ਜੀਵਨੀ ਅਮਰ ਸਿੰਘ ਮਨਸੂਰ (ਸ਼ੇਰੇ ਪੰਜਾਬ)
ਅਮਰ ਸਿੰਘ ਮਨਸੂਰ (ਸ਼ੇਰੇ ਪੰਜਾਬ) (1888-1948 ਈ.) : ਪ੍ਰਸਿੱਧ ਪੱਤਰਕਾਰ ਸ. ਅਮਰ ਸਿੰਘ ਸ਼ੇਰੇ ਪੰਜਾਬ ਦਾ ਜਨਮ 27 ਮਈ 1888 ਈ. ਨੂੰ ਪੱਛਮੀ
ਪੰਜਾਬ ਦੇ ਅਟਕ (ਕੈਂਬਲਪੁਰ) ਜ਼ਿਲ੍ਹੇ ਦੇ ਪਿੰਡੀਘੇਬ ਨਗਰ ਵਿਚ ਸ. ਗੁਲਾਬ ਸਿੰਘ ਦੇ ਘਰ ਹੋਇਆ ਜੋ ਉਸ ਸਮੇਂ ਜੰਮੂ-ਕਸ਼ਮੀਰ ਦੇ ਮਹਾਰਾਜਾ
ਪ੍ਰਤਾਪ ਸਿੰਘ ਦੀ ਸੇਵਾ ਵਿਚ ਸੀ । ਆਪ ਦਾ ਦਾਦਾ ਸ. ਗੌਹਰ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ਵਿਚ ਪਹਿਲਾਂ ਕੁਮੇਦਾਨ ਸੀ ਅਤੇ
ਬਾਦ ਵਿਚ ਜੰਡ, ਕਾਲਾਬਾਗ਼, ਟੱਮਣ, ਤਲਾਗੰਗ ਅਤੇ ਪਿੰਡੀਘੇਬ ਦੇ ਪ੍ਰਸ਼ਾਸਕ ਦੀ ਜ਼ਿੰਮੇਵਾਰੀ ਨਿਭਾਉਂਦਾ ਸੀ । ਆਪ ਨੇ ਮੁੱਢਲੀ ਤਾਲੀਮ
ਉਰਦੂ ਅਤੇ ਫ਼ਾਰਸੀ ਵਿਚ, ਕਸ਼ਮੀਰ ਵਿਚ ਠਹਿਰ ਦੌਰਾਨ ਪ੍ਰਾਪਤ ਕੀਤੀ । ਪਰ ਛੋਟੀ ਉਮਰ ਵਿਚ ਹੀ ਮਾਤਾ ਦੇ ਦੇਹਾਂਤ ਕਰਕੇ ਪਿੰਡੀਘੇਬ
ਆਉਣਾ ਪਿਆ ।
ਜਵਾਨ ਹੋਣ ਤੇ ਆਪ ਫ਼ੌਜ ਵਿਚ ਭਰਤੀ ਹੋ ਗਏ, ਪਰ ਉਹ ਨੌਕਰੀ ਆਪ ਨੂੰ ਰਾਸ ਨ ਆਈ । ਉਸ ਤੋਂ ਮੁਕਤ ਹੋ ਕੇ ਆਪ ਨੇ ਪਹਿਲਾਂ ਰਾਵਲਪਿੰਡੀ
ਵਿਚ ਫਰਨੀਚਰ ਦੀ ਦੁਕਾਨ ਖੋਲੀ । ਪਰ ਜਲਦੀ ਹੀ ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਅਧੀਨ 11 ਜੂਨ 1911 ਈ. ਨੂੰ ਲਾਇਲ ਗਜ਼ਟ
ਪ੍ਰਕਾਸ਼ਿਤ ਕਰਨਾ ਸ਼ੁਰੂ ਕੀਤਾ, ਜਿਸ ਰਾਹੀਂ ਆਪ ਨੇ ਦੀਵਾਨ ਦੇ ਰਾਜਸੀ, ਸਮਾਜਿਕ ਅਤੇ ਧਾਰਮਿਕ ਵਿਚਾਰਾਂ ਦਾ ਪ੍ਰਤਿਪਾਦਨ ਕੀਤਾ ।
ਕਾਦਿਆਨੀ ਫ਼ਿਰਕੇ ਵਲੋਂ ਤਹਜ਼ੀਬੇ ਕਾਦਿਆਨੀ ਨਾਂ ਦੇ ਇਕ ਟ੍ਰੈਕਟ ਦੇ ਛਾਪੇ ਜਾਣ ਤੇ ਆਪ ਨੇ ਆਪਣਾ ਪ੍ਰਤਿਕਰਮ ਜ਼ਾਹਿਰ ਕੀਤਾ ਜਿਸ ਦੇ
ਫਲਸਰੂਪ ਸਿੱਖ-ਜਗਤ ਵਿਚ ਆਪ ਦੀ ਕਾਫ਼ੀ ਸ਼ੋਭਾ ਹੋਈ । ਗੁਰਦੁਆਰਾ ਰਕਾਬ ਗੰਜ , ਨਵੀਂ ਦਿੱਲੀ, ਦੇ ਮੋਰਚੇ ਅਤੇ ਬਜਬਜ ਘਾਟ, ਕਲਕੱਤਾ
ਵਿਖੇ ਹੋਏ ਸਿੱਖਾਂ ਉਤੇ ਜ਼ੁਲਮ ਦਾ ਹੂ-ਬ-ਹੂ ਚਿਤਰ ਪੇਸ਼ ਕਰਨ ਕਰਕੇ ਸਰਕਾਰ ਨੇ ਆਪ ਪਾਸੋਂ ਲਾਇਲ ਗਜ਼ਟ ਦੀ ਜ਼ਮਾਨਤ ਮੰਗ ਲਈ ।
ਉਧਰੋਂ ਚੀਫ਼ ਖ਼ਾਲਸਾ ਦੀਵਾਨ ਨੇ ਵੀ ਸਰਪ੍ਰਸਤੀ ਹਟਾ ਲਈ । ਫਲਸਰੂਪ ਆਪ ਸੰਨ 1921 ਈ. ਤੋਂ ਬਾਬਾ ਖੜਕ ਸਿੰਘ ਦੇ ਸੰਪਰਕ ਵਿਚ ਆ
ਗਏ ਅਤੇ ਲਾਇਲ ਗਜ਼ਟ ਦਾ ਨਾਂ ਬਦਲ ਕੇ ਸ਼ੇਰੇ-ਪੰਜਾਬ ਕਰ ਦਿੱਤਾ । ਇਹ ਉਰਦੂ ਹਫ਼ਤਾਰ ਉਦੋਂ ਲਾਹੌਰ ਤੋਂ ਅਤੇ ਹੁਣ ਦਿੱਲੀ ਤੋਂ ਲਗਾਤਾਰ
ਛਪਦਾ ਆ ਰਿਹਾ ਹੈ । ਇਸ ਦਾ ਨਾਂ ਆਪ ਦੇ ਨਾਂ ਨਾਲ ਸਥਾਈ ਤੌਰ ਤੇ ਜੁੜ ਗਿਆ ਹੈ ।
ਸੰਨ 1921 ਈ. ਤੋਂ ਆਪ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਗਏ ਅਤੇ ਜੈਤੋ ਦੇ ਮੋਰਚੇ ਵਿਚ ਭਾਗ ਲੈਣ ਤੇ ਦੋ ਸਾਲ ਦੀ ਕੈਦ ਦੀ ਸਜ਼ਾ ਪਾਈ ।
ਸੰਨ 1926 ਈ. ਅਤੇ 1930 ਈ. ਵਿਚ ਆਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਗਏ ਅਤੇ ਬਾਦ ਵਿਚ ਵੀ ਸੰਬੰਧਿਤ ਰਹੇ ।
ਆਪ ਲਾਹੌਰ ਮਿਉਂਸਪਲ ਕਮੇਟੀ ਦੇ 16 ਸਾਲ ਮੈਂਬਰ ਰਹੇ । ਸਥਾਨਕ ਸਿੰਘ ਸਭਾ ਅਤੇ ਸਿੱਖ ਧਰਮ-ਧਾਮਾਂ ਦੇ ਵੀ ਬੜੇ ਲੰਬੇ ਸਮੇਂ ਤਕ ਪ੍ਰਧਾਨ ਰਹੇ ।
ਸੰਨ 1934 ਈ. ਵਿਚ ਜਦੋਂ ਬਾਬਾ ਖੜਕ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਨਾਲੋਂ ਆਪਣਾ ਸੰਬੰਧ ਤੋੜ ਕੇ ਸੈਂਟ੍ਰਲ ਅਕਾਲੀ ਦਲ ਕਾਇਮ ਕੀਤਾ ਤਦੋਂ
ਆਪ ਨੂੰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਦੀ ਜ਼ਿੰਮੇਵਾਰੀ ਸੌਂਪੀ ਗਈ । ਆਪ ਆਖ਼ਰੀ ਦਮ ਤਕ ਬਾਬਾ ਖੜਕ ਸਿੰਘ ਨਾਲ ਮਿਲ ਕੇ ਚਲੇ । ਦੇਸ਼-ਵੰਡ ਤੋਂ
ਬਾਦ ਆਪ ਦਿੱਲੀ ਜਾ ਵਸੇ , ਪਰ ਬੀਮਾਰ ਹੋ ਜਾਣ ਕਾਰਣ ਕਸੌਲੀ ਇਲਾਜ ਲਈ ਚਲੇ ਗਏ ਜਿਥੇ 9 ਜੁਲਾਈ 1948 ਈ. ਨੂੰ ਆਪ ਦਾ ਦੇਹਾਂਤ ਹੋ ਗਿਆ ।
ਸ. ਅਮਰ ਸਿੰਘ ਉਰਦੂ ਦੇ ਇਕ ਸਸ਼ਕਤ ਲੇਖਕ ਅਤੇ ਸ਼ੈਲੀਕਾਰ ਸਨ । ਉਰਦੂ ਅਤੇ ਫ਼ਾਰਸੀ ਵਿਚ ਮਨਸੂਰ ਕਵੀ ਛਾਪ ਅਧੀਨ ਕਵਿਤਾ ਰਚਦੇ
ਸਨ । ਕਈ ਵਾਰ ਹਿੰਦੀ ਅਤੇ ਪੰਜਾਬੀ ਵਿਚ ਵੀ ਕਵਿਤਾ ਲਿਖਦੇ ਸਨ । ਆਪ ਨੇ ਉਰਦੂ ਵਿਚ ਗੁਰੂ ਅਰਜਨ ਦੇਵ , ਗੁਰੂ ਤੇਗ ਬਹਾਦਰ ਅਤੇ ਗੁਰੂ ਗੋਬਿੰਦ
ਸਿੰਘ ਦੀਆਂ ਜੀਵਨੀਆਂ ਸਿਰਜੀਆਂ ਸਨ । ਆਪ ਨੇ ਜਪੁਜੀ, ਸੁਖਮਨੀ, ਮੂਲ-ਮੰਤ੍ਰ ਅਤੇ ਜੈਤਸਰੀ ਕੀ ਵਾਰ ਦੇ ਉਰਦੂ ਵਿਚ ਟੀਕੇ ਲਿਖੇ ਅਤੇ ਉਮਰ ਖ਼ਿਆਮ
ਦੀਆਂ ਰੁਬਾਈਆਂ ਦਾ ਪੰਜਾਬੀ ਰਾਈਟਰ ਵਿਚ ਅਨੁਵਾਦ ਵੀ ਕੀਤਾ ਸੀ । ਇਨ੍ਹਾਂ ਰਚਨਾਵਾਂ ਤੋਂ ਇਲਾਵਾ ਆਪ ਨੇ ਉਰਦੂ ਵਿਚ ਦੋ ਨਾਵਲ ਅਤੇ ਕੁਝ ਕਹਾਣੀਆਂ
ਲਿਖਣ ਦਾ ਯਤਨ ਵੀ ਕੀਤਾ ਸੀ । ਆਪ ਜਿਥੇ ਕਲਮ ਦੇ ਧਨੀ ਸਨ , ਉਥੇ ਪ੍ਰਭਾਵਸ਼ਾਲੀ ਵਕਤਾ ਵੀ ਸਨ । ਸਿੱਖਾਂ ਦੇ ਰਾਜਨੈਤਿਕ ਅਤੇ ਧਾਰਮਿਕ ਸਮਾਗਮਾਂ
ਵਿਚ ਆਪ ਦੇ ਭਾਸ਼ਣਾਂ ਨੂੰ ਬੜੇ ਧਿਆਨ ਨਾਲ ਸੁਣਿਆ ਜਾਂਦਾ ਸੀ । ਵੀਹਵੀਂ ਸਦੀ ਦੇ ਪੂਰਵ-ਅੱਧ ਵਿਚ ਆਪ ਇਕ ਸਨਮਾਨਿਤ ਸਿੱਖ ਸ਼ਖ਼ਸੀਅਤ ਦੇ ਸੁਆਮੀ ਸਨ ।
(ਲੇਖਕ : ਡਾ. ਰਤਨ ਸਿੰਘ ਜੱਗੀ)
|