Maulvi Ghulam Rasool Qila
ਮੌਲਵੀ ਗ਼ੁਲਾਮ ਰਸੂਲ ਕਿਲ੍ਹਾ

Punjabi Writer
  

Baran Mahan Mali Te Bulbul Maulvi Ghulam Rasool Qila Mihan Singh

ਬਾਰਾਂ ਮਾਹਾਂ ਮਾਲੀ ਤੇ ਬੁਲਬੁਲ ਮੌਲਵੀ ਗ਼ੁਲਾਮ ਰਸੂਲ ਕਿਲ੍ਹਾ ਮੀਹਾਂ ਸਿੰਘ

1

ਚੇਤ੍ਰ ਆਈ ਏ ਮੌਸਮ ਬਹਾਰ ਗੁਲ ਦੀ,
ਗ਼ੁੰਚਾ ਬਰਗ ਜ਼ਾਹਿਰ ਸ਼ਾਖਾਂ ਨਾਲ ਹੋਏ ।
ਗੁਲ ਲਾਲਾ ਨੇ ਚੁੱਕ ਨਕਾਬ ਲੀਤਾ,
ਹੈਰਾਨ ਬਦਖ਼ਸ਼ਾਂ ਦੇ ਲਾਲ ਹੋਏ ।
ਮਾਲੀ ਰਖਵਾਲੀ ਕਰ ਬੂਟਿਆਂ ਦੀ,
ਫਿਰਦੇ ਚਮਨ ਅੰਦਰ ਖੁਸ਼ਹਾਲ ਹੋਏ ।
ਗ਼ੁਲਾਮ ਰਸੂਲ ਬੋਲੀ ਬੁਲਬੁਲ ਖ਼ੁਸ਼ ਹੋ ਕੇ,
ਸਿਆਹ ਭੌਰ ਆਸ਼ਿਕ ਡਾਲ ਡਾਲ ਹੋਏ ॥1॥

(ਗੁਲ=ਫੁੱਲ, ਗ਼ੁੰਚਾ=ਫੁੱਲ ਦੀ ਡੋਡੀ,
ਬਰਗ=ਪੱਤੇ, ਗੁਲ ਲਾਲਾ=ਲਾਲ ਰੰਗ
ਦਾ ਇਕ ਫੁੱਲ, ਨਕਾਬ=ਘੁੰਡ,ਪਰਦਾ,
ਬਦਖ਼ਸ਼ਾਂ=ਇਕ ਦੇਸ਼ ਦਾ ਨਾਂ)

2

ਬੈਸਾਖ ਵੇਖ ਕੇ ਚਮਨ ਦੇ ਵਲ ਬੁਲਬੁਲ,
ਵਿੱਚ ਇਸ਼ਕ ਦੇ ਪਈ ਬੇਖ਼ੁਦ ਬੋਲੇ ।
ਗ਼ੁੰਚੇ ਵਾਲੀ ਡਾਲੀ ਉਤੇ ਬੈਠ ਕੇ ਤੇ,
ਨਾਲ ਚੁੰਜ ਦੇ ਗ਼ੁੰਚੇ ਦੇ ਬਰਗ ਖੋਲ੍ਹੇ ।
ਗੁਲ ਲਾਲਾ ਉਤੇ ਕੁਰਬਾਨ ਹੋ ਗਈ,
ਸੀਨੇ ਲਾ ਉਸ ਨੂੰ ਪੈਰਾਂ ਨਾਲ ਫੋਲੇ ।
ਗ਼ੁਲਾਮ ਰਸੂਲ ਸੋਖ਼ਤ ਖਾਧੀ ਭੌਰ ਨੇ ਜੀ,
ਵਿੱਚ ਦਿਲੇ ਦੇ ਇਹ ਦਲੀਲ ਤੋਲੇ ॥2॥

(ਸੋਖ਼ਤ=ਸਾੜਾ,ਈਰਖਾ)

3

ਜੇਠ ਜਾਇਕੇ ਮਾਲੀ ਨੂੰ ਭੌਰ ਕਹਿੰਦਾ,
ਤੇਰਾ ਚਮਨ ਹੈ ਬੁਲਬੁਲ ਖ਼ਰਾਬ ਕਰਦੀ ।
ਗੁਲ ਲਾਲਾ ਦੇ ਬਰਗ ਸਬ ਤੋੜ ਸੁੱਟੇ,
ਤੇ ਗੁਲਾਬ ਦੇ ਗ਼ੁੰਚੇ ਬੇਤਾਬ ਕਰਦੀ ।
ਬੜਾ ਗੁਲ ਕਰਦੀ ਗੁਲ ਗੁਲ ਕਹਿੰਦੀ,
ਡਰ ਤੇਰਾ ਨਾ ਖ਼ਿਆਲ ਵਿਚ ਖ਼ਵਾਬ ਕਰਦੀ ।
ਗ਼ੁਲਾਮ ਰਸੂਲ ਸੁਣਕੇ ਆਇਆ ਦੌੜ ਮਾਲੀ,
ਮਾਲੀ ਨਾਲ ਸਵਾਲ ਜਵਾਬ ਕਰਦੀ ॥3॥

(ਸਬ=ਸਭ, ਬੜਾ ਗੁਲ=ਬਹੁਤ ਰੌਲਾ,
ਖ਼ਵਾਬ=ਸੁਫਨਾ)

4

ਹਾੜ੍ਹ ਹਾਹ ਇਕ ਦਰਦ ਦੀ ਮਾਰ ਬੁਲਬੁਲ,
ਕਹਿੰਦੀ ਮਾਲੀ ! ਮੈਂ ਪਰ ਕੋਈ ਕਰਮ ਕਰ ਦਈਂ ।
ਬੇਦਰਦ ਹੋ ਕੇ ਨਾ ਕੋਈ ਫੁੱਲ ਤੋੜੇ,
ਦਰਦੀ ਦਿਲੇ ਤੇ ਮੇਰੇ ਨਾ ਜ਼ਖ਼ਮ ਕਰ ਦਈਂ ।
ਗ਼ੁਲਾਮ ਰਸੂਲ ਜੇ ਕਰ ਫੁੱਲ ਤੋੜਨੇ ਹੈਂ,
ਤੇ ਫਿਰ ਮੇਰੇ ਵੀ ਪਰਾਂ ਨੂੰ ਕਲਮ ਕਰ ਦਈਂ ॥4॥

(ਹਾਹ=ਆਹ, ਕਲਮ ਕਰਨਾ=ਵੱਢ ਦੇਣਾ)

5

ਸਾਵਣ ਆਈ ਬਹਾਰ ਹੈ ਸੈਰ ਗੁਲ ਦੀ,
ਮਾਲੀ ਕਹੇ ਉਸਨੂੰ, "ਉਪਰ ਬੈਠ ਫੁਲ ਫੁਲ ।"
ਤਜਵੀਜ਼ ਕਰੇ ਉਸ ਨੂੰ ਪਕੜਨੇ ਦੀ,
ਮੂੰਹੋਂ ਕਹੇ ਉਸ ਨੂੰ "ਬੇਸ਼ਕ ਬੋਲ ਖੁਲ ਖੁਲ ।"
ਹਾਏ ਦਮ ਦੇ ਕੇ ਤੇ ਲਾ ਦਾਮ ਦਿੱਤਾ,
ਓਹ ਬੇਖ਼ਬਰ ਆਸ਼ਕ ਕਰਦੀ ਫਿਰੇ ਚੁਲ ਚੁਲ ।
ਗ਼ੁਲਾਮ ਰਸੂਲ ਜਦੋਂ ਆਈ ਦਾਮ ਉਤੇ,
ਖਿਚੀ ਜਾਲੀ ਮਾਲੀ ਲਈ ਪਕੜ ਬੁਲਬੁਲ ॥5॥

(ਤਜਵੀਜ਼=ਢੰਗ, ਦਮ ਦੇ ਕੇ=ਹੌਸਲਾ ਦੇ ਕੇ,
ਦਾਮ=ਜਾਲ)

6

ਭਾਦ੍ਰੋਂ ਭੌਰ ਹੋ ਕੇ ਹੋ ਤੀਰ ਗਏ,
ਬੁਲ ਬੁਲ ਕਹੇ, "ਮੇਰੀ ਤਕਦੀਰ ਅੱਲਾ ।
ਖ਼ਰੀਦਦਾਰ ਸਾਂ ਇਕ ਦੀਦਾਰ ਦੀ ਮੈਂ,
ਹੋਰ ਕੁੱਛ ਨ ਸੀ ਤਕਸੀਰ ਅੱਲਾ ।
ਗੁਲ ਲਾਲਾ ਮੇਰਾ ਸਦਾ ਲਾਲ ਰੱਖੀਂ,
ਖ਼ਾਤਰ ਜਿਹਦੀ ਮੈਂ ਹੋਈ ਅਸੀਰ ਅੱਲਾ ।"
ਗ਼ੁਲਾਮ ਰਸੂਲ ਕਹਿੰਦੀ "ਦਿਲ ਚੀਰ ਗਿਆ,
ਨਿਗਾ ਸਖ਼ਤ ਜੁਦਾਈ ਦਾ ਤੀਰ ਅੱਲਾ ॥6॥

(ਤਕਸੀਰ=ਗ਼ੁਨਾਹ,ਗਲਤੀ, ਅਸੀਰ=ਕੈਦੀ)

7

ਅੱਸੂ ਆਸ ਕਰ ਆਈ ਸਾਂ ਚਮਨ ਅੰਦਰ,
ਰਹੀ ਦਿਲ ਦੀ ਦਿਲ ਮੁਰਾਦ ਮਾਲੀ ।
ਇਕ ਜੁਦਾਈ ਤੇ ਦੂਸਰੀ ਪਈ ਫਾਹੀ,
ਤੀਜੀ ਸੁਣੀ ਨਾ ਤੂੰ ਫ਼ਰਿਆਦ ਮਾਲੀ ।
ਪਾਵਾਂ ਰੱਬ ਦਾ ਵਾਸਤਾ ਛੱਡ ਮੈਨੂੰ,
ਤੇਰਾ ਚਮਨ ਜੋ ਰਹੇ ਆਬਾਦ ਮਾਲੀ ।"
ਗ਼ੁਲਾਮ ਰਸੂਲ ਬੁਲਬੁਲ ਕਹਿੰਦੀ,
"ਤਰਸ ਕਰ ਤੂੰ ਐ ਬੇਦਾਦ ਸੱਯਾਦ ਜੱਲਾਦ ਮਾਲੀ "॥7॥

(ਬੇਦਾਦ=ਜ਼ਾਲਿਮ, ਸੱਯਾਦ=ਸ਼ਿਕਾਰੀ)

8

"ਕੱਤਕ ਕੀਤਾ ਤੂੰ ਆਪਣਾ ਪਾ ਲੀਤਾ,"
ਮਾਲੀ ਕਹੇ, "ਕੀ ਮੇਰੇ ਅਖ਼ਤਿਆਰ ਬੁਲਬੁਲ ।
ਨਹੀਂ ਵੱਸ ਮੇਰੇ, ਸਖ਼ਤ ਬਖ਼ਤ ਤੇਰੇ,
ਹੋਈ ਸਖ਼ਤ ਹੈਂ ਤੂੰ ਸਜ਼ਾਵਾਰ ਬੁਲਬੁਲ ।
ਬੁਲਬੁਲ ! ਵੇਖ ਸਰਦਾਰ ਦਾ ਹੁਕਮ ਆਇਆ,
ਤੈਨੂੰ ਪਕੜ ਕਰਨਾ ਸਜ਼ਾਵਾਰ ਬੁਲਬੁਲ ।
ਗ਼ੁਲਾਮ ਰਸੂਲ ਸੀ ਏਹ ਤੇਰੇ ਇਸ਼ਕ ਅੰਦਰ,
ਗ੍ਰਿਫ਼ਤਾਰ ਲਾਚਾਰ ਬੇਜ਼ਾਰ ਬੁਲਬੁਲ " ॥8॥

(ਸਖ਼ਤ ਬਖ਼ਤ=ਮਾੜੀ ਕਿਸਮਤ, ਬੇਜ਼ਾਰ=ਦੁਖੀ)

9

"ਮੱਘਰ ਮਰਨ ਥੀਂ ਡਰਨ ਨਾ ਕਦੀ ਆਸ਼ਿਕ,
ਡਰਨਾ ਕਿਆ ਮਰਨਾ ਬੇਸ਼ਕ ਮਾਲੀ ।
ਅਫ਼ਸੋਸ ਏਹ ਗੁਲ ਜੁੱਦਾ ਹੋਸਨ,
ਪੱਕੇ ਦਮ ਸਮਝਾਂ ਦਿਲ ਵਿਚ ਪੱਕ ਮਾਲੀ ।
ਮੈਂ ਭੀ ਆਸ ਥੀਂ ਹੋ ਬੇਆਸ ਚੁੱਕੀ,
ਤੂੰ ਭੀ ਮਾਰਨੇ ਨੂੰ ਬੱਧਾ ਲੱਕ ਮਾਲੀ ।
ਗ਼ੁਲਾਮ ਰਸੂਲ ਮੇਰੇ ਸਿਰ ਪਰ ਕਾਲ ਕੜਕੇ,
ਅੱਛਾ ਤੂੰ ਜੀਵੇਂ ਕਬ ਤੱਕ ਮਾਲੀ" ॥9॥

10

ਪੋਹ ਪਕੜ ਮਾਲੀ ਬੁਲਬੁਲ ਬਾਜ਼ੂਆਂ ਤੋਂ,
ਉਲਟ ਪੁਲਟ ਕਰ ਓਸ ਨੂੰ ਤੰਗ ਕਰਦਾ ।
ਕਰਦ ਕੱਢ ਰਗੜੇ ਉੱਪਰ ਸੰਗ ਦੇ ਜੀ,
ਡਾਢਾ ਸੰਗ ਨਾਲੋਂ ਦਿਲ ਸੰਗ ਲਰਦਾ ।
ਬੁਲਬੁਲ ਲੱਗੀ ਤੜਫਨ ਨੀਮ ਜਾਨ ਹੋ ਕੇ,
ਮਾਲੀ ਦੇਖੋ ਉਸਨੂੰ ਖ਼ੂਨੀ ਰੰਗ ਕਰਦਾ ।
ਗ਼ੁਲਾਮ ਰਸੂਲ ਯਜ਼ੀਦ ਬੇਦੀਦ ਵਾਂਗੂੰ,
ਬੇ-ਉਜ਼ਰ ਆਜਿਜ਼ ਨਾਲ ਜੰਗ ਕਰਦਾ ॥10॥

(ਬਾਜ਼ੂ=ਬਾਹਾਂ,ਖੰਭ, ਸੰਗ=ਪੱਥਰ, ਨੀਮ ਜਾਨ=
ਮਰਨ ਕਿਨਾਰੇ, ਯਜ਼ੀਦ=ਮਿਸਰ ਦੇ ਮੁਆਵੀਏ
ਦਾ ਪੁਤ੍ਰ, ਜਿਸ ਨੇ ਇਮਾਮ ਹੁਸੈਨ ਨੂੰ ਸ਼ਹੀਦ
ਕੀਤਾ ਸੀ, ਬੇਦੀਦ=ਅੰਨ੍ਹਾਂ)

11

"ਮਾਘ ਮਾਰਨੇ ਥੀਂ ਇਕ ਦਮ ਠਹਿਰ ਜਾਵੀਂ,"
ਬੁਲਬੁਲ ਕਹੇ, "ਇਕ ਮੇਰਾ ਸਵਾਲ ਮਾਲੀ ।
ਮੇਰਾ ਖ਼ੂਨ ਸੁੱਟੀਂ ਆਪਣੇ ਚਮਨ ਅੰਦਰ,
ਮੇਰੇ ਗੁਲ ਵੇਖਣ ਮੇਰਾ ਹਾਲ ਮਾਲੀ ।
ਦੋ ਚਾਰ ਗੁਲਾਬ ਦੇ ਫੁੱਲ ਲੈ ਕੇ,
ਰੱਖੀਂ ਮੇਲ ਮੇਰੇ ਪਰਾਂ ਨਾਲ ਮਾਲੀ ।"
ਗ਼ੁਲਾਮ ਰਸੂਲ ਬੁਲਬੁਲ ਅੱਖੀਂ ਮੀਟ ਲਈਆਂ,
ਮੂੰਹੋਂ ਕਹੇ ਉਸ ਨੂੰ, "ਕਰ ਹਲਾਲ ਮਾਲੀ" ॥11॥

12

ਫੱਗਣ ਫੁੱਲ ਤੇ ਗੁਲ ਸਭ ਭੁੱਲ ਗਏ,
ਮੌਤ ਮਾਲੀ ਨੂੰ ਭੀ ਅਪਨੀ ਯਾਦ ਹੋ ਗਈ ।
ਪਾਇਆ ਤਰਸ ਉਸ ਦੇ ਦਿਲ ਵਿਚ ਰੱਬ ਸੱਚੇ,
ਛਾਤੀ ਨੂਰ ਥੀਂ ਉਹਦੀ ਆਬਾਦ ਹੋ ਗਈ ।
ਅਲ ਕਿੱਸਾ ਖ਼ੁਦਾ ਦੀ ਬਾਰਗਾਹ ਦੇ ਵਿਚ,
ਕੋਈ ਕਬੂਲ ਬੁਲਬੁਲ ਦੀ ਫ਼ਰਿਆਦ ਹੋ ਗਈ ।
ਗ਼ੁਲਾਮ ਰਸੂਲ ਮਾਲੀ ਬੁਲਬੁਲ ਛੱਡ ਦਿਤੀ,
ਤੇ ਅਜ਼ਾਦ ਹੋ ਬਹਿ ਦਿਲ ਸ਼ਾਦ ਹੋ ਗਈ ॥12॥

(ਅਲ ਕਿੱਸਾ=ਮੁੱਦਾ,ਗੱਲ ਕੀ, ਬਾਰਗਾਹ=
ਦਰਬਾਰ, ਸ਼ਾਦ=ਖ਼ੁਸ਼)