Shiv Kumar Batalvi
ਸ਼ਿਵ ਕੁਮਾਰ ਬਟਾਲਵੀ

Punjabi Writer
  

Chambe Da Phul Shiv Kumar Batalvi

ਚੰਬੇ ਦਾ ਫੁੱਲ ਸ਼ਿਵ ਕੁਮਾਰ ਬਟਾਲਵੀ

ਚੰਬੇ ਦਾ ਫੁੱਲ

ਅੱਜ ਇਕ ਚੰਬੇ ਦਾ ਫੁੱਲ ਮੋਇਆ
ਅੱਜ ਇਕ ਚੰਬੇ ਦਾ ਫੁੱਲ ਮੋਇਆ
ਗਲ ਪੌਣਾਂ ਦੇ ਪਾ ਕੇ ਬਾਹੀਂ
ਗੋਰਾ ਚੇਤਰ ਛਮ ਛਮ ਰੋਇਆ
ਅੱਜ ਇਕ ਚੰਬੇ ਦਾ ਫੁੱਲ ਮੋਇਆ

ਚੇਤਰ ਦੇ ਬੁੱਲ੍ਹ ਨੀਲੇ ਨੀਲੇ
ਮੁੱਖੜਾ ਵਾਂਗ ਵਸਾਰਾਂ ਹੋਇਆ
ਨੈਣੀਂ ਲੱਖ ਮਾਤਮੀ ਛੱਲੇ
ਗਲ੍ਹ ਵਿਚ ਪੈ ਪੈ ਜਾਵੇ ਟੋਇਆ
ਅੱਜ ਇਕ ਚੰਬੇ ਦਾ ਫੁੱਲ ਮੋਇਆ

ਅੱਧੀ ਰਾਤੀਂ ਰੋਵੇ ਚੇਤਰ
ਪੌਣਾਂ ਦਾ ਦਿਲ ਜ਼ਖ਼ਮੀ ਹੋਇਆ
ਡੂੰਘੇ ਵੈਣ ਬੜੇ ਦਰਦੀਲੇ
ਸੁਣ ਕੇ ਸਾਰਾ ਆਲਮ ਰੋਇਆ
ਅੱਜ ਇਕ ਚੰਬੇ ਦਾ ਫੁੱਲ ਮੋਇਆ

ਲੱਖ ਚੇਤਰ ਨੂੰ ਦੇਵਾਂ ਮੱਤੀਂ
ਰਾਮ ਵੀ ਮੋਇਆ ਰਾਵਣ ਮੋਇਆ
ਤਾਂ ਕੀ ਹੋਇਆ ਜੇ ਇਕ ਤੇਰਾ
ਸਮਿਆਂ ਟਾਹਣਾਂ ਤੋਂ ਫੁੱਲ ਖੋਹਿਆ
ਅੱਜ ਇਕ ਚੰਬੇ ਦਾ ਫੁੱਲ ਮੋਇਆ

ਪਰ ਚੇਤਰ ਤਾਂ ਡਾਢਾ ਭਰਮੀ
ਉਸ ਪੁਰ ਰੱਤੀ ਅਸਰ ਨਾ ਹੋਇਆ
ਪੈ ਪੈ ਜਾਣ ਨੀ ਦੰਦਲਾਂ ਉਹਨੂੰ
ਅੰਬਰ ਮੂੰਹ ਵਿਚ ਚਾਨਣ ਚੋਇਆ
ਅੱਜ ਇਕ ਚੰਬੇ ਦਾ ਫੁੱਲ ਮੋਇਆ

ਗਲ ਪੌਣਾਂ ਦੇ ਪਾ ਕੇ ਬਾਹੀਂ
ਗੋਰਾ ਚੇਤਰ ਛਮ ਛਮ ਰੋਇਆ
ਅੱਜ ਇਕ ਚੰਬੇ ਦਾ ਫੁੱਲ ਮੋਇਆ