ਪੰਜਾਬੀ ਕਲਾਮ/ਗ਼ਜ਼ਲਾਂ ਕਰਨਲ ਮੁਹੰਮਦ ਇਲਿਆਸ
1. ਸੁਣ ਵੇ ਮੇਰੇ ਵੀਰ ਨਾ ਧਰੀਏ
ਸੁਣ ਵੇ ਮੇਰੇ ਵੀਰ ਨਾ ਧਰੀਏ
ਸਹਿਬਾਂ ਕੋਲੇ ਤੀਰ ਨਾ ਧਰੀਏ
ਬਿੱਲੀ ਭਾਵੇਂ ਹਾਜਣ ਹੋਵੇ
ਉਹਦੇ ਕੋਲੇ ਸ਼ੀਰ ਨਾ ਧਰੀਏ
ਚੁੱਲ੍ਹੇ ਵਿਚ ਗੁਲਾਬ ਨਾ ਸੁੱਟੀਏ
ਕੁੱਤਿਆਂ ਅੱਗੇ ਖੀਰ ਨਾ ਧਰੀਏ
ਗਿਰਝਾਂ ਅੱਗੇ ਚੋਰੀ ਕੁੱਟ ਕੇ
ਕਹਿੰਦਾ ਭਗਤ ਕਬੀਰ ਨਾ ਧਰੀਏ
ਮਨ ਮਸਜਿਦ ਵਿਚ ਕਹਿਣ ਪੈਗ਼ੰਬਰ
ਬੁੱਤਾਂ ਦੀ ਤਸਵੀਰ ਨਾ ਧਰੀਏ
ਦਾਨਸ਼ਮੰਦ ਸਿਆਣੇ ਆਖਣ
ਸਾਂਝੀ ਕੰਧ ਛਤੀਰ ਨਾ ਧਰੀਏ
ਲੜ ਮਰੀਏ ਪਰ ਦੁਸ਼ਮਣ ਅੱਗੇ
ਨੇਜ਼ਾ ਤੇ ਸ਼ਮਸ਼ੀਰ ਨਾ ਧਰੀਏ
ਸੱਪ ਦੀ ਖੁੱਡੇ ਪੈਰ ਕਦੀ ਵੀ
ਕਹਿੰਦੇ ਪੀਰ ਫ਼ਕੀਰ ਨਾ ਧਰੀਏ
ਹਰ ਸ਼ੈ ਆਪਣੀ ਥਾਵੇਂ ਰੱਖੀਏ
ਗੰਢੇ ਨਾਲ਼ ਪਨੀਰ ਨਾ ਧਰੀਏ
ਦੋਸ਼ ਕਿਸੇ ਸਿਰ ਆਪਣੇ ਦੁੱਖ ਦਾ
ਕਹਿੰਦੀ ਜੱਟੀ ਹੀਰ ਨਾ ਧਰੀਏ
ਪੱਲੇ ਸੱਚ ਇਲਿਆਸ ਨਾ ਜਿਸਦੇ
ਉਹਦਾ ਨਾਂ ਅਮੀਰ ਨਾ ਧਰੀਏ
2. ਇਸ਼ਕ ਬਿਨਾਂ ਏ ਫੋਗ ਹਯਾਤੀ
ਇਸ਼ਕ ਬਿਨਾਂ ਏ ਫੋਗ ਹਯਾਤੀ
ਪਿਆਰ ਦੀ ਮੰਗੇ ਚੋਗ ਹਯਾਤੀ
ਕਿਧਰੇ ਰਾਂਝਾ ਰਾਂਝਾ ਕਰਦੀ
ਕਿਧਰੇ ਟਿੱਲੇ ਜੋਗ ਹਯਾਤੀ
ਹੱਸਣ ਰੋਵਣ ਰੂਪ ਇਹਦੇ ਨੇਂ
ਅੱਜ ਖ਼ੁਸ਼ੀ ਕੱਲ੍ਹ ਸੋਗ ਹਯਾਤੀ
ਨਾ ਉਮੀਦ ਹੋ ਜਾਵੇ ਜਿਹੜਾ
ਲਗਦੀ ਉਹਨੂੰ ਰੋਗ ਹਯਾਤੀ
ਇਕ ਉੱਤੇ ਇਕ ਥੱਲੇ ਵਗਦਾ
ਹਾਲ਼ੀ ਕਹਿੰਦਾ ਜੋਗ ਹਯਾਤੀ
ਹਿਜਰ ਸਿਆਪੇ ਵੀ ਕਰਦੀ ਏ
ਮਾਣੇ ਮੌਜ ਸੰਜੋਗ ਹਯਾਤੀ
ਦਾਮਨ ਫੜ ਇਲਿਆਸ ਸਬਰ ਦਾ
ਕੀ ਕੀ ਜਾਂਦੀ ਭੋਗ ਹਯਾਤੀ
|