Harbhajan Singh Bhatia
ਹਰਿਭਜਨ ਸਿੰਘ ਭਾਟੀਆ

Punjabi Writer
  

Punjabiat Di Bhavna Te Dharm Nirpekhta Da Sirnavan Bawa Budh Singh

ਪੰਜਾਬੀਅਤ ਦੀ ਭਾਵਨਾ ਤੇ ਧਰਮ ਨਿਰਪੇਖਤਾ ਦਾ ਸਿਰਨਾਵਾਂ ਬਾਵਾ ਬੁੱਧ ਸਿੰਘ-ਹਰਿਭਜਨ ਸਿੰਘ ਭਾਟੀਆ

ਵੀਹਵੀਂ ਸਦੀ ਦੇ ਪਹਿਲੇ ਤਿੰਨ ਦਹਾਕਿਆਂ ਵਿਚ ਸਰਗਰਮ ਰਹੇ ਪੰਜਾਬੀ ਚਿੰਤਕਾਂ ਵਿਚ ਬਾਵਾ ਬੁੱਧ ਸਿੰਘ ਦਾ ਨਾਂ ਕਿਸੇ ਤਰ੍ਹਾਂ ਵੀ ਵਿਸਾਰਣਯੋਗ ਨਹੀਂ। ਗੁਲਾਮ ਹਿੰਦੁਸਤਾਨ ਵਿਚ ਵਿਚਰਦਿਆਂ ਉਸ ਆਪਣੇ ਜ਼ਮਾਨੇ ਦੀ ਨਬਜ਼ ਨੂੰ ਪਛਾਣਿਆ। ਠੀਕ ਵਕਤ ਉੱਪਰ ਢੁਕਵੇਂ ਸਵਾਲ ਖੜ੍ਹੇ ਕੀਤੇ। ਗੌਲਣਯੋਗ ਨੂੰ ਗੌਲਿਆ ਅਤੇ ਪ੍ਰਚਲਿਤ ਗ਼ਲਤ ਵਰਤਾਰਿਆਂ ਦੇ ਖਿਲਾਫ ਆਪਣੀ ਰਾਇ ਪ੍ਰਗਟ ਕਰਨ ਤੋਂ ਸੰਕੋਚ ਨਾ ਕੀਤਾ। ਰਾਇ ਦੇ ਪ੍ਰਗਟਾਵੇ ਲਈ ਆਪਣੀ ਸਿਰਜਣ-ਸ਼ਕਤੀ ਅਤੇ ਸੰਵਾਦੀ-ਸ਼ਕਤੀ ਦਾ ਖੁੱਲ ਕੇ ਪ੍ਰਯੋਗ ਕੀਤਾ। ਉਸਦੀ ਸਮੁੱਚੀ ਰਚਨਾਵਲੀ ਭਾਸ਼ਾ ਵਿਭਾਗ, ਪੰਜਾਬ ਵਲੋਂ ਤਿੰਨ ਜਿਲਦਾਂ ਬਾਵਾ ਬੁੱਧ ਸਿੰਘ ਰਚਨਾਵਲੀ (ਕਵਿਤਾ), ਬਾਵਾ ਬੁੱਧ ਸਿੰਘ ਰਚਨਾਵਲੀ (ਨਾਟਕ) ਅਤੇ ਬਾਵਾ ਬੁੱਧ ਸਿੰਘ ਰਚਨਾਵਲੀ (ਵਾਰਤਕ) ਵਿਚ ਸਾਂਭੀ ਜਾ ਚੁੱਕੀ ਹੈ। ਸਾਹਿਤ ਚਿੰਤਨ ਸੰਬੰਧਿਤ ਉਸਦੀ ਰਚਨਾਵਲੀ ਨੂੰ ਸਾਹਿਤ ਅਕਾਦੇਮੀ ਦਿੱਲੀ ਨੇ ਵੀ ਮੁੜ ਛਾਪਿਆ – ਇਨ੍ਹਾਂ ਅਦਾਰਿਆਂ ਵਿਚ ਪਰਸਪਰ ਤਾਲਮੇਲ ਦੀ ਘਾਟ ਕਰਕੇ। ਪਰੰਤੂ ਇਹ ਸਮੁੱਚੀ ਰਚਨਾ ਵੀ ਪੰਜਾਬੀ ਚਿੰਤਕਾਂ ਦੀ ਪ੍ਰਚਲਿਤ ਬੇਧਿਆਨੀ ਦਾ ਸ਼ਿਕਾਰ ਹੋਈ ਹੈ। ਸਾਹਿਤ ਚਿੰਤਨ ਨਾਲ ਸੰਬੰਧਿਤ ਉਸ ਦੀਆਂ ਪੁਸਤਕਾਂ ਨੂੰ ਪ੍ਰਭਾਵਵਾਦੀ, ਪ੍ਰਸੰਸਾਵਾਦੀ ਆਖ ਅਤੇ ਦ੍ਰਿਸ਼ਟੀ ਨੂੰ ਆਦਰਸ਼ਵਾਦੀ ਗਰਦਾਨ ਚਰਚਾ ਠੱਪੀ ਜਾ ਚੁੱਕੀ ਹੈ। ਬਾਵਾ ਬੁੱਧ ਸਿੰਘ ਤਮਾਮ ਉਮਰ ਪੰਜਾਬੀ ਭਾਸ਼ਾ ਅਤੇ ਸਾਹਿਤ ਪ੍ਰਤਿ ਝੱਲਪੁਣੇ ਦੀ ਹੱਦ ਤਕ ਮੋਹ ਸਦਕਾ "ਘੱਟੇ ਮਿੱਟੀ ਖਾਧੀਆਂ ਪੋਥੀਆਂ ਵਿਚੋਂ ਢੂੰਡ ਕੇ ਸਾਫ ਸੁਥਰੇ ਬਣਾ" ਪੁਰਾਣੇ ਹੋ ਗੁਜ਼ਰੇ ਕਵੀਆਂ ਦੇ ਅੰਤਰੀਵ ਭਾਵ ਖੋਜਦਾ ਰਿਹਾ। ਅਜ ਖੁੱਦ ਉਸਦੀਆਂ ਪੋਥੀਆਂ ਘੱਟੇ ਮਿੱਟੀ ਵਿਚ ਦਮ ਤੋੜ ਰਹੀਆਂ ਹਨ ਅਤੇ ਉਨ੍ਹਾਂ ਵਿਚਲੇ ਅੰਤਰੀਵ ਭਾਵ ਅਤੇ ਅਣਸੁਲਝੇ ਸਵਾਲ ਆਪਣੇ ਸਮੇਂ ਦੇ ਅਤੇ ਹੁਣ ਦੇ ਜ਼ਮਾਨੇ ਵਿਚ ਪਰਖਿਆ ਜਾਣਾ ਲੋਚਦੇ ਹਨ।

ਪਹਿਲਾਂ ਗੱਲ ਬਾਵਾ ਜੀ ਦੇ ਜੀਵਨ ਨਾਲ ਸੰਬੰਧਿਤ ਸਮਾਚਾਰਾਂ ਦੀ : ਉਨ੍ਹਾਂ ਦਾ ਜਨਮ ੪ ਜੁਲਾਈ ੧੮੭੮ ਈ. ਨੂੰ ਲਾਹੌਰ ਵਿਖੇ ਬਾਵਾ ਲਹਿਣਾ ਸਿੰਘ ਜੀ ਦੇ ਘਰ ਹੋਇਆ। ਆਪ ਦੇ ਦਾਦਾ ਬਾਬਾ ਮੂਲ ਸਿੰਘ ਲਾਹੌਰ ਸ਼ਹਿਰ ਦੇ ਮਹਲਾ ਸਰੀਨ ਵਿਚ ਵਸੇ। ਆਪ ਦੇ ਖ਼ਾਨਦਾਨ ਦੀ ਲੜੀ ਨੂੰ ਖੋਜੀ ਗੁਰੂ ਅਮਰਦਾਸ ਜੀ ਨਾਲ ਜੋੜਦੇ ਹੋਏ ਦੱਸਦੇ ਹਨ ਕਿ ਆਪ ਦੇ ਵੱਡੇ-ਵਡੇਰੇ ਗੋਇੰਦਵਾਲ (ਗੁਰੂ ਅਮਰਦਾਸ ਜੀ ਦੇ ਨਿਵਾਸ ਸਥਾਨ) ਦੇ ਵਾਸੀ ਸਨ। ਪੰਜਾਬੀ ਭਾਸ਼ਾ ਤੇ ਵਿਰਸੇ ਨਾਲ ਮੋਹ ਉਨ੍ਹਾਂ ਨੂੰ ਪਰਿਵਾਰਕ ਮਾਹੌਲ ਵਿਚੋਂ ਪ੍ਰਾਪਤ ਹੋਇਆ। ਫ਼ਾਰਸੀ ਦੀ ਤਾਲੀਮ ਉਨ੍ਹਾਂ ਮੌਲਵੀਆਂ ਪਾਸੋਂ ਹਾਸਲ ਕੀਤੀ। ੧੯੦੨ ਈ. ਵਿਚ ਆਪ ਨੇ ਇੰਜੀਨੀਅਰੀ ਪਾਸ ਕੀਤੀ ਅਤੇ ਲਾਇਲਪੁਰ ਵਿਖੇ ਐਸ.ਡੀ.ਓ. ਲੱਗ ਗਏ। ਉਨ੍ਹਾਂ ਦੀ ਸ਼ਖ਼ਸੀਅਤ ਨੂੰ ਘਰੇਲੂ ਮਾਹੌਲ, ਸੰਸਕਾਰਾਂ, ਸ਼ੌਕ, ਜਗਿਆਸਾ ਅਤੇ ਰਸਮੀ ਤਾਲੀਮ ਦੀ ਆਪਸੀ ਰਗੜ ਨੇ ਘੜਿਆ-ਬਣਾਇਆ। ਇਕ ਸੜਕ ਹਾਦਸੇ ਵਿਚ ਜ਼ਖ਼ਮੀ ਹੋ ਬਾਵਾ ਬੁੱਧ ਸਿੰਘ ੧੬ ਅਕਤੂਬਰ ੧੯੩੧ ਈ. ਨੂੰ ਇਸ ਜਹਾਨ ਨੂੰ ਅਲਵਿਦਾ ਆਖ ਗਏ। ਇਸੇ ਵਰ੍ਹੇ ਹੀ ਪੰਜਾਬੀਆਂ ਦਾ ਹਰਮਨਪਿਆਰਾ ਸ਼ਾਇਰ ਪ੍ਰੋ. ਪੂਰਨ ਸਿੰਘ ਪੰਜਾਬੀਆਂ ਪਾਸੋਂ ਸਦਾ ਲਈ ਜੁਦਾ ਹੋ ਗਿਆ ਸੀ। ਪ੍ਰੋ. ਪੂਰਨ ਸਿੰਘ ਵਾਂਗ ਬਾਵਾ ਜੀ ਵੀ ਲੰਮੀ ਉਮਰ ਨਹੀਂ ਜੀਵੇ। ਵੱਡੇ ਕਾਰਨਾਮੇ ਕਰਨ ਲਈ ਸ਼ਾਇਦ ਜੀਵਨ ਦੇ ਲੰਮੇ ਅਰਸੇ ਦੀ ਲਾਜ਼ਮੀ ਤੌਰ ਤੇ ਜ਼ਰੂਰਤ ਨਹੀਂ ਹੁੰਦੀ। ਜੀਵਨ ਦਾ ਆਕਾਰ ਅਸਲ ਵਿਚ ਕੰਮਕਾਰ ਦੇ ਗਜ਼ਾਂ ਨਾਲ ਮਾਪਿਆ ਜਾਣਾ ਚਾਹੀਦਾ ਹੈ; 'ਸਫਲਤਾ' ਨਹੀਂ 'ਸਾਰਥਕਤਾ' ਬਣਨੀ ਚਾਹੀਦੀ ਹੈ ਮਹਾਨਤਾ ਦੀ ਪਰਖ ਦਾ ਪੈਮਾਨਾ।

ਬਾਵਾ ਬੁੱਧ ਸਿੰਘ ਨੇ ਪ੍ਰੀਤਮ ਛੁਹ ਪ੍ਰੀਤਮ ਛੁਹ ਪ੍ਰੀਤਮ ਛੁਹਦੇ ਸਿਰਲੇਖ ਹੇਠ ਜਿਥੇ ਮੌਲਿਕ ਕਵਿਤਾ ਰਚੀ ਉਥੇ ਬਹੁਤ ਸਾਰੀ ਕਾਵਿ ਰਚਨਾ ਦਾ ਅਨੁਵਾਦ ਵੀ ਕੀਤਾ। ਚੰਦਰ ਹਰੀ, ਦਾਮਨੀ, ਮੁੰਦਰੀ ਛਲ, ਨਾਰ ਨਵੇਲੀ ਅਤੇ ਗ੍ਰਹਿਸਤ ਆਸ਼ਰਮ ਉਸ ਦੇ ਨਾਟਕ ਹਨ। ਸਭ ਤੋਂ ਵੱਧ ਰੀਝ ਨਾਲ ਉਸ ਗ੍ਰਹਿਸਤ ਆਸ਼ਰਮ ਜਿਹੜਾ ਕਾਰਜ ਕੀਤਾ ਉਹ ਪੁਰਾਤਨ ਵਿਰਸੇ ਦੀ ਸਾਂਭ-ਸੰਭਾਲ ( ਜਿਸ ਨੂੰ ਭਾਈ ਵੀਰ ਸਿੰਘ ਨੇ ਹੰਸਚੋਗ ਦੀ ਭੂਮਿਕਾ ਵਿਚ ਪੰਜਾਬੀ ਦੇ ਸਦੀਆਂ ਤੋਂ ਬਿਖਰੇ ਹੋਏ ਖ਼ਜਾਨੇ ਨੂੰ ਜਮ੍ਹਾ ਕਰਨ ਅਤੇ ਤਬਾਹ ਹੋਣ ਤੋਂ ਬਚਾਉਣ ਦਾ ਨਾ ਦਿੱਤਾ) ਦਾ ਸੀ, ਉਸ ਨੂੰ ਖੋਜਣ ਤੇ ਇਕੱਠਿਆਂ ਕਰਨ ਦਾ ਸੀ, ਉਸ ਨੂੰ ਸਿਲਸਲੇਵਾਰ ਢੰਗ ਨਾਲ ਪ੍ਰਸਤੁਤ ਕਰਨ ਦਾ ਸੀ ਅਤੇ ਉਸਦੀ ਘੋਖ ਪਰਖ ਕਰਨ ਦਾ ਸੀ। ਇਹ ਸਭ ਕੁਝ ਬਾਵਾ ਬੁੱਧ ਸਿੰਘ ਨੇ ਤਿੰਨ ਇਤਿਹਾਸਕ ਮਹੱਤਵ ਦੀਆਂ ਧਾਰਨੀ ਪੋਥੀਆਂ ਹੰਸਚੋਗ (੧੯੧੩ ਈ.), ਕੋਇਲ ਕੂ (੧੯੧੫ ਈ.) ਅਤੇ ਬੰਬੀਹਾ ਬੋਲ (੧੯੨੫ ਈ.) ਵਿਚ ਕੀਤਾ। ਮਿਹਨਤ, ਲਗਨ ਅਤੇ ਕਦਰਦਾਨੀ ਨਾਲ ਕੀਤੇ ਇਸ ਕਾਰਜ ਕਰਕੇ ਢੇਰ ਚਿਰ ਮਗਰੋਂ ਪੰਜਾਬੀ ਚਿੰਤਕਾਂ ਨੇ ਉਸਨੂੰ ਪੰਜਾਬੀ ਚਿੰਤਨ ਦਾ ਪ੍ਰਥਮਕਾਰ, ਪ੍ਰਾਰੰਭਕਾਰ ਅਤੇ ਪਹਿਲਾ ਸਮੀਖਿਅਕ ਆਖਿਆ। ਉਹ ਆਪਣੇ ਆਪ ਨੂੰ ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲਾ ਝੱਲਾ ਮਹਿਸੂਸ ਕਰਦਾ ਹੋਇਆ ਇਹ ਭਾਵਨਾ ਰੱਖਦਾ ਸੀ ਕਿ "ਉਸ ਨੇ ਆਪਣੇ ਮਨ ਦੀਆਂ ਉਮੰਗਾਂ, ਇਕ ਟੁੱਟੀ ਫੁੱਟੀ-ਬੋਲੀ ਵਿਚ ਲਿਖੀਆਂ ਹਨ।" ਉਸ ਪੁਰਾਣੇ ਕਵੀਆਂ ਦੇ ਬਰਨ ਪਾਠਕਾਂ ਦੇ ਪੜ੍ਹਣ ਅਤੇ ਆਨੰਦ ਲੈਣ ਹਿਤ ਤਾਂ ਲਿਖੇ ਹੀ ਨਾਲ ਹੀ ਨਾਲ ਗੁਲਾਮ ਪੰਜਾਬੀ ਮਾਨਸਿਕਤਾ ਨੂੰ ਕੁਝ ਗੰਭੀਰ ਅਤੇ ਸਮੇਂ ਦੇ ਹਾਣੀ ਸਵਾਲਾਂ ਦੇ ਰੁਬਰੂ ਵੀ ਕੀਤਾ। ਉਹ ਪੰਜਾਬੀਆਂ ਅੰਦਰ ਪੰਜਾਬੀ ਲਿਟਰੇਚਰ ਪੜ੍ਹਨ ਦਾ ਸਵਾਦ ਪਾਉਣ ਅਤੇ ਕਵਿਤਾ ਦਾ ਰਸ ਪੈਦਾ ਕਰਨ ਦੇ ਬਹਾਨੇ "ਕੁਝ ਹੋਰ" ਵੀ ਕਰਨਾ ਲੋੜਦਾ ਸੀ। ਉਸ ਦਾ ਮਨੋਰਥ ਨਾ ਪੈਸਾ ਕਮਾਉਣਾ ਸੀ, ਨਾ ਸ਼ੁਹਰਤ ਹਾਸਲ ਕਰਨਾ ਬਲਕਿ ਉਹ ਤਾਂ ਇਹ ਆਖਦਾ ਸੀ ਕਿ "ਜੇਕਰ ਦੇਸੀ ਬੋਲੀ ਦੇ ਪਿਆਰਿਆਂ ਦੇ ਮਨ ਵਿਚ ਆਪਣੀ ਭੁੱਲੀ ਬੋਲੀ ਨਾਲ ਪਿਆਰ ਹੋ ਜਾਵੇ ਤਾਂ ਕਰਤਾ ਨੇ ਸਭ ਕੁਝ ਪਾ ਲਿਆ।" ਉਸ ਦੇ ਝੱਲਪੁਣੇ ਵਿਚ ਅੰਤਾਂ ਦਾ ਉਤਸ਼ਾਹ ਤੇ ਉਮੰਗਾ ਸਨ। ਇਹ ਸਭ ਕੁਝ ਤਾਂ ਦਿਸਦੇ ਧਰਾਤਲ ਉੱਪਰ ਸੀ, ਇਸ ਦੇ ਨਾਲ ਜਾਂ ਇਸ ਦੀ ਤਹਿ ਹੇਠ ਬਹੁਤ ਕੁਝ ਛੁਪਿਆ ਹੋਇਆ ਵੀ ਸੀ। ਉਹ ਪੰਜਾਬੀ ਭਾਸ਼ਾ ਦੇ ਰਸ ਤੋ ਤੁਰ ਉਸਦੇ ਗੌਰਵ ਨੂੰ ਮਹਿਸੂਸ ਕਰਾਉਣ ਤਕ ਅਪੜਣਾ ਲੋਚਦਾ ਸੀ। "ਚੱਖੋ ਅਤੇ ਮਜ਼ਾ ਲਵੋ" ਤਾਂ ਕਈ ਵਾਰ ਉਸਦੀ ਵਿਅੰਗ ਭਰੀ ਉਕਤੀ ਵੀ ਜਾਪਦੀ ਹੈ। ਉਹ ਪੰਜਾਬੀਆਂ ਦੀ ਆਪਣੇ ਵਿਰਸੇ ਪ੍ਰਤਿ ਭਾਵੁਕ ਸਾਂਝ ਪੈਦਾ ਕਰ ਉਨ੍ਹਾਂ ਦੇ ਅੰਦਰਲੇ ਇੰਤਸ਼ਾਰ, ਬੇਹਿੰਮਤੀ ਅਤੇ ਹੀਨ-ਭਾਵਨਾ ਨੂੰ ਖ਼ਤਮ ਕਰਨਾ ਅਤੇ ਉਨ੍ਹਾਂ ਨੂੰ ਅਦਰੋਂ ਇਕਸੁਰ ਤੇ ਇਕਾਗਰ ਕਰਨਾ ਲੋੜਦਾ ਸੀ। ਨਿਰਸੰਦੇਹ ਇਹ ਪੈਤ੍ਰੀ ਦਾ ਮੁੱਲ ਪਾਉਣ ਤੋਂ ਵਡੇਰਾ ਮਕਸਦ ਸੀ। ਇਹ ਮੌਕਾ ਉਨ੍ਹਾਂ ਨੂੰ ਕਿਸੇ ਵਡੇਰੇ ਸੰਕਟ ਦੇ ਮੁਕਾਬਲੇ ਲਈ ਤਿਆਰ ਕਰਨ ਦਾ ਸੀ। ਕਵਿਤਾ ਦਾ ਰਸ ਆਨੰਦ ਤਾਂ ਉਸ ਲਈ ਪੰਜਾਬੀਆਂ ਨੂੰ ਵਡੇਰੇ ਰਾਸ਼ਟਰੀ ਮਨੋਰਥ ਨਾਲ ਜੋੜਣ ਦਾ ਇਕ ਮਾਧਿਅਮ ਸੀ। ਦੇਖਣ ਨੂੰ ਗਿਆਨੀ ਦੇ ਕੋਰਸ ਦੀਆਂ ਲੋੜਾਂ ਨਾਲ ਜੁੜੀਆਂ ਉਸ ਦੀਆਂ ਪੋਥੀਆਂ ਕਿਸੇ ਵਡੇਰੇ ਰਾਜਨੀਤਕ ਅਤੇ ਸਰਬਸਾਂਝੇ ਮਨੋਰਥ ਨਾਲ ਵੀ ਜੁੜੀਆਂ ਹੋਈਆਂ ਸਨ। ਇਨ੍ਹਾਂ ਲਿਖਤਾਂ ਦੇ ਰਾਜਨੀਤਕ ਅਵਚੇਤਨ ਨੂੰ ਉਸ ਜ਼ਮਾਨੇ ਦੀ ਗਤੀਸ਼ੀਲਤਾ ਨਾਲ ਜੋੜੇ ਬਗ਼ੈਰ ਇਸ ਦੀ ਹਾਥ ਨਹੀਂ ਪਾਈ ਜਾ ਸਕਦੀ। ਇਨ੍ਹਾਂ ਪੋਥੀਆਂ ਰਾਹੀਂ ਉਹ ਧਾਰਮਿਕ ਭੇਦਭਾਵ ਤੋਂ ਉੱਪਰ ਉੱਠ ਸਮੁੱਚੇ ਪੰਜਾਬੀਆਂ ਨੂੰ ਮੁਖ਼ਾਤਿਬ ਸੀ। ਮੁੱਢਲੇ ਪੜਾਅ ਉੱਪਰ ਇੰਜ ਇਹ ਕਾਰਜ ਵਿਚਾਰਧਾਰਕ ਪੱਧਰ ਉੱਪਰ, ਆਪਣੀ ਆਦਰਸ਼ਵਾਦੀ ਦਿੱਖ ਦੇ ਬਾਵਜੂਦ, ਲੀਹਾਂ ਸਿਰਜਣ ਜਾਂ ਪੈੜਾਂ ਪਾਉਣ ਜੇਹਾ ਸੀ।

ਸਵਾਲ ਹੈ ਕਿ ਬਾਵਾ ਬੁੱਧ ਸਿੰਘ ਨੇ ਪੰਜਾਬੀ ਮਾਨਸਿਕਤਾ ਨੂੰ ਕਿਨ੍ਹਾਂ ਸਮੇਂ ਦੇ ਹਾਣੀ ਸਵਾਲਾਂ ਦੇ ਲੜ ਲਾਇਆ ਅਤੇ ਇਸ ਸਭ ਕੁਝ ਦੇ ਇਵਜ਼ ਵਜੋਂ ਉਸ ਨੂੰ ਆਪਣੇ ਸਮਕਾਲੀਆਂ ਪਾਸੋਂ ਕੀ ਹਾਸਲ ਹੋਇਆ? ਬਾਵਾ ਬੁਧ ਸਿੰਘ ਆਪਣੇ ਸਮੇਂ ਨੂੰ "ਤਰਥੱਲੀ ਦਾ ਸਮਾਂ" ਆਖਦਾ ਸੀ। ਉਸ ਨੂੰ ਇਸ ਗੱਲ ਦਾ ਵੀ ਇਲਮ ਸੀ ਕਿ "ਹਾਏ ਪੱਖਪਾਤ ਦੇ ਝੱਖੜ ਨੇ ਈ ਸਾਡੇ ਦੇਸ਼ ਦੀਆਂ ਜੜ੍ਹਾਂ ਪੁੱਟੀਆਂ।" ਉਸ ਦੀ ਨਜ਼ਰ ਵਿਚ ਪੰਜਾਬੀ ਕੋਈ ਧਾਰਮਿਕ ਜਾਂ ਮਜ਼੍ਹਬੀ ਬੋਲੀ ਨਹੀਂ ਸਭ ਪੰਜਾਬੀਆਂ ਦੀ ਸਾਂਝੀ ਬੋਲੀ ਸੀ (ਹੈ)। ਇਸੇ ਲਈ ਉਹ ਸਭ ਫਿਰਕਿਆਂ (ਹਿੰਦੂ, ਮੁਸਲਮਾਨ ਤੇ ਸਿੱਖ) ਨੂੰ ਰਲ ਕੇ ਇਸ ਦੀ ਨੀਵੀਂ ਦਸ਼ਾ ਨੂੰ ਉੱਚਾ ਕਰਨ ਲਈ ਆਖਦਾ ਸੀ। ਉਹ ਅਸਲ ਵਿਚ "ਅਸਲੀ ਕਵਿਤਾ ਭੰਡਾਰ" ਨੂੰ ਸਾਮ੍ਹਣੇ ਲਿਆਉਣਾ ਚਾਹੁੰਦਾ ਸੀ ਜਿਸ ਵਿਚ ਗੁਰਬਾਣੀ ਤੋਂ ਇਲਾਵਾ ਸੂਫ਼ੀ ਕਿੱਸੇ, ਵਾਰਾਂ, ਜੰਗਨਾਮੇ, ਨਾਵਲ, ਨਾਟਕ ਅਤੇ ਵਾਰਤਕ ਆਦਿ ਸਭ ਸ਼ਾਮਿਲ ਸੀ। ਉਸਦੀ ਇਹ ਵੀ ਧਾਰਨਾ ਸੀ ਕਿ "ਸ਼੍ਰੀ ਗੁਰੂ ਗ੍ਰੰਥ ਸਾਹਿਬ ਧਾਰਮਿਕ ਗ੍ਰੰਥ ਹੋਇਆ ਅਤੇ ਨਿਰਾ ਓਸੇ ਤੇ ਆਸਰਾ ਰਖ ਕੇ ਪੰਜਾਬੀ ਦੇ ਵਾਧੇ ਦੀ ਕੋਸ਼ਿਸ਼ ਕਰਨਾ ਕੇਵਲ ਪੰਜਾਬੀ ਨੂੰ ਸਿਖਾਂ ਦੀ ਈ ਬੋਲੀ ਬਨਾਣਾ ਸੀ" (ਵੇਖੋ ਕੋਇਲ ਕੂ ਦੂਜੀ ਛਾਪ ਦੀ ਬੇਨਤੀ)। ਉਹ ਇਸ ਸੋਚ ਦੇ ਇਸ ਮਾੜੇ ਅਸਰ ਤੋਂ ਵਾਕਿਫ਼ ਸੀ ਕਿ ਇਸ ਨਾਲ ਹਿੰਦੂ, ਮੁਸਲਮਾਨ ਪੰਜਾਬੀ ਦਾ ਲੜ ਛੱਡ ਰਹੇ ਹਨ ਅਤੇ ਇਹ ਸਿੱਖਾਂ ਦੀ ਬੋਲੀ ਬਣਦੀ ਜਾ ਰਹੀ ਹੈ। ਇਸ ਨੂੰ ਉਸ "ਗ਼ਲਤੀ ਦੇ ਚਿੱਕੜ" ਦਾ ਨਾਂ ਦਿੱਤਾ। ਉਸ ਦੀਆਂ ਇਹ ਪੰਜਾਬੀਅਤ-ਪੱਖੀ ਗੱਲਾਂ ਸੰਪਰਦਾਇਕ ਸਿੱਖ ਮਾਨਸਿਕਤਾ ਨੂੰ ਨਾਖੁਸ਼ਗਵਾਰ ਗੁਜ਼ਰੀਆਂ। ਉਸ ਦੀਆਂ ਪੁਸਤਕਾਂ ਉਸ ਜ਼ਮਾਨੇ ਵਿਚ ਗਿਆਨੀ ਦੇ ਪਾਠ-ਕ੍ਰਮ ਦਾ ਹਿੱਸਾ ਸਨ। ਸਿੱਖ ਸਕੂਲਾਂ ਦੇ ਪ੍ਰਬੰਧਕਾਂ ਵੱਲੋਂ ਯੂਨੀਵਰਸਿਟੀ ਕੋਲ ਸ਼ਿਕਾਇਤਾਂ ਪੁੱਜਣ ਤੇ ਉਸ ਦੀਆਂ ਪੁਸਤਕਾਂ ਪਾਠ-ਕ੍ਰਮ ਤੋਂ ਲਾਂਭੇ ਕਰ ਦਿੱਤੀਆਂ ਗਈਆਂ। ਬਾਵਾ ਜੀ ਦੇ ਮਨ ਨੂੰ ਇਸ ਗੱਲ ਦੀ ਡਾਢ੍ਹੀ ਠੇਸ ਪੁੱਜੀ ਅਤੇ ਉਨ੍ਹਾਂ ਇਸ ਨੂੰ "ਸਿੱਖ ਐਜੂਕੇਸ਼ਨਿਸ਼ਟਾਂ, ਵਿਦਿਆ ਪ੍ਰਚਾਰਕਾਂ ਦੀ ਕਰਤੂਤ" ਦਾ ਨਾਂ ਦਿੱਤਾ। ਪੰਜਾਬੀ ਦੀ ਨੀਵੀ ਦਸ਼ਾ ਨੂੰ ਉੱਚਾ ਚੁੱਕਣ, ਪੁਰਾਤਨ ਕਵੀਆਂ ਨੂੰ ਸੁਰਜੀਤ ਕਰਨ ਅਤੇ ਉਨ੍ਹਾਂ ਦੇ ਭੁੱਲੇ ਹੋਏ ਬਚਨਾਂ ਨੂੰ ਪੰਜਾਬੀ ਸੱਜਣਾਂ ਦੀ ਭੇਟਾ ਦੀ ਗਹਿਰੀ ਭਾਵਨਾ ਨਾਲ ਜੁੜੇ ਇਸ ਚਿੰਤਕ ਨੂੰ ਉਸ ਦੇ ਸਮਕਾਲੀਆਂ ਦੇ ਤਿੱਖੇ-ਕੋੜੇ ਪ੍ਰਤਿਕਰਮਾਂ ਨੇ "ਕੋਈ ਆਖੇ ਭੂਤਨਾ ਕੋਈ ਬੇਤਾਲਾ" ਵਾਲੀ ਸਥਿਤੀ ਉੱਪਰ ਪਹੁੰਚਾ ਕੇ ਰੱਖ ਦਿੱਤਾ। ਇਕ ਪਾਸੇ ਸਮਕਾਲੀਆਂ ਦੀ ਕੌੜੀ ਪ੍ਰਤਿਕਿਰਿਆ ਅਤੇ ਦੂਸਰੇ ਪਾਸੇ ਬਰਤਾਨਵੀ ਸਾਮਰਾਜੀਆਂ ਦੇ ਹਮਲੇ ਨੇ ਚੌਖਾ ਬੇਜ਼ਾਰ ਕੀਤਾ ਬਾਵਾ ਬੁੱਧ ਸਿੰਘ ਨੂੰ। ਉਨ੍ਹਾਂ ਹੰਸਚੋਗ ਦੀ ਬੇਨਤੀ ਵਿਚ ਇਹ ਲਿਖਿਆ ਕਿ "ਏਸ ਸਮੇਂ ਦੇ ਅੰਗਰੇਜ਼ੀ ਵਾਜੇ ਦੇ ਸ਼ੋਰ, ਅਰ ਤਬਲੇ, ਢੋਲ ਦੇ ਹਾ ਹਾ, ਹੂ ਹੂ ਕਾਰ ਵਿਚ ਇਕ ਮੱਧਮ ਬੀਨ ਦੀ ਆਵਾਜ਼ ਕੋਣ ਸੁਣਦਾ ਹੈ?" ਇਸ ਪ੍ਰਤਿਕੂਲ ਫਿਜ਼ਾ ਵਿਚ ਵੀ ਬਾਵਾ ਬੁੱਧ ਸਿੰਘ ਆਪਣੇ ਚੁਣੌਤੀ ਭਰਪੂਰ ਕਾਰਜ ਵਿਚ ਰੁੱਝੇ ਰਹੇ।

ਇਕ ਵਿਦਿਆ ਸ਼ਾਸਤਰੀ ਦੀ ਭੂਮਿਕਾ ਨੂੰ ਠੀਕ ਸਮਝਦੇ ਹੋਏ ਬਾਵਾ ਬੁੱਧ ਸਿੰਘ ਨੇ ਮੁੱਢਲੀ ਵਿਦਿਆ ਮਾਤਰੀ ਬੋਲੀ ਵਿਚ ਦੇਣ ਦੀ ਗੱਲ ਵੀ ਆਖੀ। ਉਸ ਨੂੰ ਉਸ ਜ਼ਮਾਨੇ ਵਿਚ ਵੀ ਇਲਮ ਸੀ ਕਿ ਅਜਿਹਾ ਨਾ ਕਰਨ ਨਾਲ ਘੋਟੇ ਦੀ ਆਦਤ ਪੱਕਦੀ ਅਤੇ ਅਸਲ ਸੋਚ ਉੱਡ-ਪੁੱਡ ਜਾਂਦੀ ਹੈ। ਹੋਰਨਾਂ ਤੋਂ ਇਲਾਵਾ ਦੋ ਹੋਰ ਮਹੱਤਵਪੂਰਣ ਤੇ ਨਿਡਰ ਸਵਾਲਾਂ ਦੇ ਰੂਬਰੂ ਕੀਤਾ ਬਾਵਾ ਬੁੱਧ ਸਿੰਘ ਨੇ ਆਪਣੇ ਸਮਕਾਲੀਆਂ ਨੂੰ : ਪਹਿਲਾ, ਗਿਆਨੀ ਦੇ ਪਾਠਕ੍ਰਮ ਵਿਚ ਲਗੀਆਂ ਪੁਸਤਕਾਂ (ਭਗਤ ਬਾਣੀ, ਕਬਿੱਤ ਸਵੱਯੇ ਭਾਈ ਗੁਰਦਾਸ ਅਤੇ ਤਵਾਰੀਖ ਖਾਲਸਾ) ਦੇ "ਪੰਜਾਬੀ" ਅਤੇ "ਸਾਹਿਤ ਜਾਂ ਲਿਟਰੇਚਰ" ਹੋਣ ਸੰਬੰਧੀ ਸਵਾਲੀਆ ਨਿਸ਼ਾਨ ਲਗਾ ਕੇ ਅਤੇ ਦੂਸਰਾ ਸ਼ਿੰਗਾਰ ਰਸ ਦੀ ਕਵਿਤਾ ਤੇ ਨਸਰ ਤੋਂ "ਪੰਜਾਬੀ ਸਿੱਖ ਭਰਾਵਾਂ ਦੇ ਤ੍ਰਿਭਕਣ" ਵੱਲ ਇਸ਼ਾਰਾ ਕਰਕੇ। ਇਨ੍ਹਾਂ ਸਵਾਲਾਂ ਨੂੰ ਮੁਖ਼ਾਤਿਬ ਹੋ ਕੇ ਅਸਲੀ ਪੰਜਾਬੀ ਲਿਟਰੇਚਰ ਨੂੰ ਸਮਝ ਕੇ ਉਸ ਪੰਜਾਬੀਆਂ ਨੂੰ ਪੰਜਾਬੀ ਬੋਲੀ ਦੀ ਸੱਚੀ ਸੇਵਾ ਕਰਨਾ ਸਿੱਖਣ ਦਾ ਮਸ਼ਵਰਾ ਦਿੱਤਾ। ਬਾਵਾ ਬੁੱਧ ਸਿੰਘ ਨੇ ਆਪਣੇ ਸਮਕਾਲ ਦੀ ਲਗਾਤਾਰ ਸੁੰਗੜ, ਸਿਮਟ ਤੇ ਸੰਕੀਰਣ ਹੁੰਦੀ ਫ਼ਿਜ਼ਾ ਨੂੰ ਖੋਲ੍ਹਣ, ਮੋਕਲਾ ਅਤੇ ਆਜ਼ਾਦ ਕਰਨ ਲਈ ਫ਼ੈਸਲਾਕੁਨ ਭੂਮਿਕਾ ਅਦਾਅ ਕੀਤੀ। ਉਸ ਲਈ ਸਿਰਫ਼ ਧਾਰਮਿਕ ਜਾਂ ਆਤਮਕ ਸਿੱਖਿਆ ਵਾਲਾ ਸਾਹਿਤ ਹੀ ਸਾਹਿਤ ਨਹੀਂ ਸੀ ਬਲਕਿ ਪੂਰੀ ਮੁਖਾਲਫ਼ਤ ਦੇ ਬਾਵਜੂਦ ਉਸ ਕਿੱਸਾ ਸਾਹਿਤ ਨੂੰ ਵੀ ਸਾਹਿਤ ਦੀ ਕੋਟੀ ਵਿਚ ਸ਼ਾਮਿਲ ਕਰਵਾਇਆ। ਉਸ ਕਿੱਸਾ ਸਾਹਿਤ ਅਤੇ ਸਾਹਿਤਕਾਰਾਂ (ਦਮੋਦਰ, ਵਾਰਿਸ, ਹਾਸ਼ਮ) ਨੂੰ ਸਾਹਿਤ ਨਾ ਮੰਨਣ ਵਾਲਿਆਂ ਨੂੰ ਪੰਜਾਬੀ ਦੇ "ਗੁੱਝੇ ਘਾਤਕ" ਆਖ ਉਨ੍ਹਾਂ ਨਾਲ ਆਢ੍ਹਾ ਲਾਇਆ। ਨਾਲ ਹੀ ਨਵੀਂ ਬਦਲ ਰਹੀ ਜ਼ਿੰਦਗੀ ਨੂੰ ਨਵੀਂ ਨਰੋਈ ਨਜ਼ਰ ਨਾਲ ਨਵੇਂ ਸਾਹਿਤ ਰੂਪਾਂ ਵਿਚ ਢਾਲਣ ਦਾ ਵੀ ਮਸ਼ਵਰਾ ਦਿੱਤਾ।

ਹੰਸਚੋਗ ਪੁਸਤਕ ਵਿਚਲਾ "ਸਤਜੁਗੀ ਦਰਬਾਰ" ਹੋਵੇ ਜਾਂ ਕੋਇਲ ਕੂ ਵਿਚਲਾ "ਪ੍ਰੇਮ ਜੰਞ" ਵਾਲਾ ਭਾਗ ਬਾਵਾ ਬੁੱਧ ਸਿੰਘ ਆਪਣੀ ਕਾਲਪਨਿਕ ਸ਼ਕਤੀ ਦੇ ਸਹਾਰੇ ਸਾਹਿਤਕਾਰਾਂ ਦੇ ਜੀਵਨ ਦੇ ਕਲਮੀ ਚਿਤਰ ਉਸਾਰਦਾ। ਬਿੰਬ ਸਿਰਜਣ ਵਿਚ ਮੁਗਧ ਹੋ ਉਹ ਸਿਰਜਣਾ-ਜੁਗਤਾਂ ਦੀ ਖੁਲ੍ਹ ਕੇ ਵਰਤੋਂ ਕਰਦਾ। ਉਸਦੀਆਂ ਰਚਨਾਵਾਂ ਵਿਚ ਵਰਤੀ ਭਾਸ਼ਾ ਸੰਕਲਪੀ ਭਾਸ਼ਾ ਨਾਲੋਂ ਕਾਵਿ ਭਾਸ਼ਾ ਦੇ ਵਧੀਕ ਨੇੜੇ ਵਿਚਰਦੀ। ਅਸਲ ਵਿਚ ਉਹ ਆਪਣੇ ਵਿਚਾਰਾਂ ਤੇ ਭਾਵਾਂ ਨੂੰ ਪ੍ਰਚਲਿਤ ਸਵਾਦ ਵਿਚ ਢਾਲਣ ਦੀ ਖ਼ੂਬ ਯੋਗਤਾ ਰੱਖਦਾ ਸੀ। ਪੰਜਾਬੀਆਂ ਦੀ ਰਸੀਆ ਬਿਰਤੀ ਤੋਂ ਖ਼ੂਬ ਵਾਕਿਫ਼ ਸੀ ਇਸੇ ਲਈ ਉਹ ਸਾਹਿਤ ਰਚਨਾਵਾਂ ਪੜ੍ਹਦਾ, ਉਨ੍ਹਾਂ ਦਾ ਆਨੰਦ ਲੈਂਦਾ ਅਤੇ ਉਨ੍ਹਾਂ ਦੀ ਸਰਾਹਨਾ ਕਰਦਾ। ਸ਼ਾਇਦ ਇਨ੍ਹਾਂ ਜੁਗਤਾਂ ਦੀ ਵਰਤੋਂ ਬਗ਼ੈਰ ਉਸ ਜ਼ਮਾਨੇ ਵਿਚ ਪੰਜਾਬੀ ਭਾਸ਼ਾ ਅਤੇ ਸਾਹਿਤ ਦੇ ਵਜੂਦ ਨੂੰ ਸਥਾਪਿਤ ਕਰਨਾ ਅਤੇ ਲੋਕ ਮਾਨਸਿਕਤਾ ਵਿਚ ਟਿਕਾਉਣਾ ਮੁਮਕਿਨ ਨਹੀਂ ਸੀ। ਸਚੁਮੱਚ ਬਾਵਾ ਬੁੱਧ ਸਿੰਘ ਨੇ ਅਤਿ ਮੁਸ਼ਕਲ ਕਾਰਜ ਨੂੰ ਖ਼ੁਦ ਔਖਾ ਹੋ, ਪੂਰੀ ਸੁਖੈਨਤਾ ਅਤੇ ਸਹਿਜ ਨਾਲ, ਪੰਜਾਬੀਆਂ ਤਕ ਅਪੜਦਿਆਂ ਕੀਤਾ। ਉਸ ਦੁਆਰਾ ਉਠਾਏ ਸਵਾਲ, ਆਪਣੀਆਂ ਇਤਿਹਾਸਕ ਸੀਮਾਵਾਂ ਦੇ ਬਾਵਜੂਦ, ਅੱਜ ਵੀ ਸਾਰਥਕਤਾ ਤੋਂ ਸੱਖਣੇ ਨਹੀਂ।