ਦਿਲ ਗ਼ਰੀਬ ਸ਼ਿਵ ਕੁਮਾਰ ਬਟਾਲਵੀ
ਦਿਲ ਗ਼ਰੀਬ
ਅੱਜ ਫੇਰ ਦਿਲ ਗ਼ਰੀਬ ਇਕ ਪਾਂਦਾ ਹੈ ਵਾਸਤਾ
ਦੇ ਜਾ ਮੇਰੀ ਕਲਮ ਨੂੰ ਇਕ ਹੋਰ ਹਾਦਸਾ
ਮੁੱਦਤ ਹੋਈ ਹੈ ਦਰਦ ਦਾ ਕੋਈ ਜਾਮ ਪੀਤਿਆਂ
ਪੀੜਾਂ 'ਚ ਹੰਝੂ ਘੋਲ ਕੇ ਦੇ ਜਾ ਦੋ ਆਤਸ਼ਾ
ਕਾਗ਼ਜ਼ ਦੀ ਕੋਰੀ ਰੀਝ ਹੈ ਚੁੱਪ ਚਾਪ ਵੇਖਦੀ
ਸ਼ਬਦਾਂ ਦੇ ਥਲ 'ਚ ਭਟਕਦਾ ਗੀਤਾਂ ਦਾ ਕਾਫ਼ਲਾ
ਟੁਰਨਾ ਮੈਂ ਚਾਹੁੰਦਾ ਪੈਰ ਵਿਚ ਕੰਡੇ ਦੀ ਲੈ ਕੇ ਪੀੜ
ਕੁੱਖ ਤੋਂ ਕਬਰ ਤਕ ਦੋਸਤਾ ਜਿੰਨਾ ਵੀ ਫ਼ਾਸਲਾ
ਆ ਬਹੁੜ 'ਸ਼ਿਵ' ਨੂੰ ਪੀੜ ਵੀ ਹੈ ਕੰਡ ਦੇ ਚੱਲੀ
ਰੱਖੀ ਸੀ ਜਿਹੜੀ ਓਸ ਨੇ ਮੁੱਦਤ ਤੋਂ ਦਾਸ਼ਤਾ