Sunny Sahota
ਸਨੀ ਸਹੋਤਾ

Punjabi Writer
  

Bulawa Sunny Sahota

ਬੁਲਾਵਾ ਸਨੀ ਸਹੋਤਾ

ਮੈਂ ਰੁਕਣਾ ਨਹੀਂ

ਮੈਂ ਰੁਕਣਾ ਨਹੀਂ ਕਿਉਂਕਿ ਰਾਹ ਹਾਲੇ ਹੋਰ ਆ।
ਮੈਂ ਥੱਕਣਾ ਨਹੀਂ ਕਿਉਂਕਿ ਸਾਹ ਹਾਲੇ ਹੋਰ ਆ।
ਆਲ੍ਹਣੇ ਨੂੰ ਛੱਡ ਮੈਂ ਉਡਾਰ ਭਾਵੇਂ ਹੋ ਗਿਆ,
ਪਰ ਦੂਰ ਕਿਤੇ ਉੱਡਣੇ ਦੇ ਚਾਅ ਹਾਲੇ ਹੋਰ ਆ।

1. ਮੈਂ ਸਾਉਣ ਦੀ ਪਹਿਲੀ ਕਣੀ

ਮੈਂ ਸਾਉਣ ਦੀ ਪਹਿਲੀ ਕਣੀ,
ਤੇ ਤੂੰ ਚਾਤਕ ਪਿਆਰ ਸਮੁੰਦਰ ਦਾ।
ਮੈਂ ਚਾਹਾਂ ਤੇਰੇ ਵਿੱਚ ਸਮਾਉਣਾ,
ਅੱਜ ਖੋਲ੍ਹ ਬੂਹਾ ਧੁਰ ਅੰਦਰ ਦਾ।

ਲੈ ਬਦਲ ਦੇ ਮੇਰੀ ਹਸਤੀ,
ਮੈਂ ਖ਼ੁਦ ਨੂੰ ਕਰਾਂ ਤੇਰੇ ਹਵਾਲੇ
ਮਰ ਜਾਣਾ ਮੈਂ ਧਰਤੀ 'ਤੇ ਡਿੱਗ ਕੇ,
ਬੜੇ ਪੈਰ ਨੇ ਲਤੜਣ ਨੂੰ ਕਾਹਲੇ
ਲਿਆ ਜਦੋਂ ਤੇਰੇ ਵਿੱਚ ਬਸੇਰਾ,
ਵਧੂ ਰੁਤਬਾ ਤੇਰੇ ਮਨ ਮੰਦਰ ਦਾ।
ਮੈਂ ਸਾਉਣ ਦੀ ਪਹਿਲੀ ਕਣੀ....।

ਕੀ ਰੱਖਿਆ ਦੁਨੀਆਂਦਾਰੀ ਵਿੱਚ,
ਮੋਹ ਮਾਇਆ ਤੇ ਗੋਰਖ ਧੰਦਾ
ਕੋਈ ਸਾਰ ਦਿਲਾਂ ਦੀ ਲੈਂਦਾ ਨਾ,
ਵਹਿਮ ਭਰਮ ਵਿੱਚ ਫਸਿਆ ਬੰਦਾ
ਲੈ ਚੱਲ ਡੂੰਘੇ ਵਹਿਣਾਂ 'ਚ,
ਮੁੱਕੇ ਰਾਹ ਨਾ ਸਾਡੀ ਮੰਜ਼ਿਲ ਦਾ।
ਮੈਂ ਸਾਉਣ ਦੀ ਪਹਿਲੀ ਕਣੀ....।

ਰਾਸ ਆਵੇ ਮੈਨੂੰ ਸੱਚੀ ਯਾਰੀ,
ਮੈਂ ਦਰ ਦਰ ਜਾ ਖਲੋਵਾਂ ਨਾ
ਇੱਕੋ ਯਾਰ ਨੂੰ ਸੀਨੇ ਲਾਵਾਂ,
ਹਰ ਕਿਸੇ ਦੀ ਹੋਵਾਂ ਨਾ
ਮੇਰੀ ਵਫ਼ਾ 'ਤੇ ਸ਼ੱਕ ਕਰੇ ਕੋਈ,
'ਸਨੀ' ਵੇਖਾਂ ਨਾ ਮੂੰਹ ਉਸ ਮੰਜਰ ਦਾ।

ਮੈਂ ਸਾਉਣ ਦੀ ਪਹਿਲੀ ਕਣੀ,
ਵੇ ਤੂੰ ਚਾਤਕ ਪਿਆਰ ਸਮੁੰਦਰ ਦਾ।
ਮੈਂ ਚਾਹਾਂ ਤੇਰੇ ਵਿੱਚ ਸਮਾਉਣਾ,
ਅੱਜ ਖੋਲ੍ਹ ਬੂਹਾ ਧੁਰ ਅੰਦਰ ਦਾ।

2. ਸੁਨਹਿਰੀ ਵਰਕਾ

ਮੈਂ ਮੈਲਾ ਜਿਹਾ ਅੱਖਰ ਹਾਂ,
ਤੇ ਮੇਰਾ ਯਾਰ ਸੁਨਹਿਰੀ ਵਰਕਾ।
ਉਹ ਪਰਦਾ ਕਰਕੇ ਰੱਖਦਾ ਹੈ,
ਮੈਂ ਮੁੱਖ ਵੇਖਣ ਨੂੰ ਤਰਸਾਂ।

ਉਹਦਾ ਵਾਸਾ ਉੱਚੇ ਮਹਿਲਾਂ 'ਚ,
ਤੇ ਮੇਰੀ ਕੁੱਲੀ ਵਿੱਚ ਉਜਾੜਾ ਏ
ਮੇਰੇ ਹਿੱਸੇ ਗ਼ਮ ਦੇ ਸੋਕੇ ਨੇ,
ਉਹ ਰਹਿੰਦਾ ਵਿੱਚ ਬਹਾਰਾਂ ਏ
ਮੈ ਨੋਕ ਹਾਂ ਟੁੱਟੀ ਜੁੱਤੀ ਦੀ,
ਤੇ ਮੇਰਾ ਯਾਰ ਗਾਨੀ ਦਾ ਮਣਕਾ।
ਮੈਂ ਮੈਲਾ ਜਿਹਾ ਅੱਖਰ ਹਾਂ.......।

ਛਾਂ ਉਹਦੀ ਸੋਹਣੀ ਬੋਹੜ ਜਿਹੀ
ਤੇ ਮੈਂ ਸੁੱਕਾ ਰੁੱਖ ਕਰੀਰ ਦਾ
ਯਾਰੀ ਉੱਚੀ ਥਾਂ 'ਤੇ ਲਾ ਬੈਠਾ,
ਮੈਂ ਪੱਟਿਆ ਸੀ ਤਕਦੀਰ ਦਾ
ਮਜ਼ਾਕ ਬਣਕੇ ਰਹਿ ਗਿਆਂ
ਇੱਥੇ ਕੋਈ ਨਾ ਲੱਗੀਆਂ ਜਰਦਾ।
ਮੈਂ ਮੈਲਾ ਜਿਹਾ ਅੱਖਰ ਹਾਂ.......।

ਜੜ੍ਹ ਸੁੱਕ ਗਈ ਚਾਵਾਂ ਦੇ ਬੂਟੇ ਦੀ,
ਕਿੱਥੋਂ ਫੁੱਲ ਬਹਾਰ ਦੇ ਲੱਗਣੇ ਸੀ
ਇੱਕ ਸੋਹਣੇ 'ਸਨੀ' ਯਾਰ ਦੇ ਬਾਝੋਂ,
ਕਿੰਝ ਵਿਹੜੇ ਸ਼ਗਨਾਂ ਦੇ ਸੱਜਣੇ ਸੀ
ਉਹਨੇ ਪੈਰੋਂ ਲਾਹ ਕੇ ਸੁੱਟ ਦਿੱਤਾ
ਕਿੰਝ ਝਾਂਜਰ ਬਣ ਕੇ ਛਣਕਾਂ?

ਮੈਂ ਮੈਲਾ ਜਿਹਾ ਅੱਖਰ ਹਾਂ,
ਤੇ ਮੇਰਾ ਯਾਰ ਸੁਨਹਿਰੀ ਵਰਕਾ।
ਉਹ ਪਰਦਾ ਕਰਕੇ ਰੱਖਦਾ ਹੈ,
ਮੈਂ ਮੁੱਖ ਵੇਖਣ ਨੂੰ ਤਰਸਾਂ।

3. ਉਹ

ਹੁਣ ਤਾਂ ਖੰਭ ਵੀ ਸਾਡੇ ਝੜ ਗਏ,
ਕਦੇ ਉੱਡ ਦੇ ਸੀ ਅਸੀਂ ਵੀ ਬਾਜ਼ ਵਾਂਗ।
ਸਮਾਂ ਬਦਲ ਨਾ ਸਕਿਆ ਉਹਨਾਂ ਨੂੰ
ਉਹ ਤਾਂ ਅੱਜ ਵੀ ਨਵੇਂ ਉਕਾਬ ਵਾਂਗ।

ਅਸੀਂ ਅੱਕ ਦੇ ਕੌੜੇ ਬੂਟੇ ਹਾਂ
ਉਹ ਦਾ ਹੁਸਨ ਹੈ ਖਿੜੇ ਗੁਲਾਬ ਵਾਂਗ।
ਅਸੀਂ ਬੇਸੁਰ ਬੇਤਾਲ ਹਾਂ
ਉਹ ਵੱਜਣ ਸੁਰੀਲੇ ਸਾਜ ਵਾਂਗ।

ਸਾਡੀ ਜ਼ਿੰਦਗੀ ਖੁੱਲੀ ਕਿਤਾਬ ਹੈ
ਉਹ ਅਣ ਸੁਲਝੇ ਨੇ ਕਿਸੇ ਰਾਜ਼ ਵਾਂਗ।
ਲੋਰ ਉਹਨਾਂ ਦੀ ਸੁਲਫੇ ਵਰਗੀ ਹੈ
ਅਸੀਂ ਲਹਿ ਗਏ ਮਾੜੀ ਸ਼ਰਾਬ ਵਾਂਗ।

ਸਾਡੀ ਹਸਤੀ ਟੁੱਟੀ ਜੁੱਤੀ ਜਿਹੀ
ਉਹ ਸਜਦੇ ਨੇ ਸਿਰ ਦੇ ਤਾਜ ਵਾਂਗ।
ਕੋਈ ਹੁਕਮ ਉਹਨਾਂ ਦਾ ਟਲਦਾ ਨਹੀਂ
ਅਸੀਂ ਦੱਬ ਗਏ ਗਰੀਬ ਦੀ ਆਵਾਜ਼ ਵਾਂਗ।

ਦਿਲ ਆਪਣਾ ਸਮਝ ਕੇ ਦਿੱਤਾ ਸੀ
ਉਹ ਟੁਕੜੇ ਕਰ ਗਏ ਪੰਜਾਬ ਵਾਂਗ।
ਹਕੀਕਤ ਬਣਿਆ ਨਾ ਜੋ ਖਿਆਲ ਮੇਰਾ
'ਸਨੀ' ਭੁੱਲ ਗਿਆ ਉਹਨੂੰ ਖਾਬ ਵਾਂਗ।

4. ਮੈਂ..!

ਨਾ ਕੋਈ ਦਿਲਾਸਾ ਦਿੰਦਾ ਹੈ,
ਮੈਂ ਸੱਚੇ ਆਸ਼ਿਕ ਦੀ ਟੁੱਟੀ ਹੋਈ ਪ੍ਰੀਤ ਵਰਗਾ।
ਨਾ ਕੋਈ ਗੁਣਗੁਣਾਉਂਦਾ ਹੈ,
ਮੈਂ ਅਰਥੀ 'ਤੇ ਗਾਏ ਹੋਏ ਗੀਤ ਵਰਗਾ

ਨਾ ਬੇਰ ਲੱਗਣ ਨਾ ਛਾਂ ਦੇਵਾਂ,
ਮੈਂ ਮਲ੍ਹੇ ਦੇ ਸੁੱਕੇ ਰੁੱਖ ਵਰਗਾ।
ਨਾਲੇ ਸੁਣੇ ਨਾਲੇ ਹੰਝੂ ਬਹਾਏ,
ਮੈਂ ਸ਼ਿਵ ਦੇ ਗੀਤਾਂ ਦੇ ਦੁੱਖ ਵਰਗਾ।

ਕਿਸੇ ਸੱਜਰੀ ਕਬਰ 'ਤੇ ਪਾਉਂਦੀ ਜੋ,
ਮੈਂ ਉਸ ਚੰਦਰੀ ਮਾਂ ਦੇ ਵੈਣ ਵਰਗਾ।
ਨਾ ਮੇਰੇ ਵੱਲ ਕੋਈ ਤੱਕਦਾ ਹੈ,
ਮੈਂ ਸੂਰਜ ਨੂੰ ਲੱਗੇ ਗ੍ਰਹਿਣ ਵਰਗਾ।

ਸੀਨਾ ਸੜ੍ਹਕੇ ਜਿਸਦਾ ਲਾਲ ਹੋਇਆ,
ਮੈਂ ਤਪਦੇ ਉਸ ਤੰਦੂਰ ਵਰਗਾ।
ਹੱਡ ਭੰਨਵੀਂ ਜੋ ਕਰੇ ਕਮਾਈ,
ਮੈਂ ਉਸ ਥੱਕੇ ਹਾਰੇ ਮਜ਼ਦੂਰ ਵਰਗਾ।

ਕਿਸੇ ਵੀਰਾਨੇ ਵਿੱਚੋਂ ਆਉਂਦੀ ਜੋ,
ਮੈ ਹਨੇਰੀ ਰਾਤ ਦੀ ਗੂੰਜ ਵਰਗਾ।
ਅਸਮਾਨ ਵਿੱਚ ਫਿਰੇ ਭਟਕੀ ਜੋ,
ਮੈਂ ਉਸ ਡਾਰੋਂ ਵਿਛੜੀ ਕੂੰਜ ਵਰਗਾ।

5. ਮਹਿਫਿਲ

ਮੈਂ ਤੇ ਤੇਰੀ ਯਾਦ,
ਅਕਸਰ ਹੀ ਮਹਿਫਿਲ ਲਾਉਂਦੇ ਹਾਂ।
ਕੋਲ ਬਹਿ ਕੇ ਇੱਕ ਦੂਜੇ ਦੇ,
ਦਿਲ ਦਾ ਹਾਲ ਸੁਣਾਉਂਦੇ ਹਾਂ।

ਜਦ ਤਨਹਾ ਬੈਠਾ ਹੋਵਾਂ ਮੈਂ
ਆ ਜਾਂਦੀ ਮੇਰੇ ਕੋਲ ਇਹ
ਤੇਰਾ ਜ਼ਿਕਰ ਅਕਸਰ ਹੀ ਕਰ ਦੇਵੇ
ਕੋਈ ਯਾਦ ਪੁਰਾਣੀ ਫੋਲ ਇਹ
ਅਸੀਂ ਟੁੱਟੀ ਪ੍ਰੀਤ ਪੁਰਾਣੀ ਦੇ,
ਫਿਰ ਮਿਲਕੇ ਕਿੱਸੇ ਗਾਉਂਦੇ ਹਾਂ।
ਮੈਂ ਤੇ ਤੇਰੀ ਯਾਦ...............।

ਕਈ ਵਾਰ ਮੈ ਲੜਿਆਂ ਇਹਦੇ ਨਾਲ
ਕਈ ਵਾਰ ਮਨਾਇਆ ਇਸ ਨੇ ਵੀ
ਕਈ ਵਾਰ ਰੁਆਇਆ ਮੈਨੂੰ
ਕਈ ਵਾਰ ਹਸਾਇਆ ਇਸ ਨੇ ਵੀ
ਇੰਝ ਰੁੱਸਣਾ-ਮਨਾਉਣਾ ਖੇਡ ਕੇ,
ਜ਼ਿੰਦਗੀ ਦੇ ਦਿਨ ਲੰਘਾਉਂਦੇ ਹਾਂ।
ਮੈਂ ਤੇ ਤੇਰੀ ਯਾਦ...............।

ਕਾਬੂ ਵਿੱਚ ਜਜ਼ਬਾਤ ਰਹਿੰਦੇ ਨਾ
ਜਦੋਂ ਨਾਮ ਤੇਰਾ ਇਹ ਲੈ ਦੇਵੇ
ਦਿਲ 'ਚੋਂ ਚੀਸ ਜਿਹੀ ਉੱਠਦੀ ਹੈ
ਜਦੋਂ ਚੁੱਭਵੀ ਜਿਹੀ ਗੱਲ ਕਹਿ ਦੇਵੇ
ਹੁਣ ਹੋਰ ਨਾ ਮੇਰੇ ਪੱਲੇ ਪੱਲੇ ਕੁਝ,
ਬੱਸ ਇਹ ਦੇ ਆਸਰੇ ਜੀਉਂਦੇ ਹਾਂ।
ਮੈਂ ਤੇ ਤੇਰੀ ਯਾਦ...............।

ਹੁਣ ਪੱਕੀ ਸਾਥਣ ਬਣ ਬੈਠੀ
ਕਹਿੰਦੀ ਛੱਡਣਾ ਨਹੀਂ ਮੈਂ ਸਾਥ ਤੇਰਾ
ਕਹਿੰਦੀ ਉਦੋਂ ਹੀ ਤੈਥੋਂ ਵੱਖ ਹੋਣਾ
ਤਨ ਹੋ ਜਾਊ ਜਦ ਖਾਕ ਮੇਰਾ
ਜਿਵੇਂ ਰਿਸ਼ਤਾ ਦੇਹ ਤੇ ਰੂਹ ਦਾ,
ਇੰਝ ਇੱਕ ਦੂਜੇ ਨੂੰ ਚਾਹੁੰਦੇ ਹਾਂ।

ਮੈਂ ਤੇ ਤੇਰੀ ਯਾਦ,
ਅਕਸਰ ਹੀ ਮਹਿਫਿਲ ਲਾਉਂਦੇ ਹਾਂ।
ਕੋਲ ਬਹਿ ਕੇ ਇੱਕ ਦੂਜੇ ਦੇ,
ਦਿਲ ਦਾ ਹਾਲ ਸੁਣਾਉਂਦੇ ਹਾਂ।

6. ਚਿੜੀਆਂ

ਜ਼ਖਮੀ ਖੰਭਾਂ ਦੀ ਉਡਾਰੀ,
ਕਿੱਥੋਂ ਰਾਜ ਕਰੂ ਅਸਮਾਨਾਂ 'ਤੇ।
ਰੱਬਾ ਤੂੰ ਹੀ ਠੱਲ ਪਾ,
ਜ਼ਿੰਦਗੀ ਵਿੱਚ ਆਏ ਤੁਫਾਨਾਂ 'ਤੇ।

ਮੇਰਾ ਆਸਰਾ ਤੂੰ ਹੀ ਰੱਬਾ
ਤੇਰੇ ਜਿਹਾ ਹੋਰ ਕਿੱਥੋਂ ਲੱਭਾਂ
ਬੱਸ ਉਹੀ ਧੋਖਾ ਦੇ ਗਿਆ
ਜੋ ਵੀ ਸੀ ਮੈਨੂੰ ਆਪਣਾ ਲੱਗਾ
ਰੰਗ ਹੋਰ ਵੀ ਗੂੜ੍ਹੇ ਹੋ ਗਏ,
ਮੇਰੇ ਦਿਲ 'ਤੇ ਲੱਗੇ ਨਿਸ਼ਾਨਾਂ ਦੇ।
ਜ਼ਖਮੀ ਖੰਭਾਂ ਦੀ ਉਡਾਰੀ........।

ਉਹਦੇ ਵਰਗਾ ਹੁਸੀਨ ਮੁੱਖੜਾ
ਨਾ ਕੁਦਰਤ ਨੇ ਹੋਰ ਬਣਾਇਆ
ਨਜ਼ਰ ਮਿਲਾ ਕੇ ਉਹਦੇ ਨਾਲ
ਮੈਂ ਸੱਚੀਂ ਬੜਾ ਪਛਤਾਇਆ
ਹੁਣ ਪੀੜ ਉਹਦੀ ਰੁਸਵਾਈ ਦੀ,
ਭਾਰੀ ਪੈ ਗਈ ਅਰਮਾਨਾਂ 'ਤੇ।
ਜ਼ਖਮੀ ਖੰਭਾਂ ਦੀ ਉਡਾਰੀ........।

ਸੱਬ ਮੰਜ਼ਿਲਾਂ ਵੱਲ ਨੂੰ ਤੁਰ ਗਏ
ਮੈਂ ਫਸਿਆ ਵਿੱਚ ਦੁਚਿੱਤੀ ਦੇ
ਨਾ ਵਿਕੇ ਤੇ ਨਾ ਹੀ ਸਾਂਭੇ ਗਏ
ਅਸੀਂ ਭਾਂਡੇ ਕੱਚੀ ਮਿੱਟੀ ਦੇ
ਨਾ ਜ਼ਿੰਦਗੀ ਤਰਸ ਹੀ ਖਾਵੇ
ਸਾਡੇ ਵਕਤੋਂ ਹਾਰੇ ਅਨਜਾਨਾਂ 'ਤੇ।
ਜ਼ਖਮੀ ਖੰਭਾਂ ਦੀ ਉਡਾਰੀ........।

ਹੁਣ ਹੋਰ ਜ਼ੁਲਮ ਨਾ ਕਮਾਉ
ਸਾਡੇ ਬੇ ਵੱਸ ਤੇ ਲਾਚਾਰਾਂ 'ਤੇ
ਤੁਸੀਂ ਰੱਜ ਕੇ ਜਸ਼ਨ ਮਨਾ ਲਏ
ਸਾਨੂੰ ਮਿਲੀਆਂ ਹਾਰਾਂ ਤੇ
ਜੀ ਹੁਣ ਤਾਂ ਤੁਸੀਂ ਰਹਿਮ ਕਰੋ
ਸਾਡੇ ਕੁਝ ਪਲ ਦੇ ਮਹਿਮਾਨਾਂ 'ਤੇ।
ਜ਼ਖਮੀ ਖੰਭਾਂ ਦੀ ਉਡਾਰੀ........।

ਅਸੀਂ ਚਿੜੀਆਂ ਨੇ ਕੀ ਉੱਡਣਾ
ਸਾਡੇ ਉੱਤੇ ਜੱਗ ਦਾ ਪਹਿਰਾ
ਖੂਨੀ ਪੰਜਿਆਂ ਵਿੱਚ ਦਬੋਚ ਕੇ
ਸਾਡਾ ਹਸ਼ਰ ਕਰੂਗਾ ਜੱਗ ਭੈੜਾ
ਅਸੀਂ ਬਾਗੀ ਵੀ ਨਾ ਹੋ ਸਕਦੇ
ਲੱਗੂ ਦਾਗ ਯਾਰਾਂ ਦੀਆਂ ਸ਼ਾਨਾਂ 'ਤੇ।

ਜ਼ਖਮੀ ਖੰਭਾਂ ਦੀ ਉਡਾਰੀ,
ਕਿੱਥੋਂ ਰਾਜ ਕਰੂ ਅਸਮਾਨਾਂ 'ਤੇ।
ਰੱਬਾ ਤੂੰ ਹੀ ਠੱਲ ਪਾ,
ਜ਼ਿੰਦਗੀ ਵਿੱਚ ਆਏ ਤੁਫਾਨਾਂ 'ਤੇ।

7. ਬੁਲਾਵਾ

ਮੈਨੂੰ ਜਾਣ ਦਿਓ ਯਾਰੋ,
ਮਹਿਬੂਬਾ ਪਈ ਬੁਲਾਵੇ।
ਚੁੰਮ ਕੇ ਮੱਥਾ ਮੇਰਾ,
ਮੈਨੂੰ ਗਲ ਨਾਲ ਲਾਉਣਾ ਚਾਹਵੇ।

ਮੈਂ ਸੱਚਾ ਆਸ਼ਿਕ ਉਸ ਦਾ ਹਾਂ
ਗੂੜਾ ਪਿਆਰ ਹੈ ਉਸ ਦੇ ਨਾਲ ਮੈਨੂੰ
ਮੇਰਾ ਜਾਣਾ ਬੜਾ ਜ਼ਰੂਰੀ ਹੈ
ਆਉਂਦੇ ਮੁੜ ਮੁੜ ਉਹਦੇ ਖਿਆਲ ਮੈਨੂੰ
ਉਡੀਕੇ ਖੜੀ ਚੌਰਾਹੇ 'ਤੇ,
ਕਿਤੇ ਰੁੱਸ ਕੇ ਹੀ ਨਾ ਮੁੜ ਜਾਵੇ।
ਮੈਨੂੰ ਜਾਣ ਦਿਓ..................।

ਭਾਗਾਂ ਵਾਲੇ ਨੂੰ ਮਿਲੇ ਪਿਆਰ ਉਸ ਦਾ
ਇੱਕੋ ਵਾਰੀ ਹੋਵੇ ਦੀਦਾਰ ਉਸ ਦਾ
ਇੱਕ ਵਾਰੀ ਜਿਸ ਨੂੰ ਮਿਲ ਜਾਵੇ
ਲਾ ਦੇਵੇ ਬੇੜਾ ਪਾਰ ਉਸ ਦਾ
ਉਹ ਆਸ਼ਿਕ ਲੱਭਦੀ ਫਿਰਦੀ ਹੈ,
ਖੌਰੇ ਮੈਨੂੰ ਹੀ ਮਿਲ ਜਾਵੇ।
ਮੈਨੂੰ ਜਾਣ ਦਿਓ..................।

ਉਹ ਰੱਖੇ ਸੇਜ ਸਜਾ ਕੇ
ਲਾਲ ਸੂਹਾ ਜੋੜਾ ਪਾ ਕੇ
ਉਸ ਦਾ ਹੁਸਨ ਵੇਖ ਮਨ ਡੋਲਦਾ
ਲੁੱਟੇ ਖੁਸ਼ਬੋ ਇਤਰਾਂ ਦੀ ਲਾ ਕੇ
ਉਹ ਵਾਂਗਰ ਫੁੱਲ ਗੁਲਾਬ ਦੇ,
ਭੌਰਿਆਂ ਨੂੰ ਖਿੱਚ ਲਿਆਵੇ।
ਮੈਨੂੰ ਜਾਣ ਦਿਓ..................।

ਫਿੱਕੇ ਪਾ ਦੇਵੇ ਸੱਭ ਰੰਗਾਂ ਨੂੰ
ਜ਼ੋਰ ਚੱਲੇ ਨਾ ਕੋਈ ਖੁਦਾਈ ਦਾ
'ਸਨੀ' ਛੇਤੀ ਮਿਲਣਾ ਚਾਹੁੰਦਾ ਹੈ
ਜੀਅ ਲੱਗੇ ਨਾ ਹੁਣ ਸ਼ੁਦਾਈ ਦਾ
ਕਹਿ ਦਿਓ ਬਾਪ ਮੇਰੇ ਨੂੰ,
ਮੈਨੂੰ ਚਾਵਾਂ ਨਾਲ ਵਿਦਾ ਕਰ ਆਵੇ।
ਮੈਨੂੰ ਜਾਣ ਦਿਓ ਯਾਰੋ,
ਮਹਿਬੂਬਾ ਪਈ ਬੁਲਾਵੇ।
ਚੁੰਮ ਕੇ ਮੱਥਾ ਮੇਰਾ,
ਮੈਨੂੰ ਗਲ ਨਾਲ ਲਾਉਣਾ ਚਾਹਵੇ।

8. ਵੇ ਦਿਲਾ ਮੇਰਿਆ

ਵੇ ਦਿਲਾ ਮੇਰਿਆ,
ਵਫ਼ਾਦਾਰ ਹੋਣਾ ਸਿੱਖ ਲੈ।
ਕਿਸੇ ਸੱਜਣ ਦੇ ਗ਼ਮਾਂ ਦਾ
ਗ਼ਮਖ਼ਾਰ ਹੋਣਾ ਸਿੱਖ ਲੈ।
ਹੁਣ ਛੱਡ ਵੀ ਦੇ
ਦਿਲਲਗੀ ਕਰਨੀ
ਵੇ ਦਿਲ ਵਾਲਿਆਂ ਦਾ
ਦਿਲਦਾਰ ਹੋਣਾ ਸਿੱਖ ਲੈ।

ਕੱਢ ਕੇ ਸਮਾਂ ਰੁਝੇਵਿਆਂ 'ਚੋਂ
ਕਿਸੇ ਯਾਰ ਦਾ ਦਰਦ ਫਰੋਲ
ਜਿੱਥੋਂ ਮਿਲਦਾ ਪਿਆਰ ਸਮੇਟ ਲੈ
ਐਂਵੇ ਸ਼ਕਲਾਂ ਨੂੰ ਨਾ ਟੋਲ੍ਹ
ਵੇ ਸੁਲਝਾ ਲੈ ਸ਼ੱਕ ਦੀਆਂ ਗੁੰਝਲਾਂ ਨੂੰ,
ਤੂੰ ਯਾਰ 'ਤੇ ਜ਼ਰਾ
ਇਤਬਾਰ ਬਣਾਉਣਾ ਸਿੱਖ ਲੈ।

ਯਤਨਾਂ ਨਾਲ ਹੀ ਮਿਲਦੇ ਨੇ
ਦੋ-ਚਾਰ ਕੁ ਪਲ ਵਸਲਾਂ ਦੇ
ਰੱਖ ਲੈ ਸਾਂਭ ਸੰਭਾਲ ਕੇ
ਫੁੱਲ ਝੜਨ ਨਾ ਮੋਹ ਦੀਆਂ ਫਸਲਾਂ ਦੇ
ਵੇ ਆਉਣ ਤੋਂ ਪਹਿਲਾਂ ਪਤਝੜ੍ਹ ਦੇ
ਸੱਜਣਾਂ ਦੀ ਤੂੰ ਬਹਾਰ ਹੋਣਾ ਸਿੱਖ ਲੈ।

9. ਸੱਜਣ ਜੀ!

ਸੱਜਣ ਜੀ!
ਕਰੋ ਇਲਾਜ
ਕੋਈ ਮੇਰੇ ਮਰਜ਼ ਦਾ।
ਰਿਹਾ ਨਾ ਕੋਈ ਠਹਿਰਾ
ਹੁਣ ਮੇਰੇ ਦਰਦ ਦਾ।

ਸੱਜਣ ਜੀ!
ਮੈਨੂੰ ਪਾ ਦਿਓ
ਸੁੱਖਾਂ ਦੇ ਰਾਹ
ਤੋੜ ਗਏ ਬੰਨ ਸਾਡੇ
ਹੁਣ ਅੱਖੀਆਂ ਦੇ ਦਰਿਆ।

ਸੱਜਣ ਜੀ!
ਕਰੋ ਤਨ 'ਤੇ
ਕੋਈ ਲੇਪ ਦਿਲਾਸੇ ਦਾ
ਕਈ ਦਿਨਾਂ ਤੋਂ ਰੋਈ ਜਾਂਦੇ
ਇਸ ਮਨ ਉਦਾਸੇ ਦਾ।

ਸੱਜਣ ਜੀ!
ਦਿਓ ਰੂਹ ਨੂੰ
ਮਿਟਾ ਹੱਥ ਵਧਾ ਕੇ
ਤੜਪੇ ਨਾ ਧਰਤੀ ਤੇ
ਮਾਣੇ ਸੁੱਖ ਜੰਨਤ ਵਿੱਚ ਜਾਕੇ।

ਸੱਜਣ ਜੀ!
ਵੱਡਾ ਕਰਜ਼ ਹੈ
ਜੱਗ ਵਖਾਉਣ ਵਾਲਿਆਂ ਦਾ
ਚੁੰਮ ਕੇ ਮੱਥਾ
ਘੁੱਟ ਕਲੇਜੇ ਲਾਉਣ ਵਾਲਿਆਂ ਦਾ।

ਸੱਜਣ ਜੀ!
ਹੋਵੇ ਘਾਟ ਮਹਿਸੂਸ
ਇੱਕ ਰੂਹ ਦੀ
ਜੋ ਮਾਪ ਲਵੇ ਗਹਿਰਾਈ
ਜਜ਼ਬਾਤਾਂ ਦੇ ਖੂਹ ਦੀ।

ਸੱਜਣ ਜੀ!
'ਸਨੀ' ਆਸ਼ਿਕ ਹੈ
ਤੇਰਾ ਨਿਮਾਣਾ
ਮਿੰਨਤ ਕਰਾਂ ਮੈਂ ਤੇਰੀ
ਦੇ ਦੇ ਕਦਮਾਂ ਵਿੱਚ ਟਿਕਾਣਾ।

10. ਟੁੱਟੇ ਖਿਡਾਉਣੇ

ਬਚਪਨ ਦੇ ਉਹ
ਦਿਨ ਸੀ ਚੰਗੇ
ਮਿਲ ਜਾਂਦਾਂ ਸੀ
ਸੱਭ ਕੁਝ ਬਿਨ ਮੰਗੇ
ਉਦੋਂ ਜੀਭ ਦੇ ਵਿੱਚ ਮਿਠਾਸ ਸੀ
ਬੱਸ ਪਿਆਰ ਦੀ ਭੁੱਖ ਪਿਆਸ ਸੀ
ਹੁਣ ਮੋਹ ਮਮਤਾ ਦੇ ਸੁੱਕੇ ਪੱਤਣ
ਹਰ ਰਿਸ਼ਤੇ ਵਿੱਚ ਆਈ ਕੁੜੱਤਣ
ਉਦੋਂ ਮਾਂ ਦੀ ਗੋਦੀ ਜੰਨਤ ਸੀ
ਪੂਰੀ ਹੋ ਜਾਂਦੀ ਹਰ ਮੰਨਤ ਸੀ
ਹਰ ਪਾਸੇ ਹੁਣ ਤਾਂ ਅੱਗ ਬਲੇ
ਠੰਡ ਪਾਉਂਦਾ ਨਾ ਕੋਈ ਲਾ ਗਲੇ
ਰੋਂਦਾ ਦੇਖ ਕੇ ਸੱਭ ਹਸਾਉਂਦੇ ਸੀ
ਚੱਕ ਮੋਢਿਆਂ 'ਤੇ ਖਿਡਾਉਂਦੇ ਸੀ
ਹੁਣ ਹਉਂਕਿਆਂ 'ਚ ਪੀੜ ਲੁਕੋਵਾਂ
ਬੱਸ ਕੱਲਾ ਬਹਿ ਕੇ ਰੋਵਾਂ
ਉਦੋਂ ਕੋਈ ਨਾ ਪਰਾਇਆ ਲੱਗਦਾ ਸੀ
ਮੈਂ ਸੱਭ ਨੂੰ ਦੇਖ ਕੇ ਹੱਸਦਾ ਸੀ
ਹੁਣ ਪੈਰ ਪੈਰ 'ਤੇ ਧੋਖਾ ਹੋਇਆ
ਆਪਣਾ ਪਛਾਨਣਾ ਔਖਾ ਹੋਇਆ
ਬਚਪਨ ਦੇ ਦਿਨ
ਨਾ ਪਿੱਛੇ ਮੁੜੇ
ਟੁੱਟੇ ਖਿਡਾਉਣੇ
ਨਾ ਮੁੜ ਕੇ ਜੁੜੇ
ਹੁਣ ਮਿਲਦੇ ਨਾ
ਦਿਲ ਦੇ ਜਾਨੀ
'ਸਨੀ' ਹੋ ਚੱਲੀ
ਖਤਮ ਕਹਾਣੀ।

11. ਯਾਦਾਂ ਦੀ ਧੁੱਪ

ਮੁੜ ਗਏ ਕਈ ਦੁੱਖ ਵੰਡਾ ਕੇ,
ਤੇ ਦੇ ਗਏ ਕਈੇ ਦੁਆਵਾਂ।
ਪਰ ਉਹ ਸੱਜਣ ਨਾ ਆਇਆ,
ਮੈਂ ਜੀਹਦਾ ਦਰਦ ਹੰਡਾਵਾਂ।

ਜੋ ਰਤਾ ਦੂਰ ਨਾ ਹੋਇਆ ਸੀ,
ਗਲ ਪਾ ਰੱਖਦਾ ਸੀ ਬਾਹਵਾਂ।
ਮੁੱਦਤਾਂ ਹੋਈਆਂ ਵਿਛੜੇ ਨੂੰ,
ਖੌਰੇ ਭੁੱਲਿਆ ਕਾਹਤੋਂ ਰਾਹਵਾਂ?

ਮੈਂ ਬੈਠਾ ਉਹਦੀ ਜੁਦਾਈ 'ਚ,
ਨਿੱਤ ਗੀਤ ਹਿਜਰ ਦੇ ਗਾਵਾਂ।
ਉਹਦੀਆਂ ਯਾਦਾਂ ਦੀ ਧੁੱਪ ਲਹਿੰਦੀ ਨਾ,
ਜੋ ਹੱਥੀਂ ਕਰਦਾ ਸੀ ਛਾਂਵਾ।

ਘੜੀ ਪਲ ਜੇ ਆਕੇ ਮਿਲ ਜਾਏ,
ਮੈਂ ਦਿਲ ਦਾ ਹਾਲ ਸੁਣਾਵਾਂ।
ਉਹ ਇੱਕ ਵਾਰ ਜੇ ਕਹਿ ਦਏ ਭੁੱਲ ਜਾ,
ਉਸੇ ਘੜੀ ਹੀ ਮਰ ਜਾਵਾਂ।

12. ਸਾਹਾਂ ਦਾ ਦੀਵਾ

ਜ਼ਿੰਦਗੀ ਘੁੱਪ ਹਨੇਰਾ,
ਤੇ ਕਿਤੇ ਨਜ਼ਰ ਨਾ ਆਵੇ ਸਵੇਰਾ।
ਮੇਰੇ ਸਾਹਾਂ ਦਾ ਦੀਵਾ ਮੱਧਮ,
ਤੇ ਛੁੱਟ ਚੱਲਿਆ ਸਾਥ ਵੀ ਤੇਰਾ।

ਮੈਨੂੰ ਪਰਛਾਵਾਂ ਵੀ ਨਾ ਦਿਸੇ ਮੇਰਾ
ਬੜਾ ਡਰ ਕੱਲੇ ਨੂੰ ਖਾਵੇ
ਮੈਂ ਬੈਠਾ ਹਾਕਾਂ ਮਾਰਾਂ ਤੈਨੂੰ
ਪਰ ਕੋਈ ਪਰਤ ਜਵਾਬ ਨਾ ਆਵੇ
ਦੂਰ ਦੂਰ ਤੱਕ ਚਾਨਣ ਨਾ,
ਬੜਾ ਡਰਦਾ ਹੈ ਦਿਲ ਮੇਰਾ।
ਮੇਰੇ ਸਾਹਾਂ ਦਾ ਦੀਵਾ.......।

ਵੇਲਾਂ ਵਧਣ ਪਾਣੀ ਦੇ ਆਸਰੇ
ਤਾਂ ਹੀ ਫੁੱਲ ਵੀ ਦੂਣ ਸਵਾਏ ਹੋਏ
ਪੱਲੇ ਪੈਂਦਾ ਜੇ ਕੁਝ ਦਿਸੇ ਨਾ
ਤਾਂ ਫਿਰ ਯਾਰ ਵੀ ਸੱਭ ਪਰਾਏ ਹੋਏ
ਫਿਰ ਤਾਂ ਬੇਅਸਰ ਲੱਗਣ ਦੁਆਵਾਂ ਵੀ
ਜਦੋਂ ਗਰੀਬੀ ਪਾਵੇ ਘੇਰਾ।
ਮੇਰੇ ਸਾਹਾਂ ਦਾ ਦੀਵਾ.......।

ਘੜਾ ਤਿੜਕਿਆ ਨਾ ਕਿਸੇ ਕੰਮ ਦਾ ਰਹਿੰਦਾ
ਪਰ ਡਿੱਕਰੀ ਕੋਲਾ ਬਣ ਜਾਏ
ਕਦੇ ਤਖ਼ਤ ਤਾਜ ਵੀ ਸੋਂਹਦੇ ਨਾ
ਤੇ ਕਦੇ ਕੁੱਲੀ ਪਾ ਹੀ ਸਰ ਜਾਏ
ਰੁੱਸ ਜਾਵੇ ਜਦੋਂ ਰੱਬ ਸੱਚਾ
ਫਿਰ ਕਿਸਮਤ ਵੀ ਖਾ ਜਾਏ ਗੇੜਾ।
ਮੇਰੇ ਸਾਹਾਂ ਦਾ ਦੀਵਾ.......।

ਸਾਥ ਮਾਣ ਕੇ ਸੱਜਣ ਤੁਰ ਚੱਲਿਆ
ਨਾ ਮੁੱਖ 'ਤੇ ਕੋਈ ਉਦਾਸੀ ਹੈ
ਖੜ੍ਹਾ ਕੇ ਮੌਤ ਸਿਰਹਾਣੇ ਮੇਰੇ
ਜ਼ਿੰਦਗੀ ਤੋਂ ਦੇ ਚੱਲਿਆ ਖਲਾਸੀ ਹੈ
ਬਣ ਦਰਦੀ ਕਿਸੇ ਨਾ ਆਉਣਾ ਹੁਣ
'ਸਨੀ' ਤੱਕ ਨਾ ਚਾਰ ਚੁਫੇਰਾ।
ਮੇਰੇ ਸਾਹਾਂ ਦਾ ਦੀਵਾ.......।

ਜ਼ਿੰਦਗੀ ਘੁੱਪ ਹਨੇਰਾ,
ਤੇ ਕਿਤੇ ਨਜ਼ਰ ਨਾ ਆਵੇ ਸਵੇਰਾ।
ਮੇਰੇ ਸਾਹਾਂ ਦਾ ਦੀਵਾ ਮੱਧਮ,
ਤੇ ਛੁੱਟ ਚੱਲਿਆ ਸਾਥ ਵੀ ਤੇਰਾ।

13. ਆਉਣ ਦਾ ਕਹਿਕੇ ਗਏ ਸੀ

ਉਹ ਆਉਣ ਦਾ ਕਹਿ ਕੇ ਗਏ ਸੀ
ਪਰ ਆਏ ਨਹੀਂ।
ਵਿਛੋੜੇ ਮਿਟਾਉਣ ਦਾ ਕਹਿ ਕੇ ਗਏ ਸੀ
ਪਰ ਮਿਟਾਏ ਨਹੀਂ।
ਮੈਂ ਬੂਹਾ ਖੁੱਲ੍ਹਾ ਰੱਖਾਂ
ਤੇ ਨਿੱਤ ਰਾਹਾਂ ਵੱਲ ਨੂੰ ਵੇਖਾਂ
ਪਰ ਉਹਨਾਂ ਮੇਰੇ ਸ਼ਹਿਰ ਵੱਲ
ਮੁੜ ਫੇਰੇ ਕਦੇ ਵੀ ਪਾਏ ਨਹੀਂ।

ਉਹ ਉੱਠ ਗੁਆਂਢੋ ਤੁਰ ਗਏ ਸੀ
ਕੁਝ ਬਣਨ ਦੀ ਚਾਹ ਲੈ ਕੇ
ਬਸ ਮੁੜ 'ਕੇਰਾ ਵੇਖਿਆ ਸੀ
ਇਕ ਲੰਮੇ ਰਾਹ ਪੈ ਕੇ
ਉਹਨਾਂ ਤਰੀਕ ਦੱਸੀ ਨਾ ਆਉਣ ਦੀ
ਤੇ ਨਾ ਹੀ ਪਤਾ ਟਿਕਾਣਾ
ਕੋਈ ਸੁੱਖ ਸੁਨੇਹਾ ਆਇਆ ਨਾ
ਕਿੰਝ ਹਾਲ ਉਹਨਾਂ ਦਾ ਜਾਣਾਂ?
ਉਡੀਕ ਉਹਨਾਂ ਦੀ ਅੱਜ ਵੀ ਹੈ
ਮਹਿਲ ਆਸ ਦੇ ਢਾਹੇ ਨਹੀਂ।

ਦਿਲ ਉਹਨਾਂ ਨੇ ਮੰਗਿਆ ਸੀ
ਅਸੀਂ ਪੈਰਾਂ ਦੇ ਵਿੱਚ ਰੱਖ ਦਿੱਤਾ
ਰਸ ਪੀ ਕੇ ਮੇਰੀ ਜਵਾਨੀ ਦਾ
ਜ਼ਿੰਦਗੀ 'ਚੋਂ ਕਰ ਵੱਖ ਦਿੱਤਾ
ਅਸੀਂ ਮਿੱਟੀ ਦੇ ਖਿਡਾਉਣਿਆਂ
ਸਸਤੇ ਭਾਅ ਹੀ ਵਿਕਣਾ ਸੀ
ਉਹ ਖੇਡ ਕੇ ਜਿੱਥੇ ਰੱਖ ਗਏ
ਉਥੇ ਹੀ ਫਿਰ ਟਿਕਣਾ ਸੀ
ਉਹਨਾਂ ਲੱਗਦਾ ਖੇਡਾਂ ਬਦਲ ਲਈਆਂ
ਅਸੀ ਬਹੁਤਾ ਮਨ ਨੂੰ ਭਾਏ ਨਹੀਂ।

14. ਯਾਦਾਂ ਵਾਲੇ ਜੁਗਨੂੰ

ਜਦੋਂ ਕਦੇ 'ਕੱਲੀ ਉਦਾਸ ਬੈਠੀ ਹੋਵੇਗੀ
ਜੱਗ ਕੋਲੋਂ ਹੋ ਕੇ ਨਿਰਾਸ਼ ਬੈਠੀ ਹੋਵੇਗੀ
ਹੰਝੂਆਂ ਦਾ ਵਹਿਣ ਜਦੋਂ ਨੈਣਾਂ ਵਿੱਚੋਂ ਵਗੂਗਾ
ਅਪਣਾ ਹੀ ਜਦੋਂ ਕੋਈ ਬੇਗਾਨਾ ਤੈਨੂੰ ਲੱਗੂਗਾ
ਉਦੋਂ ਮੇਰਾ ਨਾਮ ਲੈ ਕੇ ਇੱਕ ਲੰਮਾ ਹਉਂਕਾ ਭਰੀ
ਮੈਂ ਬਣ ਕੇ ਕੋਸਾ ਜਿਹਾ ਬੁੱਲਾ ਤੈਨੂੰ ਗਰਮਾ ਜਾਊਗਾ
ਤੇਰੇ ਮੁੱਖੜੇ 'ਤੇ ਬਣ ਕੇ ਮੁਸਕਾਨ ਆ ਜਾਊਗਾ
ਕੁਝ ਪਲ ਲਈ ਤੇਰਾ ਦਰਦ ਵੰਡਾ ਜਾਊਗਾ।

ਜ਼ਿੰਦਗੀ 'ਚ ਭਾਂਵੇ ਕਦੇ ਇੱਕ ਨਹੀ ਹੋਏ
ਇੱਕ ਦੂਜੇ ਕੋਲੋਂ ਹੋ ਕੇ ਜੁਦਾ ਬੜਾ ਰੋਏ
ਮਿਲਿਆ ਨਾ ਭਾਂਵੇ ਬਾਹਾਂ ਤੇਰੀਆਂ ਦਾ ਹਾਰ
ਰਹਿ ਗਿਆ ਅਧੂਰਾ ਭਾਂਵੇ ਸਾਡਾ ਸੱਚਾ ਪਿਆਰ
ਦੁਨੀਆ 'ਤੇ ਇੱਕ ਮਿਸਾਲ ਬਣਾ ਜਾਊਗਾ
ਮੈਂ ਕਬਰ 'ਤੇ ਤੇਰਾ ਨਾਮ ਲਿਖਵਾ ਜਾਊਗਾ
ਮਰ ਕੇ ਵੀ ਮੈਂ ਤੇਰੇ ਨਾਲ ਜੁੜ ਜਾਊਗਾ
ਇਸ਼ਕ ਦਾ ਤੇਰੇ 'ਤੇ ਰੰਗ ਚੜਾ ਜਾਊਗਾ।

ਸ਼ਾਮ ਢਲੇ ਤੈਨੂੰ ਕਦੇ ਚੰਨ ਜੇ ਸਤਾਊਗਾ
ਚਾਨਣੀਆਂ ਰਾਤਾਂ ਵਿੱਚ ਚੇਤਾ ਮੇਰਾ ਆਊਗਾ
ਯਾਦਾਂ ਵਾਲੇ ਜੁਗਨੂੰ ਜੇ ਆ ਕੇ ਟਿਮ ਟਿਮਾਉਣਗੇ
ਚੁੱਪ ਰਾਤ ਦੇ ਸੰਨਾਟੇ ਤੈਨੂੰ ਜੇ ਡਰਾਉਣਗੇ
'ਸਨੀ' ਬਣਕੇ ਅੰਬਰ ਤੋਂ ਤਾਰਾ ਟੁੱਟ ਜਾਊਗਾ
ਸੁੰਨਾ ਤੇਰੇ ਦਿਲ ਦਾ ਵਿਹੜਾ ਰੁਸ਼ਨਾ ਜਾਊਗਾ
ਸੱਚੇ ਦਿਲੋਂ ਇੱਕ ਵਾਰ ਯਾਦ ਕਰ ਲਈਂ
ਅੰਬਰਾਂ 'ਚੋਂ ਤੈਨੂੰ ਮੁੱਖ ਵਿਖਾ ਜਾਊਗਾ।

15. ਨਾਮ ਤੇਰਾ

ਰੱਖ ਜੀਭ 'ਤੇ ਲੂਣ ਦੀ ਡਲੀ
ਮੈਂ ਨਾਮ ਤੇਰਾ ਜਦ ਲਿਆ
ਤੂੰ ਸੱਚ ਜਾਣੀ ਵੇ ਸੱਜਣਾਂ
ਉਹਨੂੰ ਸ਼ਹਿਦ ਸੀ ਬਣਨਾ ਪਿਆ
ਅੱਖਾਂ ਬੰਦ ਕਰ ਜਦ ਧਿਆਨ ਲਾਇਆ
ਦਿਸਿਆ ਸੀ ਮੁੱਖ ਤੇਰਾ
ਉਹ ਗੱਲ ਭਾਵੇਂ ਵੱਖਰੀ ਏ
ਤੂੰ ਮੂੰਹੋਂ ਕੁਝ ਨਾ ਕਿਹਾ।

ਰੱਖ ਹਥੇਲੀ 'ਤੇ ਬਲਦੀ ਅੰਗਾਰ
ਮੈਂ ਨਾਮ ਤੇਰਾ ਜਦ ਲਿਆ
ਤੂੰ ਸੱਚ ਜਾਣੀ ਵੇ ਸੱਜਣਾਂ
ਬਣ ਫੁੱਲ ਸੀ ਖਿੜ ਗਿਆ
ਜਦ ਸੁੰਘੀ ਉਹਦੀ ਵਾਸ਼ਨਾ
ਜਿਵੇਂ ਬਦਨ ਤੇਰੇ ਦੀ ਖੁਸ਼ਬੋ
ਚੜ੍ਹੀ ਤੇਰੀ ਖੁਮਾਰੀ ਝੂਮ ਕੇ
ਮੈਂ ਆਪੇ ਵਿੱਚ ਨਾ ਰਿਹਾ
ਮੇਰਾ ਤਨ ਮਨ ਮਹਿਕ ਗਿਆ।

ਵੱਢ ਕੇ ਨਸ ਵੇ ਵੀਣੀ ਦੀ
ਮੈਂ ਨਾਮ ਤੇਰਾ ਜਦ ਲਿਆ
ਤੂੰ ਸੱਚ ਜਾਣੀ ਵੇ ਸੱਜਣਾਂ
ਕੋਈ ਇਤਰ ਸੀ ਚੋ ਪਿਆ
ਦੇਹ 'ਚੋਂ ਉੱਠੀਆਂ ਸੁਗੰਧੀਆਂ
ਰੀਝਾਂ ਗਈਆਂ ਨਸ਼ਿਆਈਆਂ
ਜਿਉਂ ਕਲੀਆਂ ਦੇ ਬਾਗ 'ਚੋਂ
ਕੋਈ ਭੌਰਾ ਲੰਘ ਗਿਆ।

ਖੜ ਕੇ ਸੂਰਜ ਸਾਹਮਣੇ
ਮੈਂ ਨਾਮ ਤੇਰਾ ਜਦ ਲਿਆ
ਤੂੰ ਸੱਚ ਜਾਣੀ ਵੇ ਸੱਜਣਾਂ
ਉਹ ਵੀ ਮੈਨੂੰ ਠਾਰ ਗਿਆ
ਸੀਤ ਲਹਿਰ ਕੋਈ ਪੋਹ ਦੀ
ਜਿਵੇਂ ਹੱਡ ਮਜ਼ਦੂਰ ਦੇ ਠਾਰੇ
ਬਣ ਗਿਆ ਪੱਥਰ ਹਿੱਮ ਦਾ
ਕੋਹਰਾ ਨਜ਼ਰੀ ਛਾ ਗਿਆ।

ਜਾ ਸਮੁੰਦਰ ਦੀ ਡੁੰਘਿਆਈ 'ਚ
ਮੈਂ ਨਾਮ ਤੇਰਾ ਜਦ ਲਿਆ
ਤੂੰ ਸੱਚ ਜਾਣੀ ਵੇ ਸੱਜਣਾਂ
ਮੈਂ ਬਣ ਪੱਤਰ ਤਰ ਪਿਆ
ਵੇ ਜੋ ਨਾਮ ਤੇਰੇ ਵਿੱਚ ਡੁੱਬਿਆ
ਉਹਨੂੰ ਕੀ ਡੋਬੂਗਾ ਪਾਣੀ
ਹਰ ਪਾਸੇ ਤੇਰੀ ਹੋਂਦ ਵੇ
ਮੈਂ ਥਾਂ ਥਾਂ ਪਰਖ ਲਿਆ।

16. ਕਲਯੁੱਗ

ਦਿਨੇ ਹਨੇਰਾ ਵਰ੍ਹੀ ਜਾਂਦਾ
ਨਿੱਤ ਈਸਾ ਸੂਲੀ ਚੜੀ ਜਾਂਦਾ
ਸਭ ਦਾ ਹਿਰਦਾ ਪਾਪੀ ਹੈ
ਤੇ ਅੰਦਰ ਦਾ ਮਸੀਹਾ ਮਰੀ ਜਾਂਦਾ

ਲੱਗੀ ਜਾਂਦੇ ਲਾਂਬੂ ਇੱਜ਼ਤਾਂ ਨੂੰ
ਨਿੱਤ ਨਵਾ ਹੀ ਜਬਰ ਜਨਾਹ ਹੁੰਦਾ
ਰਾਹ ਜਾਂਦੀ ਕਿਸੇ ਕੂੰਜ ਦਾ
ਮਾਸ ਗਿਰਝਾਂ ਹੱਥੋਂ ਖਾ ਹੁੰਦਾ
ਸ਼ਾਨ ਹਿੰਦ ਦੀ ਮਰਦੀ ਜਾਂਦੀ
ਕੈਸਾ ਮੀਂਹ ਹਵਸ ਦਾ ਵਰ੍ਹੀ ਜਾਂਦਾ।

ਅੱਜ ਦੇ ਰਾਂਝੇ ਬੇ ਸਬਰੇ ਨੇ
ਹੀਰਾਂ ਦੀ ਅੱਖ 'ਚ ਸ਼ਰਮ ਨਹੀਂ
ਸੱਭ ਮਤਲਬ ਚੁੱਕੀ ਫਿਰਦੇ ਨੇ
ਦਿਲ ਪਿਆਰ ਨਾਲ ਹੁੰਦਾ ਨਰਮ ਨਹੀਂ
ਅੱਜ ਕੱਲ ਦਾ ਇਸ਼ਕ ਯਾਰੋ
ਮਾੜੀ ਸੋਚ ਦੀ ਬਲੀ ਚੜੀ ਜਾਂਦਾ।

ਜੰਨਤ ਲੱਭਣ ਵਾਲਿਆਂ ਨੇ
ਇਨਸਾਨੀਅਤ ਧਰਮ ਬਦਨਾਮ ਕੀਤਾ
ਮਾਸੂਮਾਂ ਦੇ ਸਿਰ ਲਾਹ ਕੇ
ਇਨਸਾਨੀਅਤ ਨੂੰ ਸ਼ਰਮਸਾਰ ਕੀਤਾ
ਸਵਰਗ ਤੋਂ ਸੋਹਣੀ ਧਰਤੀ 'ਤੇ
ਕੋਈ ਲੂਸੀਫਰ ਕਹਿਰ ਕਰੀ ਜਾਂਦਾ।

ਖੋਖਲੇ ਕਰ ਲਏ ਸਰੀਰ ਜਵਾਨਾਂ ਨੇ
ਰਹੀਆਂ ਨਾ ਦੇਹ ਵਿੱਚ ਜਾਨਾਂ ਨੇ
ਭਗਤ ਸਿੰਘ ਜਿਹੇ ਹੀਰੇ ਲੱਭਦੇ ਨਾ
ਹਰ ਥਾਂ ਕੋਲੇ ਦੀਆਂ ਖਾਨਾਂ ਨੇ
ਅੱਜ ਕੱਲ ਦਾ ਨੌਜਵਾਨ
ਰਾਹ ਬਰਬਾਦੀ ਦਾ ਫੜੀ ਜਾਂਦਾ।

17. ਰੁਸਵਾਈ

ਜੀ ਕਰਦਾ ਇਸ਼ਕ ਕਮਾਵਾਂ
ਦਰਦਾਂ ਨਾਲ ਯਾਰੀ ਪਾਵਾਂ
ਜੋਗ ਲੈ ਕੇ ਕਿਸੇ ਆਸ਼ਿਕ ਤੋਂ
ਖ਼ੈਰ ਗਮਾਂ ਦੀ ਮੰਗਣ ਜਾਵਾਂ।

ਕੰਨ ਪਾੜੇ ਜੱਗ ਦਿਆਂ ਤਾਨਿਆਂ ਨੇ
ਬੱਸ ਮੁੰਦਰਾਂ ਪਾਉਣੀਆਂ ਬਾਕੀ ਨੇ
ਜਿਹੜੇ ਕਹਿਣ ਸ਼ੁਦਾਈ ਮੈਨੂੰ
ਸੱਭ ਮੇਰੇ ਹੀ ਸੰਗੀ ਸਾਥੀ ਨੇ
ਸਾਰੇ ਸਾਕ ਜ਼ਮਾਨੇ ਦੇ ਤੋੜ ਕੇ
ਸੱਭ ਨੂੰ ਰੁਸਵਾ ਕਰ ਕਰ ਜਾਵਾਂ।
ਜੀ ਕਰਦਾ ਇਸ਼ਕ ਕਮਾਵਾਂ.....।

ਛੱਡ ਜਾਵਾਂ ਮਹਿਫਿਲ ਯਾਰਾਂ ਦੀ
ਪੈ ਜਾਵਾਂ ਰਾਹ ਉਜਾੜਾਂ ਦੀ
ਵਿਕੀ ਵਫ਼ਾ ਮੇਰੀ ਸ਼ਰੇਆਮ ਜਿੱਥੇ
ਗਲੀ ਮੁੜ ਨਾ ਉਹਨਾਂ ਬਜ਼ਾਰਾਂ ਦੀ
ਇਕੱਠੇ ਕਰ ਕੇ ਇਸ਼ਕ ਬਿਮਾਰਾਂ ਨੂੰ
ਇੱਕ ਹਿਜਰਪੁਰਾ ਵਸਾਵਾਂ।
ਜੀ ਕਰਦਾ ਇਸ਼ਕ ਕਮਾਵਾਂ...।

ਮੈਨੂੰ ਦੂਰੋਂ ਆਉਂਦਾ ਵੇਖ ਕੇ
ਮਹਿਬੂਬਾ ਨੂੰ ਚਾਅ ਚੜ੍ਹ ਜਾਊਗਾ
ਉਹਦੇ ਕਦਮਾਂ ਦੇ ਵਿੱਚ ਬਹਿ ਕੇ
'ਸਨੀ' ਦਿਲ ਦਾ ਹਾਲ ਸੁਣਾਊਗਾ
ਕੀ ਉਮੀਦ ਰੱਖੂਗਾ ਗ਼ੈਰਾਂ ਕੋਲੋਂ
ਜੀਹਦਾ ਰੁੱਸ ਜਾਵੇ ਪਰਛਾਵਾਂ।
ਜੀ ਕਰਦਾ ਇਸ਼ਕ ਕਮਾਵਾਂ।

18. ਬੇਪਰਵਾਹ

ਮੈਂ ਬੇ-ਪਰਵਾਹ ਨੇ
ਕੀ ਲੈਣਾ ਦੁਨੀਆਂਦਾਰੀ ਤੋਂ।
ਅੱਗ ਨਾਲ ਮੇਰੀ ਦੋਸਤੀ
ਫਿਰ ਡਰਨਾ ਕੀ ਅੰਗਿਆਰੀ ਤੋਂ।

ਮੈਂ ਜੂਨ ਹੰਢਾਉਣੀ ਫੁੱਲਾਂ ਦੀ
ਤਾਂ ਹੀ ਪੱਤਾ ਪੱਤਾ ਝੜਦਾ ਜਾਵਾਂ
ਮੈਂ ਬੱਦਲ ਸਾਉਣ ਮਹੀਨੇ ਦਾ
ਮਾਰੂਥਲਾਂ 'ਤੇ ਵਰ੍ਹਦਾ ਜਾਵਾਂ
ਜ਼ਾਤ ਪਾਤ ਨਾ ਦੀਨ ਧਰਮ
ਤੇ ਨਾ ਹੀ ਕੋਈ ਗੁਰੂ ਗਿਆਨੀ
ਦਿਲ ਦਾ ਝੂਠਾ ਮੂੰਹ ਦਾ ਕੌੜਾ
ਬਸ ਇਹੋ ਮੇਰੀ ਨਿਸ਼ਾਨੀ
ਮੈਂ ਮਾਰਿਆ ਬੇ ਵਫਾਈ ਦਾ
ਡਰ ਲੱਗਦਾ ਮੈਨੂੰ ਯਾਰੀ ਤੋਂ।
ਮੈਂ ਬੇ-ਪਰਵਾਹ ਨੇ..........।

ਹਸਤੀ ਮੇਰੀ ਕੁਝ ਪਲ ਦੀ
ਮਾਣ ਨਹੀਂ ਮੈਨੂੰ ਜਵਾਨੀ ਦਾ
ਮਰ ਮਿਟਾਂ ਮੈਂ ਕਿਸਦੇ ਲਈ
ਜਜ਼ਬਾ ਨਾ ਕੁਰਬਾਨੀ ਦਾ
ਸ਼ਹਿਰ ਹੈ ਮੇਰਾ ਪੱਥਰਾਂ ਦਾ
ਤੇ ਦਿਲ ਕਿਸੇ ਦਾ ਧੜਕੇ ਨਾ
ਸੀਨੇ 'ਚ ਦੇਸ਼ ਭਗਤੀ ਦੀ
ਅੱਗ ਵੀ ਕਿਸੇ 'ਚ ਭੜਕੇ ਨਾ
ਇਹਨਾਂ ਬੜੀ ਤਰੱਕੀ ਕਰ ਲਈ
ਜਾਵਾਂ ਸਦਕੇ ਹੁਸ਼ਿਆਰੀ ਤੋਂ।
ਮੈਂ ਬੇ-ਪਰਵਾਹ ਨੇ..........।

ਗੁੱਸਾ ਨਫਰਤ ਮੇਰੇ ਅੰਦਰ
ਨਾ ਸਬਰ ਨਾ ਸ਼ਹਿਨਸ਼ਕਤੀ
ਰਿਸ਼ਤਿਆਂ ਨੂੰ ਠੋਕਰ ਮਾਰਾਂ
ਖੋਰੇ ਕਿਹੜੀ ਛਾਈ ਮਸਤੀ
ਮੈਂ ਜਿਹਦਾ ਉਹ ਮੇਰਾ ਨਹੀਂ
ਜੋ ਮੇਰਾ ਮੈ ਉਹਦਾ ਨਹੀਂ
ਮਨ ਆਈਆਂ ਬਸ ਲਿਖਦਾ ਹਾਂ
ਹੱਥੋਂ ਕਲਮ ਕੋਈ ਖੋਂਹਦਾ ਨਹੀਂ
ਜਿਸ ਕਦੇ ਨਾ ਪੂਰਾ ਤੋਲਿਆ
ਸੌਦਾ ਲਵਾਂ ਉਸ ਵਪਾਰੀ ਤੋਂ।
ਮੈਂ ਬੇ-ਪਰਵਾਹ ਨੇ ਕੀ......।

ਮੈਂ ਜ਼ਹਿਰ ਮਿਲਾਇਆ ਪਾਣੀ 'ਚ
ਤੇ ਹਵਾ 'ਚ ਧੂੰਆਂ ਭਰਿਆ
ਮੈਂ ਦੁਨੀਆਂ 'ਤੇ ਆਕੇ
ਕੋਈ ਕੰਮ ਨਾ ਚੰਗਾ ਕਰਿਆ
ਮੈਂ ਭੁੱਖਾ ਦੌਲਤ ਸ਼ੋਹਰਤ ਦਾ
ਮੋਹ ਪਿਆਰ ਨਾਲ ਮੈਨੂੰ ਕੀ
ਮੈਂ ਚਾਹੇ ਲੂਸੀਫਰ ਨੂੰ ਮੰਨਾਂ
ਉਹਦੇ ਨਾਲ ਦੱਸ ਤੈਨੂੰ ਕੀ
ਇਹ ਦੁਨੀਆਂ ਮੇਰੇ ਵਰਗਿਆਂ ਦੀ
ਰਹੀਂ ਬੱਚ ਕੇ ਮਾਰੋ ਮਾਰੀ ਤੋਂ।

ਮੈਂ ਬੇ-ਪਰਵਾਹ ਨੇ
ਕੀ ਲੈਣਾ ਦੁਨੀਆਂਦਾਰੀ ਤੋਂ।
ਅੱਗ ਨਾਲ ਮੇਰੀ ਦੋਸਤੀ
ਫਿਰ ਡਰਨਾ ਕੀ ਅੰਗਿਆਰੀ ਤੋਂ।

19. ਸੁੱਤੇ ਮੁਕੱਦਰ

ਕਿੱਥੋ ਲੱਭਾ ਉਹ ਬੇਲਣ ਮੈਂ
ਜਿਹੜੀ ਮੇਰੇ ਹਾਲ ਨੂੰ ਪਛਾਣਦੀ।
ਮੈਂ ਦਰ ਦਰ ਜਾ ਕੇ ਵੇਖ ਲਿਆ
ਸੂਰਤ ਲੱਭਦੀ ਨਾ ਮੇਰੇ ਹਾਣ ਦੀ।

ਸ਼ਿੰਗਾਰਿਆ ਦਿਲ ਨੂੰ ਲਾ ਕੇ ਕਲੀਆਂ
ਸੱਜਣ ਬਾਝ ਨੇ ਖਾਲੀ ਗਲੀਆਂ
ਪਹੁ ਫੁੱਟੀ ਪਰ ਸੱਜਣ ਨਾ ਆਇਆ
ਉਹਦੀ ਯਾਦ 'ਚ ਸ਼ਾਮਾਂ ਢਲੀਆਂ
ਨਾ ਹੀ ਇਸ਼ਕ ਦੀ ਹੋਈ ਸਵੇਰ
ਮੇਰੇ ਰਹਿ ਗਏ ਮੁਕੱਦਰ ਸੁੱਤੇ
ਕੀ ਕਰਨਾ ਲੰਮੀਆਂ ਉਮਰਾਂ ਨੂੰ
ਜੇ ਨਾ ਮਿਲਿਆ ਸੱਜਣ ਜੋਬਨ ਰੁੱਤੇ

ਜਦੋਂ ਸੁਣਿਆ ਸੱਜਣ ਮਿਲਣਾ ਨਾ ਚਾਹੁੰਦਾ
ਮੁੜ ਆਇਆਂ ਪੁੱਠੇ ਪੈਰੀਂ
ਮੈਂ ਪੈੜ ਪੁੱਟਾਂ ਪੁੱਟਿਆ ਨਾ ਜਾਵੇ
ਬਣ ਗਏ ਰਾਹ ਵੀ ਮੇਰੇ ਵੈਰੀ
ਜੋ ਆਵਾਜ਼ ਮਾਰੀ ਮਹਿਬੂਬਾ ਨੇ
ਮੰਜਾ ਛੱਡ ਕੇ ਬੂਹੇ ਆਣ ਖਲੋਤਾ
ਦੂਰੋਂ ਹੀ ਬੱਸ ਕਹਿ ਗਈ
ਛੇਤੀ ਹੀ ਮਿਲੂੰਗੀ
ਇੰਤਜ਼ਾਰ ਕਰੀਂ ਨਾ ਬਹੁਤਾ
ਮੈਨੂੰ ਪੈਰੋਂ ਨੰਗਾ ਵੇਖ ਕੇ
ਉਹਨਾਂ ਕਾਲੀਨ ਵਿਛਾਇਆ ਕੰਡਿਆਂ ਦਾ
ਮੈਂ ਫੁੱਲ ਸਮਝ ਕੇ ਤੁਰਦਾ ਰਿਹਾ
ਪੱਬ ਦੁਖੇ ਨਾ ਪੀੜਾਂ ਹੰਡਿਆਂ ਦਾ
ਮੂੰਹ ਹਨੇਰੇ ਹੀ ਨੇ ਨਿਕਲ ਜਾਂਦੇ
ਤੇ ਅੱਧੀ ਰਾਤੀ ਘਰ ਨੂੰ ਮੁੜਦੇ
ਸੌਖੇ ਨਹੀਂ ਇਸ਼ਕ ਕਮਾਉਣੇ
ਉਮਰਾਂ ਗ਼ਾਲ ਕੇ ਦਰਦ ਨੇ ਜੁੜਦੇ।

20. ਭੁਲੇਖਾ

ਕਦਮਾਂ ਨੂੰ ਰੋਕ ਮੈਂ ਝਾਤ ਪਿੱਛੇ ਮਾਰਾਂ
ਲੱਗਦਾ ਹੈ ਮੈਨੂੰ ਕੋਈ ਅਵਾਜਾਂ ਪਿਆ ਮਾਰਦਾ।
ਵੇਖਿਆ ਮੈਂ ਮੁੜ ਕੇ ਪਰ ਦਿਸਿਆ ਨਾ ਕੋਈ
ਵਾਰ ਵਾਰ ਪੈਂਦਾ ਏ ਭੁਲੇਖਾ ਮੈਨੂੰ ਯਾਰ ਦਾ।

ਮੈਨੂੰ ਪੱਕਾ ਹੈ ਯਕੀਨ ਹੈ ਉਹ ਪਿੱਛੇ ਮੇਰੇ ਆਊਗਾ
ਰੁੱਸ ਕੇ ਜਾਂਦੇ ਨੂੰ ਮੋੜ ਲੈ ਜਾਊਗਾ
ਜੀਹਦੇ ਨਾਲ ਰੁੱਸ ਕੇ ਮੈਂ ਘਰੋਂ ਤੁਰ ਆਇਆਂ
ਉਹ ਯਾਰ ਮੇਰਾ ਮੇਰੇ ਬਿਨ ਪਲ ਨਹੀਂਓ ਸਾਰਦਾ।

ਉਮਰਾਂ ਦੀ ਲੱਗੀ ਮੈਨੂੰ ਝੂਠ ਨਹੀਂਓ ਜਾਪਦੀ
ਅਊਗੀ ਮਹਿਬੂਬ ਮੇਰੀ ਰਾਹਾਂ ਨੂੰ ਨਾਪਦੀ
ਹੋਈ ਮੇਰੇ ਤੋਂ ਨਾਦਾਨੀ ਮੈਂ ਯਾਰ ਦੁਖੀ ਕੀਤਾ
ਇਸ਼ਕ ਨਹੀਂ ਹੁਸਨ 'ਤੇ ਕਹਿਰ ਗੁਜ਼ਾਰਦਾ।

ਮੁੜ ਚੱਲ 'ਸਨੀ' ਤੈਨੂੰ ਸਹੁੰ ਤੇਰੇ ਪਿਆਰ ਦੀ
ਮੁੱਕ ਜਾਣੀ ਤੇਰੇ ਬਿਨਾਂ ਜਿੰਦ ਦਿਨ ਚਾਰ ਦੀ
ਪਿਘਲੂਗਾ ਦਿਲ ਮੇਰਾ ਇਹ ਗੱਲਾਂ ਸੁਣ ਉਹਦੀਆਂ
ਗੱਲਾਂ ਆਉਣ ਵਾਲੀ ਘੜੀ ਦੀਆਂ ਮੈਂ ਸੋਚ ਵਿਚਾਰਦਾ।

ਕਦਮਾਂ ਨੂੰ ਰੋਕ ਮੈਂ ਝਾਤ ਪਿੱਛੇ ਮਾਰਾਂ
ਲੱਗਦਾ ਹੈ ਮੈਨੂੰ ਕੋਈ ਅਵਾਜਾਂ ਪਿਆ ਮਾਰਦਾ।
ਵੇਖਿਆ ਮੈਂ ਮੁੜ ਕੇ ਪਰ ਦਿਸਿਆ ਨਾ ਕੋਈ
ਵਾਰ ਵਾਰ ਪੈਂਦਾ ਏ ਭੁਲੇਖਾ ਮੈਨੂੰ ਯਾਰ ਦਾ।

21. ਹੁਸੀਨ ਖ਼ਾਬ

ਅੱਜ ਮਿਲਣ ਹੈ ਆਇਆ ਯਾਰ
ਚੰਨ ਤਾਰੇ ਵੀ ਆਏ ਨਾਲ।
ਹਵਾਵਾਂ ਨੇ ਗੀਤ ਗਾਉਂਦੀਆਂ
ਤੇ ਪੱਤੇ ਮਿਲਾਉਣ ਸੁਰ ਤਾਲ।

ਅੱਜ ਦੀ ਰਾਤ ਮੁਬਾਰਕ ਆਖੋ
ਤੇ ਗਾਓ ਗੀਤ ਪਿਆਰ ਦੇ
ਉਹਦੇ ਰਾਹਾਂ 'ਚ ਦਿਲ ਵਿਛਾਓ
ਤੇ ਸਜਦੇ ਕਰੋ ਮੇਰੇ ਯਾਰ ਦੇ
ਇਹ ਹਕੀਕਤ ਹੈ ਜਾਂ ਸੁਫਨਾ ਕੋਈ
ਆਵੇ ਹਜੇ ਨਾ ਯਕੀਨ ਮੈਨੂੰ
ਉਹ ਆਣ ਖਲੋਤਾ ਸਾਹਮਣੇ
ਜਨਮਾਂ ਤੋਂ ਸੀ ਜੀਹਦੀ ਭਾਲ।

ਅੱਖਾਂ ਦੇ ਵਿੱਚ ਜੁਗਨੂੰ ਜਗਦੇ
ਤੇ ਕੀਤਾ ਜ਼ੁਲਫਾਂ 'ਚ ਕੈਦ ਹਨੇਰਾ
ਕੀ ਲੈਣਾ ਅੱਜ ਖੁਦਾਈ ਤੋਂ
ਉਹਦਾ ਮੁੱਖ ਵੇਖਿਆ ਹੀ ਬਥੇਰਾ
ਕੌਣ ਕਹਿੰਦਾ ਇਹ ਚਮਤਕਾਰ ਨਹੀਂ
ਜ਼ਰਾ ਵੇਖੋ ਨਜ਼ਰ ਮਿਲਾ ਕੇ
ਤੁੰ ਹੈ ਖ਼ੁਦਾਈ ਜਾਂ ਆਪ ਖ਼ੁਦਾ
ਆਵੇ ਮਨ ਵਿੱਚ ਇਹੀ ਸਵਾਲ।

ਬੋਲੀ ਕਿਸੇ ਕੋਇਲ ਦੇ ਵਰਗੀ
ਤੇ ਚਾਲ ਕਿਸੇ ਨਾਗਣ ਦੇ ਵਰਗੀ
ਇਹ ਨੈਣ ਕਿੱਥੋਂ ਮੁੱਲ ਲਏ ਨੇ
ਹਿਰਨੀ ਵੀ ਪੁੱਛਣ ਤੋਂ ਡਰਦੀ
ਹੈ ਫਿੱਕਾ ਪਾਉਂਦੀ ਤਾਜ ਮਹੱਲ
ਉਹਦੇ ਅੰਗਾਂ ਦੀ ਮੀਨਾਕਾਰੀ
ਬੱਸ ਮੂੰਹੋਂ ਨਿਕਲੇ ਵਾਹ ਖ਼ੁਦਾ
ਤੇਰੀ ਇਹ ਕੈਸੀ ਹੈ ਮਿਸਾਲ।

ਉਹਨੂੰ ਘੁੱਟ ਸੀਨੇ ਲਾਇਆ ਜਦੋਂ
ਕਾਲੀ ਰਾਤ ਨੂੰ ਸ਼ਰਮਾਂ ਆਈਆਂ
ਹੋਠਾਂ ਨਾਲ ਛੂਏ ਸੁਰਖ਼ ਹੋਠ ਉਹਦੇ
ਕੁਲ ਕਾਇਨਾਤ ਨੇ ਨੀਵੀਆਂ ਪਾਈਆਂ
ਦੂਰੋਂ ਚੱਲ ਆਏ ਭੌਰੇ ਵੀ ਫਿਰ
ਫੁੱਲ ਨੂੰ ਵੀ ਖੁਮਾਰ ਜਿਹਾ ਚੜਿਆ
ਜੰਗਲ ਵਿੱਚ ਮੰਗਲ ਲੱਗਿਆ
ਤੇ ਇਸ਼ਕ ਹੋਇਆ ਪਰਵਾਨ।

ਅੱਜ ਮਿਲਣ ਹੈ ਆਇਆ ਯਾਰ
ਚੰਨ ਤਾਰੇ ਵੀ ਆਏ ਨਾਲ।
ਹਵਾਵਾਂ ਨੇ ਗੀਤ ਗਾਉਂਦੀਆਂ
ਤੇ ਪੱਤੇ ਮਿਲਾਉਣ ਸੁਰ ਤਾਲ।

22. ਮਹਿਬੂਬਾ

ਆਈ ਸੀ ਮਹਿਬੂਬਾ ਮੇਰੀ
ਪੁੱਛਦੀ ਸੀ ਮੇਰਾ ਪਤਾ ਟਿਕਾਣਾ।
ਉਹਦਾ ਜੀਅ ਨਹੀਂ ਲੱਗਦਾ ਮੇਰੇ ਬਿਨਾਂ
ਕਹਿੰਦੀ ਨਾਲ ਹੀ ਲੈ ਕੇ ਜਾਣਾ।

ਉਹ ਰਾਣੀ ਹੈ ਉਸ ਦੇਸ ਦੀ
ਜਿੱਥੇ ਸੂਰਜ ਨਹੀਂਓ ਚੜਦਾ
ਸੁਣ ਕੇ ਨਾਮ ਉਸ ਰਾਣੀ ਦਾ
ਜ਼ਿੰਦਗੀ ਦਾ ਦੇਵਤਾ ਵੀ ਡਰਦਾ
ਉਹਨੂੰ ਸੋਂਹਦੇ ਨੇ ਬੱਸ ਆਸ਼ਿਕ ਹੀ
ਦੁਨੀਆਦਾਰ ਨਾ ਉਹਨੂੰ ਭਾਉਂਦਾ
ਉਹਨੂੰ ਚੁੰਮ ਕੇ ਸੀਨੇ ਲਾ ਲਵੇ
ਜਿਹੜਾ ਉਹਦਾ ਨਾਮ ਧਿਆਉਂਦਾ
ਉਹ ਹਾਣੀ ਹੈ ਬਾਬੇ ਆਦਮ ਦੀ
ਤੇ ਮੈਂ ਸਾਹਾਂ ਦਾ ਹਜੇ ਨਿਆਣਾ।

ਜਦੋਂ ਨਿਕਲੂ ਜਨਾਜ਼ਾ ਯਾਰਾਂ ਦਾ
ਤਾਨਸੇਨ ਮਲਹਾਰ ਗਾਊਗਾ
ਜਾਂ ਕੋਈ ਬੈਜੂ ਬਾਵਰਾ
ਹੰਝੂਆਂ ਨਾਲ ਸੰਗਮਰਮਰ ਪਿਘਲਾਊਗਾ
ਜਾਂ ਆਊਗੀ ਕਿਆਮਤ-ਏ-ਨੂਹ
ਕਬਰਸਤਾਨ ਜਲਥਲ ਹੋ ਜਾਊਗਾ
ਜਾਂ ਫਿਰ ਕੋਈ ਰਾਂਝਣ ਜੋਗੀ
ਬਿਰਹੋਂ ਦੀ ਵੰਝਲੀ ਵਜਾਊਗਾ
ਮੋਢਾ ਦੇਣ ਆਊਗੀਆਂ ਪਰੀਆਂ
'ਸਨੀ' ਨੇ ਨਾਲ ਸ਼ਾਨ ਦੇ ਜਾਣਾ।

ਆਈ ਸੀ ਮਹਿਬੂਬਾ ਮੇਰੀ
ਪੁੱਛਦੀ ਸੀ ਮੇਰਾ ਪਤਾ ਟਿਕਾਣਾ।
ਉਹਦਾ ਜੀਅ ਨਹੀਂ ਲੱਗਦਾ ਮੇਰੇ ਬਿਨਾਂ
ਕਹਿੰਦੀ ਨਾਲ ਹੀ ਲੈ ਕੇ ਜਾਣਾ।

23. ਖੰਭਹੀਣ ਉਡਾਰੀ

ਬਹੁਤੀ ਦੂਰ ਨਾ ਉੱਡ ਸਕੀ
ਖੰਭ ਹੀਣ ਉਡਾਰੀ ਮੇਰੀ।
ਬਹੁਤੀ ਦੇਰ ਨਾ ਨਿਭ ਸਕੀ
ਕੱਚੀ ਉਮਰ ਦੀ ਯਾਰੀ ਮੇਰੀ।

ਅੱਲੜ੍ਹ ਉਮਰੇ ਨੈਣ ਮਿਲੇ
ਤੇ ਜਵਾਨੀ ਦੇ ਵਿੱਚ ਇੱਕ ਹੋਏ
ਪਰ ਜਦੋਂ ਦਾ ਉਹਨੇ ਰੁਸਵਾ ਕੀਤਾ
ਨਿੱਤ ਆਪ ਮੁਹਾਰੇ ਰੋਏ
ਫਿਰ ਉਹ ਐਸਾ ਮੈਥੋਂ ਦੂਰ ਗਿਆ
ਮੁੜ ਨਾ ਪਾਈ ਫੇਰੀ।

ਲੰਮੀਆਂ ਉਡਾਰੀਆਂ ਭਰਦਾ ਸੀ
ਧਰਤੀ 'ਤੇ ਪੈਰ ਨਾ ਲਾਉਂਦਾ ਸੀ
ਨਾ ਇਸ਼ਕ ਤੋਂ ਵੱਡਾ ਕੋਈ ਖ਼ੁਦਾ
ਅਕਲਾਂ ਵਾਲਿਆਂ ਨੂੰ ਸਮਝਾਉਂਦਾ ਸੀ
ਹੁਣ ਯਾ ਖ਼ੁਦਾ ਤੂੰ ਰਹਿਮ ਕਰ
ਭੁੱਲ ਬਖਸ਼ ਮੈਂ ਕੀਤੀ ਜਿਹੜੀ।

ਰਿਸ਼ਤਿਆਂ ਵਿੱਚ ਤਰੇੜਾਂ ਆਈਆਂ
ਵਕਤ ਨੇ ਨੀਹਾਂ ਹਿਲਾ ਛੱਡੀਆਂ
ਬੜੀਆਂ ਰੱਖੀਆਂ ਵਾੜਾਂ ਲਾ ਕੇ
ਆ ਗੈਰਾਂ ਨੇ ਜੜ੍ਹਾਂ ਹੀ ਵੱਡੀਆਂ
ਸੀ ਮਹਿਲ ਉਸਾਰੇ ਚਾਵਾਂ ਦੇ
ਹੁਣ ਹੋ ਗਏ ਢਹਿ ਕੇ ਢੇਰੀ।

ਵੇ ਨਾ ਦੇ ਗਿਆ ਬੇਵਫਾਈ ਦਾ
ਤੂੰ ਇਸ਼ਕ ਮੇਰੇ ਨੂੰ ਯਾਰਾ ਵੇ
ਵੇ ਬੜੇ ਸੀ ਤੈਨੂੰ ਚਾਹੁਣ ਵਾਲੇ
ਪਰ ਮੇਰਾ ਸੀ ਤੂੰ ਹੀ ਸਹਾਰਾ ਵੇ
ਤੇਰੇ ਸਦਕੇ ਇਸ਼ਕ ਤੂਫਾਨਾਂ ਵੇ
ਆ ਕੰਡੇ 'ਤੇ ਡੋਬੀ ਬੇੜੀ।

24. ਸ਼ਿਕਵਾ

ਸੱਚੀ ਮੈਨੂੰ ਚੰਨ ਦੀ ਸਹੁੰ ਜੋ ਤੈ ਸੱਭ ਤੋਂ ਪਿਆਰਾ ਹੈ
ਤੇਰੀ ਨਜ਼ਰ 'ਚ ਉਹੀ ਇੱਕੋ ਇੱਕ ਤੇਰਾ ਸਹਾਰਾ ਹੈ
ਪਰ ਤੂੰ ਮੈਨੂੰ ਓਨੀ ਹੀ ਪਿਆਰੀ ਏ
ਜਿੰਨਾ ਉਹ ਤੈਨੂੰ ਪਿਆਰਾ ਹੈ
ਇਹ ਕੈਸੀ ਚਾਹਤ ਹੈ
ਇਹ ਪਿਆਰ ਕਿੰਨਾ ਨਿਆਰਾ ਹੈ

ਤੂੰ ਸਾਰਾ ਦਿਨ ਉਹਦੀ ਉਡੀਕ ਕਰਦੀ ਰਹਿੰਦੀ ਏ
ਬੱਸ ਖਿਆਲਾਂ ਦੇ ਪਰਿੰਦਿਆਂ ਨੂੰ ਫੜਦੀ ਰਹਿੰਦੀ ਏ
ਤੇ ਮੈਨੂੰ ਦਿਨ ਰਾਤ ਤੈਨੂੰ ਹੀ ਤੱਕਣਾ ਸੋਂਹਦਾ ਹੈ
ਤੂੰ ਮੈਨੂੰ ਵੀ ਮਿਲਣ ਆਵੇ, ਮੇਰਾ ਦਿਲ ਵੀ ਚਾਹੁੰਦਾ ਹੈ
ਸੱਚੀਂ ਮੇਰੇ ਦਿਲ ਦਾ ਹਰ ਚਾਅ ਤੇਰੇ ਲਈ ਕੁਆਰਾ ਹੈ।

ਤੈਨੂੰ ਵੀ ਪਤਾ ਉਹ ਤੇਰੀ ਨਾ ਸੁਣਦਾ ਤੇ ਨਾ ਬੋਲਦਾ ਹੈ
ਜੀਹਨੂੰ ਦਿਲ ਦੇ ਭੇਦ ਦੱਸਦੀ ਏ ਉਹ ਗੱਲ ਨਾ ਤੇਰੀ ਗੌਲਦਾ ਏ
ਮੈ ਖ਼ੁਦ ਨਾਲ ਹੀ ਗੱਲਾਂ ਕਰਦਾ ਤੇ ਤੇਰੀ ਆਵਾਜ਼ ਕੰਨਾਂ 'ਚ ਗੂੰਜਦੀ ਹੈ
ਮੈਂ ਵੀ ਦਿਲ ਦੀਆਂ ਤੈਨੂੰ ਦੱਸਾਂ ਮੇਰੀ ਆਤਮਾ ਤੈਨੂੰ ਲੂਝਦੀ ਹੈ
ਤੇਰਾ ਆਪਣੇ ਆਸ਼ਿਕ ਨੂੰ ਛੱਡ ਕੇ ਉਹਨੂੰ ਆਪਣਾ ਕਹਿਣਾ ਮਾੜਾ ਹੈ।

ਤੇਰੇ ਪਿਆਰੇ ਨੂੰ ਗ਼ਰੂਰ ਹੈ ਕਿ ਉਹ ਬੜਾ ਸੋਹਣਾ ਏ
ਤੈਨੂੰ ਇਸ ਗੱਲ ਦਾ ਗ਼ਰੂਰ ਹੈ ਕਿ ਉਹਦੇ ਵਰਗਾ ਕੋਈ ਹੋਰ ਨਾ ਹੋਣਾ ਏ
ਮੈਨੂੰ ਇਸ ਗੱਲ ਦਾ ਗ਼ਰੂਰ ਹੈ ਕਿ ਮੈਂ ਤੇਰਾ ਸੱਚਾ ਆਸ਼ਿਕ ਹਾਂ
ਤੇ ਇਸ ਸਰੀਰ ਰੂਪੀ ਮੰਦਰ ਦਾ ਸੱਚਾ ਜਾਚਕ ਹਾਂ
ਪਰ ਮੇਰੇ ਨਾਲੋਂ ਤੈਨੂੰ ਉਹ ਪਿਆਰਾ ਹੈ, ਤੇ ਮੈਨੂੰ ਇਸ ਗੱਲ ਦਾ ਸਾੜਾ ਹੈ।

ਅੱਜ ਕਾਲੀ ਰਾਤ ਹੈ ਤੇ ਚੰਦ ਤੈਨੂੰ ਮਿਲਣ ਆਇਆ ਨਹੀਂ
ਇੱਕ ਵਾਰ ਵੀ ਉਹਨੂੰ ਤੇਰਾ ਖਿਆਲ ਆਇਆ ਨਹੀਂ
ਮੈਂ ਵੀ ਉਮੀਦ ਭਰੀ ਨਜ਼ਰ ਨਾਲ ਤੇਰੀ ਖਿੜਕੀ ਵੱਲ ਦੇਖ ਰਿਹਾ
ਤੇ ਸਰਦ ਰਾਤ ਵਿੱਚ ਤੇਰੀ ਝਲਕ ਦੀ ਅੱਗ ਸੇਕ ਰਿਹਾ
ਤੇਰਾ ਚੰਦ ਬੇਵਫਾ ਨਿਕਲਿਆ ਤੇ ਮੇਰਾ ਇਸ਼ਕ ਉਹਦੀ ਸੁੰਦਰਤਾ 'ਤੇ ਭਾਰਾ ਹੈ।

25. ਅਕਲਾਂ ਵਾਲਾ

ਉਹਦਾ ਚਿਰਾਂ ਪਿੱਛੋਂ ਮਿਲੇ ਦਾ
ਸੋਚਿਆ ਸੀ ਹਾਲ ਪੁੱਛਾਂਗੇ।
ਉਹਨੂੰ ਘੁੱਟ ਕੇ ਸੀਨੇ ਲਾਵਾਂਗੇ
ਪਰ ਪਹਿਲਾਂ ਥੋੜਾ ਰੁੱਸਾਂਗੇ।
ਪਰ ਸੋਚਿਆ ਸੀ ਜੋ ਹੋਇਆ ਨਾ
ਉਹਨੇ ਵੇਖਦਿਆਂ ਹੀ ਰਾਹ ਬਦਲ ਲੀਤਾ।
ਮੈਂ ਬੜੇ ਅਦਬ ਨਾਲ ਬੁਲਾਈ ਸੀ
ਸੱਜਣ ਨੇ ਸਲਾਮ ਦਾ ਜਵਾਬ ਨਈਂ ਦਿੱਤਾ।

ਅੱਲੜ੍ਹ ਉਮਰ ਤੋਂ ਭਰ ਜਵਾਨੀ ਤਾਂਈ
ਹਰ ਸ਼ਾਮ ਉਹਦੇ ਨਾਲ ਬਿਤਾਈ
ਜਦੋਂ ਬਹੁਤੀਆਂ ਅਕਲਾਂ ਵਾਲਾਂ ਹੋਇਆ
ਹਰ ਯਾਦ ਨੂੰ ਦੇ ਗਿਆ ਰੁਸਵਾਈ
ਅੱਜ ਉਹਦੇ ਉੱਚੇ ਰੁਤਬੇ ਜੇ
ਉੱਚੇ ਅਸੀਂ ਵੀ ਆਪਣੀਆਂ ਵਫਾਵਾਂ 'ਚ
ਸਾਨੂੰ ਵੇਖ ਕੇ ਰਾਹ ਜੋ ਬਦਲ ਗਿਆ
ਆਉਣਾ ਅਸੀਂ ਵੀ ਨਾ ਉਹਦੇ ਰਾਹਾਂ 'ਚ।

ਉਸ ਮਹਿੰਗੇ ਸ਼ੌਂਕਾਂ ਵਾਲੇ ਨੇ
ਸੀ ਪਿਆਰ ਦਾ ਸਸਤਾ ਭਾਅ ਲਾਇਆ
ਫਿਰ ਵੇਚ ਕੇ ਮੇਰੀਆਂ ਸੱਧਰਾਂ ਨੂੰ
ਉਹਨੇ ਡਾਹਢਾ ਨਫਾ ਕਮਾਇਆ
ਭਰ ਜੇਬਾਂ ਬੇਵਫਾਈਆਂ ਨਾਲ
ਉਹ ਗੱਲ ਵਫਾ ਦੀ ਕਰਦੇ ਰਹੇ
ਹਰ ਗੱਲ ਉਹਦੀ ਝੂਠੀ ਸੀ
ਅਸੀਂ ਫੇਰ ਵੀ ਹਾਮੀਆਂ ਭਰਦੇ ਰਹੇ।

26. ਵਿਛੋੜਾ

ਜਦੋਂ ਮੁੱਕਣ 'ਤੇ ਆਈ ਗੱਲਬਾਤ
ਇੰਝ ਮੁੱਕ ਗਈ ਜਿਵੇਂ ਘੜੀ ਪਲ ਦੀ ਸੀ।
ਜਦੋਂ ਟੁੱਟਣ 'ਤੇ ਆਈ ਲੱਗੀ ਉਮਰਾਂ ਦੀ
ਇੰਝ ਟੁੱਟ ਗਈ ਜਿਵੇਂ ਗੱਲ ਕੱਲ ਦੀ ਸੀ।

ਜਿਹੜਾ ਤੁਰ ਗਿਆ ਰੁੱਸ ਕੇ ਮੇਰੇ ਨਾਲ
ਯਾਰ ਸੀ ਉਹ ਮੇਰਾ ਖ਼ੁਦਾ ਵਰਗਾ
ਇੱਕ ਪਲ ਵੀ ਨਾ ਉਹਦੇ ਬਿਨ ਲੰਘਦਾ
ਵਿਛੋੜਾ ਉਹਦਾ ਲੱਗੇ ਮੈਨੂੰ ਸਜ਼ਾ ਵਰਗਾ

ਰੋਕਿਆ ਨਾ ਮੈਂ ਉਹਨੂੰ ਜਾਣ ਦਿੱਤਾ
ਸੋਚਿਆ ਸੀ ਮੁੜ ਹੀ ਆਊਗਾ
ਗਿਲੇ ਸ਼ਿਕਵੇ ਨਾ ਪਿਆਰ ਵਿੱਚ ਹੁੰਦੇ ਆ
ਸਾਰ ਨਾ ਸੀ ਐਡਾ ਕਹਿਰ ਕਮਾਊਗਾ

ਕਈ ਰੋਂਦੇ ਵਾਂਗ ਸ਼ੁਦਾਈਆਂ ਦੇ
ਕਈ ਦਿਲ ਤੋੜ ਕੇ ਹੱਸਦੇ ਫਿਰਦੇ
ਕਈ ਦਿਲ 'ਚ ਭੇਦ ਲੁਕੋਈ ਫਿਰਦੇ
ਕਈ ਗਲੀਆਂ 'ਚ ਦੱਸਦੇ ਫਿਰਦੇ

ਉਹਨਾਂ ਲੈਣਾ ਕੀ ਜ਼ਮਾਨੇ ਤੋਂ
ਜਿਹੜੇ ਯਾਰ ਦੇ ਕਦਮੀਂ ਲੱਗ ਗਏ
'ਸਨੀ' ਜ਼ਮਾਨਾ ਵੀ ਉਹਨਾਂ ਨੂੰ ਠੁਕਰਾ ਦੇਵੇ
ਕਹਿੰਦੇ ਯਾਰ ਜਿਹਨਾਂ ਦੇ ਛੱਡ ਗਏ।

27. ਪੁਰਾਣਾ ਪਿਆਰ

ਲੱਗਦਾ ਹੈ ਯਾਦਾਂ ਹਾਲੇ ਨਾਲ ਲਈ ਫਿਰਦਾ ਹੈ।
ਉਹ ਮੇਰਾ ਦਿੱਤਾ ਹੋਇਆ ਰੁਮਾਲ ਲਈ ਫਿਰਦਾ ਹੈ।

ਮੈਨੂੰ ਦੇਖ ਵੀ ਲਿਆ ਤੇ ਨੀਵੀਂ ਵੀ ਨਹੀਂ ਚੁੱਕੀ,
ਨਜ਼ਰਾਂ ਦਾ ਉਹੀ ਕਮਾਲ ਲਈ ਫਿਰਦਾ ਹੈ।

ਕੁਝ ਬੋਲਣਾ ਚਾਹੁੰਦਾ ਸੀ ਪਰ ਖਾਮੋਸ਼ ਹੋ ਗਿਆ,
ਖੌਰੇ ਦਿਲ 'ਚ ਕੋਈ ਸਵਾਲ ਲਈ ਫਿਰਦਾ ਹੈ।

ਢਲ ਚੱਲੀ ਜਵਾਨੀ ਸਾਫ਼ ਦਿਸਦੀ ਸੀ ਚਿਹਰੇ ਤੋਂ,
ਪੁਰਾਣਾ ਪਿਆਰ ਹਾਲੇ ਵੀ ਜਵਾਨ ਲਈ ਫਿਰਦਾ ਹੈ।

ਸੁਣਿਆ ਸੀ ਅੱਜ ਕੱਲ ਬੜਾ ਖੁਸ਼ ਰਹਿੰਦਾ ਏ,
ਪਰ ਬੁੱਲਾਂ ਉੱਤੇ ਸਿੱਕਰੀ ਤੇ ਉਹੀ ਹਾਲ ਲਈ ਫਿਰਦਾ ਹੈ।

28. ਹੱਸ ਕੇ ਵਿਖਾ

ਯਾਰੀ ਦੀ ਕਸਮ ਯਾਰਾ ਹੱਸ ਕੇ ਵਿਖਾ
ਰੋਣ ਦੀ ਵਜ੍ਹਾ ਮੈਨੂੰ ਦੱਸ ਦੇ ਜ਼ਰਾ।
ਇਹ ਜ਼ਿੰਦਗੀ ਬੇਵਫ਼ਾ ਮਸ਼ੂਕ ਹੈ
ਕਦੋਂ ਛੱਡ ਦੇਵੇ ਇਹਦਾ ਕੋਈ ਨਹੀਂ ਵਸਾਹ।

ਸਮਾਂ ਰੰਗ ਬਦਲਦਾ ਮੌਸਮ ਹੈ
ਜਿਵੇਂ ਪਲ ਵਿੱਚ ਧੁੱਪੋਂ ਛਾਂ ਹੋਵੇ।
ਮੇਲ ਜੋਲ ਹੀ ਮੋਹ ਵਧਾਉਂਦਾ ਹੈ
ਕੱਲਾ ਰੁੱਖ ਵੀ ਨਾ ਝੱਖੜਾਂ 'ਚ ਖਲੋਵੇ।
ਲੈ ਨੇਕ ਸਲਾਹ ਕਿਸੇ ਸੱਜਣ ਦੀ
ਤੇ ਆਪਣੀ ਵੀ ਕੋਈ ਆਖ ਸੁਣਾ।

ਤੈਨੂੰ ਕਿਹਦੀ ਘਾਟ ਸਤਾਈ ਜਾਂਦੀ?
ਸੱਟ ਕਿਹੜੀ ਜੋ ਦਰਦ ਵਧਾਈ ਜਾਂਦੀ?
ਦੁੱਖ ਜੀਉਂਦੀ ਜਾਨ ਦਾ ਹਿੱਸਾ ਨੇ
ਘਬਰਾ ਕੇ ਨਹੀਂ ਢੇਰੀ ਢਾਹੀ ਜਾਂਦੀ।
ਸੁਲਝਾ ਲੈ ਦਿਲ ਦੀਆਂ ਗੁੱਝਲਾਂ ਨੂੰ
ਤੇ ਫਾਹਾ ਯਾਦਾਂ ਵਾਲਾ ਗਲ 'ਚੋਂ ਲਾਹ।

ਆਪਣੇ ਆਪ 'ਚ ਤੂੰ ਵੀ ਚੱਟਾਨ ਏਂ
ਕਿਉਂ ਕਹਿੰਨਾਂ ਮੈਂ ਹਾਰ ਕੇ ਟੁੱਟ ਗਿਆ?
ਉਸ ਦਿਨ ਹੀ ਹਾਰ ਕਬੂਲ ਕਰੀਂ
ਜਦੋਂ ਰੱਬ ਸੱਚਾ ਵੀ ਤੈਥੋਂ ਰੁੱਸ ਗਿਆ।
ਮੰਨਿਆ ਜ਼ਿੰਦਗੀ ਵੀ ਇੱਕ ਜੂਆ ਹੈ
ਇੱਕ ਵਾਰੀ ਤਾਂ ਖ਼ੁਦ ਨੂੰ ਦਾਅ 'ਤੇ ਲਾ।

29. ਬੇਇਨਸਾਫੀ

ਮੇਰਾ ਦਿਲ਼ ਕੀ ਤੇਰੇ 'ਤੇ ਆ ਗਿਆ
ਤੂੰ ਤਾਂ ਸੱਜਣਾਂ ਗੁਮਾਨ 'ਚ ਆ ਗਿਆ
ਚੁੱਪ ਕਰਕੇ ਕੋਲ ਦੀ ਲੰਘ ਗਿਆ
ਮੈਨੂੰ ਵੇਖ ਕੇ ਨਜ਼ਰ ਚੁਰਾ ਗਿਆ
ਜੇ ਕੋਈ ਗਲਤੀ ਮੇਰੇ ਤੋਂ ਹੋ ਗਈ
ਕਿਉਂ ਸੱਜਣਾਂ ਮੈਨੂੰ ਮਾਫ਼ ਨਹੀਂ ਕਰਦਾ
ਅੱਖਾਂ ਸਾਹਮਣੇ ਰਹਿੰਨਾ ਏਂ
ਪਰ ਮੁੱਖ 'ਤੇ ਪਰਦਾ ਰੱਖਦਾ ਏਂ
ਤੂੰ ਸੱਜਣਾਂ ਮੇਰੇ ਨਾਲ ਇਨਸਾਫ ਨਹੀਂ ਕਰਦਾ।

ਮੈਂ ਬੜਾ ਦਿਲ ਨੂੰ ਵਾਸਤਾ ਪਾਇਆ
ਪਰ ਇਹ ਨਾ ਕਹਿਣੇ 'ਚ ਆਇਆ
ਹੁਣ ਇਹਦੀ ਸਜ਼ਾ ਨਾ ਦੇ ਮੈਨੂੰ
ਦੱਸ ਮੈਨੂੰ ਤੂੰ ਕਿਉਂ ਤੜਪਾਇਆ
ਜੇ ਮੇਰੇ ਹੱਕ 'ਚ ਗੱਲ ਨਹੀਂ ਕਰਨੀ
ਕਿਉਂ ਗੱਲ ਵੀ ਮੇਰੇ ਖ਼ਿਲਾਫ਼ ਨਹੀਂ ਕਰਦਾ
ਅੱਖਾਂ ਸਾਹਮਣੇ ਰਹਿੰਨਾ ਏਂ
ਪਰ ਮੁੱਖ 'ਤੇ ਪਰਦਾ ਰੱਖਦਾ ਏਂ
ਤੂੰ ਸੱਜਣਾਂ ਮੇਰੇ ਨਾਲ............।

ਤੇਰੀਆਂ ਅੱਖਾਂ 'ਚ ਭਾਵੇਂ ਸੁਰਮਾ ਨਹੀਂ
ਪਰ ਫਿਰ ਵੀ ਸੋਹਣੀਆਂ ਲੱਗਦੀਆਂ ਨੇ
ਕਈ ਸੁਫਨੇ ਤੇ ਸ਼ਰਮਾਂ ਸਾਂਭੀਆਂ ਨੇ
ਤਾਂਹੀਉਂ ਵੇਖ ਕੇ ਮੈਨੂੰ ਸੰਗਦੀਆਂ ਨੇ
ਤੈਨੂੰ ਪਾਉਣ ਲਈ ਕੀ ਕੁਝ ਗਵਾ ਲਿਆ
'ਸਨੀ' ਇਸ਼ਕ 'ਚ ਕਦੇ ਹਿਸਾਬ ਨਹੀਂ ਕਰਦਾ
ਅੱਖਾਂ ਸਾਹਮਣੇ ਰਹਿੰਨਾ ਏਂ
ਪਰ ਮੁੱਖ 'ਤੇ ਪਰਦਾ ਰੱਖਦਾ ਏਂ
ਤੂੰ ਸੱਜਣਾਂ ਮੇਰੇ ਨਾਲ ਇਨਸਾਫ ਨਹੀਂ ਕਰਦਾ।

30. ਜ਼ਿੰਦਗੀ, ਸੰਘਰਸ਼, ਮਹਾਨਤਾ

ਜ਼ਿੰਦਗੀ ਕੰਡਿਆਂ 'ਤੇ ਤੁਰ ਕੇ,
ਜ਼ਖਮੀ ਹੋਣ ਦਾ ਨਾਮ ਨਹੀਂ।
ਜ਼ਿੰਦਗੀ ਕੰਡਿਆਂ 'ਤੇ ਤੁਰ ਕੇ,
ਫੁੱਲਾਂ ਦੇ ਸੁਫਨੇ ਲੈਣ ਦਾ ਨਾਮ ਹੈ।
ਜ਼ਿੰਦਗੀ ਸੜਕਾਂ 'ਤੇ ਖੜ ਕੇ,
ਭੀਖ ਮੰਗਣ ਦਾ ਨਾਮ ਨਹੀਂ।
ਜ਼ਿੰਦਗੀ ਸੜਕਾਂ ਤੋਂ ਉੱਠ ਕੇ,
ਸਿੰਘਾਸਨ 'ਤੇ ਬਹਿਣ ਦਾ ਨਾਮ ਹੈ।

ਸੰਘਰਸ਼ ਤਾਕਤ ਤੋਂ ਡਰ ਕੇ,
ਚੁੱਪ ਰਹਿਣ ਦਾ ਨਾਮ ਨਹੀਂ।
ਸੰਘਰਸ਼ ਤਾਕਤ ਦੇ ਸਾਹਮਣੇ ,
ਆਪਣੀ ਗੱਲ ਕਹਿਣ ਦਾ ਨਾਮ ਹੈ।
ਸੰਘਰਸ਼ ਜੀਉਂਦੇ ਜੀਅ ਹੀ,
ਕਫਨ ਹੰਢਾਉਣ ਦਾ ਨਾਮ ਨਹੀਂ।
ਸੰਘਰਸ਼ ਆਖਰੀ ਸਾਹ ਤੱਕ ਲੜ ਕੇ,
ਕਫਨ ਪਾਉਣ ਦਾ ਨਾਮ ਹੈ।

ਮਹਾਨਤਾ ਪੜ੍ਹ ਲਿਖ ਕੇ,
ਵਿਦਵਾਨ ਬਣਨ ਦਾ ਨਾਮ ਨਹੀਂ।
ਮਹਾਨਤਾ ਪੜ੍ਹ ਲਿਖ ਕੇ,
ਵਿੱਦਿਆ ਸਿੱਧ ਕਰਨ ਦਾ ਨਾਮ ਹੈ।
ਮਹਾਨਤਾ ਸਾਰੀ ਦੁਨੀਆ,
ਜਿੱਤ ਲੈਣ ਦਾ ਨਾਮ ਨਹੀਂ।
ਮਹਾਨਤਾ ਸਾਰੀ ਦੁਨੀਆਂ ਬਦਲਣ ਦੀ,
ਜ਼ਿੱਦ ਕਰਨ ਦਾ ਨਾਮ ਹੈ।

31. ਮਾਂ

ਬਹੁਤ ਗਰੀਬੀ ਸੀ ਘਰ 'ਚ ਫਿਰ ਵੀ
ਰਾਜਾ ਪੁੱਤ ਕਹਿ ਅੰਬਰੀਂ ਬਿਠਾ ਦਿੰਦੀ ਸੀ

ਜ਼ਾਹਰ ਹੋਣ ਨਾ ਦਿੱਤੀ ਸੀ ਤੰਗੀ ਕੋਈ
ਟਾਕੀ ਸੂਟ ਦੀ ਚੁੰਨੀ ਹੇਠ ਲੁਕਾ ਦਿੰਦੀ ਸੀ।

ਖਿਡਾਉਣਾ ਮੰਗਿਆ ਸੀ ਜੇ ਕਦੇ ਮੈਂ,
ਖਿੱਦੋਂ ਚੁੰਨੀ ਦੀ ਝੱਟ ਬਣਾ ਦਿੰਦੀ ਸੀ।

ਟੁੱਟ ਜਾਂਦੀ ਜੇ ਕਦੇ ਹਾਰ ਕੇ,
ਧੂੰਏਂ ਬਹਾਨੇ ਹੰਝੂ ਵਹਾ ਦਿੰਦੀ ਸੀ।

ਐਸੀ ਕਹਾਣੀ ਸੁਣਾਉਂਦੀ ਸਵਾਉਣ ਲੱਗਿਆਂ,
ਝੱਟ ਪਰੀਆਂ ਦੇ ਦੇਸ ਪਹੁੰਚਾ ਦਿੰਦੀ ਸੀ।

ਤਿੱਖੀ ਧੁੱਪ 'ਚ ਬੱਦਲਾਂ ਦੀ ਛਾਂ ਵਰਗੀ,
ਉਹਦੀ ਆਵਾਜ ਸੀਨੇ ਠੰਡ ਪਾ ਦਿੰਦੀ ਸੀ।

ਬਹੁਤ ਬਰਕਤ ਸੀ ਮਾਂ ਦੇ ਹੱਥਾਂ 'ਚ,
ਰੋਟੀ ਥੋੜੀ ਸੀ ਪਰ ਫਿਰ ਵੀ ਰਜਾ ਦਿੰਦੀ ਸੀ।

32. ਸੋਹਣੀ

ਖ਼ਾਬ ਵੀ ਉਹਦੇ ਖ਼ਿਆਲ ਵੀ ਉਹਦੇ
ਉਹਦੀਆਂ ਹੀ ਕਰਾਂ ਮੈਂ ਗੱਲਾਂ।
ਉਹਦੇ ਬਾਰੇ ਹੀ ਸੋਚਾਂ ਅਕਸਰ
ਜਦੋਂ ਬੈਠਾਂ ਹੋਵਾਂ 'ਕੱਲਾ।

ਕੁਝ ਦਿਨ ਪਹਿਲਾਂ ਨਜ਼ਰ ਮਿਲੀ ਸੀ
ਫਿਰ ਨਜ਼ਰ ਤੋਂ ਦਿਲ ਤੱਕ ਆ ਗਈ
ਉਹ ਸ਼ਰਬਤੀ ਜਿਹੇ ਨੈਣਾਂ ਵਾਲੀ
ਅੱਜ ਕੱਲ ਦਿਮਾਗ 'ਤੇ ਛਾ ਗਈ
ਸ਼ਾਂਤ ਝੀਲ ਦੇ ਪਾਣੀ ਵਰਗਾ
ਠੰਡਾ ਜਿਹਾ ਸੁਭਾਅ ਹੈ ਉਸਦਾ
ਜਿੰਨੀ ਸੋਣੀ ਆਪ ਹੈ ਉਹ
ਓਨਾ ਸੋਹਣਾ ਨਾਂ ਹੈ ਉਹਦਾ।

ਸਿਖ਼ਰ ਦੁਪਹਿਰ ਜਿਹਾ ਮੁੱਖੜਾ ਉਹਦਾ
ਤੇ ਜ਼ੁਲਫਾਂ ਜਿਵੇਂ ਹਨੇਰਾ
ਜਦੋਂ ਆ ਕੇ ਸਾਹਮਣੇ ਖੜ ਜਾਵੇ
ਮੇਰਾ ਉਦੋਂ ਹੀ ਹੋਵੇ ਸਵੇਰਾ
ਮੋਰ ਪੰਖ ਦੇ ਰੰਗਾਂ ਵਰਗਾ
ਉਹਦਾ ਬਹੁਰੰਗਾ ਜਿਹਾ ਹਾਸਾ
ਨਜ਼ਰ ਝੁਕਾ ਕੇ ਤੁਰਦੀ ਉਹ
ਨਾ ਉਹ ਵੇਖੇ ਆਸਾ ਪਾਸਾ
ਮੈਂ ਓਸੇ ਰਾਹ ਖੜਾ ਰਹਾਂ
ਜਿਧਰ ਨੂੰ ਜਾਂਦਾ ਰਾਹ ਹੈ ਉਹਦਾ
ਜਿੰਨੀ ਸੋਹਣੀ ਆਪ ਹੈ ਉਹ
ਓਨਾਂ ਹੀ ਸੋਹਣਾ ਨਾਂ ਹੈ ਉਹਦਾ।

33. ਮੈਂ ਤੇ ਤੂੰ

ਮੈਂ, ਮੈਂ ਤੋਂ ਤੂੰ ਹੋ ਗਈ
ਤੂੰ ਖੁਦ ਤੇ ਹਉਮੈ ਦਾ ਰੰਗ ਚੜ੍ਹਾਉਂਦਾ ਰਿਹਾ।
ਮੈਂ ਮੋਮ ਤੇਰੀ ਹਰਾਰਤ 'ਚ ਪਿਘਲਦੀ ਰਹੀ
ਤੂੰ ਪੱਥਰ ਵਾਂਗ ਪਥਰਾਉਂਦਾ ਰਿਹਾ।

ਮੈਂ ਖ਼ਾਕਸਾਰ ਸਦਾ ਤੇਰੀ ਖ਼ਾਦਮ ਰਹੀ
ਤੂੰ ਬਾਦਸ਼ਾਹ ਅਖਵਾਉਂਦਾ ਰਿਹਾ।
ਮੈਂ ਮੇਰੇ ਤਸੱਵਰ ਤੈਨੂੰ ਦੱਸਦੀ ਰਹੀ
ਤੂੰ ਹਰ ਰਾਜ਼ ਮੈਥੋਂ ਲੁਕਾਉਂਦਾ ਰਿਹਾ।

ਮੈਂ ਤੇਰੀ ਹੋਣ ਲਈ ਹਰ ਅਹਿਦ ਨਿਭਾਇਆ
ਤੂੰ ਹਰ ਮੁਆਇਦਾ ਭੁਲਾਉਂਦਾ ਹੀ ਰਿਹਾ।
ਮੈਂ ਤੇਰੇ ਤੱਕ ਪਹੁੰਚਣ ਲਈ ਕੀਤੀਆਂ ਜ਼ਿਆਰਤਾਂ
ਤੂੰ ਰਾਹਾਂ ਵਾਂਗ ਮੈਨੂੰ ਚਲਾਉਂਦਾ ਹੀ ਰਿਹਾ।

ਮੈਂ ਅਦਵੈਤ ਸਦਾ ਇੱਕੋ ਜਿਹੀ ਰਹੀ
ਤੂੰ ਗੱਲ ਗੱਲ 'ਤੇ ਰੂਪ ਵਟਾਉਂਦਾ ਹੀ ਰਿਹਾ।
ਮੈਂ ਤੇਰੀ ਹਰ ਗੱਲ ਸਦਾ ਸਿਰ ਮੱਥੇ ਮੰਨੀ
ਤੂੰ ਗੱਲ ਗੱਲ 'ਚ ਮੈਨੂੰ ਭਰਮਾਉਂਦਾ ਹੀ ਰਿਹਾ।

ਮੈਂ ਵੇਦਨਾ 'ਚ ਜਦੋਂ ਤੈਨੂੰ ਸੀ ਪੁਕਾਰਿਆ
ਤੂੰ ਮੇਰੇ ਤੋਂ ਆਪਣਾ ਆਪ ਬਚਾਉਂਦਾ ਹੀ ਰਿਹਾ।
ਮੈਂ ਹਰ ਪਹਿਰ ਤੇਰਾ ਹੀ ਵਿਰਦ ਸਦਾ ਕੀਤਾ
ਤੁੰ ਖ਼ੁਦਾ ਬਣ ਮੈਨੂੰ ਵਿਖਾਉਂਦਾ ਹੀ ਰਿਹਾ।

34. ਅਧੂਰਾ ਚੰਦ

ਅਸੀਂ ਜੋੜ ਕੇ ਹਥੇਲੀਆਂ ਜੋ ਚੰਦ ਸੀ ਬਣਾਇਆ
ਮੈਂ ਤੇਰੇ ਬਿਨਾਂ ਉਸ ਚੰਦ ਵਾਂਗ ਹੀ ਅਧੂਰਾ।
ਮੇਰਾ ਇਸ਼ਕ ਸਦਾ ਬੇਨਫ਼ਸੀ ਤੇ ਨਿਸ਼ਕਾਮ ਸੀ
ਕਦੇ ਬੇਪਰਦਾ ਤਾਂ ਹੋ ਕੇ ਦੇਖਦੀ ਕਿ ਮੈਂ ਬੋਲਾਂ ਤੇ ਪੂਰਾ।

ਕਾਸ਼..ਇਹ ਹੋ ਜਾਂਦਾ ਕਿ ਤੂੰ ਸਦਾ ਮੇਰੇ ਰੁਬਰੂ ਰਹਿੰਦੀ
ਤੇ ਮੈਂ ਤੇਰੀ ਖੂਬਸੂਰਤੀ ਨੂੰ ਸਦਾ ਨਿਹਾਰਦਾ ਰਹਿੰਦਾ।
ਮੈਂ ਸਦਾ ਤੇਰੇ ਨੈਣਾਂ ਦੀ ਗਹਿਰਾਈ 'ਚ ਡੁਬਿਆ ਰਹਿੰਦਾ
ਤੇ ਤੇਰੀਆਂ ਜ਼ੁਲਫ਼ਾਂ ਦੀਆਂ ਗੁੰਝਲਾਂ ਸੰਵਾਰਦਾ ਰਹਿੰਦਾ।

ਤੂੰ ਮੇਰੇ ਨਾਲ ਹੈ, ਪਰ ਕੀ ਸਦਾ ਲਈ ਹੀ ਰਹੇਂਗੀ
ਮੈਂ ਤੇਰੇ ਤੋਂ ਇਹ ਵਾਅਦਾ ਲੈਣਾ ਚਾਹੁੰਦਾ ਸੀ
ਵਾਅਦਾ ਏਸ ਲਈ ਕਿ ਮੈਂ ਤੈਥੋਂ ਵਿਛੜਨਾ ਨਹੀਂ ਸੀ ਚਾਹੁੰਦਾ
ਏਸ ਲਈ ਨਹੀਂ ਕਿ ਤੇਰੀ ਵਫਾ ਦਾ ਅੰਦਾਜ਼ਾ ਲਾਉਣਾ ਚਾਹੁੰਦਾ ਸੀ।

ਸਾਡਾ ਇੱਕ ਹੋਣਾ ਸੌਖਾ ਨਹੀਂ ਸੀ, ਅਸੀਂ ਵਿਛੜਨਾ ਹੀ ਸੀ
ਮੈਂ ਕਦੇ ਨਾ ਕਦੇ ਸਾਡੀ ਜੁਦਾਈ ਦਾ ਦੁਖਾਂਤ ਲਿਖੂੰਗਾ
ਪਰ ਤੂੰ ਰੋਈ ਨਾ, ਤੇ ਉਦਾਸ ਵੀ ਨਾ ਹੋਈ
ਕਿਉਂਕਿ ਮੈਂ ਸਾਡੇ ਇਸ਼ਕ ਦਾ ਅੰਤ ਸੁਖਾਂਤ ਲਿਖੂੰਗਾ।

35. ਸਫ਼ਰ

ਤੂੰ ਜਾਣ ਜਾਂਦੀ ਇਸ਼ਕ 'ਚ ਕੀ ਹਾਲ ਹੁੰਦਾ।
ਜੇ ਤੇਰਾ ਵੀ ਮੇਰੇ ਵਰਗਾ ਹਾਲ ਹੁੰਦਾ।

ਜਵਾਬ ਲੱਭਣ ਲਈ ਮੈ ਸਾਰੀ ਜਵਾਨੀ ਗਾਲ ਦਿੰਦਾ,
ਜੇ ਪਿਆਰ 'ਚ ਪਾਇਆ ਤੂੰ ਕੋਈ ਸਵਾਲ ਹੁੰਦਾ।

ਮੈਂ ਸਦਾ ਹੀ ਇਹ ਵੇਖਣ ਲਈ ਤਰਸਦਾ ਰਿਹਾ,
ਸੁਰਮੇ ਵਾਲੀ ਅੱਖ 'ਚ ਕੀ ਕਮਾਲ ਹੁੰਦਾ।

ਤੇਰੇ ਨਾਲ ਹੀ ਸੱਭ ਕੁਝ ਹੈ, ਤੇਰੇ ਬਿਨਾਂ ਕੁਝ ਵੀ ਨਹੀਂ,
ਕਾਸ਼ ਤੇਰਾ ਵੀ ਇਹੀ ਖਿਆਲ ਹੁੰਦਾ।

ਖੌਰੇ ਮੈਂ ਇੰਝ ਭਟਕਦਾ ਨਾ ਰਹਿੰਦਾ,
ਜੇ ਸੱਜਣਾਂ ਸਫ਼ਰ 'ਚ ਤੂੰ ਮੇਰੇ ਨਾਲ ਹੁੰਦਾ।

ਇਸ਼ਕ ਅਜਾਬ ਹੈ ਜਾਂ ਬਹਿਸ਼ਤ ਹੈ, ਪਤਾ ਨਹੀਂ,
ਪਰ ਵੱਖਰਾ ਹੀ ਇਹਦਾ ਜਮਾਲ ਹੁੰਦਾ।

36. ਆਉਣ-ਜਾਣ

ਕਦੇ ਹੱਥ ਦੀ ਲਕੀਰ ਤੋਂ ਪੁੱਛਾਂ,
ਕਦੇ ਉਸ ਦੀ ਤਸਵੀਰ ਤੋਂ ਪੁੱਛਾਂ।
ਉਹ ਕਿਉਂ ਮੇਰਾ ਹੋਇਆ ਨਾ,
ਮਾੜੀ ਇਸ ਤਕਦੀਰ ਤੋਂ ਪੁੱਛਾਂ।

ਜਦੋਂ ਦੇ ਉਹ ਤੁਰ ਗਏ,
ਮੈਨੂੰ ਰੋਣ ਦਾ ਲਾ ਗਏ ਕੰਮ ਨੇ
ਰਹੇ ਦਿਲ ਦੇ ਵਿੱਚ ਉਦਾਸੀ ਸਦਾ
ਤੇ ਅੱਖਾਂ ਰਹਿੰਦੀਆਂ ਨਮ ਨੇ
ਹੁਣ ਇਸ ਪੀੜ ਦਾ ਇਲਾਜ,
ਮੈਂ ਕਿਸ ਜੋਗੀ ਪੀਰ ਤੋਂ ਪੁੱਛਾਂ?
ਕਦੇ ਹੱਥ ਦੀ ਲਕੀਰ..........।

ਉਹਲੇ ਹੋ ਕੇ ਲੰਘ ਗਈਆਂ,
ਮੇਰੇ ਤੋਂ ਮੌਜ ਬਹਾਰਾਂ ਵੀ
ਜੋਬਨ ਰੁੱਤੇ ਫੁੱਲ ਵੀ ਖਿੜਿਆ ਨਾ,
ਨਾ ਵੇਖਿਆ ਕੋਈ ਨਜ਼ਾਰਾ ਵੀ
ਹਰ ਸਿੱਪੀ ਨਿਕਲੀ ਖਾਲੀ ਕਿਉਂ
ਹੰਝੂਆਂ ਦੇ ਖਾਰੇ ਨੀਰ ਤੋਂ ਪੁੱਛਾਂ।
ਕਦੇ ਹੱਥ ਦੀ ਲਕੀਰ..........।

ਬੱਸ ਆਉਣ ਜਾਣ ਜਿਹਾ ਕਰ ਗਏ,
ਉਸ ਦਿਨ ਤੋਂ ਕਾਲੀ ਰਾਤ ਹੋਈ
ਅੱਜ ਤੱਕ ਜੋ ਪੂਰੀ ਹੋਈ ਨਾ,
ਜ਼ਿੰਦਗੀ ਵਿੱਚ ਐਸੀ ਘਾਟ ਹੋਈ
ਕਿੰਝ ਜ਼ਿੰਦਗੀ ਕੱਟਣੀ ਰੋ ਰੋ ਕੇ,
ਮੈਂ 'ਸਨੀ' ਜਿਹੇ ਦਿਲਗੀਰ ਤੋਂ ਪੁਛਾਂ।

ਕਦੇ ਹੱਥ ਦੀ ਲਕੀਰ ਤੋਂ ਪੁੱਛਾਂ,
ਕਦੇ ਉਸ ਦੀ ਤਸਵੀਰ ਤੋਂ ਪੁੱਛਾਂ।
ਉਹ ਕਿਉਂ ਮੇਰਾ ਹੋਇਆ ਨਾ,
ਮਾੜੀ ਇਸ ਤਕਦੀਰ ਤੋਂ ਪੁੱਛਾਂ।

37. ਹਾਕ ਨਾ ਮਾਰੀਂ

ਹਾਕ ਨਾ ਮਾਰੀਂ ਜਾਂਦੇ ਨੂੰ,
ਪਿੱਛੇ ਮੁੜ ਕੇ ਨਾ ਹੁਣ ਵੇਖ ਹੋਣਾ।
ਤੇਰੇ ਰੋਂਦੇ ਨੈਣ ਜੇ ਤੱਕ ਲਏ,
ਮੇਰੇ ਸੀਨੇ ਦੇ ਵਿੱਚ ਛੇਕ ਹੋਣਾ।

ਜ਼ਖ਼ਮ ਪਹਿਲਾਂ ਵਾਲੇ ਅੱਲ੍ਹੇ ਨੇ
ਤੇ ਪੀੜਾਂ ਹੀ ਬੱਸ ਪੱਲੇ ਨੇ
ਲੈ ਤੇਰੀ ਜੁਦਾਈ ਦੇ ਹੰਝੂ'
ਕੀ ਜ਼ਖ਼ਮਾਂ ਨੂੰ ਹੁਣ ਮੈਂ ਧੋਣਾ?
ਹਾਕ ਨਾ ਮਾਰੀਂ ਜਾਂਦੇ ਨੂੰ....।

ਕਰ ਚੱਲਿਆਂ ਰੁਸਵਾ ਚਾਵਾਂ ਨੂੰ
ਤੁਰ ਜਾਣਾਂ ਗ਼ਮ ਦੀਆਂ ਰਾਹਵਾਂ ਨੂੰ
ਵੇਖ ਵਕਤੋਂ ਮਾਰੇ ਆਸ਼ਿਕ ਨੂੰ
ਬੂਹਾ ਲੋਕਾਂ ਨੈ ਹੈ ਢੋਹਣਾ।
ਹਾਕ ਨਾ ਮਾਰੀਂ ਜਾਂਦੇ ਨੂੰ....।

ਹੋ ਨਿਬੜੀ ਗੱਲ ਪਿਆਰ ਦੀ
ਤੇ ਅੱਲ੍ਹੜ ਉਮਰੇ ਇਜ਼ਹਾਰ ਦੀ
ਚੰਗੀ ਹੋਈ ਜਾਂ ਮਾੜੀ ਹੋਈ,
ਹੁਣ ਛੱਡ ਇਸ ਗਲ ਦਾ ਰੋਣਾ।
ਹਾਕ ਨਾ ਮਾਰੀਂ ਜਾਂਦੇ ਨੂੰ....।

ਲੱਗੀਆਂ ਨੇ ਤਾਂ ਟੁੱਟਣਾ ਸੀ
ਸਾਥ ਇੱਕ ਦੂਜੇ ਦਾ ਛੁੱਟਣਾ ਸੀ
ਅੱਜ ਹੋ ਚੱਲੇ ਦਿਲ ਦੂਰ ਭਾਵੇਂ,
ਪਰ ਯਾਦਾਂ ਨੇ ਨਾ ਵੱਖ ਹੋਣਾ।

ਹਾਕ ਨਾ ਮਾਰੀਂ ਜਾਂਦੇ ਨੂੰ,
ਪਿੱਛੇ ਮੁੜ ਕੇ ਨਾ ਹੁਣ ਵੇਖ ਹੋਣਾ।
ਤੇਰੇ ਰੋਂਦੇ ਨੈਣ ਜੋ ਤੱਕ ਲਏ,
ਮੇਰੇ ਸੀਨੇ ਦੇ ਵਿੱਚ ਛੇਕ ਹੋਣਾ।

38. ਅਰਜ਼

ਇੱਕ ਵਾਰ ਰੂਬਰੂ ਆਜਾ, ਮੈ ਜੀਣ ਦਾ ਚੱਜ ਸਿਖਾ ਜਾ
ਮੈਨੂੰ ਦਰ-ਦਰ ਭਟਕੇ ਫਿਰਦੇ ਨੂੰ, ਫੜ ਉਂਗਲ ਰਾਹੇ ਪਾ ਜਾ
ਬੜਾ ਬੇਕਸ ਤੇ ਬੇਜਾਰ ਹਾਂ, ਹੁਣ ਆ ਕੇ ਦਰਦ ਵੰਡਾ ਜਾ।

ਦੇ ਜਾ ਦਵਾਈ ਹਾਸੇ ਦੀ, ਮੇਰੀ ਹੋ ਜਾਏ ਦੂਰ ਉਦਾਸੀ
ਪਿਆ ਪਿਆਲਾ ਵਸਲ ਦਾ, ਮੇਰੀ ਰੂਹ ਅਜਲਾਂ ਤੋਂ ਪਿਆਸੀ
ਨੀਰਸ ਮੇਰੀ ਹਸਤੀ ਨੂੰ, ਵੇ ਸੱਜਣਾ ਮਖਮੂਰ ਬਣਾ ਜਾ।
ਬੜਾ ਬੇਕਸ ਤੇ ਬੇਜਾਰ ਹਾਂ............................।

ਆ ਪਾ ਕੇ ਮਸੀਹਾ ਦਾ ਚੋਲਾ, ਜੀਹਨੂੰ ਛੂਹ ਕੇ ਰੋਗ ਮਿਟਾ ਲਵਾਂ
ਭਰ ਨਜ਼ਰਾਂ ਤੈਨੂੰ ਤੱਕ ਲਵਾਂ, ਸਿਰ ਸਿਜਦੇ 'ਚ ਤੇਰੇ ਝੁਕਾ ਲਵਾਂ
ਕੋਈ ਬੋਲ ਖੁਦਾਈ ਬੋਲ ਕੇ, ਦਿਨ ਜ਼ਿੰਦਗੀ ਦੇ ਹੋਰ ਵਧਾ ਜਾ ।
ਬੜਾ ਬੇਕਸ ਤੇ ਬੇਜਾਰ ਹਾਂ............................।

ਜਦੋਂ ਸੋਚਾਂ ਤੇਰੇ ਬਾਰੇ, ਮੈਨੂੰ ਚੜ੍ਹ ਜਾਂਦਾ ਏ ਚਾਅ ਜਿਹਾ
ਮੈਂ ਤੈਨੂੰ ਪਾਉਣਾ ਚਾਹੁੰਦਾ ਹਾਂ, ਤੂੰ ਜੰਨਤ ਜਾਂਦੇ ਰਾਹ ਜਿਹਾ
ਛੇੜ ਕੇ ਨੁਸਰਤੀ ਸੁਰ ਸੱਜਣਾ, ਮੇਰੇ ਕਦਮਾਂ ਨੂੰ ਥਿਰਕਣ ਲਾ ਜਾ।
ਬੜਾ ਬੇਕਸ ਤੇ ਬੇਜਾਰ ਹਾਂ, ਹੁਣ ਆ ਕੇ ਦਰਦ ਵੰਡਾ ਜਾ।

39. ਹੌਸਲਾ

ਮੈਂ ਰੁਕਣਾ ਨਹੀਂ ਕਿਉਂਕਿ ਰਾਹ ਹਾਲੇ ਹੋਰ ਆ।
ਮੈਂ ਥੱਕਣਾ ਨਹੀਂ ਕਿਉਂਕਿ ਸਾਹ ਹਾਲੇ ਹੋਰ ਆ।
ਆਲ੍ਹਣੇ ਨੂੰ ਛੱਡ ਮੈਂ ਉਡਾਰ ਭਾਵੇਂ ਹੋ ਗਿਆ
ਪਰ ਦੂਰ ਕਿਤੇ ਉੱਡਣੇ ਦੇ ਚਾਅ ਹਾਲੇ ਹੋਰ ਆ।

ਜੋਸ਼ ਹੈ ਕਿ ਉੱਡ ਕੇ ਚੰਨ ਤੱਕ ਜਾਵਾਂ ਮੈਂ
ਜਨੂੰਨ ਹੈ ਕਿ ਤਾਰਿਆਂ ਨੂੰ ਮੱਥੇ 'ਤੇ ਸਜਾਵਾਂ ਮੈਂ
ਮੇਰੇ ਹੋਸਲੇ ਦੇ ਭਾਂਬੜ ਚਾਹੇ ਮੱਧਮ ਹੋ ਚੱਲੇ
ਪਰ ਭਾਂਬੜਾਂ 'ਚ ਬਚੇ ਤਾਅ ਹਾਲੇ ਹੋਰ ਆ।

ਭਾਰ ਖੰਭਾਂ 'ਤੇ ਮਜਬੂਰੀਆਂ ਤੇ ਜ਼ਿੰਮੇਵਾਰੀਆਂ ਦਾ ਹੈ
ਕੁਝ ਯਾਰਾਂ, ਵੈਰੀਆਂ ਤੇ ਰਿਸ਼ਤੇਦਾਰੀਆਂ ਦਾ ਹੈ
ਹੈ ਪੈਰਾਂ 'ਚ ਜੰਜ਼ੀਰ ਸਮਾਜ ਦੇ ਹੀ ਰੀਤੀ ਰਿਵਾਜਾਂ ਦੀ
ਇਸ ਉਡਾਣ ਨਾਲ ਜੁੜਣੇ ਨਾਂ ਹਾਲੇ ਹੋਰ ਆ।

ਸਾਹਮਣੇ ਹਨੇਰਾ ਹੈ ਤਾਂ ਅੱਗੇ ਚਾਨਣ ਵੀ ਆਊਗਾ
ਸੱਧਰਾਂ ਦੀਆਂ ਔੜ ਤੇ ਕਾਮਯਾਬੀਆਂ ਦਾ ਮੀਂਹ ਵਰ੍ਹ ਜਾਊਗਾ
ਬੱਸ ਥੋੜੀ ਜਿਹੀ ਦੂਰ ਹੈ ਮੰਜ਼ਿਲ ਤੇਰੀ 'ਸਨੀ'
ਛੱਡ ਚੱਪਾ ਕੁ ਧਰਤੀ ਅੱਗੇ ਜਹਾਂ ਹਾਲੇ ਹੋਰ ਆ।

40. ਪਿਆਰ

ਪਿਆਰ ਧਰਤੀ ਦੇ ਹਰ ਇੱਕ ਪ੍ਰਾਣੀ ਨੂੰ ਖ਼ੁਦਾ ਵੱਲੋਂ ਬਖਸ਼ੀ ਗਈ ਸੱਭ ਤੋਂ ਉੱਤਮ ਦਾਤ ਹੈ। ਪਿਆਰ ਜਨਮ ਤੋਂ ਲੈ ਕੇ ਮਰਨ ਤੱਕ ਰਹਿੰਦਾ ਹੈ।ਬੱਸ ਉਮਰ ਦੇ ਹਰ ਪੜਾਅ 'ਤੇ ਇਸ ਦੇ ਰੂਪ ਅਤੇ ਕਿਰਦਾਰ ਬਦਲਦੇ ਰਹਿੰਦੇ ਹਨ।ਜਦੋਂ ਕੋਈ ਬੱਚਾ ਜਨਮ ਲੈਂਦਾ ਹੈ ਤਾਂ ਪੂਰਾ ਪਰਿਵਾਰ ਨਵੇਂ ਜੀਅ ਦੇ ਆਉਣ ਦੀਆਂ ਖੁਸ਼ੀਆਂ ਮਨਾਉਂਦਾ ਹੈ।ਰਿਸ਼ਤੇਦਾਰਾਂ ਤੇ ਗੁਆਢੀਆਂ ਨਾਲ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਦਾ ਹੈ।ਮਾਂ ਬੱਚੇ ਨੂੰ ਆਪਣੀ ਛਾਤੀ ਨਾਲ ਲਾ ਕੇ ਰੱਖਦੀ ਹੈ।ਉਸਨੂੰ ਆਪਣਾ ਦੁੱਧ ਚੁੰਘਾਉਂਦੀ ਹੈ।ਉਸਦੀਆਂ ਭਾਵਨਾਵਾਂ ਸਮਝਦੀ ਹੈ।ਉਸਨੂੰ ਰੋਂਦਾ ਵੇਖ ਕੇ ਪ੍ਰੇਸ਼ਾਨ ਹੋ ਜਾਂਦੀ ਹੈ ਉਸਦੀ ਮੁਸਕਰਾਹਟ ਵੇਖ ਕੇ ਅਸੀਮ ਖੁਸ਼ੀ ਨਾਲ ਭਰ ਜਾਂਦੀ ਹੈ।ਇਹ ਸੱਭ ਕੁਝ ਪਿਆਰ ਹੀ ਤਾਂ ਹੈ। ਜੋ ਇੱਕ ਮਾਂ ਨੂੰ ਆਪਣੇ ਬੱਚੇ ਨਾਲ ਹੁੰਦਾ ਹੈ।

ਇੱਕ ਪਿਤਾ ਆਪਣੇ ਬੱਚੇ ਦੇ ਭਵਿੱਖ ਬਾਰੇ ਸੋਚਦਾ ਹੈ ਉਸਦੀ ਹਰ ਜ਼ਰੂਰਤ ਦਾ ਖਿਆਲ ਰੱਖਦਾ ਹੈ।ਉਸਨੂੰ ਇੱਕ ਚੰਗੇ ਸਕੂਲ ਸਕੂਲ 'ਚ ਪੜ੍ਹਾ ਕੇ ਕਾਬਿਲ ਇਨਸਾਨ ਬਣਾਉਣਾ ਆਪਣਾ ਫ਼ਰਜ਼ ਸਮਝਦਾ ਹੈ।ਪਿਤਾ ਦੀ ਆਪਣੇ ਬੱਚੇ ਪ੍ਰਤੀ ਸੋਚ, ਖਿਆਲ ਤੇ ਫ਼ਰਜ਼ ਪਿੱਛੇ ਵੀ ਪਿਆਰ ਹੀ ਲੁਕਿਆ ਹੁੰਦਾ ਹੈ। ਜੋ ਬਾਪ ਦਾ ਬੱਚਿਆ ਲਈ ਹੁੰਦਾ ਹੈ।

ਅਕਸਰ ਇੰਝ ਹੁੰਦਾ ਹੈ ਕਿ ਜਦੋਂ ਕੋਈ ਕਿਸੇ ਵੱਲ ਆਕਰਸ਼ਿਤ ਹੁੰਦਾ ਹੈ ਤਾਂ ਉਸਦੇ ਸੁਭਾਅ ਵਿੱਚ ਤਬਦੀਲੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਿਵੇਂ ਕਿਸੇ ਨੂੰ ਵੇਖ ਕੇ ਦਿਲ ਜ਼ੋਰ ਜ਼ੋਰ ਨਾਲ ਧੜਕਣ ਲੱਗ ਪੈਂਦਾ ਹੈ, ਚਿਹਰੇ 'ਤੇ ਲਾਲੀ ਆ ਜਾਣੀ, ਹੱਥ 'ਚ ਫੜੀ ਚੀਜ਼ ਅਚਾਨਕ ਡਿੱਗ ਪੈਂਦੀ ਹੈ।ਲੁੱਕ ਲੁੱਕ ਕੇ ਵੇਖਣਾ ਪਰ ਸਾਹਮਣੇ ਆਉਣ ਤੋਂ ਸ਼ਰਮਾਉਣਾ। ਆਪਣੇ ਆਪ ਨੂੰ ਸ਼ੀਸ਼ੇ ਮੂਹਰੇ ਖੜ ਕੇ ਸਜਾਉਣਾ ਜਾਂ ਇਹੀ ਸੋਚੀ ਜਾਣਾ ਕਿ ਮੇਰੇ 'ਚ ਕੋਈ ਕਮੀ ਤਾਂ ਨਹੀਂ।ਇਹ ਸੱਭ ਜ਼ਿਆਦਾਤਰ ਅੱਲੜ੍ਹ ਉਮਰ 'ਚ ਹੁੰਦਾ ਹੈ।ਪਰ ਕਿਸੇ ਵੱਲ ਆਕਰਸ਼ਿਤ ਇਨਸਾਨ ਕਿਸੇ ਵੀ ਉਮਰ 'ਚ ਹੋ ਸਕਦਾ ਹੈ।ਇਹ ਇੱਕ ਸੁਭਾਵਿਕ ਜਿਹੀ ਗੱਲ ਹੈ। ਕਿਸੇ ਨੂੰ, ਕਿਸੇ ਦੀ ਸੁੰਦਰਤਾ ਆਕਰਸ਼ਿਤ ਕਰ ਸਕਦੀ ਹੈ।ਕਿਸੇ ਦੀ ਬੋਲੀ ਜਾਂ ਸੁਭਾਅ ਜਾਂ ਕੋਈ ਖਾਸ ਗੁਣ।ਜੇ ਸਾਹਮਣੇ ਵਾਲਾ ਵੀ ਤੁਹਾਡੀਆਂ ਭਾਵਨਾਵਾਂ ਨੂੰ ਸਮਝ ਲਵੇ ਤਾਂ ਗੱਲ ਅੱਗੇ ਵੱਧ ਜਾਂਦੀ ਹੈ ਨਹੀਂ ਤਾਂ ਆਕਰਸ਼ਣ ਕੁਝ ਸਮਾਂ ਪਾ ਕੇ ਖਤਮ ਹੋ ਜਾਂਦਾ ਹੈ ਕਿਉਂਕਿ ਜ਼ਿੰਦਗੀ ਬਹੁਤ ਤੇਜ਼ੀ ਨਾਲ ਅੱਗੇ ਵੱਧਦੀ ਹੈ ਤੇ ਬਹੁਤ ਕੁਝ ਪਿਛੇ ਰਹਿ ਜਾਂਦਾ ਹੈ।ਕਿਸੇ ਵੱਲ ਆਕਰਸ਼ਿਤ ਹੋਣਾ ਨਦੀ ਕਿਨਾਰੇ ਬਹਿ ਕੇ ਵਹਿੰਦੇ ਪਾਣੀ ਨੂੰ ਵੇਖਣ ਵਾਲੀ ਗੱਲ ਹੈ।ਪਰ ਨਦੀ ਵਿੱਚ ਗੋਤਾ ਲਾ ਕੇ ਮੋਤੀ ਕੱਢ ਲਿਆਉਣ ਨੂੰ ਪਿਆਰ ਕਿਹਾ ਜਾਂਦਾ ਹੈ।

ਕਿਸੇ ਆਪਣੇ ਪਿਆਰੇ ਤੋਂ ਦੂਰ ਹੋ ਕੇ ਫਿਰ ਵੀ ਉਹਦੀਆਂ ਯਾਦਾਂ 'ਚ ਗੁਆਚੇ ਰਹਿਣਾ, ਹਰ ਵੇਲੇ ਉਹਦਾ ਫਿਕਰ ਰਹਿਣਾ।ਚਾਹੇ ਕਿੰਨੀ ਵੀ ਦੂਰ ਕਿਉਂ ਨਾ ਹੋਵੇ ਫਿਰ ਵੀ ਭੁਲੇਖੇ ਪੈਣੇ, ਉਹਦੀਆਂ ਚੀਜ਼ਾਂ ਨੂੰ ਵੇਖ ਕੇ ਉਹਦੇ ਖਿਆਲ ਆਉਣੇ,ਇਹ ਸੱਭ ਕੁਝ ਪਿਆਰ ਦੀਆ ਹੀ ਨਿਸ਼ਾਨੀਆਂ ਹੁੰਦੀਆਂ ਹਨ ਜਾਂ ਪਿਆਰ ਦਾ ਇੱਕ ਰੂਪ ਹੈ।ਚਾਹੇ ਇੱਕ ਮਾਂ ਦਾ ਆਪਣੇ ਬੱਚੇ ਲਈ, ਇੱਕ ਭੈਣ ਦਾ ਆਪਣੇ ਭਰਾ ਲਈ, ਪਤਨੀ ਦਾ ਆਪਣੇ ਪਤੀ ਲਈ ਜਾਂ ਕਿਸੇ ਮਹਿਸੂਸ ਦਾ ਆਪਣੀ ਮਹਿਬੂਬਾ ਲਈ ਹੋਵੇ।

ਜਾਨਵਰ ਤੇ ਪੰਛੀ ਵੀ ਪਿਆਰ ਤੋਂ ਵਾਂਝੇ ਨਹੀ ਹੋ ਸਕਦੇ ਉਹਨਾਂ ਵਿੱਚ ਵੀ ਪਿਆਰ ਹੁੰਦਾ ਹੈ ਚਾਹੇ ਉਹ ਇਨਸਾਨਾਂ ਵਾਂਗ ਬੋਲ ਨਹੀਂ ਸਕਦੇ ਪਰ ਫਿਰ ਵੀ ਉਹ ਆਪਣੀਆਂ ਭਾਵਨਾਵਾਂ ਜਾਂ ਕੰਮਾਂ ਰਾਹੀਂ ਆਪਣਾ ਪਿਆਰ ਦਰਸਾਉਂਦੇ ਹਨ।ਇਸਦੀ ਸੱਭ ਤੋਂ ਵੱਡੀ ਮਿਸਾਲ ਘਰ ਵਿੱਚ ਪਾਲੇ ਹੋਏ ਕੁੱਤੇ ਤੋਂ ਹੀ ਲਈ ਜਾ ਸਕਦੀ ਹੈ।ਕਹਿੰਦੇ ਹਨ ਕਿ ਜੇਕਰ ਕਿਸੇ ਕੁੱਤੇ ਨੂੰ ਇੱਕ ਵਾਰ ਰੋਟੀ ਦਾ ਟੁਕੜਾ ਪਾ ਦਿਓ ਜਾਂ ਮੁਸੀਬਤ ਵੇਲੇ ਉਸਦੀ ਮਦਦ ਕਰੋ ਤਾਂ ਉਹ ਕਈ ਸਾਲਾਂ ਬਾਅਦ ਵੀ ਉਸ ਇਨਸਾਨ ਨੂੰ ਪਛਾਣ ਲੈਂਦਾ ਹੈ।ਇਸ ਤਰ੍ਹਾਂ ਉਹ ਆਪਣਾ ਪਿਆਰ ਤੇ ਅਹਿਸਾਨ ਦੀ ਕਰਜ਼ਦਾਰੀ ਵਿਖਾਉਂਦਾ ਹੈ।

ਧਰਮ ਗ੍ਰੰਥਾਂ 'ਚ ਵੀ ਪਿਆਰ ਬਾਰੇ ਬਹੁਤ ਕੁਝ ਲਿਖਿਆ ਗਿਆ ਹੈ। ਗੁਰੂ ਨਾਨਕ ਦੇਵ ਜੀ ਨੇ ਫੁਰਮਾਇਆ ਹੈ ਕਿ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ॥ਅਰਥਾਤ ਜੇ ਖ਼ੁਦਾ ਨੂੰ ਪਾਉਣਾ ਹੈ ਤਾਂ ਤੁਹਾਡੇ 'ਚ ਪਿਆਰ ਹੋਣਾ ਬਹੁਤ ਜ਼ਰੂਰੀ ਹੈ।ਪਵਿੱਤਰ ਬਾਈਬਲ ਦੱਸਦੀ ਹੈ ਕਿ ਚਾਹੇ ਤੁਹਾਡੇ 'ਚ ਪਹਾੜਾਂ ਨੂੰ ਹਿਲਾ ਦੇਣ ਵਾਲੀ ਤਾਕਤ ਹੋਵੇ, ਤੁਸੀਂ ਭਵਿੱਖਵਾਣੀਆਂ ਕਰ ਸਕਦੇ ਹੋਵੋਂ, ਤੁਹਾਡੇ 'ਚ ਮੁਰਦਿਆਂ ਨੂੰ ਜ਼ਿੰਦਾ ਕਰ ਦੇਣ ਵਾਲੀ ਸ਼ਕਤੀ ਵੀ ਕਿਉਂ ਨਾ ਹੋਵੇ।ਜੇਕਰ ਤੁਹਾਡੇ 'ਚ ਪਿਆਰ ਨਹੀਂ ਤਾਂ ਬਾਕੀ ਸੱਬ ਕੁਝ ਵਿਆਰਥ ਹੈ, ਤੁਸੀਂ ਕਿਸੇ ਨਿਰਜੀਵ ਵਸਤੂ ਵਾਂਗ ਹੋ।

ਮੀਰਾ ਵੀ ਸ਼੍ਰੀ ਕ੍ਰਿਸ਼ਨ ਨੂੰ ਬਿਨਾਂ ਵੇਖਿਆਂ ਜਾਂ ਮਿਲਿਆਂ, ਬੱਸ ਉਹਦੀ ਕਲਪਨਾ ਕਰਕੇ ਸਾਰੀ ਉਮਰ ਉਹਦੀ ਪੂਜਾ ਕਰਦੀ ਰਹੀ, ਉਸ ਨੂੰ ਆਪਣਾ ਸੱਭ ਕੁਝ ਮੰਨ ਲਿਆ।ਉਹਦੇ ਲਈ ਗਲੀਆਂ 'ਚ ਨੱਚਦੀ, ਉਹਦੇ ਲਈ ਗਾਉਂਦੀ ਸੀ "ਸਾਸੋਂ ਕੀ ਮਾਲਾ ਪੇ ਸਿਮਰੂ ਮੈਂ ਪੀ ਕਾ ਨਾਮ।" ਮੀਰਾ ਸ਼੍ਰੀ ਕ੍ਰਿਸ਼ਨ ਦੇ ਪਿਆਰ ਵਿੱਚ ਪੂਰੀ ਤਰ੍ਹਾਂ ਡੁੱਬੀ ਹੋਈ ਸੀ।ਇਹ ਪਿਆਰ ਦੀ ਪੂਰੀ ਡੂੰਘਾਈ ਸੀ।

ਕਿਹਾ ਜਾਂਦਾ ਹੈ ਕਿ ਪਿਆਰ ਤੇ ਜੰਗ ਵਿੱਚ ਸੱਭ ਕੁਝ ਜਾਇਜ਼ ਹੁੰਦਾ ਹੈ।ਪਰ ਮੇਰਾ ਅਜਿਹਾ ਮੰਨਣਾ ਨਹੀਂ ਹੈ।ਜੇ ਤੁਸੀਂ ਕਿਸੇ ਨਾਲ ਜੰਗ ਕਰਨਾ ਚਾਹੁੰਦੇ ਹੋ ਤਾਂ ਮਰਨ ਮਰਾਉਣ 'ਤੇ ਉਤਾਰੂ ਹੋ ਤਾਂ ਤੁਸੀਂ ਕਿਸੇ ਵੀ ਹੱਦ ਤੱਕ ਜਾ ਸਕਦੇ ਹੋ।ਪਰ ਪਿਆਰ ਤਾਂ ਸਿਰਫ ਤੇ ਸਿਰਫ ਪਿਆਰ ਨਾਲ ਹੀ ਜਿੱਤ ਸਕਦੇ ਹੋ।ਜਿਸ ਚੀਜ਼ ਜਾਂ ਕੰਮ 'ਚ ਪਿਆਰ ਆ ਗਿਆ ਉਥੇ ਦੂਜੀ ਕੋਈ ਗੱਲ ਹੋ ਹੀ ਨਹੀਂ ਸਕਦੀ ਪਿਆਰ ਅਮਰ ਹੈ, ਪਿਆਰ ਸਹਿਨਸ਼ੀਲ ਹੈ, ਪਿਆਰ ਦਿਆਲੂ ਹੈ, ਪਿਆਰ ਮਰਦਾ ਨਹੀਂ, ਬੱਸ ਇਸਦਾ ਰੂਪ ਬਦਲ ਜਾਂਦਾ ਹੈ।