ਚਰਖਾ ਨਾਮਾ ਕਾਲੀਦਾਸ ਗੁਜਰਾਂਵਾਲੀਆ
ਚਰਖਾ ਨਾਮਾ
ਕਤ ਚਰਖਾ ਭਾਗੇ ਭਰੀਏ ਨੀ
ਵਿੱਚੋਂ ਦੂਰ ਦੂਈ ਨੂੰ ਕਰੀਏ ਨੀ
ਜੇ ਜੀਂਵਦਿਆਂ ਚਾ ਮਰੀਏ ਨੀ
ਮੁੜ ਮਰਨਾ ਬਾਰੰਬਾਰ ਨਹੀਂ
ਕਤ ਚਰਖਾ ਹਿੱਮਤ ਹਾਰ ਨਹੀਂ
ਸਤਿਗੁਰ ਨੂੰ ਮਨੋਂ ਵਿਸਾਰ ਨਹੀਂ
ਉਠ ਜਾਗ ਬੜਾ ਦਿਨ ਚੜ੍ਹਿਆ ਨੀ
ਤੂੰ ਹੱਥਾ ਹੱਥ ਨਾ ਫੜਿਆ ਨੀ
ਨਹੀਂ ਨਾਮ ਸਾਈਂ ਦਾ ਪੜ੍ਹਿਆ ਨੀ
ਬਿਨ ਪੜ੍ਹਿਆਂ ਪਾਰ ਉਤਾਰ ਨਹੀਂ
ਕਤ ਚਰਖਾ ਹਿੱਮਤ ਹਾਰ ਨਹੀਂ
ਦਿਲਬਰ ਨੂੰ ਦਿਲੋਂ ਵਿਸਾਰ ਨਹੀਂ
ਤੂੰ ਦਾਜ ਬਨਾ ਲੈ ਸਾਰਾ ਨੀ
ਗਲ ਲਾਸੀ ਕੰਤ ਪਿਆਰਾ ਨੀ
ਜੋ ਰੂਪ ਰੇਖ ਤੋਂ ਨਿਆਰਾ ਨੀ
ਕੋਈ ਜਿਸਦਾ ਪਾਰਾਵਾਰ ਨਹੀਂ
ਕਤ ਚਰਖਾ ਹਿੱਮਤ ਹਾਰ ਨਹੀਂ
ਦਿਲਬਰ ਨੂੰ ਦਿਲੋਂ ਵਿਸਾਰ ਨਹੀਂ
ਤੂੰ ਪਰੀਤ ਲਗਾਈ ਕੱਚੀ ਨੀ
ਮੈਂ ਘੋਲੀ ਮੇਰੀਏ ਬੱਚੀ ਨੀ
ਮੈਂ ਝੂਠੀ ਤੇ ਤੂੰ ਸੱਚੀ ਨੀ
ਹੁਣ ਸੱਚਾ ਮਨੋਂ ਵਿਸਾਰ ਨਹੀਂ
ਕਤ ਚਰਖਾ ਹਿੱਮਤ ਹਾਰ ਨਹੀਂ
ਦਿਲਬਰ ਨੂੰ ਦਿਲੋਂ ਵਿਸਾਰ ਨਹੀਂ
ਕਿਸੇ ਘੜਿਆ ਕਾਰੀਗਰ ਦਾ ਨੀ
ਪਯਾ ਸ਼ਬਦ ਜੋ ਅਨਹਦ ਕਰਦਾ ਨੀ
ਜਾਂ ਹਰਫ਼ ਹਕੀਕੀ ਪੜ੍ਹਦਾ ਨੀ
ਕੁਝ ਅਲਫ਼ ਅੱਗੇ ਦਰਕਾਰ ਨਹੀਂ
ਕਤ ਚਰਖਾ ਹਿੱਮਤ ਹਾਰ ਨਹੀਂ
ਦਿਲਬਰ ਨੂੰ ਦਿਲੋਂ ਵਿਸਾਰ ਨਹੀਂ
ਇਹ ਚਰਖਾ ਅਜਬ ਰੰਗੀਲਾ ਨੀ
ਰੰਗ ਰੱਤਾ ਸਾਵਾ ਪੀਲਾ ਨੀ
ਕੋਈ ਸਬਜ ਸੋਸਨੀ ਨੀਲਾ ਨੀ
ਰੰਗਾਂ ਦਾ ਅੰਤ ਸ਼ੁਮਾਰ ਨਹੀਂ
ਕਤ ਚਰਖਾ ਹਿੱਮਤ ਹਾਰ ਨਹੀਂ
ਦਿਲਬਰ ਨੂੰ ਦਿਲੋਂ ਵਿਸਾਰ ਨਹੀਂ
ਨ੍ਹਿਉਂ ਨਾਲ ਪੀਆ ਦੇ ਰੱਖ ਕੁੜੇ
ਮਤ ਵੇਖੇਂ ਮੈਲੀ ਅੱਖ ਕੁੜੇ
ਕਰ ਦੇਈ ਲੱਖੋਂ ਕੱਖ ਕੁੜੇ
ਮੁੜ ਕੱਖੋਂ ਲੱਖ ਹਜ਼ਾਰ ਨਹੀਂ
ਕਤ ਚਰਖਾ ਹਿੱਮਤ ਹਾਰ ਨਹੀਂ
ਦਿਲਬਰ ਨੂੰ ਦਿਲੋਂ ਵਿਸਾਰ ਨਹੀਂ
ਤੂੰ ਜਿਸ ਦਿਨ ਛੋਪੇ ਪਾਨੀ ਏਂ
ਸਦ ਕੁੜੀਆਂ ਚਰਖਾ ਡਾਨ੍ਹੀਏਂ
ਵਿੱਚ ਨੀਂਦਰ ਦੇ ਹੁੰਗਲਾਨੀ ਏਂ
ਸਿਰ ਤੇਰੇ ਪਹਿਰੇਦਾਰ ਨਹੀਂ
ਕਤ ਚਰਖਾ ਹਿੱਮਤ ਹਾਰ ਨਹੀਂ
ਦਿਲਬਰ ਨੂੰ ਦਿਲੋਂ ਵਿਸਾਰ ਨਹੀਂ
ਇਹ ਚਰਖਾ ਬਣਿਆ ਚੰਨਨ ਦਾ
ਨਾ ਕਰੀਂ ਅਰਾਦਾ ਭੰਨਨ ਦਾ
ਕੁਝ ਕਰ ਲੈ ਕੰਨੀਂ ਬੰਨ੍ਹਨ ਦਾ
ਤੈਨੂੰ ਅੱਗੇ ਮਿਲੇ ਹੁਦਾਰ ਨਹੀਂ
ਕਤ ਚਰਖਾ ਹਿੱਮਤ ਹਾਰ ਨਹੀਂ
ਦਿਲਬਰ ਨੂੰ ਦਿਲੋਂ ਵਿਸਾਰ ਨਹੀਂ
ਵਿਚ ਚਰਖੇ ਪੰਜੇ ਤੱਤ ਕੁੜੇ
ਤੈਨੂੰ ਪੰਜੇ ਦੇਂਦੇ ਮੱਤ ਕੁੜੇ
ਪੰਜਾਂ ਦਾ ਪੈਰ ਨਾ ਘੱਤ ਕੁੜੇ
ਕਰ ਕਾਮ ਕ੍ਰੋਧ ਹੰਕਾਰ ਨਹੀਂ
ਕਤ ਚਰਖਾ ਹਿੱਮਤ ਹਾਰ ਨਹੀਂ
ਦਿਲਬਰ ਨੂੰ ਦਿਲੋਂ ਵਿਸਾਰ ਨਹੀਂ
ਇਹ ਤ੍ਰਕਲਾ ਮਨ ਦੀਆਂ ਆਸਾਂ ਦਾ
ਤੇ ਬਾਇੜ ਨੱਕ ਮੂੰਹ ਨਾਸਾਂ ਦਾ
ਵਿਚ ਡੋਰਾ ਪਿਆ ਸਵਾਸਾਂ ਦਾ
ਜਿਸ ਫਿਰਨੇ ਬਾਝ ਵਿਹਾਰ ਨਹੀਂ
ਕਤ ਚਰਖਾ ਹਿੱਮਤ ਹਾਰ ਨਹੀਂ
ਦਿਲਬਰ ਨੂੰ ਦਿਲੋਂ ਵਿਸਾਰ ਨਹੀਂ
ਇਹ ਚਰਖਾ ਬਨਿਆਂ ਤਨ ਦਾ ਨੀ
ਵਿਚ ਮਨਕਾ ਪਾਯਾ ਮਨ ਦਾ ਨੀ
ਭੌ ਲਖ ਚੌਰਾਸੀ ਬਨਦਾ ਨੀ
ਜੇ ਬਨਿਆ ਵਕਤ ਗੁਜ਼ਾਰ ਨਹੀਂ
ਕਤ ਚਰਖਾ ਹਿੱਮਤ ਹਾਰ ਨਹੀਂ
ਦਿਲਬਰ ਨੂੰ ਦਿਲੋਂ ਵਿਸਾਰ ਨਹੀਂ
ਇਹ ਚਮੜੀ ਚੱਮੜੀ ਮਾਇਆ ਹੈ
ਜਿਸ ਸਾਰਾ ਜਗ ਭਰਮਾਇਆ ਹੈ
ਇਸ ਮਾਇਆ ਮਾਰ ਮੁਕਾਇਆ ਹੈ
ਕੌਣ ਇਸਦੇ ਤੋਂ ਬੇਜ਼ਾਰ ਨਹੀਂ
ਕਤ ਚਰਖਾ ਹਿੱਮਤ ਹਾਰ ਨਹੀਂ
ਦਿਲਬਰ ਨੂੰ ਦਿਲੋਂ ਵਿਸਾਰ ਨਹੀਂ
ਚੜ੍ਹ ਡੋਲੀ ਜੇ ਮਨ ਡੋਲੀਗਾ
ਨਾ ਕੰਤ ਪਿਆਰਾ ਬੋਲੀਗਾ
ਧਰ ਜਦੋਂ ਤਰਾਜ਼ੂ ਤੋਲੀਗਾ
ਮੁੜ ਕੱਖਾਂ ਜਿੰਨਾਂ ਭਾਰ ਨਹੀਂ
ਕਤ ਚਰਖਾ ਹਿੱਮਤ ਹਾਰ ਨਹੀਂ
ਦਿਲਬਰ ਨੂੰ ਦਿਲੋਂ ਵਿਸਾਰ ਨਹੀਂ
ਜਦ ਆਸਨ ਚਾਰ ਕਹਾਰ ਕੁੜੇ
ਤਦ ਰੋਸੇਂ ਚੀਕਾਂ ਮਾਰ ਕੁੜੇ
ਸਭ ਕੱਢਨ ਧੱਕੇ ਮਾਰ ਕੁੜੇ
ਕੋਈ ਇਹ ਤੇਰਾ ਘਰ ਬਾਹਰ ਨਹੀਂ
ਕਤ ਚਰਖਾ ਹਿੱਮਤ ਹਾਰ ਨਹੀਂ
ਦਿਲਬਰ ਨੂੰ ਦਿਲੋਂ ਵਿਸਾਰ ਨਹੀਂ
ਛੱਡ ਦੇਸਨ ਲਾਡ ਲਡਿੱਕੀ ਦਾ
ਨਾ ਦੇਸਨ ਆਟਾ ਟਿੱਕੀ ਦਾ
ਜੇ ਪਕੜ ਲੈਂ ਲੜ ਇੱਕੀ ਦਾ
ਮੁੜ ਦੂਜਾ ਕਰੇ ਖ਼ਵਾਰ ਨਹੀਂ
ਕਤ ਚਰਖਾ ਹਿੱਮਤ ਹਾਰ ਨਹੀਂ
ਦਿਲਬਰ ਨੂੰ ਦਿਲੋਂ ਵਿਸਾਰ ਨਹੀਂ
ਤੇਰੇ ਚਰਖੇ ਨੂੰ ਘੁਨ ਲੱਗਾ ਨੀ
ਰੰਗ ਹੋਇਆ ਸਾਵਾ ਬੱਗਾ ਨੀ
ਸੜ ਜਾਈ ਚੁੱਨੀ ਝੱਗਾ ਨੀ
ਤੂੰ ਅੱਗਾ ਲਿਆ ਸਵਾਰ ਨਹੀਂ
ਕਤ ਚਰਖਾ ਹਿੱਮਤ ਹਾਰ ਨਹੀਂ
ਦਿਲਬਰ ਨੂੰ ਦਿਲੋਂ ਵਿਸਾਰ ਨਹੀਂ
ਨਾ ਖ਼ੁਦੀ ਤਕੱਬਰ ਟੈਂ ਗਈ
ਮਰ ਗਈ ਨਾ ਵਿਚੋਂ ਮੈਂ ਗਈ
ਰੁੜ੍ਹ ਸੋਹਨੀ ਵਾਂਗਰ ਨੈਂ ਗਈ
ਫੜ ਕਿਸੇ ਲੰਘਾਈ ਪਾਰ ਨਹੀਂ
ਕਤ ਚਰਖਾ ਹਿੱਮਤ ਹਾਰ ਨਹੀਂ
ਦਿਲਬਰ ਨੂੰ ਦਿਲੋਂ ਵਿਸਾਰ ਨਹੀਂ
ਨਾ ਕੱਤੀ ਹਥਲੀ ਪੂਣੀ ਨੀ
ਸੜ ਜਾਏ ਤੇਰੀ ਕੂਣੀ ਨੀ
ਤੈਨੂੰ ਹਿਰਸ ਦਿਨੋ ਦਿਨ ਦੂਣੀ ਨੀ
ਚਿਤ ਛਡਦਾ ਵਿਸ਼ੇ ਵਿਕਾਰ ਨਹੀਂ
ਕਤ ਚਰਖਾ ਹਿੱਮਤ ਹਾਰ ਨਹੀਂ
ਦਿਲਬਰ ਨੂੰ ਦਿਲੋਂ ਵਿਸਾਰ ਨਹੀਂ
ਤੂੰ ਜੋ ਕੁਝ ਪੀਨੀ ਖਾਨੀ ਏਂ
ਵਿਚ ਹੌਮਾ ਅਗਨ ਖਪਾਨੀ ਏਂ
ਸਭ ਔਤਰ ਕਰਦੀ ਜਾਨੀ ਏਂ
ਤੈਨੂੰ ਹੁੰਦਾ ਨਾਮ ਅਧਾਰ ਨਹੀਂ
ਕਤ ਚਰਖਾ ਹਿੱਮਤ ਹਾਰ ਨਹੀਂ
ਦਿਲਬਰ ਨੂੰ ਦਿਲੋਂ ਵਿਸਾਰ ਨਹੀਂ
ਨਾ ਗੁਰੂ ਨਾ ਰਹਿਸੀ ਚੇਲਾ ਨੀ
ਜਗ ਚਾਰ ਦਿਨਾਂ ਦਾ ਮੇਲਾ ਨੀ
ਚਲ ਜਾਸੀ ਭੌਰ ਅਕੇਲਾ ਨੀ
ਤੂੰ ਲੱਮੀ ਖੇਡ ਖਲਾਰ ਨੀ
ਕਤ ਚਰਖਾ ਹਿੱਮਤ ਹਾਰ ਨਹੀਂ
ਦਿਲਬਰ ਨੂੰ ਦਿਲੋਂ ਵਿਸਾਰ ਨਹੀਂ
ਤੂੰ ਗਹਿਨਾ ਕਪੜਾ ਪਾਨੀ ਏਂ
ਸਭ ਹਾਰ ਸੰਗਾਰ ਲਗਾਨੀ ਏਂ
ਫੁੱਲਾਂ ਦੀ ਸੇਜ ਵਛਾਨੀ ਏਂ
ਪਰ ਕੰਤਾ ਕਰਦਾ ਪਿਆਰ ਨਹੀਂ
ਕਤ ਚਰਖਾ ਹਿੱਮਤ ਹਾਰ ਨਹੀਂ
ਦਿਲਬਰ ਨੂੰ ਦਿਲੋਂ ਵਿਸਾਰ ਨਹੀਂ
ਜੇਹੜੀ ਸਭ ਤੋਂ ਭੁੱਖੀ ਨੰਗੀ ਹੈ
ਪਰ ਸਾਹਿਬ ਦੇ ਰੰਗ ਰੰਗੀ ਹੈ
ਉਹ ਸਭਸੇ ਨਾਲੋਂ ਚੰਗੀ ਹੈ
ਘਰ ਉਸਦੇ ਨਿੰਦ ਵਿਚਾਰ ਨਹੀਂ
ਕਤ ਚਰਖਾ ਹਿੱਮਤ ਹਾਰ ਨਹੀਂ
ਦਿਲਬਰ ਨੂੰ ਦਿਲੋਂ ਵਿਸਾਰ ਨਹੀਂ
ਤੂੰ ਛੱਡ ਦੇ ਭੈੜੀ ਆਦਤ ਨੀ
ਕਰ ਅੱਠੇ ਪਹਿਰ ਅਬਾਦਤ ਨੀ
ਸਭ ਅੱਗੇ ਭਰਨ ਸ਼ਹਾਦਤ ਨੀ
ਕੋਈ ਐਸੀ ਨੇਕੋ ਕਾਰ ਨਹੀਂ
ਕਤ ਚਰਖਾ ਹਿੱਮਤ ਹਾਰ ਨਹੀਂ
ਦਿਲਬਰ ਨੂੰ ਦਿਲੋਂ ਵਿਸਾਰ ਨਹੀਂ
ਜਦ ਗੁਜ਼ਰਨਗੇ ਦਿਨ ਅੱਠ ਕੁੜੇ
ਭਜ ਪੈਸੀ ਚਰਖੇ ਲੱਠ ਕੁੜੇ
ਤੂੰ ਨਾ ਕਰ ਐਡਾ ਹੱਠ ਕੁੜੇ
ਮੁੜ ਘੜਨਾ ਉਸਤਾਕਾਰ ਨਹੀਂ
ਕਤ ਚਰਖਾ ਹਿੱਮਤ ਹਾਰ ਨਹੀਂ
ਦਿਲਬਰ ਨੂੰ ਦਿਲੋਂ ਵਿਸਾਰ ਨਹੀਂ
ਤੈਨੂੰ ਫੂਕਨ ਦੱਬਨ ਸਾੜਨਗੇ
ਜਾਂ ਚੁਕ ਚਿਖਾ ਤੇ ਚਾੜ੍ਹਨਗੇ
ਜਾਂ ਸ਼ੇਰ ਬਘੇਲੇ ਪਾੜਨਗੇ
ਕੋਈ ਏਸ ਗੱਲ ਦਾ ਇਤਬਾਰ ਨਹੀਂ
ਕਤ ਚਰਖਾ ਹਿੱਮਤ ਹਾਰ ਨਹੀਂ
ਦਿਲਬਰ ਨੂੰ ਦਿਲੋਂ ਵਿਸਾਰ ਨਹੀਂ
ਇਸ ਦਮ ਦਾ ਕੀ ਭਰੋਸਾ ਨੀ
ਸਭ ਝੂਠੀ ਪੋਸ਼ਾ ਪੋਸ਼ਾ ਨੀ
ਕੁਝ ਕਰ ਅੱਗੇ ਦਾ ਤੋਸ਼ਾ ਨੀ
ਕੋਈ ਅੱਗੇ ਸ਼ਾਹੂਕਾਰ ਨਹੀਂ
ਕਤ ਚਰਖਾ ਹਿੱਮਤ ਹਾਰ ਨਹੀਂ
ਦਿਲਬਰ ਨੂੰ ਦਿਲੋਂ ਵਿਸਾਰ ਨਹੀਂ
ਸੋ ਸਭ ਸੇ ਤੋਂ ਵਡ ਭਾਗਨ ਨੀ
ਜਿਸ ਪਗੜੀ ਦਸਤ ਬ੍ਰਾਗਨ ਨੀ
ਕੰਮ ਕੀਤਾ ਸੋਵਨ ਜਾਗਨ ਨੀ
ਉਸ ਜੈਸੀ ਕੋ ਹੁਸ਼ਯਾਰ ਨਹੀਂ
ਕਤ ਚਰਖਾ ਹਿੱਮਤ ਹਾਰ ਨਹੀਂ
ਦਿਲਬਰ ਨੂੰ ਦਿਲੋਂ ਵਿਸਾਰ ਨਹੀਂ
ਤੂੰ ਇਕ ਨਾ ਛੁੱਥਾ ਗੋੜ੍ਹਾ ਨੀ
ਹੁਨ ਸ਼ਾਮ ਪਈ ਦਿਨ ਥੋੜ੍ਹਾ ਨੀ
ਕਰ ਬੈਠਾ ਸ਼ਾਮ ਅਜੋੜਾ ਨੀ
ਤੇਰਾ ਸਾਬਤ ਕੌਲ ਕਰਾਰ ਨਹੀਂ
ਕਤ ਚਰਖਾ ਹਿੱਮਤ ਹਾਰ ਨਹੀਂ
ਦਿਲਬਰ ਨੂੰ ਦਿਲੋਂ ਵਿਸਾਰ ਨਹੀਂ
ਸੜ ਜਾਣੀ ਕੜੀਆਂ ਕੰਙਨ ਨੀ
ਇਹ ਚੂੜੇ ਤੇ ਛਨਕੰਙਨ ਨੀ
ਨਾ ਚੜ੍ਹੀ ਪਰੇਮ ਦੀ ਰੰਙਨ ਨੀ
ਦਿਲ ਤੈਨੂੰ ਭੋਰਾ ਆਰ ਨਹੀਂ
ਕਤ ਚਰਖਾ ਹਿੱਮਤ ਹਾਰ ਨਹੀਂ
ਦਿਲਬਰ ਨੂੰ ਦਿਲੋਂ ਵਿਸਾਰ ਨਹੀਂ
ਨਾ ਜਾਤੋਈ ਰੱਬ ਠੀਕ ਕੁੜੇ
ਜੋ ਸ਼ਾਹ ਰਗ ਤੋਂ ਨਜ਼ਦੀਕ ਕੁੜੇ
ਇਹ ਨੁਕਤਾ ਬਹੁਤ ਬਰੀਕ ਕੁੜੇ
ਤੂੰ ਸਮਝੇਂ ਇਸਦੀ ਤਾਰ ਨਹੀਂ
ਕਤ ਚਰਖਾ ਹਿੱਮਤ ਹਾਰ ਨਹੀਂ
ਦਿਲਬਰ ਨੂੰ ਦਿਲੋਂ ਵਿਸਾਰ ਨਹੀਂ
ਜਦ ਮੌਤ ਸਿਰੇ ਤੇ ਆਈ ਨੀ
ਸਭ ਭੁੱਲ ਗਈ ਚਤੁਰਾਈ ਨੀ
ਤੈਨੂੰ ਰੋਸਨ ਭੈਨਾਂ ਭਾਈ ਨੀ
ਤੂੰ ਦੇਨਾ ਫੇਰ ਦੀਦਾਰ ਨਹੀਂ
ਕਤ ਚਰਖਾ ਹਿੱਮਤ ਹਾਰ ਨਹੀਂ
ਦਿਲਬਰ ਨੂੰ ਦਿਲੋਂ ਵਿਸਾਰ ਨਹੀਂ
ਤੈਨੂੰ ਕੱਤਣ ਦਾ ਨਹੀਂ ਕਾਇਦਾ ਨੀ
ਚਰਖੇ ਦੀ ਰਮਜ਼ ਅਲੈਹਦਾ ਨੀ
ਗਈ ਸਾਰੀ ਉਮਰ ਬੇਫ਼ਾਇਦਾ ਨੀ
ਤੂੰ ਵਾਦਾ ਅਪਨਾ ਹਾਰ ਨਹੀਂ
ਕਤ ਚਰਖਾ ਹਿੱਮਤ ਹਾਰ ਨਹੀਂ
ਦਿਲਬਰ ਨੂੰ ਦਿਲੋਂ ਵਿਸਾਰ ਨਹੀਂ
ਤੂੰ ਅਮਲ ਨਾ ਕੀਤੇ ਚੰਗੇ ਨੀ
ਦਿਲ ਪਾਪਾਂ ਕੋਲੋਂ ਸੰਗੇ ਨੀ
ਸ਼ਾਹ ਲੇਖਾ ਜਦ ਕਦ ਮੰਗੇ ਨੀ
ਨਿਕਲਨਗੇ ਪੈਸੇ ਚਾਰ ਨਹੀਂ
ਕਤ ਚਰਖਾ ਹਿੱਮਤ ਹਾਰ ਨਹੀਂ
ਦਿਲਬਰ ਨੂੰ ਦਿਲੋਂ ਵਿਸਾਰ ਨਹੀਂ
ਜਦ ਕਰਸਨ ਮਾਪੇ ਕਾਜ ਕੁੜੇ
ਜੰਗਲ ਦਾ ਦੇਸਨ ਰਾਜ ਕੁੜੇ
ਇਕ ਚੋਲੀ ਚੁੱਨੀ ਦਾਜ ਕੁੜੇ
ਤੂੰ ਇਸ ਗੱਲ ਤੇ ਦਮ ਮਾਰ ਨਹੀਂ
ਕਤ ਚਰਖਾ ਹਿੱਮਤ ਹਾਰ ਨਹੀਂ
ਦਿਲਬਰ ਨੂੰ ਦਿਲੋਂ ਵਿਸਾਰ ਨਹੀਂ
ਕਿਉਂ ਕਰਨੀਏਂ ਮੇਰੀ ਮੇਰੀ
ਕਦ ਤਕ ਰਹੇ ਹਯਾਤੀ ਤੇਰੀ
ਸਾਢੇ ਤ੍ਰੈ ਹੱਥ ਜ਼ਿਮੀਂ ਬਤੇਰੀ
ਤੂੰ ਐਡੇ ਪੈਰ ਪਸਾਰ ਨਹੀਂ
ਕਤ ਚਰਖਾ ਹਿੱਮਤ ਹਾਰ ਨਹੀਂ
ਦਿਲਬਰ ਨੂੰ ਦਿਲੋਂ ਵਿਸਾਰ ਨਹੀਂ
ਇਹ ਸੂਹੇ ਸਬਜ਼ ਦੁਪੱਟੇ ਨੀ
ਰਲ ਜਾਸਨ ਇਕ ਦਿਨ ਘੱਟੇ ਨੀ
ਇਸ ਖ਼ੁਦੀ ਕਈ ਘਰ ਪੱਟੇ ਨੀ
ਤੂੰ ਐਡਾ ਕਰ ਹੰਕਾਰ ਨਹੀਂ
ਕਤ ਚਰਖਾ ਹਿੱਮਤ ਹਾਰ ਨਹੀਂ
ਦਿਲਬਰ ਨੂੰ ਦਿਲੋਂ ਵਿਸਾਰ ਨਹੀਂ
ਜਦ ਵਿਸ਼ਨ ਸਹੰਸ੍ਰ ਨਾਮ ਹੋਇਆ
ਘਟ ਘਟ ਮੇਂ ਰਾਮੋ ਰਾਮ ਹੋਇਆ
ਜੇਹਿ ਸਿਮਰੇ ਪੂਰਨ ਕਾਮ ਹੋਇਆ
ਉਸ ਕਾਮ ਬਿਨਾ ਕੁਛ ਕਾਰ ਨਹੀਂ
ਕਤ ਚਰਖਾ ਹਿੱਮਤ ਹਾਰ ਨਹੀਂ
ਦਿਲਬਰ ਨੂੰ ਦਿਲੋਂ ਵਿਸਾਰ ਨਹੀਂ
ਨਿਤ ਆਖੇ ਕਾਲੀ ਦਾਸ ਕੁੜੇ
ਤੂੰ ਰਹੋ ਚਰਨਾਂ ਦੇ ਪਾਸ ਕੁੜੇ
ਤੇਰੇ ਜਾਨ ਸੁਖੱਲੇ ਸਾਸ ਕੁੜੇ
ਬਿਨ ਸਾਹਿਬ ਬਖ਼ਸ਼ਨਹਾਰ ਨਹੀਂ
ਕਤ ਚਰਖਾ ਹਿੱਮਤ ਹਾਰ ਨਹੀਂ
ਦਿਲਬਰ ਨੂੰ ਦਿਲੋਂ ਵਿਸਾਰ ਨਹੀਂ