ਧਰਤਿ ਬੇਗਾਨੀ ਸਾਡੇ ਗੀਤ-ਡਾ. ਚਰਨਜੀਤ ਕੌਰ
ਪੰਜਾਬੀ ਲੋਕ ਸਾਹਿਤ ਵਿਚ ਲੋਕਗੀਤਾਂ ਦਾ
ਵਿਸ਼ੇਸ਼ ਸਥਾਨ ਹੈ। ਪੰਜਾਬੀ ਲੋਕ ਗੀਤਾਂ ਵਿਚ ਹੀ
ਜੰਮਦੇ ਅਤੇ ਲੋਕ ਗੀਤਾਂ ਵਿਚ ਹੀ ਮਰਦੇ ਹਨ।
ਮੱਧਕਾਲੀ ਸਾਹਿਤ ਦੀਆਂ ਚਾਰ ਮੁੱਖ ਧਾਰਾਵਾਂ ਸੂਫ਼ੀ
ਕਾਵਿ, ਗੁਰਮਤਿ ਕਾਵਿ, ਕਿੱਸਾ ਕਾਵਿ ਅਤੇ
ਵਾਰ ਕਾਵਿ ਸਮਾਨੰਤਰ ਵਗਦੀਆਂ ਹਨ। ਇਨ੍ਹਾਂ
ਵਿਚੋਂ ਪਹਿਲੀਆਂ ਦੋ ਇਸ਼ਕ ਹਕੀਕੀ ਅਤੇ
ਪਿਛਲੀਆਂ ਦੋ ਇਸ਼ਕ ਮਿਜਾਜ਼ੀ ਭਾਵ ਦੁਨਿਆਵੀ
ਸੰਸਾਰ ਨੂੰ ਦਰਸਾਉਂਦੀਆਂ ਹਨ ਪਰ ਇਨ੍ਹਾਂ
ਧਾਰਾਵਾਂ ਦੇ ਰਚੈਤਾ ਮਰਦ ਹੀ ਹਨ। ਇਨ੍ਹਾਂ ਚਾਰਾਂ
ਹੀ ਧਾਰਾਵਾਂ ਦੇ ਨਾਲੋ ਨਾਲ ਇਕ ਵੱਖਰੀ ਧਾਰਾ
ਲੋਕ ਗੀਤਾਂ ਦੀ ਵਹਿੰਦੀ ਰਹੀ ਹੈ, ਜਿਨ੍ਹਾਂ ਦੇ ਰਚੈਤਾ
ਦਾ ਕੋਈ ਨਾਂ ਨਹੀਂ ਹੁੰਦਾ। ਅਸਲ ਵਿਚ ਇਹ ਲੋਕ
ਗੀਤ ਨਾਰੀ ਮਨ ਦੀ ਬਾਤ ਪਾਉਂਦੇ ਹਨ ਅਤੇ ਸਦੀਆਂ
ਦੀ ਦਬਾਈ ਨਾਰੀ ਦੇ ਮਨ ਦੀ ਜ਼ੁਬਾਨ ਬਣਦੇ ਹਨ।
ਲੋਕ ਗੀਤ ਕੇਵਲ ਸ਼ਬਦ ਜਾਂ ਗੀਤ ਨਹੀਂ
ਹੁੰਦੇ ਸਗੋਂ ਇਹ ਸਮੁੱਚੀ ਜੀਵਨ ਜਾਚ ਹੁੰਦੇ ਹਨ।
ਲੋਕ ਗੀਤ ਸਾਡੇ ਸਭਿਆਚਾਰ ਦੀਆਂ ਲੋਕਧਰਾਈ
ਰਸਮਾਂ ਨਾਲ ਜੁੜੇ ਹੁੰਦੇ ਹਨ ਅਤੇ ਇਹ ਵਡੇਰੇ
ਸਮਾਜਿਕ ਪ੍ਰਸੰਗਾਂ ਵਿਚ ਹੀ ਅਰਥ ਗ੍ਰਹਿਣ ਕਰਦੇ
ਹਨ। ਇਨ੍ਹਾਂ ਲੋਕ ਗੀਤਾਂ ਵਿਚ ਨਾ ਕੇਵਲ ਕਿਸੇ
ਸਭਿਆਚਾਰ ਦਾ ਇਤਿਹਾਸ ਛੁਪਿਆ ਹੁੰਦਾ ਹੈ
ਸਗੋਂ ਇਹ ਸਮਕਾਲ ਦਾ ਵੀ ਚਿੱਤਰਣ ਕਰਦੇ
ਹਨ। ਜਿੰਨੀ ਦੇਰ ਕਿਸੇ ਸਭਿਆਚਾਰ ਦੇ ਲੋਕ
ਗੀਤ ਜਿਉਂਦੇ ਰਹਿੰਦੇ ਹਨ, ਓਨੀ ਦੇਰ ਹੀ ਓਹ
ਸਭਿਆਚਾਰ ਜਿਊਂਦਾ ਰਹਿੰਦਾ ਹੈ। ਜਦੋਂ ਕੋਈ
ਕੌਮ ਆਪਣੇ ਲੋਕ ਗੀਤ ਭੁੱਲ ਜਾਵੇ ਤਾਂ ਸਮਝੋ
ਉਹ ਆਪਣਾ ਸਭਿਆਚਾਰ ਭੁੱਲ ਗਈ। ਅਜੋਕੀ
ਮੰਡੀ ਦੀ ਮਾਰ ਹੇਠ ਸਾਰੇ ਹੀ ਸਭਿਆਚਾਰ ਆਏ
ਹੋਏ ਹਨ। ਲੋਕ ਸਿਰਜਿਤ ਸਭਿਆਚਾਰਾਂ ਦੀ ਥਾਂ
ਖਪਤ ਸਭਿਆਚਾਰ ਪੈਦਾ ਹੋ ਰਿਹਾ ਹੈ ਜਿਸ ਰਾਹੀਂ
ਮਨੁੱਖ ਨੂੰ ਉਚੇਰੀਆਂ ਕਦਰਾਂ-ਕੀਮਤਾਂ ਦੀ ਥਾਂ
ਮੰਡੀ ਦਾ ਗੁਲਾਮ ਬਣਾਇਆ ਜਾ ਰਿਹਾ ਹੈ। ਅਜਿਹੇ
ਸਮੇਂ 'ਚ ਆਪਣੇ ਸਭਿਆਚਾਰ ਨੂੰ ਬਚਾਉਣ ਲਈ
ਲੋਕ ਗੀਤਾਂ ਨੂੰ ਜਿੰ.ਦਗੀ ਦਾ ਭਾਗ ਬਣਾਈ ਰੱਖਣਾ
ਇਕ ਤਰ੍ਹਾਂ ਨਾਲ ਮੰਡੀ ਸਭਿਆਚਾਰ ਦੇ ਖਿਲਾਫ
ਜੰਗ ਲੜਨ ਦਾ ਅਹਿਦ ਹੈ। ਹਥਲੀ ਪੁਸਤਕ ਇਕ
ਤਰ੍ਹਾਂ ਨਾਲ ਇਸੇ ਦਿਸ਼ਾ ਵਿਚ ਕੀਤਾ ਕਾਰਜ ਹੈ।
ਲੋਕ ਗੀਤਾਂ ਨਾਲੋਂ ਸਾਦਾ, ਸਰਲ ਅਤੇ ਸੌਖਾ
ਕੁਝ ਵੀ ਨਹੀਂ ਹੁੰਦਾ ਪਰੰਤੂ ਇਸ ਜਿੰਨਾ ਜਟਿਲ
ਪ੍ਰਤੀਕਾਤਮਿਕ ਅਤੇ ਗੁੰਝਲਦਾਰ ਵੀ ਹੋਰ ਕੁਝ
ਨਹੀਂ ਹੁੰਦਾ ਕਿਉਂਕਿ ਇਹ ਕਿਸੇ ਇਕ ਵਿਅਕਤੀ
ਦੇ ਮਨ ਦੀ ਪੇਸ਼ਕਾਰੀ ਨਹੀਂ ਸਗੋਂ ਸਮੁੱਚੇ
ਸਭਿਆਚਾਰਕ ਅਵਚੇਤਨ ਵਿਚ ਮੌਜੂਦ
ਵਿਰੋਧਤਾਈਆਂ ਦਾ ਕਲਾਤਮਿਕ ਉਸਾਰ ਹੁੰਦਾ
ਹੈ। ਲੋਕ ਗੀਤਾਂ ਵਿਚ ਸਾਰੀਆਂ ਖੁਸ਼ੀਆਂ ਅਤੇ
ਗਮੀਆਂ ਇਕੋ ਧਾਗੇ ਵਿਚ ਪਰੋਈਆਂ ਹੁੰਦੀਆਂ
ਹਨ। ਲੋਕ ਗੀਤਾਂ ਨੂੰ ਸਿਰਜਣ ਵਾਲੇ, ਗਾਉਣ
ਵਾਲੇ ਅਤੇ ਸੰਭਾਲਣ ਵਾਲੇ ਇਕ ਸੁਰ ਹੁੰਦੇ ਹਨ।
ਨਰ-ਨਾਰੀ ਦੇ ਰਿਸ਼ਤੇ ਦੀਆਂ ਸਾਰੀਆਂ
ਖੂਬਸੂਰਤੀਆਂ ਲੋਕ ਗੀਤਾਂ ਵਿਚ ਏਨੇ ਵਿਭਿੰਨ
ਢੰਗਾਂ ਨਾਲ ਪੇਸ਼ ਹੁੰਦੀਆਂ ਹਨ ਕਿ ਲੋਕ ਧਾਰਾ ਦੇ
ਸਿਰਜਕਾਂ ਅੱਗੇ ਸਿਰ ਆਪਣੇ ਆਪ ਝੁਕ ਜਾਂਦਾ
ਹੈ। ਮਿਸਾਲ ਵਜੋਂ ਪ੍ਰਕਿਰਤੀ ਵਿਚ ਨਰ-ਨਾਰੀ ਦਾ
ਵਿਰੋਧੀ ਲਿੰਗ ਪ੍ਰਤੀ ਖਿੱਚ ਅਤੇ ਹਉਮੈ ਵਿਰੋਧ
ਦਾ ਦਵੰਦਾਤਮਿਕ ਰਿਸ਼ਤਾ ਇਨ੍ਹਾਂ ਲੋਕ ਗੀਤਾਂ ਵਿਚ
ਦੇਖਿਆ ਜਾ ਸਕਦਾ ਹੈ:
ਧਰਤੀ ਤੇ ਅੰਬਰ ਦਾ ਪੈ ਗਿਆ ਝਗੜਾ
ਕੌਣ ਜਿੱਤੇ ਕੌਣ ਹਾਰੇ
ਅੰਬਰ ਤਾਂ ਆਖੇ ਮੈਂ ਅੱਜ ਹੀ ਵਰਸਾਂ
ਧਰਤੀ ਕਹੇ ਸੋਕ ਜਾਣਾ ਵੇ-ਹੇ...।
ਇਸ ਲੋਕ ਗੀਤ ਵਿਚ ਨਾਰੀ ਮਰਦਾਵੀਂ
ਹਉਮੈ ਨੂੰ ਆਪਣੀ ਸਮਰੱਥਾ ਨਾਲ ਸੋਖ ਲੈਣ ਦੀ
ਚੁਣੌਤੀ ਦਿੰਦੀ ਹੈ। ਉਹ ਮਰਦ ਨਾਲ ਝਗੜੇ ਵਿਚ
ਪੈਣ ਦੀ ਥਾਂ ਇਸ ਵਿਰੋਧ ਵਿਚ ਕੁਝ ਨਵਾਂ ਸਿਰਜ
ਲੈਂਦੀ ਹੈ। ਇਸ ਗੀਤ ਵਿਚ ਧਰਤੀ ਤੇ ਅੰਬਰ ਦੇ
ਰੂਪਕ ਰਾਹੀਂ ਨਰ-ਨਾਰੀ ਦਾ ਕੁਦਰਤੀ ਵਿਰੋਧ ਤੇ
ਸੁਮੇਲ ਜੀਵਨ ਦੇ ਉਗਮਣ, ਵਿਗਸਣ ਤੋਂ ਲੈ ਕੇ
ਬਿਨਸਣ ਤੱਕ ਦੇ ਸਫਰ ਰਾਹੀਂ ਆਪਣੇ ਹੀ ਢੰਗ
ਨਾਲ ਪੇਸ਼ ਹੈ। ਜਿਵੇਂ ਮੀਂਹ ਉਪਰੰਤ ਧਰਤੀ ਹਰੀਭਰੀ
ਹੁੰਦੀ ਹੈ, ਉਵੇਂ ਹੀ ਨਾਰੀ ਦੀ ਕੁੱਖ ਹਰੀ ਹੋ
ਜਾਂਦੀ ਹੈ ਤੇ ਉਹ ਪ੍ਰਕਿਰਤੀ ਵਾਂਗ ਫੈਲ ਜਾਂਦੀ ਹੈ।
ਮਾਂ ਦੀ ਗੋਦ ਵਿਚ ਖੇਡਦੇ ਬੱਚੇ ਲਈ ਮਾਂ ਦੇ
ਮੁਹੱਬਤੀ ਸੰਗੀਤਮਈ ਕਾਵਿਕ ਬੋਲ ਲੋਰੀਆਂ ਬਣ
ਜਾਂਦੇ ਹਨ। ਕੰਮੀਂ ਰੁੱਝੀ ਮਾਂ ਬੱਚੇ ਨੂੰ ਨਾਲੋ ਨਾਲ
ਪਿਆਰਦੀ-ਦੁਲਾਰਦੀ ਪਿਆਰ ਵਿਗੁੱਤੇ ਸ਼ਬਦ
ਉਚਾਰਦੀ ਤਾਂ ਕਦੀ ਚੱਕੀ ਦੀ ਅਵਾਜ਼ ਜਾਂ ਚਰਖੇ
ਦੀ ਘੂਕਰ ਉਸ ਦੀ ਤਾਲ ਬਣਦੇ ਤੇ ਕਦੀ ਚੌਂਕੇ
ਦੇ ਭਾਂਡੇ ਭਾਵ ਗੜਵੀ ਜਾਂ ਕੌਲੀ ਉਸ ਦੇ ਸਾਜ
ਬਣ ਜਾਂਦੇ। ਇਹ ਤਾਲ ਸਾਜ ਤੇ ਮਾਂ ਦੀ ਲੈਅ
ਮਈ ਅਵਾਜ਼ ਹੀ ਲੋਰੀ ਬਣ ਜਾਂਦੀ। ਵਿਹੜੇ ਵਿਚ
ਖੇਡਦਾ ਬਾਲ ਮਾਂ ਦੇ ਭਵਿੱਖੀ ਸੁਪਨੇ ਵਜੋਂ ਉਭਰਦਾ
ਤੇ ਉਸ ਦੇ ਮਨ ਵਿਚ ਲੋਰੀਆਂ ਦੀ ਥਾਂ ਘੋੜੀਆਂ
ਲੈਂਦੀਆਂ। ਇਹ ਦੁੱਖ ਦੀ ਗੱਲ ਹੈ ਕਿ ਪੰਜਾਬੀ
ਸਭਿਆਚਾਰ ਵਿਚ ਨਾਰੀ ਕੰਠ ਵਿਚੋਂ ਉਪਜੇ ਇਹ
ਬੋਲ ਕੇਵਲ ਲੜਕੇ ਲਈ ਹੀ ਉਭਰਦੇ ਰਹੇ। ਕੋਈ
ਲੋਰੀ ਜਾਂ ਘੋੜੀ ਲੜਕੀ ਦੇ ਸੁੱਖ ਦੀ ਬਾਤ ਨਹੀਂ
ਪਾਉਂਦੀ ਜਾਂ ਇਹ ਆਖਿਆ ਜਾ ਸਕਦਾ ਹੈ ਕਿ
ਲੋਰੀਆਂ ਤੇ ਘੋੜੀਆਂ ਦੀ ਰਚੈਤਾ ਦੇ ਕੰਨ ਖੁਦ
ਇਨ੍ਹਾਂ ਅਨੰਦਮਈ ਬੋਲਾਂ ਤੋਂ ਵਾਂਝੇ ਰਹਿੰਦੇ ਹਨ।
ਉਹ ਖੁਦ ਬਾਲ ਉਮਰੇ ਜਿਊਣ ਜੋਗੀ ਦੀ ਥਾਂ ਮਰ
ਜਾਣੀ ਅਖਵਾ-ਅਖਵਾ ਕੇ ਵੱਡੀ ਹੁੰਦੀ ਬਾਬਲ ਦੇ
ਵਿਹੜੇ ਦੀ ਸੁੱਖ ਮਨਾਉਂਦੀ, ਮਾੜੇ 'ਚੋਂ ਚੰਗਾ
ਸਿਰਜਦੀ, ਕਿੱਕਲੀ ਪਾਉਂਦੀ ਮੁਟਿਆਰ ਹੁੰਦੀ
ਤ੍ਰਿੰਝਣ ਦੇ ਛੋਪ ਕੱਤਦੀ ਆਪਣੇ ਭਾਵਾਂ ਨੂੰ ਜ਼ੁਬਾਨ
ਦਿੰਦੀ ਹੈ। ਉਹ ਲੋਰੀਆਂ ਤੋਂ ਕਿੱਕਲੀ ਤੇ ਕਿੱਕਲੀ
ਤੋਂ ਸੁਹਾਗ ਗਾਉਂਦੀ ਮਨ ਵਿਚਲੀ ਵਰ-ਘਰ ਦੀ
ਨਵੀਂ ਚਾਹਤ ਦੀ ਬਾਤ ਪਾਉਂਦੀ ਹੈ। ਮਰਦਾਵੇਂ
ਪੰਜਾਬੀ ਸਮਾਜ ਵਿਚ ਉਸ ਪਾਸ ਇਨ੍ਹਾਂ ਚਾਹਤਾਂ
ਨੂੰ ਖੁਲ੍ਹੇਆਮ ਪਰਗਟ ਕਰਨ ਦੀ ਖੁੱਲ੍ਹ ਨਹੀਂ। ਸੋ
ਉਹ ਇਨ੍ਹਾਂ ਲੋਕ ਗੀਤਾਂ/ਸੁਹਾਗ ਰਾਹੀਂ ਚੰਗੇ ਵਰਘਰ
ਲਈ ਬਾਬਲ ਅੱਗੇ ਅਰਜੋਈਆਂ ਕਰਦੀ ਹੈ:
ਚੰਦਨ ਦੇ ਓਹਲੇ ਬੀਬੀ ਕਿਉਂ ਖੜੀ
ਮੈਂ ਤਾਂ ਖੜੀ ਸਾਂ ਬਾਬਲ ਜੀ ਦੇ ਪਾਸ
ਬਾਬਲ ਮੇਰੀ ਆਸ
ਬਾਬਲ ਵਰ ਲੋੜੀਏ...।
ਨੀ ਲਾਡੋ ਕਿਹੋ ਜਿਹਾ ਵਰ ਲੋੜੀਏ?
ਬਾਬਲ ਜਿਉਂ ਤਾਰਿਆਂ ਵਿਚੋਂ ਚੰਨ
ਚੰਨਾਂ ਵਿਚੋਂ ਕਾਹਨ
ਕਨੱਈਆ ਵਰ ਲੋੜੀਏ।
ਬਾਬਲ ਜਦੋਂ ਉਸ ਦੀਆਂ ਇੱਛਾਵਾਂ ਦੀ ਪੂਰਤੀ
ਨਹੀਂ ਕਰਦਾ ਤਾਂ ਸਾਡਾ ਪਿਤਰੀ ਢਾਂਚਾ ਉਸ ਨੂੰ
ਮਰਿਆਦਾ ਵਿਚ ਬੰਨ ਦਿੰਦਾ ਹੈ। ਸਹੁਰੇ ਜਾਂਦਿਆਂ
ਹੀ 'ਰਾਮ ਸੀਤਾ ਨੂੰ ਵਿਆਹ ਕਰ ਲਿਆਏ, ਵੱਜ
ਰਹੀਆਂ ਬੰਸਰੀਆਂ' ਦੇ ਗੀਤ ਸ਼ੁਰੂ ਹੋ ਜਾਂਦੇ ਹਨ।
ਸੋ ਸਮਾਜ ਉਸ ਨੂੰ ਕਨੱਈਏ ਦੀ ਰਾਧਾ ਦੀ ਬਜਾਏ
ਰਾਮ ਦੀ ਸੀਤਾ ਵਿਚ ਢਾਲ ਦਿੰਦਾ ਹੈ। ਇਸ ਢਲਣ
ਪ੍ਰਕਿਰਿਆ ਦੇ ਦੁਖਾਂਤ ਨੂੰ ਨਾਰੀ ਨੇ ਲੋਕ ਗੀਤਾਂ
ਰਾਹੀਂ ਪ੍ਰਗਟਾਇਆ ਹੈ। ਮਾਪਿਆਂ ਤੋਂ ਦੂਰ ਨਵੇਂ
ਘਰ ਨਵੀਂ ਜ਼ਿੰਦਗੀ ਸ਼ੁਰੂ ਹੁੰਦੀ ਹੈ ਤੇ ਨਵੇਂ ਘਰ
ਵਿਚ ਨਵੀਆਂ ਦੁਸ਼ਵਾਰੀਆਂ, ਸੱਸ-ਸਹੁਰੇ,
ਦਿਉਰਾਂ-ਜੇਠਾਂ, ਦਰਾਣੀਆਂ-ਜਠਾਣੀਆਂ, ਨਣਦਾਂ
ਨਾਲ ਖੱਟੇ-ਮਿੱਠੇ ਰਿਸ਼ਤੇ ਅਤੇ ਮਾਪਿਆਂ ਦਾ
ਵੈਰਾਗ ਉਸ ਦੇ ਮਨ ਵਿਚ ਰੁਦਨ ਪੈਦਾ ਕਰਦੇ
ਹਨ। ਇਸ ਰੁਦਨ ਵਿਚ ਮਾਂਵਾਂ-ਧੀਆਂ ਦਾ ਰੁਦਨ
ਇਸ ਗੀਤ ਵਿਚ ਦੇਖਿਆ ਜਾ ਸਕਦਾ ਹੈ:
ਵਣ-ਵਣ ਪੀਲਾਂ ਪੱਕੀਆਂ
ਨੀ ਮੇਰੀਏ ਰਾਣੀਏ ਮਾਏ
ਕੋਈ ਹੋਈਆਂ ਲਾਲੋ-ਲਾਲ ਨੀ ਭਲੀਏ।
ਧੀਆਂ ਨੂੰ ਸਹੁਰੇ ਤੋਰ ਕੇ
ਨੀ ਮੇਰੀਏ ਰਾਣੀਏ ਮਾਏ,
ਤੇਰਾ ਕੇਹਾ ਕੁ ਲੱਗਦਾ ਜੀਅ ਨੀ ਭਲੀਏ!
ਦਿਨ ਨੂੰ ਗਿਣਦੀ ਪੂਣੀਆਂ
ਨੀ ਮੇਰੀ ਰਾਣੀਏ ਧੀਏ,
ਕੋਈ ਤਾਰੇ ਗਿਣ-ਗਿਣ ਰਾਤ ਨੀ ਭਲੀਏ!
ਮੁੜ ਉਸੇ ਘਰ ਵਿਚ ਰਚ-ਮਿਚ ਜਾਣਾ
ਅਤੇ ਫਿਰ ਨਣਦਾਂ-ਦਿਉਰਾਂ ਦੇ ਮੰਗਣੇ, ਵਿਆਹ
ਮੁਕਲਾਵੇ ਕਰਨੇ ਤੇ ਜਸ਼ਨ ਮਨਾਉਣੇ। ਮੁੜ
ਆਪਣੀ ਸੰਤਾਨ ਦੀਆਂ ਲੋਰੀਆਂ, ਘੋੜੀਆਂ ਤੇ
ਇਸ ਤਰ੍ਹਾਂ ਜ਼ਿੰਦਗੀ ਚਰਖੇ ਦੇ ਫੇਰ ਦੀ ਤਰ੍ਹਾਂ
ਚੱਲਦੀ ਰਹਿੰਦੀ ਹੈ। ਮਾਨਵੀ ਇਤਿਹਾਸ ਵਿਚ ਨਾਰੀ
ਦੇ ਯੋਗਦਾਨ ਨੂੰ ਲੋਕ ਗੀਤਾਂ ਨੇ ਹੀ ਸਾਂਭਿਆ ਹੈ।
ਇਕ ਤਰ੍ਹਾਂ ਨਾਲ ਇਹ ਜ਼ਿੰਦਗੀ ਦੀ ਗਵਾਹੀ ਹਨ।
ਨੀਲਮ ਸੈਣੀ ਦੀ ਪੁਸਤਕ 'ਸਾਡੀਆਂ
ਰਸਮਾਂ, ਸਾਡੇ ਗੀਤ' ਨੂੰ ਪੜ੍ਹਦਿਆਂ ਜਨਮ ਤੋਂ
ਜ਼ਿੰਦਗੀ ਦੇ ਆਖਰੀ ਪੜਾਅ ਤੱਕ (ਮੌਤ ਨੂੰ ਛੱਡ
ਕੇ) ਦੇ ਗੀਤ ਪੜ੍ਹ ਕੇ ਭੁੱਲੀਆਂ ਵਿਸਰੀਆਂ
ਸਾਰੀਆਂ ਰਸਮਾਂ ਅੱਖਾਂ ਅੱਗੇ ਮੁੜ ਸੁਰਜੀਤ ਹੋ
ਗਈਆਂ। ਨੀਲਮ ਨੇ ਸਾਡੀਆਂ ਨਾਨੀਆਂ-ਦਾਦੀਆਂ
ਦੇ ਖਜਾਨੇ ਨੂੰ ਸਾਂਭਣ ਵਿਚ ਆਪਣੇ ਹਿੱਸੇ ਦਾ
ਯੋਗਦਾਨ ਪਾਇਆ ਹੈ। ਇਹ ਕੰਮ ਹੋਰ ਵੀ
ਮਹੱਤਵਪੂਰਨ ਹੋ ਜਾਂਦਾ ਹੈ ਜਦੋਂ ਸੰਗ੍ਰਿਹਕਾਰ ਲੰਮੇ
ਸਮੇਂ ਤੋਂ ਵਿਦੇਸ਼ ਵਿਚ ਜਾ ਵਸੀ ਹੋਵੇ। ਓਪਰੀ
ਧਰਤੀ 'ਤੇ ਆਪਣਾ ਸਭਿਆਚਾਰ ਰਸਮਾਂ ਤੇ ਲੋਕ
ਗੀਤਾਂ ਰਾਹੀਂ ਸੰਭਾਲਣਾ, ਆਪਣੇ ਮੂਲ ਨੂੰ ਵਿਦੇਸ਼ਾਂ
ਵਿਚ ਜੰਮੀ ਪਲੀ ਅਗਲੀ ਪੀੜ੍ਹੀ ਲਈ ਸੰਭਾਲਣਾ
ਇਕ ਸ਼ਲਾਘਾਯੋਗ ਕਾਰਜ ਹੈ। ਦਰਅਸਲ ਕਿਸੇ
ਹੋਰ ਸਭਿਆਚਾਰ ਵਿਚ ਜਾ ਕੇ ਉਥੋਂ ਦੀ ਭਾਸ਼ਾ
ਸਿੱਖੀ ਜਾ ਸਕਦੀ ਹੈ, ਉਥੋਂ ਦਾ ਪਹਿਰਾਵਾ
ਪਹਿਨਿਆ ਜਾ ਸਕਦਾ ਹੈ ਪਰ ਉਥੋਂ ਦੇ ਲੋਕ
ਗੀਤ ਨਹੀਂ ਗਾਏ ਜਾ ਸਕਦੇ ਕਿਉਂਕਿ ਲੋਕ ਗੀਤ
ਵਿਚ ਉਸ ਸਮਾਜ ਦੀ ਪਰੰਪਰਾ ਵੀ ਸ਼ਾਮਿਲ ਹੁੰਦੀ
ਹੈ। ਇਸੇ ਕਰਕੇ ਇਕ ਲੋਕ ਗੀਤ ਨੂੰ ਦੂਜੇ
ਸਭਿਆਚਾਰ ਵਿਚ ਅਨੁਵਾਦਣਾ ਏਨਾ ਸੌਖਾ ਕਾਰਜ
ਨਹੀਂ ਹੈ। ਆਪਣੇ ਭਾਵਾਂ ਨੂੰ ਜ਼ੁਬਾਨ ਦੇਣ ਲਈ
ਆਪਣੇ ਲੋਕ ਗੀਤ ਹੀ ਇਸ ਦਾ ਮਾਧਿਅਮ ਬਣਦੇ
ਹਨ। ਸੋ ਬੱਚੇ ਦੇ ਪੈਦਾ ਹੋਣ ਤੋਂ ਲੈ ਕੇ ਵਿਆਹ
ਤੱਕ ਦੀਆਂ ਰਸਮਾਂ ਨੂੰ ਆਧਾਰ ਬਣਾ ਕੇ ਉਨ੍ਹਾਂ
ਰਸਮਾਂ ਤੇ ਗਾਏ ਜਾਣ ਵਾਲੇ ਗੀਤਾਂ ਨੂੰ ਪੁਸਤਕ
ਰੂਪ ਦੇ ਕੇ ਨੀਲਮ ਨੇ ਚੰਗਾ ਉਦਮ ਕੀਤਾ ਹੈ।
ਨੀਲਮ ਖੁਦ ਸਿਰਜਣਾਤਮਕ ਲੇਖਿਕਾ ਹੈ,
ਉਸ ਨੂੰ ਸਿਰਜਣਾ ਦੀ ਸੰਭਾਲ ਕਰਨੀ ਆਉਂਦੀ
ਹੈ। ਲੋਕ ਧਾਰਾ ਦਾ ਖਜਾਨਾ ਅਤੁੱਟ ਹੁੰਦਾ ਹੈ।
ਇਸ ਸਾਰੇ ਨੂੰ ਲਿਖਤੀ ਸ਼ਬਦਾਂ ਵਿਚ ਸਾਂਭਣਾ
ਸੁਖਾਲਾ ਨਹੀਂ ਹੈ। ਦਵਿੰਦਰ ਸਤਿਆਰਥੀ ਤੋਂ ਲੈ
ਕੇ ਅੰਮ੍ਰਿਤਾ ਪ੍ਰੀਤਮ ਤੱਕ ਅਤੇ ਡਾ. ਨਾਹਰ ਸਿੰਘ
ਤੋਂ ਲੈ ਕੇ ਹਮਾਤੜ-ਤੁਮਾਤੜ ਤੱਕ ਹਰ ਕੋਈ
ਆਪਣੇ ਹਿੱਸੇ ਦਾ ਛੋਪ ਕੱਤ ਰਿਹਾ ਹੈ। ਇਸ
ਪ੍ਰਸੰਗ ਵਿਚ ਨੀਲਮ ਸੈਣੀ ਦਾ ਕੰਮ ਮਹੱਤਵਪੂਰਨ
ਹੈ। ਉਸ ਨੇ ਨਾ ਕੇਵਲ ਲੋਕ ਗੀਤ ਹੀ ਇੱਕਠੇ
ਕੀਤੇ ਸਗੋਂ ਉਨ੍ਹਾਂ ਦੇ ਢੁੱਕਵੇਂ ਪ੍ਰਸੰਗ ਵੀ ਇਸ
ਪੁਸਤਕ ਵਿਚ ਦਰਜ ਕੀਤੇ ਹਨ। ਇਹ ਪੁਸਤਕ
ਕੇਵਲ ਲੋਕ ਸਾਹਿਤ ਦੇ ਵਿਦਿਆਰਥੀਆਂ ਅਤੇ
ਅਧਿਐਨ ਕਰਤਾਵਾਂ ਲਈ ਹੀ ਨਹੀਂ ਸਗੋਂ ਆਮ
ਲੋਕਾਂ ਲਈ ਵੀ ਮਹੱਤਵਪੂਰਨ ਹੈ। ਇਸ ਪੁਸਤਕ
ਨੂੰ ਪੜ੍ਹ ਕੇ ਨਵੀਂ ਪੀੜ੍ਹੀ ਆਪਣੀਆਂ ਜਿੰਦਗੀ ਦੀਆਂ
ਖੁਸ਼ੀਆਂ ਵਿਚ ਸਭਿਆਚਾਰਕ ਰੰਗ ਭਰ ਸਕਦੀ
ਹੈ। ਇਹ ਪੁਸਤਕ ਵਿਹਾਰਕ ਪੱਖੋਂ ਬਹੁਤ ਹੀ
ਮੁੱਲਵਾਨ ਹੈ। ਉਸ ਦੇ ਇਸ ਕਾਰਜ ਲਈ ਲੱਖਲੱਖ
ਮੁਬਾਰਕਾਂ।
(ਡਾ. ਚਰਨਜੀਤ ਕੌਰ
ਐਸੋਸੀਏਟ ਪ੍ਰੋਫੈਸਰ, ਪੰਜਾਬੀ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ।)
|