ਚੂੜੇ ਦੀ ਰਸਮ ਅਤੇ ਗੀਤ ਨੀਲਮ ਸੈਣੀ
ਸੈਂਤ ਦੀ ਰਸਮ ਤੋਂ ਬਾਅਦ ਮਾਮੇ ਵਲੋਂ
ਚੂੜੇ ਦੀ ਰਸਮ ਨਿਭਾਈ ਜਾਂਦੀ ਸੀ। ਪਹਿਲੇ
ਸਮਿਆਂ ਵਿਚ 'ਹਾਥੀ ਦੰਦ' ਦੇ ਬਣਿਆ ਚੂੜਾ
ਸ਼ੁਭ ਮੰਨਿਆ ਜਾਂਦਾ ਸੀ। ਇਸ ਚੂੜੇ ਦੀ ਕੀਮਤ
ਵੀ ਆਮ ਚੂੜੇ ਤੋਂ ਵੱਧ ਹੁੰਦੀ ਸੀ। ਇਸ ਲਈ
ਇਸ ਨੂੰ 'ਦਾਨ' ਦਾ ਨਾਂ ਦਿੱਤਾ ਜਾਂਦਾ ਸੀ। ਅਜੋਕੇ
ਸਮੇਂ ਵਿਚ ਚੂੜਾ ਕਈ ਕਿਸਮਾਂ ਅਤੇ ਨਮੂਨਿਆਂ
ਵਿਚ ਮਿਲਦਾ ਹੈ। ਹਰ ਚੂੜੇ ਦੀ ਕੀਮਤ ਵੀ ਨਮੂਨੇ
ਅਤੇ ਜੜਤ 'ਤੇ ਨਿਰਭਰ ਕਰਦੀ ਹੈ।
ਪਹਿਲੇ ਸਮਿਆਂ ਵਿਚ ਮਾਮੀ ਵਿਆਂਹਦੜ
ਕੁੜੀ ਦੇ ਸਿਰ 'ਤੇ ਸੁੱਭਰ ਬੂਟੀ (ਸੁੱਭਰ/ਚੁੰਨੀ
'ਤੇ ਕੱਢੀ ਜਾਣ ਵਾਲੀ ਕੱਢਾਈ ਦਾ ਨਾਮ ਹੈ ਜੋ
ਵਿਆਹ ਵੇਲੇ ਨਾਨਕੇ ਲੈ ਕੇ ਆਉਂਦੇ ਹਨ) ਵਾਲੀ
ਚੁੰਨੀ ਦਿੰਦੀ ਸੀ ਅਤੇ ਮਾਮਾ ਉਸ ਦੀਆਂ ਬਾਹਾਂ
ਵਿਚ ਚੂੜਾ ਪਹਿਨਾਉਂਦਾ ਸੀ। ਇਸ ਸਮੇਂ ਮਾਮੀਆਂ
ਮਿਲ ਕੇ ਬਾਹਾਂ ਵਿਚ ਕਲੀਰੇ ਅਤੇ ਨੱਕ ਵਿਚ ਨੱਥ
ਜਾਂ (ਮਾਮਿਆਂ ਵਲੋਂ ਪਾਈ ਜਾਣ ਵਾਲੀ ਟੂਮ) ਵੀ
ਪਹਿਨਾ ਦਿੰਦੀਆਂ ਸਨ। ਵਿਆਹ ਵਾਲੀ ਕੁੜੀ ਦੀਆਂ
ਬਾਹਾਂ ਵਿਚ ਕਲੀਰੇ ਜ਼ਿਆਦਾ ਗਿਣਤੀ ਵਿਚ ਪਾਏ
ਜਾਂਦੇ ਸਨ। ਇਸ ਕਰ ਕੇ ਉਸ ਦੀਆਂ ਬਾਹਾਂ ਵਿਚ
ਬੇ-ਲੋੜਾ ਭਾਰ ਹੁੰਦਾ ਸੀ। ਇਨ੍ਹਾਂ ਕਲੀਰਿਆਂ ਵਿਚ
ਠੂਠੀਆਂ ਅਤੇ ਗੋਲੇ (ਗੋਲ ਆਕਾਰ ਦਾ ਸੁੱਕਾ
ਨਾਰੀਅਲ) ਹੁੰਦੇ ਸਨ। ਵਿਆਹ ਤੋਂ ਬਾਅਦ ਸਵਾ
ਮਹੀਨੇ ਤੱਕ ਚੂੜਾ ਪਾਉਣਾ ਜ਼ਰੂਰੀ ਹੁੰਦਾ ਸੀ।
ਇਹ ਰਸਮ ਅਜੇ ਤੱਕ ਵੀ ਪ੍ਰਚਲਿਤ ਹੈ। ਸੁੱਭਰ
ਬੂਟੀ ਦੀ ਥਾਂ ਮਹਿੰਗੇ ਸੂਟ ਅਤੇ ਚੁੰਨੀ ਨੇ ਲੈ
ਲਈ ਹੈ। ਅੱਜ ਗਹਿਣਿਆਂ ਦਾ ਸੈਟ ਪਾਇਆ
ਜਾਂਦਾ ਹੈ। ਇਹ ਦਾਜ ਦੀ ਰਸਮ ਨੂੰ ਬੜ੍ਹਾਵਾ
ਕਿਹਾ ਜਾ ਸਕਦਾ ਹੈ। ਕੰਮ 'ਤੇ ਜਾਣ ਵਾਲੀਆਂ
ਕੁੜੀਆਂ ਪੂਰੇ ਚੂੜੇ ਦੀ ਥਾਂ ਅੱਧਾ ਚੂੜਾ
ਪਹਿਨਦੀਆਂ ਹਨ। ਇਸ ਨਾਲ ਕੰਮ ਕਰਨ ਵਿਚ
ਥੋੜ੍ਹੀ ਅਸਾਨੀ ਰਹਿੰਦੀ ਹੈ। ਅਜੋਕੇ ਸਮੇਂ ਵਿਚ
ਵਿਚ ਕਲੀਰੇ ਘੱਟ ਗਿਣਤੀ ਵਿਚ ਪਾਏ ਜਾਂਦੇ
ਹਨ ਅਤੇ ਉਨ੍ਹਾਂ ਦਾ ਭਾਰ ਵੀ ਹਲਕਾ ਹੁੰਦਾ ਹੈ।
ਚੂੜਾ ਪਾਉਂਦੇ ਵਕਤ ਗਾਏ ਜਾਣ ਵਾਲੇ ਗੀਤ
ਖੋਲ੍ਹ ਦੇ ਬੀਬੀ ਵੰਙੜੀਆਂ,
ਚੜ੍ਹਾ ਲੈ ਬੀਬੀ ਚੂੜਾ।
ਵੀਰੇ ਦਿੱਤੀਆਂ ਵੰਙੜੀਆਂ,
ਤੇਰੇ ਮਾਮੇ ਦਿੱਤਾ ਚੂੜਾ।
ਕੁਆਰ ਭਰੇ ਦੀਆ ਵੰਙੜੀਆਂ,
ਸੁਹਾਗ ਭਰੇ ਦਾ ਚੂੜਾ।
ਜਾਗ ਨੀ ਮੇਰੀਏ ਬਾਲ ਕੰਨਿਆਂ,
ਸੁਹਾਗਵੰਤੀ!
ਜਾਗ ਰੁਕਮਣ ਰਾਣੀਏਂ! ਜਾਗ ਨੀ !
ਕੀਕਣ ਮੈਂ ਜਾਗਾਂ ਮੇਰੀਏ ਭੋਲੀਏ ਮਾਏ!
ਕੀਕਣ ਮੈਂ ਜਾਗਾਂ ਮੇਰੀਏ ਭੋਲੀਏ ਮਾਏ!
ਮਾਮਾ ਤਾਂ ਚੂੜਾ ਨਹੀਂ ਲਿਆਇਆ
ਨੀ ਮਾਏ।
ਐਵੇਂ ਤੂੰ ਮੈਨੂੰ ਜਗਾਇਆ ਨੀ ਮਾਏ।
ਵੇਖ ਤਾਂ ਸਹੀ,
ਮੇਰੀਏ ਬਾਲ ਕੰਨਿਆ, ਸੁਹਾਗਵੰਤੀ!
ਮਾਮਾ ਤੇ ਚੂੜਾ ਲੈ ਕੇ ਆ ਗਿਆ।
ਜਾਗ ਨੀ ਮੇਰੀਏ ਬਾਲ ਕੰਨਿਆਂ,
ਸੁਹਾਗਵੰਤੀ!
ਜਾਗ ਰੁਕਮਣ ਰਾਣੀਏਂ! ਜਾਗ ਨੀ!
ਨਾਨੀ ਸੂਤ ਕੱਤ ਕੇ ਦਾਜ ਬਣਾਇਆ,
ਸ਼ਗਨਾਂ ਦੇ ਨਾਲ ਤੇਰਾ ਜੋੜਾ ਸਜਾਇਆ।
ਵੇਖ ਲੈ ਮੇਰੀਏ ਰਾਣੀਏਂ,
ਵੇਖ ਲੈ ਸੁਘੜ ਸਿਆਣੀਏਂ।
ਜਾਗ ਨੀ ਮੇਰੀਏ ਬਾਲ ਕੰਨਿਆਂ,
ਸੁਹਾਗਵੰਤੀ!
ਜਾਗ ਰੁਕਮਣ ਰਾਣੀਏਂ! ਜਾਗ ਨੀ!
ਸੁਣ ਤਾਂ ਸਹੀ, ਮੇਰੀਏ ਬਾਲ ਕੰਨਿਆਂ,
ਮੈਲ੍ਹੀਂ ਵੱਜਣ ਸ਼ੈਨ੍ਹਾਈਆਂ।
ਜਾਗ ਨੀ ਮੇਰੀਏ ਬਾਲ ਕੰਨਿਆਂ,
ਸੁਹਾਗਵੰਤੀ!
ਜਾਗ ਰੁਕਮਣ ਰਾਣੀਏਂ! ਜਾਗ ਨੀ!
ਰੱਤਲੀ ਮਹਿੰਦੀ ਲਾ ਕੇ ਸੌਂ ਗਈ ਸੈਂ ਤੂੰ,
ਪਾਉਣਾ ਹੈ ਹੁਣ ਤੈਨੂੰ ਮਾਈਆਂ।
ਜਾਗ ਨੀ ਮੇਰੀਏ ਬਾਲ ਕੰਨਿਆਂ,
ਸੁਹਾਗਵੰਤੀ!
ਜਾਗ ਰੁਕਮਣ ਰਾਣੀਏਂ! ਜਾਗ ਨੀ!
ਚੂੜੇ ਦੀ ਰਸਮ ਤੋਂ ਬਾਅਦ ਮਾਮਾ-ਮਾਮੀ
ਕੁੜੀ ਦੇ ਮੂੰਹ ਵਿਚ ਸ਼ਗਨ ਵਜੋਂ ਲੱਡੂ ਪਾਉਂਦੇ
ਸਨ, ਝੋਲੀ ਵਿਚ ਰੁਪਈਏ ਤੇ ਠੂਠੀਆਂ ਰੱਖ ਕੇ
ਉਸ ਨੂੰ ਉਠਾ ਦਿੱਤਾ ਜਾਂਦਾ ਸੀ। ਉਹ ਕਮਰੇ
ਵਿਚ ਜਾ ਕੇ ਠੂਠੀਆਂ ਭੰਨ ਕੇ ਆਪਣੀਆਂ
ਕੁਆਰੀਆਂ ਸਹੇਲੀਆਂ ਨੂੰ ਖਾਣ ਨੂੰ ਦਿੰਦੀ ਸੀ।
ਇਹ ਧਾਰਨਾ ਸੀ ਕਿ ਜਿਸ ਕੁੜੀ/ਮੁੰਡੇ ਦਾ ਵਿਆਹ
ਨਾ ਹੁੰਦਾ ਹੋਵੇ, ਉਸ ਨੂੰ ਇਹ ਠੂਠੀਆਂ ਖਿਲਾਉਣ
ਨਾਲ ਉਸ ਦਾ ਵਿਆਹ ਜਲਦੀ ਹੋਵੇਗਾ। ਪਰਦੇਸਾਂ
ਵਿਚ ਜੀਨ ਨਾਲ ਬਾਹੀਂ ਚੂੜਾ ਪਾ ਕੇ ਕੰਮ
ਕਰਦੀਆਂ ਸੱਜ-ਵਿਆਹੀਆਂ ਵੱਲ ਤੱਕਦੇ ਮਨ
ਅੱਖੜਦਾ ਵੀ ਹੈ ਅਤੇ ਖ਼ੁਸ਼ ਵੀ ਹੁੰਦਾ ਹੈ।
|