ਦੋਹੜੇ ਖ਼ਵਾਜਾ ਗ਼ੁਲਾਮ ਫ਼ਰੀਦ (ਭਾਗ-੨)
੧
ਰੁਤੂੰ ਵਾਲੀਆਂ, ਰੱਬ ਲਾਏ ਨੀਂ ਸਾਵਣ,
ਕਾਈ ਮੀਂਹ ਮੇਹਰ ਦੇ ਵੱਸ ਗਏ ।
ਟੁਰ ਗਏ ਯਾਰ ਦਿਨਾਂ ਦੇ,
ਨ ਕੋਈ ਪਤਾ ਨਿਸ਼ਾਨੀ ਦੱਸ ਗਏ ।
ਊਂਹਾ ਵੇਲੇ ਸਾਨੂੰ ਚੇਤੇ ਆਵਣ,
ਜਦੂੰ ਨਾਲ ਅਸਾਂ ਦੇ ਹੱਸ ਗਏ ।
ਗੁਲਾਮ ਫ਼ਰੀਦ ਉਹ ਸਜਣ ਨਾਹ ਨੀਂ,
ਜਿਹੜੇ ਛੋੜ ਸੁਤੀ ਨੂੰ ਨੱਸ ਗਏ ।
੨
ਕਾਸਦ ਪਠਾਂ ਯਾ ਮੈਂ ਆਪ ਵੰਝਾਂ,
ਲਿੱਖਾਂ ਚਿੱਠੀਆਂ ਜਾਂ ਹਾਲ ਪਵਾਵਾਂ ।
ਪਾੜ ਕੇ ਚੋਲਾ, ਲਾਜ ਵਾਲਾ,
ਗਲ ਕਫ਼ਨੀਂ ਪ੍ਰੀਤ ਦੀ ਪਾਵਾਂ ।
ਛੋੜ ਕੇ ਝੇੜੇ ਖੇੜਿਆਂ ਵਾਲੇ,
ਬੂਹੇ ਯਾਰ ਦੇ ਅਲਖ ਜਗਾਵਾਂ ।
ਆਪਣੀ ਤੋੜ ਫ਼ਰੀਦ ਨਿਭਾਵਾਂ,
ਅਗੂੰ ਭਾਵਾਂ ਖਾਹ ਨਾ ਭਾਵਾਂ ।
੩
ਆ ਵੇ ਮਾਹੀ ਤੈਂ ਕੂੰ ਅਲ੍ਹਾ ਘਿਨ ਆਵੇ,
ਕਿਉਂ ਚਾਤੋਂ ਚਿਲ ਕੁਹਾੜੀ ।
ਉਮੈਦ ਹਾਈ ਲੱਖਾਂ ਦੀ ਮੈਕੂੰ,
ਤੈਂ ਤਾਂ ਹਿਕਾਂ ਤੋੜ ਨ ਚਾਹੜੀ ।
ਡੇਖ ਕੇ ਹਾਲ ਗਰੀਬੀ ਦਾ,
ਖਿਲ ਹੱਸ ਮਰੇਨਾ ਏਂ ਤਾੜੀ ।
ਮੰਦਾ ਥੀਵੇ ਫ਼ਰੀਦ ਉਨ੍ਹਾਂ ਦਾ,
ਜਿਨ੍ਹਾਂ ਵੱਸਦੀ ਝੋਕ ਉਜਾੜੀ ।
੪
ਮੁਫ਼ਤ ਖਰੀਦ ਕਰੇ ਕੋਈ ਸਾਕੁੰ,
ਜਿਹੜਾ ਹਾਲ ਡਿਵੇ ਸਜਨਾਂ ਦਾ ।
ਜੈਂ ਡੇਹੁੰਦੇ ਲੰਘ ਸਜਣ ਸਧਾਣੇਂ,
ਵੈਂਦਾ ਜੋਫ਼ ਜਿਗਰ ਨੂੰ ਖਾਂਦਾ ।
ਮਲ੍ਹਮਾਂ ਪੱਟੀਆਂ ਤਾਂ ਮੈਂ ਬੱਧ-ਬੱਧ ਥੱਕੀਆਂ,
ਮੇਰਾ ਡੇਹੁੰ ਡੇਹੁੰ ਫੁਟ ਚਚਲਾਂਦਾ ।
ਆਖ ਗ਼ੁਲਾਮ ਸੋਹਣੇ ਯਾਰ ਸਾਨੂੰ,
ਸਾਡੀਆਂ ਖ਼ਬਰਾਂ ਕੋਈ ਨ ਲਾਹੰਦਾ ।
੫
ਦੁਆ ਸਲਾਮ ਡਵਾਹਿਏ ਚਾ ਮੈਂਡਾ,
ਸਾਂਵਲ ਯਾਰ ਪੁੰਨਣ ਨੂੰ ।
ਡਿਹਾਂ ਰਾਤ ਮੈਂ ਇਵੇਂ ਤੱਕਾਂ
ਜਿਵਂ ਲੋਕ ਤਕੈਂਦੇ ਚੰਨ ਨੂੰ ।
ਅੰਦਰ ਸਾਡਾ ਫੋਲ ਕੇ ਡੇਖੋ,
ਜਿਵੇਂ ਰੂੜਾ ਪਵਨੁ ਬੰਨ ਨੂੰ ।
ਆਖ ਫ਼ਰੀਦ ਮਿਲ ਯਾਰ ਵੰਝੇ ਤਾਂ,
ਆਇਆ ਵੇਲਾ ਵਖ਼ਤ ਮਰਨ ਨੂੰ ।
੬
ਲੋਕ ਕਹਿਣ ਜੋ ਮਜਨੂੰ ਨੂੰ,
ਤੇਰੀ ਲੈਲਾ ਕਾਲੀ ਮੱਸ ਏ ।
ਮਜਨੂੰ ਮੋੜ ਜਵਾਬ ਦਿਤੋ ਸੇ,
ਮੱਸ ਕੀਤਾ ਬੇ-ਵੱਸ ਏ ।
ਮੱਸ ਲਿਖੇਂਦੀ ਕੁਰਾਨ-ਕਤਾਬਾਂ,
ਮੱਸ ਲਿਖੇਂਦੀ ਖੱਤ ਏ ।
ਆਖ ਫ਼ਰੀਦ ਜੋ ਮੱਸ ਨ ਹੋਂਦੀ,
ਕੌਣ ਲਿਖੇਂਦਾ ਖੱਤ ਏ ।
੭
ਮੁੱਦਤ ਹੋਈ ਲੈਲਾ ਮੋਈ,
ਮਜਨੂੰ ਆਣ ਖੜਾ ਕਬਰ ਤੇ ।
ਹਾਲ ਫ਼ਕੀਰੀ ਸ਼ੌਕ ਮਿਲਨ ਦਾ,
ਆਣ ਖੜਾ ਚੁਪ ਕਰ ਤੇ ।
ਲੈਲਾ ਦੇ ਹੱਥ ਦੋਵੇਂ ਕਾਦਰ,
ਉਠੀ ਖਲੀ ਕਲਮਾਂ ਪੜ ਤੇ ।
ਆਖ ਗ਼ੁਲਾਮ ਅਜੇਹਾ ਯਾਰ ਹੋਵੀ,
ਜਿਹੜਾ ਪੁਹਤੇ ਆਣ ਕਬਰ ਤੇ ।
੮
ਸੂਰਤ ਵਾਲੇ ਮਾਣ ਕਰੇਂਦੇ,
ਟੁਰਦੇ ਸੀਨਾ ਕਢ ਕੇ ।
ਸੂਰਤ ਦੀ ਮਗਰੂਰੀ ਕੋਲੂੰ,
ਸਾਡੀ ਗਲ ਨ ਸੁਣਦੇ ਖੜ੍ਹਕੇ ।
ਲਗਨੀ ਭਾਹ ਤੇ ਹੋਵਨ ਸੁਆਹ,
ਸ਼ਾਲਾ ! ਜਾਵੀ ਸੀਨਾ ਸੜ ਕੇ ।
ਆਖ ਫ਼ਰੀਦ ਜਿਨ੍ਹਾਂ ਯਾਰ ਰਿੰਝਾਏ,
ਉਹ ਸੇਜ ਨ ਮਾਨਣ ਚੜ੍ਹ ਕੇ ।
੯
ਅੱਖੀਂ ਦੇ ਨਾਲ ਅੱਖੀਆਂ ਰਲੀਆਂ,
ਵੰਝ ਇਸ਼ਕ ਦੀ ਮੌਜ ਨੂੰ ਵੜੀਆਂ ।
ਪਾਣੀ ਦੇ ਵਿਚ ਜਾਲ ਜਿਨ੍ਹਾਂ ਦੀ,
ਆਖਣ ਸੜੀਆਂ ਸੜੀਆਂ ।
ਯਾਰ ਜਿਨ੍ਹਾਂ ਦੇ ਨਿੱਤ ਪਰਦੇਸੀ,
ਉਹ ਰਾਹ ਭੁਲੇਂਦੀਆਂ ਨੁ ਖੜੀਂਆਂ ।
ਆਖ ਫ਼ਰੀਦ ਸੜਨ ਉਹ ਅੱਖੀਆਂ,
ਜੋ ਲੱਗੀਆਂ ਤੋੜ ਨ ਚੜ੍ਹੀਆਂ, ਕਰਮਾਂ ਸੜੀਆਂ ।
੧੦
ਲੋਕੀ ਆਹੁੰਦੇ ਲੰਮਾ ਭੈੜਾ,
ਤੇ ਲੋਕ ਲੰਮੇਂ ਦੇ ਬਾਂਦੇ ।
ਜੇਕਰ ਲੰਮਾ ਭੈੜਾ ਹੋਂਦਾ,
ਦਰਿਆ ਲੰਮੇ ਕਿਉਂ ਵਾਹੁੰਦੇ ।
ਜੇਕਰ ਲੰਮਾਂ ਭੈੜਾ ਹੋਂਦਾ,
ਦੇਹੁੰ ਲੰਮੇਂ ਕਿਉਂ ਲਾਹੁੰਦੇ ।
ਆਖ ਫ਼ਰੀਦ ਸਾਨੂੰ ਲੰਮਾ ਚੰਗਾ,
ਸਾਡੇ ਯਾਰ ਜੁ ਲੰਮੇਂ ਰਾਹੰਦੇ ।
੧੧
ਹਾਲ ਮੈਂਡਾ ਅੱਲਾ ਪਾਕ ਜਾਣੇਂ,
ਤੇ ਮੈਨੂੰ ਲੋਕ ਕਹਿਣ ਪਰਮੇਹੇ ।
ਆਖ ਗਏ ਤੇ ਵਲ ਨ ਆਏ,
ਸਾਡੇ ਯਾਰ ਵੀ ਈਹੋ ਜੇਹੇ ।
ਕੂੜੇ ਕੌਲ ਇਕਰਾਰ ਕੀਤੋ ਨੇਂ,
ਤੇਰੇ ਬੇ-ਇਤਬਾਰ ਸੁਨੇਹੇ ।
ਆਖ਼ ਫ਼ਰੀਦ ਜਿਥੇ ਨੇਹੁੰ ਲੱਗਾ,
ਓਥੇ ਲੇਖੇ ਕਰਨੇਂ ਕੇਹੇ ।
੧੨
ਅੱਧੀ ਅੱਧੀ ਰਾਤੀਂ ਨ ਛੇੜ ਮਹੀਂ ਨੂੰ,
ਮੈਂ ਹੀਰ ਹੁੜੇਨੀਆਂ ਤੈਨੂੰ ।
ਬੂਟੇ ਬੂਟੇ ਨਾਗ ਪਲਮਦੇ,
ਮੱਤਾਂ ਡੰਗ ਮਰੇਨੀਂ ਤੈਨੂੰ ।
ਚੂਚਕ ਬਾਬਲ ਦਾ ਕੀ ਕੁਝ ਵੈਸੀ,
ਮੀਆਂ ਬਾਲ ਰੰਡੇਪਾ ਮੈਨੂੰ ।
ਗ਼ੁਲਾਮ ਫ਼ਰੀਦ ਤੂੰ ਦਿਲ ਦਾ ਮਾਹਰਮ,
ਮੈਂ ਹਾਲ ਸੁਣੈਸਾਂ ਕੈਹਨੂੰ ।
੧੩
ਮੈਂ ਸੁੰਞੀ ਮੇਰੀ ਕਿਸਮਤ ਸੁੰਞੀ,
ਤੂੰ ਤਾਰਾ ਹੇਂ ਫ਼ਜ਼ਰ ਦਾ ।
ਤੈਨੂੰ ਮਾਣ ਹੁਸਨ ਦਾ ਜੀਵੇਂ,
ਮੈਂ ਕੂੰ ਮਾਣ ਸੱਬਰ ਦਾ ।
ਡਾਢਾ ਇਸ਼ਕ ਕੁਵਲੜਾ ਹੋਂਦਾ ਏ,
ਜਿਵੇਂ ਹੋਂਦਾ ਡੁਖ ਕਬਰ ਦਾ ।
ਆਖ ਗ਼ੁਲਾਮ ਢਠੀ ਦਰ ਤੇਰੇ,
ਤੂੰ ਹੇਂ ਹਾਦੀ ਏਸ ਬਸ਼ਰ ਦਾ ।
(ਨੋਟ: ਇਹ ੧-੧੩ ਤੱਕ ਦੋਹੜੇ
ਕਰਤਾਰ ਸਿੰਘ ਸ਼ਮਸ਼ੇਰ ਹੋਰਾਂ ਦੀ
ਸੰਪਾਦਿਤ ਕਿਤਾਬ 'ਨੀਲੀ ਤੇ ਰਾਵੀ'
ਵਿੱਚੋਂ ਲਏ ਗਏ ਹਨ)
|
|
|