹਿਲਾਂ ਪਹਿਲ
ਨਣਦਾਂ ਦੇ ਦਿਲ ਭਾਬੀ ਦੇ ਮੁੱਖ ਤੋਂ ਘੁੰਡ ਚੁੱਕ ਕੇ
ਦੇਖਣ ਲਈ ਉਤਾਵਲੇ ਹੁੰਦੇ ਸਨ। ਅੱਜ ਅਜਿਹੀ
ਕੋਈ ਗੱਲ ਨਹੀਂ ਹੈ। ਇਹ ਰਸਮ ਨਵੀਂ ਬੰਨੋ ਦੇ
ਸਵਾਗਤ ਲਈ ਕੀਤੀ ਜਾਂਦੀ ਹੈ। ਸਹੁਰੇ ਪਿੰਡ
ਪੁੱਜਦੇ ਹੀ ਵਿਆਹ ਵਾਲੀ ਕੁੜੀ ਨੂੰ ਵਹੁਟੀ ਜਾਂ
ਲਾੜੀ ਕਿਹਾ ਜਾਂਦਾ ਸੀ ਅਤੇ ਇਹ ਪ੍ਰਥਾ ਪ੍ਰਚਲਿਤ
ਹੈ। ਡੋਲ਼ੀ ਦੇ ਘਰ ਪੁੱਜਦੇ ਹੀ ਇਹ ਗੀਤ ਗਾਇਆ
ਜਾਂਦਾ ਸੀ। ਕਈ ਥਾਵਾਂ 'ਤੇ ਅੱਜ ਵੀ ਗਾਇਆ ਜਾ
ਰਿਹਾ ਹੈ:
ਸਾਡੇ ਨਵੇਂ ਸਾਜਨ ਘਰ ਆਏ,
ਸਲੋਨੀ ਦੇ ਨੈਣ ਭਲੇ।
ਕੀ ਕੀ ਵਸਤ ਲਿਆਏ,
ਸਲੋਨੀ ਦੇ ਨੈਣ ਭਲੇ।
ਕੁੜਮੇ ਦੀ ਜ਼ੋਰੋ ਲਿਆਏ,
ਸਲੋਨੀ ਦੇ ਨੈਣ ਭਲੇ।
ਪਹਿਲਾਂ ਡੋਲੀ ਅਤੇ ਹੁਣ ਕਾਰ ਜਾਂ ਲਿਮੋਜੀਨ
ਜਦੋਂ ਘਰ ਦੇ ਕੋਲ ਜਾ ਕੇ ਖੜ੍ਹਦੀ ਹੈ ਤਾਂ ਨਣਦਾਂ
ਭਾਬੀ ਨੂੰ ਮਿਲਣ ਡੋਲੀ ਕੋਲ ਪੁੱਜਦੀਆਂ ਹਨ। ਉਹ
ਨਵੀਂ ਨਵੇਲੀ ਭਾਬੀ ਦੇ ਆਗਮਨ ਵਿਚ ਸ਼ਗਨਾਂ ਦੇ
ਗੀਤ ਗਾਉਂਦੀਆਂ ਹੋਈਆਂ ਉਸ ਦੀ ਸਹੁਰੇ ਪਰਿਵਾਰ
ਨਾਲ ਜਾਣ-ਪਛਾਣ ਕਰਵਾਉਂਦੀਆਂ ਹਨ:
ਉਤਰ ਭਾਬੋ ਡੋਲਿਓਂ,
ਕੋਈ ਦੇਖ ਸਹੁਰੇ ਦਾ ਨੀ ਬਾਰ।
ਕੰਧਾਂ ਚਿਤਮ ਚਿਤੀਆਂ,
ਕਲੀ ਚਮਕਦਾ ਨੀ ਭਾਬੋ ਮੇਰੀਏ ਬਾਰ।
ਚੰਨਣ ਚੌਂਕੀ ਮੈਂ ਡਾਹੀ,
ਭਾਬੋ ਆਣ ਖਲੋਤੀ ਤੂੰ,
ਮੁੱਖ ਤੋਂ ਪੱਲਾ ਚੁੱਕ ਦੇ,
ਤੇਰਾ ਸੋਨੇ ਵਰਗਾ ਮੂੰਹ।
ਭਾਬੋ ਆਈ ਮਨ ਵਧਿਆ।
ਵਿਹੜਾ ਵਧਿਆ ਗਜ ਚਾਰ,
ਗਜ ਗਜ ਵਧਿਆ ਚੌਂਤਰਾ,
ਕੋਈ ਗਿੱਠ ਗਿੱਠ ਵਧਿਆ ਬਾਰ।
ਡੋਲੇ ਦਾ ਮੂੰਹ ਉਚੜਾ,
ਵੇ ਮਹਾਰਾਜ ਕਹਾਰੋ।
ਵਿਚ ਹੈ ਮੋਤੀ ਸੁਚੜਾ, ਵੇ ਮਹਾਰਾਜ ਕਹਾਰੋ।
ਡੋਲੇ ਦਾ ਮੂੰਹ ਭੀੜਾ, ਵੇ ਮਹਾਰਾਜ ਕਹਾਰੋ।
ਵਿਚ ਹੈ ਸਾਡਾ ਹੀਰਾ, ਵੇ ਮਹਾਰਾਜ ਕਹਾਰੋ।
ਲੈ ਲਓ ਆਪਣਾ ਲਾਗ,
ਵੇ ਮਹਾਰਾਜ ਕਹਾਰੋ।
ਵੇ ਦੇ ਦਿਓ ਸਾਡਾ ਲਾਲ,
ਵੇ ਮਹਾਰਾਜ ਕਹਾਰੋ।
ਬੁੱਕਲ ਮਾਰੀ ਕੱਸ ਕੇ,
ਵਹੁਟੀ ਆਈ ਲਾੜੇ ਨਾਲ ਹੱਸ ਕੇ।
ਬੁੱਕਲ ਮਾਰੀ ਖ਼ੇਸ ਦੀ,
ਵਹੁਟੀ ਆਈ ਲਾੜੇ ਦੇ ਮੇਚ ਦੀ।
ਵਹੁਟੀ ਦੀ ਕੱਛ ਵਿਚ ਪਿੰਨੀਆਂ,
ਵਹੁਟੀ ਪੁੱਛੇ ਨਣਾਨਾਂ ਕਿੰਨੀਆਂ?
ਵਹੁਟੀ ਦੀ ਕੱਛ ਵਿਚ ਜੌਂ ਆਂ,
ਵੀਰਾ ਦੱਸੇ ਨਣਾਨਾਂ ਨੌਂ ਆਂ।
ਵਹੁਟੀ ਦੇ ਕੰਨੀਂ ਵਾਲੀਆਂ,
ਵੀਰਾ ਹੋਰ ਲਿਅਉਂਦਾ ਸਾਲੀਆਂ।
ਵੀਰਾ ਤੇਰੀਆਂ ਸਾਲੀਆਂ,
ਵੇ ਉਹ ਸਭੋ ਬਾਰ੍ਹਾਂ ਤਾਲੀਆਂ।
ਜਿਥੇ ਵੀ ਤੂੰ ਜੰਮਿਆਂ ਵੀਰਾ,
ਤੇਰੀ ਮਾਂ ਨੇ ਖਾਧੀ ਜਵੈਣ।
ਵਹੁਟੀ ਲਿਆਇਆ ਵਿਆਹ ਕੇ,
ਕੋਈ ਨਫ਼ੇ 'ਚ ਲਿਆਇਆ ਨੈਣ।
ਕੋਠੀ ਹੇਠ ਦਸੇਰਾ,
ਨਿਕਲ ਸੱਸੜੀਏ ਘਰ ਮੇਰਾ।
ਤੂੰ ਖਾ ਲਿਆ ਬਥੇਰਾ,
ਹੁਣ ਵਾਰਾ ਆਇਆ ਮੇਰਾ।
ਇਨ੍ਹਾਂ ਲੋਕ ਗੀਤਾਂ ਦੀ ਛਹਿਬਰ ਨਾਲ ਹੀ
'ਵਿਆਂਦੜ ਜੋੜਾ' ਘਰ ਦੀਆਂ ਬਰੂਹਾਂ 'ਤੇ ਢੁੱਕਦਾ
ਸੀ। ਅਜੋਕੇ ਸਮੇਂ ਵਿਚ ਵੀ ਇਹ ਗੀਤ ਘੱਟ ਮਾਤਰਾ
ਵਿਚ ਕਿਤੇ-ਕਿਤੇ ਗਾਏ ਜਾ ਰਹੇ ਹਨ।
ਪਾਣੀ ਵਾਰਨ ਦੀ ਰਸਮ ਅਤੇ ਗੀਤ
ਘਰ ਦੀ ਦਹਿਲੀਜ਼ ਤੇ ਮਾਤਾ ਪਾਣੀ ਵਾਰੇ,
ਭਾਬੋ ਤੇਲ ਚੋਵੇ ਭੈਣਾਂ-ਭੈਣਾਂ ਖੜ੍ਹੀਓ ਵਧਾਈਆਂ
ਮੰਨਦੀ ਸੀ, ਵਾਲੀ ਰੀਤ ਮੁਤਾਬਿਕ ਨਵ ਵਿਆਹੀ
ਜੋੜੀ ਦਾ ਸਵਾਗਤ ਹੁੰਦਾ ਸੀ। ਭਾਬੀ ਬਰੂਹਾਂ ਵਿਚ
ਤੇਲ ਚੋਂਦੀ ਸੀ। ਮਾਂ ਪਾਣੀ ਦੀ ਗੜਵੀ ਸਿਰ ਤੋਂ
ਸੱਤ ਵਾਰੀ ਵਾਰਦੀ ਸੀ ਅਤੇ ਹਰ ਵਾਰ ਉਸ ਨੇ
ਇਹ ਗੜਵੀ ਮੂੰਹ ਨਾਲ ਲਾ ਕੇ ਪਾਣੀ ਪੀਣਾ
ਹੁੰਦਾ ਸੀ, ਪਰ ਮੌਕੇ 'ਤੇ ਹਾਜ਼ਰ ਔਰਤਾਂ ਵੱਲੋਂ
ਮੁੰਡੇ ਨੂੰ 6 ਵਾਰੀ ਮਾਂ ਦਾ ਹੱਥ ਫੜ ਕੇ ਰੋਕਣ
ਲਈ ਕਿਹਾ ਜਾਂਦਾ ਸੀ ਅਤੇ ਸੱਤਵੀਂ ਵਾਰੀ ਪੀ
ਲੈਣ ਦਿੱਤਾ ਜਾਂਦਾ ਸੀ। ਇਸ ਰੀਤ ਮੁਤਾਬਿਕ ਮਾਂ
ਦਾ ਨੂੰਹ-ਪੁੱਤ ਦੇ ਸਿਰ ਉਤੋਂ ਪਾਣੀ ਵਾਰ ਕੇ ਪੀਣਾ
ਉਨ੍ਹਾਂ ਦੀਆਂ ਬਲਾਵਾਂ (ਮੁਸੀਬਤਾਂ) ਨੂੰ ਆਪਣੇ
ਸਿਰ ਲੈਣਾ ਹੁੰਦਾ ਹੈ। ਇਹ ਰਸਮ ਅਜੇ ਤੱਕ
ਇਸ ਤਰ੍ਹਾਂ ਹੀ ਬਰਕਰਾਰ ਹੈ।
ਅੰਦਰੋ ਨਿਕਲ ਬੰਨੇ ਦੀਏ ਮਾਏਂ,
ਬੰਨਾ ਤੇਰਾ ਬਾਹਰ ਖੜ੍ਹਾ।
ਪਾਣੀ ਵਾਰ ਬੰਨੇ ਦੀਏ ਮਾਏਂ,
ਬੰਨਾ ਤੇਰਾ ਬਾਹਰ ਖੜ੍ਹਾ।
ਸੁੱਖਾਂ ਸੁੱਖਦੀ ਨੂੰ ਇਹ ਦਿਨ ਆਏ,
ਬੰਨਾ ਤੇਰਾ ਬਾਹਰ ਖੜ੍ਹਾ।
ਜੇ ਤੁੱਧ ਆਂਦੜੀ ਵੇ ਮੱਲਾ!
ਪਾਰੇ ਦੀ ਪਰਵਾਰ,
ਮਾਊਂ ਪਾਣੀ ਪੀਤਾ ਵਾਰ।
ਭਾਬੀ ਇਕ ਨਨਾਣਾਂ ਚਾਰ,
ਬੁਰਕੀ ਦੇਂਦੀਆਂ ਵਾਰੋ-ਵਾਰ।
ਵਿਚੋਲਿਆ ਵੇ ਤੇਰਾ ਪੁੱਤ ਜੀਵੇ!
ਸਾਡਾ ਵਧਿਆ ਪਰਿਵਾਰ,
ਐਸਾ ਬੂਟਾ ਲਾ ਦਿੱਤਾ।
ਵੇ ਜਿਹੜਾ ਸੱਜੇ ਬਾਬਲ ਦੇ,
ਗੁਣੀ ਗਿਆਨੀਆਂ ਦੇ ਬਾਰ।
ਦੁੱਧ ਪਿਲਾਉਣ ਦੀ ਰਸਮ ਅਤੇ ਗੀਤ
ਪਾਣੀ ਵਾਰ ਕੇ ਵਿਆਂਦੜ ਜੋੜੇ ਨੂੰ ਘਰ ਦੇ
ਕਿਸੇ ਕਮਰੇ ਵਿਚ ਵਿਛਾਈ ਚਾਦਰ 'ਤੇ ਬਿਠਾ ਕੇ
ਦੁੱਧ ਪਿਲਾਇਆ ਜਾਂਦਾ ਸੀ। ਪਹਿਲਾਂ ਲਾੜਾ ਪੀਂਦਾ
ਸੀ ਅਤੇ ਬਾਅਦ ਵਿਚ ਜੂਠਾ ਦੁੱਧ ਵਹੁਟੀ ਪੀਂਦੀ
ਸੀ। ਇਹ ਇਸ ਲਈ ਕਿ ਵਿਆਹ ਵਾਲੇ ਘਰ
ਮੁੰਡੇ ਦਾ ਉਸ ਘਰ ਨਾਲ ਪਹਿਲਾਂ ਹੀ ਨਾਤਾ ਹੁੰਦਾ
ਹੈ ਤੇ ਦੂਜਾ ਸਾਡਾ ਸਮਾਜ ਮਰਦ-ਪ੍ਰਧਾਨ ਹੈ।
ਅਸੀਂ ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋ ਸਕਦੇ,
ਕਿ ਜੇ ਮਾਂ ਦੇ ਸਾਹਮਣੇ ਧੀ ਅਤੇ ਪੁੱਤ ਦੋਵੇਂ ਇਕੱਠੇ
ਬੈਠੇ ਹੋਣ ਖਾਣ ਵਾਲੀ ਚੀਜ਼ ਥੋੜ੍ਹੀ ਹੋਵੇ ਤਾਂ ਮਾਂ
ਧੀ ਨੂੰ ਅਣਗੌਲੇ ਕਰ ਕੇ ਪੁੱਤਰ ਨੂੰ ਹੀ ਪਹਿਲਾਂ
ਖਾਣ ਨੂੰ ਦਿੰਦੀ ਹੈ। ਫਿਰ ਪੁਰਾਣੇ ਸਮੇਂ ਵਿਚ ਸਿਰਫ਼
ਪੁੱਤਰ ਦਾ ਕਮਾਊ ਹੋਣਾ ਵੀ ਇਸ ਤਰਜੀਹ ਦਾ
ਮੁੱਖ ਕਾਰਨ ਸੀ। ਵਿਆਹ ਵਾਲੇ ਘਰ ਪਰਵੇਸ਼
ਕਰਦੇ ਹੀ ਨੂੰਹ ਬੇਗਾਨੀ ਸਮਝੀ ਜਾਂਦੀ ਸੀ। ਇਸ
ਲਈ ਵੀ ਸੁਭਾਵਿਕ ਹੀ ਸੱਸ ਵਲੋਂ ਦੁੱਧ ਦਾ
ਗਿਲਾਸ ਪਹਿਲਾਂ ਪੁੱਤਰ ਦੇ ਮੂੰਹ ਨੂੰ ਲਗਾਇਆ
ਜਾਂਦਾ ਸੀ। ਇਸ ਤੋਂ ਬਾਅਦ ਦੋਵਾਂ ਦਾ ਮੂੰਹ ਮਿੱਠਾ
ਕਰਵਾਇਆ ਜਾਂਦਾ ਸੀ। ਇਸ ਰਸਮ ਵੇਲੇ ਇਹ
ਵਿਤਕਰਾ ਬੇਸ਼ਕ ਹੋ ਜਾਂਦਾ ਸੀ, ਪਰ ਇਸ ਦਾ
ਮੰਤਵ ਦੋਵਾਂ ਨੂੰ 'ਦੋ ਜਿਸਮ, ਇਕ ਜਾਨ' ਹੋਣ
ਲਈ ਮਾਨਸਿਕ ਰੂਪ ਵਿਚ ਤਿਆਰ ਕਰਨਾ ਸੀ।
ਇਹ ਰਸਮ ਅੱਜ ਤੱਕ ਪ੍ਰਚੱਲਿਤ ਹੈ ਅਤੇ ਪਰਦੇਸਾਂ
ਵਿਚ ਵੀ ਇਸ ਰੂਪ ਵਿਚ ਹੀ ਨਿਭਾਈ ਜਾ ਰਹੀ
ਹੈ। ਇਸ ਰਸਮ ਦੇ ਨਾਲ ਹੀ ਵਿਆਂਦੜ ਜੋੜੇ ਦਾ
ਪੱਲਾ ਛੁਡਵਾ ਦਿੱਤਾ ਜਾਂਦਾ ਹੈ।
ਵਿਆਹ ਤੋਂ ਦੂਜੇ ਦਿਨ ਗੁਰਦੁਆਰੇ ਜਾਂ
ਮੰਦਿਰ ਆਦਿ ਮੱਥਾ ਟੇਕਿਆ ਜਾਂਦਾ ਸੀ। ਧਰਮ
ਸਥਾਨ ਨੂੰ ਜਾਂਦੇ ਵਕਤ ਰਾਹ ਵਿਚ ਗਾਏ ਜਾਣ
ਵਾਲੇ ਗੀਤਾਂ ਨੂੰ 'ਵਧਾਵੇ' ਕਿਹਾ ਜਾਂਦਾ ਸੀ। ਵਧਾਵੇ
ਪਰਿਵਾਰ ਵਿਚ ਹੋਏ ਵਾਧੇ ਦੀ ਖ਼ੁਸ਼ੀ ਵਿਚ ਗਾਏ
ਜਾਣ ਵਾਲੇ ਗੀਤ ਹਨ। ਪਰਦੇਸਾਂ ਵਿਚ ਵੀ ਦੂਜੇ
ਦਿਨ ਧਾਰਮਿਕ ਸਥਾਨ 'ਤੇ ਮੱਥਾ ਟਕਵਾਇਆ
ਜਾਂਦਾ ਹੈ।
ਕਿੱਕਰੇ ਨੀ ਕੰਡਿਆਲੜੀਏ,
ਕਿਨ ਤੇਰੇ ਮੋੜੇ ਸੀ ਡਾਲ੍ਹੇ।
ਡਾਲੇ ਪੱਤਾਂ ਵਾਲੇ,
ਵਧਾਵੇ ਨੂੰ ਰਮ ਰਹਿੰਨੀ ਆਂ।
ਮੇਰੇ ਰਾਮ ਜੀ ਨੇ ਮੋੜੇ ਸੀ ਡਾਲ੍ਹੇ,
ਡਾਲੇ ਪੱਤਾਂ ਵਾਲੇ,
ਵਧਾਵੇ ਨੂੰ ਰਮ ਰਹਿੰਨੀ ਆਂ।
ਕੌਣ ਸੁੱਤਾ ਚੜ੍ਹ ਮੰਜੜੀਏ, ਵਧਾਵੜਿਆ!
ਕੌਣ ਝੁਲਾਵੇ ਠੰਢੀ ਵਾ, ਵੇ ਵਧਾਵੜਿਆ!
ਕੌਣ ਝੁਲਾਵੇ ਠੰਢੀ ਵਾ...
ਰਾਮ ਸੁੱਤਾ ਚੜ੍ਹ ਮੰਜੜੀਏ, ਵਧਾਵੜਿਆ!
ਸੀਤਾ ਝੁਲਾਵੇ ਠੰਢੀ ਵਾ, ਵੇ ਵਧਾਵੜਿਆ!
ਸੀਤਾ ਝੁਲਾਵੇ ਠੰਢੀ ਵਾ...
ਪੱਖੀ ਝਲੇਂਦੀ ਦੀ ਬਾਂਹ ਥੱਕੀ, ਵਧਾਵੜਿਆ!
ਨੈਣਾਂ ਨੂੰ ਆ ਗਈ ਨੀਂਦ, ਵੇ ਵਧਾਵੜਿਆ!
ਨੈਣਾਂ ਨੂੰ ਆ ਗਈ ਨੀਂਦ...
ਬਾਹਾਂ ਤੇਰੀਆਂ ਨੂੰ ਲਾਲ ਚੂੜਾ, ਨਾਜੋ ਗੋਰੀਏ!
ਨੈਣਾਂ ਨੂੰ ਸੁਰਮੇ ਸਿਲਾਈ, ਨਾਜੋ ਗੋਰੀਏ!
ਨੈਣਾਂ ਨੂੰ ਸੁਰਮੇ ਸਿਲਾਈ...
ਕੌਣ ਸੁੱਤਾ ਚੜ੍ਹ ਮੰਜੜੀਏ, ਵਧਾਵੜਿਆ!
ਕੌਣ ਝੁਲਾਵੇ ਠੰਢੀ ਵਾ, ਵੇ ਵਧਾਵੜਿਆ!
ਕੌਣ ਝੁਲਾਵੇ ਠੰਢੀ ਵਾ...
ਰਤਿੰਦਰ ਸੁੱਤਾ ਚੜ੍ਹ ਮੰਜੜੀਏ, ਵਧਾਵੜਿਆ!
ਪਿੰਕੀ ਝੁਲਾਵੇ ਠੰਢੀ ਵਾ, ਵੇ ਵਧਾਵੜਿਆ!
ਪਿੰਕੀ ਝਲਾਵੇ ਠੰਢੀ ਵਾ...
ਗਾਨਾ ਖੋਲ੍ਹਣ/ਕੰਙਣਾ ਖੇਲ੍ਹਣ ਦੀ ਰਸਮ ਅਤੇ ਗੀਤ
ਧਾਰਮਿਕ ਸਥਾਨ 'ਤੇ ਮੱਥਾ ਟੇਕਣ ਤੋਂ
ਬਾਅਦ ਗਾਨਾ ਖੋਲ੍ਹਣ ਦੀ ਰਸਮ ਕੀਤੀ ਜਾਂਦੀ ਸੀ।
ਇਸ ਰਸਮ ਦੌਰਾਨ ਸਭ ਤੋਂ ਪਹਿਲਾਂ ਵਹੁਟੀ, ਲਾੜੇ
ਦੇ ਹੱਥ 'ਤੇ ਬੱਝਿਆ ਗਾਨਾ ਖੋਲ੍ਹਦੀ ਸੀ ਅਤੇ ਫਿਰ
ਲਾੜੇ ਦੀ ਵਾਰੀ ਆਉਂਦੀ ਸੀ। ਮੈਂ ਅੱਜ ਤੱਕ ਜੋ
ਦੇਖਿਆ ਕਿ ਹਮੇਸ਼ਾਂ ਹੀ ਵਹੁਟੀ ਦੇ ਗਾਨੇ ਨੂੰ
ਪੀਚਵੀਆਂ ਗੱਠਾਂ ਦਿੱਤੀਆਂ ਹੁੰਦੀਆਂ ਸਨ। ਲਾੜੇ
ਨੂੰ ਗਾਨਾ ਖੋਲ੍ਹਦੇ ਵਕਤ ਸਿਰਫ਼ ਸੰਘਰਸ਼ ਹੀ ਨਹੀਂ
ਕਰਨਾ ਪੈਂਦਾ ਸੀ, ਸਗੋਂ ਭਾਬੀਆਂ ਦੇ ਵਿਅੰਗ ਬਾਣ
ਵੀ ਸੁਣਨ ਨੂੰ ਮਿਲਦੇ ਸਨ। ਜਿੱਤ-ਹਾਰ ਦਾ ਸਵਾਲ
ਬਣ ਜਾਂਦਾ ਸੀ। ਇਸ ਖੇਲ੍ਹ ਦੌਰਾਨ ਮਜ਼ਾਕ-ਮਜ਼ਾਕ
ਵਿਚ ਜੀਵਨ ਪੰਧ ਦੇ ਸਾਥੀ ਨਾ ਚਾਹੁੰਦੇ ਹੋਏ ਵੀ
ਵਿਰੋਧੀ ਧਿਰ ਵਾਂਗ ਵਿਚਰਦੇ ਸਨ। ਜਦੋਂ ਗਾਨੇ
ਖੁੱਲ੍ਹ ਜਾਂਦੇ ਸਨ ਤਾਂ ਨੈਣ ਦੋਵੇਂ ਗਾਨੇ ਹੱਥ ਵਿਚ ਫੜ
ਕੇ ਨਾਲ ਕੁਝ ਪੈਸੇ (ਸਿੱਕੇ) ਇਕ ਚਾਂਦੀ ਦਾ
ਰੁਪਈਆ ਲਾ ਕੇ ਕੱਚੀ ਲੱਸੀ ਨਾਲ ਭਰੀ ਪਰਾਤ
ਵਿਚ ਸੱਤ ਵਾਰੀ ਸੁੱਟਦੀ ਸੀ। ਲਾੜੇ ਅਤੇ ਵਹੁਟੀ
ਵਲੋਂ ਪਰਾਤ ਵਿਚ ਹੱਥ ਪਾ ਕੇ ਉਹ ਰੁਪਈਆ ਲੱਭ
ਕੇ ਚੁੱਕਿਆ ਜਾਂਦਾ ਸੀ। ਜਿਹੜੀ ਧਿਰ ਪਹਿਲਾਂ ਲੱਭ
ਕੇ ਰੁਪਈਆ ਨੈਣ ਦੇ ਹੱਥ 'ਤੇ ਧਰ ਦੇਵੇ, ਉਸ ਨੂੰ
ਜੇਤੂ ਮੰਨਿਆਂ ਜਾਂਦਾ ਸੀ। ਇਸ ਰਸਮ ਨੂੰ ਕੰਙਣਾ
ਖੇਲ੍ਹਣਾ ਵੀ ਕਿਹਾ ਜਾਂਦਾ ਹੈ। ਇਸ ਰਸਮ ਦਾ
ਮਹੱਤਵ ਇਹ ਸੀ ਕਿ ਗ੍ਰਹਿਸਥੀ ਜੀਵਨ ਦੀ
ਸ਼ੁਰੂਆਤ ਤੋਂ ਪਹਿਲਾਂ, ਪਹਿਲੀ ਵਾਰੀ ਦੋਵਾਂ ਦੇ ਹੱਥ
ਪਵਿਤਰ ਪਾਣੀ ਵਿਚ ਸਪਰਸ਼ ਕਰਦੇ ਸਨ। ਅੱਜ
ਵੀ ਕਈ ਥਾਵਾਂ 'ਤੇ ਇਹ ਰਸਮ ਹੋ ਰਹੀ ਹੈ, ਪਰ
ਹੱਥਾਂ ਦਾ ਸਪਰਸ਼ ਵਿਆਹ ਤੋਂ ਬਹੁਤ ਪਹਿਲਾਂ ਹੀ
ਹੋ ਚੁੱਕਾ ਹੁੰਦਾ ਹੈ।
ਕੰਙਣਾਂ ਖੋਲ੍ਹ ਪਿਆਰੀਏ ਨੀ,
ਤੇਰਿਆਂ ਦੇਵਰਾਂ ਬੱਧਾ।
ਕੰਙਣਾਂ ਖੋਲ੍ਹ ਨਾ ਸਕਦੀ ਨੀ,
ਤੇਰਿਆਂ ਦੇਵਰਾਂ ਬੱਧਾ।
ਕੰਙਣਾਂ ਖੋਲ੍ਹ ਪਿਆਰਿਆ ਵੇ,
ਤੇਰੀਆਂ ਸਾਲੀਆਂ ਬੱਧਾ।
ਸਾਲੀਆਂ ਬਾਰ੍ਹਾਂ ਤਾਲੀਆਂ ਵੇ,
ਸਾਡੇ ਆਉਣੀਆਂ ਬੱਧਾ।
ਕੰਙਣਾਂ ਖੋਲ੍ਹ ਪਿਆਰਿਆ ਵੇ,
ਰਾਣੀ ਬੇਗ਼ਮ ਦੇ ਜਾਇਆ।
ਕੰਙਣਾਂ ਖੋਲ੍ਹ ਪਿਆਰੀਏ ਨੀ,
ਬੁੱਢੀ ਮਾਈ ਦੀਏ ਜਾਈਏ।
ਭਾਬੀਆਂ ਵਲੋਂ ਮੁੰਡੇ ਨੂੰ ਰੁਪਈਆ ਚੁੱਕ
ਕੇ ਜਿੱਤਣ ਲਈ ਹੱਲਾਸ਼ੇਰੀ ਦਿੱਤੀ ਜਾਂਦੀ ਹੈ। ਜੇ
ਮੁੰਡਾ ਰੁਪਈਆ ਚੁੱਕ ਲੈਂਦਾ ਹੈ ਤਾਂ ਗਾਇਆ
ਜਾਂਦਾ ਹੈ:
ਹੂੰ ਹਾਂ ਨੀ ਅਸੀਂ ਜਿੱਤੇ ਅਸੀਂ ਜਿਤਾਏ,
ਹੂੰ ਹਾਂ ਨੀ ਲਾਡਪੁਰ ਦੀਆਂ ਦੇ ਮੂੰਹ ਟੀਟ ਧਵਾਏ।
ਕੰਙਣਾਂ ਖੇਲ੍ਹਣ ਤੋਂ ਬਾਅਦ ਰੁਪਈਆ ਲਾੜੇ
ਦੇ ਹੱਥ ਵਿਚ ਦੇ ਕੇ ਉਸ ਨੂੰ ਮੁੱਠੀ ਘੁੱਟ ਕੇ ਬੰਦ
ਕਰਨ ਨੂੰ ਕਿਹਾ ਜਾਂਦਾ ਸੀ ਅਤੇ ਵਹੁਟੀ ਨੂੰ ਮੁੱਠੀ
ਖੋਲ੍ਹਣ ਲਈ ਕਿਹਾ ਜਾਂਦਾ ਸੀ। ਅਜਿਹਾ ਕਰਦੇ
ਵਕਤ ਦੋਵਾਂ ਦੀ ਜ਼ੋਰ ਅਜ਼ਮਾਈ ਹੁੰਦੀ ਸੀ। ਇਸ
ਦਾ ਕਾਰਨ ਇਕ ਦੂਜੇ ਦੇ ਹੱਥ ਦਾ ਸਪਰਸ਼ ਦੇਰ
ਤੱਕ ਬਣਾਈ ਰੱਖਣਾ ਹੁੰਦਾ ਸੀ। ਇਸ ਖੇਲ੍ਹ ਵਿਚ
ਅਕਸਰ ਲਾੜਾ ਹੀ ਜੇਤੂ ਹੁੰਦਾ ਸੀ। ਵਹੁਟੀ ਬਹੁਤੀ
ਵਾਰੀ ਘੁੰਡ ਕੱਢਿਆ ਹੋਣ ਕਾਰਨ ਅਤੇ ਸੰਗਸ਼ਰਮ
ਕਾਰਨ ਹਾਰ ਜਾਂਦੀ ਸੀ। ਇਸ ਤੋਂ ਬਾਅਦ
ਨੈਣ ਰੁਪਈਆ ਲਾੜੇ ਦੇ ਹੱਥ ਵਿਚ ਰੱਖਦੇ ਹੋਏ
ਕਹਿੰਦੀ ਸੀ ਕਿ ਇਸ ਨੂੰ ਆਪਣੀ ਵਹੁਟੀ ਦੀ
ਝੋਲੀ ਵਿਚ ਰੱਖ ਤੇ ਖੜਕਣ ਨਾ ਦੇਵੀਂ, ਨਹੀਂ ਤਾਂ
ਸਾਰੀ ਉਮਰ ਲੜਾਈ ਹੁੰਦੀ ਰਹੇਗੀ। ਲਾੜਾ ਪੂਰੀ
ਸਾਵਧਾਨੀ ਵਰਤ ਕੇ ਅਜਿਹਾ ਕਰਦਾ ਸੀ ਤਾਂ ਨਾਲ
ਹੀ ਅਗਲੀ ਹਦਾਇਤ ਦਿੰਦੀ ਸੀ, "ਹੁਣ ਆਪਣੇ
ਮੂੰਹ ਵਿਚ ਕਹਿ 'ਖੱਟਿਆ ਕਮਾਇਆ, (ਆਪਣੇ
ਸਹੁਰੇ ਦਾ ਨਾਂ ਲੈ ਕੇ ਆਖ) ਉਸ ਦੀ ਧੀ ਦੀ
ਝੋਲੀ ਵਿਚ ਪਾਇਆ।" ਉਸ ਤੋਂ ਬਾਅਦ ਵਹੁਟੀ
ਦੀ ਝੋਲੀ ਸ਼ਗਨ ਪਾਇਆ ਜਾਂਦਾ ਸੀ। ਨੈਣ ਨੂੰ
ਵਾਰਨੇ ਦਿੱਤੇ ਜਾਂਦੇ ਸਨ।
ਜੇ ਦੇਵਰ ਉਮਰ ਵਿਚ ਬਹੁਤ ਛੋਟਾ ਹੋਵੇ
ਤਾਂ ਉਸ ਨੂੰ ਭਾਬੀ ਦੀ ਗੋਦੀ ਵਿਚ ਬਿਠਾਇਆ
ਜਾਂਦਾ ਸੀ ਅਤੇ ਉਹ ਉਸ ਨੂੰ ਸ਼ਗਨ ਵਜੋਂ ਕੁਝ
ਰੁਪਈਏ ਦਿੰਦੀ ਸੀ। ਨਨਾਣ ਭਾਬੀ ਦੇ ਕਲੀਰੇ
ਵਧਾਉਂਦੀ ਅਤੇ ਦਾਜ ਵਾਲੀ ਪੇਟੀ ਖੋਲ੍ਹਦੀ ਆਪਣਾ
ਸ਼ਗਨ ਲੈਂਦੀ ਸੀ। ਇਹ ਰਸਮਾਂ ਇਨ੍ਹਾਂ ਦੋਵਾਂ
ਨਜ਼ਦੀਕੀ ਰਿਸ਼ਤਿਆਂ ਵਿਚ ਪਿਆਰ ਅਤੇ
ਸਤਿਕਾਰ ਦਾ ਮੁੱਢ ਬੰਨਣ ਲਈ ਹੀ ਕੀਤੀਆਂ
ਜਾਂਦੀਆਂ ਸਨ। ਇਹ ਰਸਮ ਅਜੋਕੇ ਸਮੇਂ ਵਿਚ
ਵੀ ਪ੍ਰਚਲਿਤ ਹੈ।
ਨਾਨਕਿਆਂ ਅਤੇ ਹੋਰ ਰਿਸ਼ਤੇਦਾਰਾਂ ਨੂੰ
ਸਮਾਲ੍ਹੇ/ਨਿਸ਼ਾਨੀ (ਮਠਿਆਈ) ਅਤੇ ਵਧਾਈ ਦੇ
ਸੂਟ ਦੇ ਕੇ ਤੋਰਿਆ ਜਾਂਦਾ ਸੀ। ਨਾਨਕੀਆਂ ਆਪਣੇ
ਪਿੰਡ ਨੂੰ ਇਹ ਗੀਤ ਗਾਉਂਦੀਆਂ ਵਾਪਸ ਜਾਂਦੀਆਂ
ਸਨ। ਅੱਜ ਨਾਨਕੇ ਅਤੇ ਸਾਰੇ ਰਿਸ਼ਤੇਦਾਰ ਮੈਰਿਜ
ਪੈਲਿਸ ਤੋਂ ਹੀ ਰਵਾਨਾ ਹੋ ਜਾਂਦੇ ਹਨ। ਇਹ ਰਸਮ
ਵੀ ਲੋਪ ਹੁੰਦੀ ਜਾ ਰਹੀ ਹੈ।
ਦੇਖੋ ਸਈਓ ਨੀ ਮੇਰਾ ਤਾਰਾਮੀਰਾ ਵੱਢੀਦਾ
ਭਾਜ੍ਹੀਆਂ ਦੇ-ਦੇ ਸੱਦੀਦਾ
ਤੇ ਧੱਕੇ ਦੇ-ਦੇ ਕੱਢੀਦਾ।
ਇਸ ਦਾਦੀ ਦੀ ਦੁਖ਼ਦੀ ਆ ਅੱਖੀ,
ਹੱਥੀਂ ਕਰ ਚੱਲੇ ਆਂ ਇਹਦੀ ਪੱਟੀ।
ਇਸ ਤਾਈ ਦੀ ਦੁਖ਼ਦੀ ਆ ਅੱਖੀ,
ਹੱਥੀਂ ਕਰ ਚੱਲੇ ਆਂ ਇਹਦੀ ਪੱਟੀ।
ਇਸ ਚਾਚੀ ਦੀ ਦੁਖ਼ਦੀ ਆ ਅੱਖੀ,
ਹੱਥੀਂ ਕਰ ਚੱਲੇ ਆਂ ਇਹਦੀ ਪੱਟੀ।
|