Guru Arjan Dev Ji
ਗੁਰੂ ਅਰਜਨ ਦੇਵ ਜੀ

Punjabi Writer
  

Barah Maha Guru Arjan Dev Ji

ਬਾਰਹ ਮਾਹਾ ਮਾਂਝ ਗੁਰੂ ਅਰਜਨ ਦੇਵ ਜੀ

ਬਾਰਹ ਮਾਹਾ

ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ ॥
ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ ॥
ਧੇਨੁ ਦੁਧੈ ਤੇ ਬਾਹਰੀ ਕਿਤੈ ਨ ਆਵੈ ਕਾਮ ॥
ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ ॥
ਹਰਿ ਨਾਹ ਨ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ ॥
ਜਿਤੁ ਘਰਿ ਹਰਿ ਕੰਤੁ ਨ ਪ੍ਰਗਟਈ ਭਠਿ ਨਗਰ ਸੇ ਗ੍ਰਾਮ ॥
ਸ੍ਰਬ ਸੀਗਾਰ ਤੰਬੋਲ ਰਸ ਸਣੁ ਦੇਹੀ ਸਭ ਖਾਮ ॥
ਪ੍ਰਭ ਸੁਆਮੀ ਕੰਤ ਵਿਹੂਣੀਆ ਮੀਤ ਸਜਣ ਸਭਿ ਜਾਮ ॥
ਨਾਨਕ ਕੀ ਬੇਨੰਤੀਆ ਕਰਿ ਕਿਰਪਾ ਦੀਜੈ ਨਾਮੁ ॥
ਹਰਿ ਮੇਲਹੁ ਸੁਆਮੀ ਸੰਗਿ ਪ੍ਰਭ ਜਿਸ ਕਾ ਨਿਹਚਲ ਧਾਮ ॥੧॥

(ਕਿਰਤਿ=ਕਮਾਈ, ਕੇ=ਅਨੁਸਾਰ, ਰਾਮ=ਹੇ ਪ੍ਰਭੂ,
ਕੁੰਟ=ਕੂਟ,ਪਾਸਾ, ਦਹਦਿਸ=ਦਸ ਪਾਸੇ, (ਉੱਤਰ,
ਪੱਛਮ, ਦੱਖਣ, ਪੂਰਬ, ਚਾਰ ਨੁੱਕਰਾਂ, ਉਪਰਲਾ
ਪਾਸਾ, ਹੇਠਲਾ ਪਾਸਾ), ਸਾਮ=ਸਰਨ, ਧੇਨੁ=ਗਾਂ,
ਬਾਹਰੀ=ਬਿਨਾ, ਸਾਖ=ਖੇਤੀ,ਫ਼ਸਲ, ਦਾਮ=ਪੈਸੇ,
ਨਾਹ=ਖਸਮ, ਕਤ=ਕਿਵੇਂ,ਕਿਥੇ, ਬਿਸਰਾਮ=ਸੁਖ,
ਜਿਤੁ ਘਰਿ=ਜਿਸ ਹਿਰਦੇ-ਘਰ ਵਿਚ, ਭਠਿ=ਤਪਦੀ
ਭੱਠੀ, ਸੇ=ਵਰਗੇ, ਗ੍ਰਾਮ=ਪਿੰਡ, ਸ੍ਰਬ=ਸਾਰੇ, ਤੰਬੋਲ=
ਪਾਨ ਦੇ ਬੀੜੇ, ਸਣੁ=ਸਣੇ,ਸਮੇਤ, ਦੇਹੀ=ਸਰੀਰ,
ਖਾਮ=ਕੱਚੇ,ਵਿਅਰਥ, ਸਭਿ=ਸਾਰੇ, ਜਾਮ=ਜਮ,
ਜਿੰਦ ਦੇ ਵੈਰੀ, ਸੰਗਿ=ਨਾਲ, ਧਾਮ=ਟਿਕਾਣਾ)


ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥
ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ ॥
ਜਿਨਿ ਪਾਇਆ ਪ੍ਰਭੁ ਆਪਣਾ ਆਏ ਤਿਸਹਿ ਗਣਾ ॥
ਇਕੁ ਖਿਨੁ ਤਿਸੁ ਬਿਨੁ ਜੀਵਣਾ ਬਿਰਥਾ ਜਨਮੁ ਜਣਾ ॥
ਜਲਿ ਥਲਿ ਮਹੀਅਲਿ ਪੂਰਿਆ ਰਵਿਆ ਵਿਚਿ ਵਣਾ ॥
ਸੋ ਪ੍ਰਭੁ ਚਿਤਿ ਨ ਆਵਈ ਕਿਤੜਾ ਦੁਖੁ ਗਣਾ ॥
ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗੁ ਮਣਾ ॥
ਹਰਿ ਦਰਸਨ ਕੰਉ ਮਨੁ ਲੋਚਦਾ ਨਾਨਕ ਪਿਆਸ ਮਨਾ ॥
ਚੇਤਿ ਮਿਲਾਏ ਸੋ ਪ੍ਰਭੂ ਤਿਸ ਕੈ ਪਾਇ ਲਗਾ ॥੨॥

(ਘਣਾ=ਬਹੁਤ, ਰਸਨਾ=ਜੀਭ, ਭਣਾ=ਉਚਾਰਨ,
ਜਿਨਿ=ਜਿਸ ਮਨੁੱਖ ਨੇ, ਤਿਸਹਿ=ਉਸ ਨੂੰ, ਆਏ
ਗਣਾ=ਆਇਆ ਸਮਝੋ, ਜਣਾ=ਜਾਣੋ, ਮਹੀਅਲਿ=
ਮਹੀ ਤਲਿ,ਧਰਤੀ ਦੇ ਤਲ ਉੱਤੇ, ਆਕਾਸ਼ ਵਿਚ,
ਮਣਾ=ਮਣਾ-ਮੂੰਹੀਂ,ਬਹੁਤ, ਕੰਉ=ਨੂੰ, ਮਨਾ=ਮਨ
ਵਿਚ, ਤਿਸ ਕੈ ਪਾਇ=ਉਸ ਮਨੁੱਖ ਦੇ ਪੈਰੀਂ,
ਲਗਾ=ਲੱਗਾਂ,ਮੈਂ ਲੱਗਦਾ ਹਾਂ)


ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥
ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ ॥
ਪੁਤ੍ਰ ਕਲਤ੍ਰ ਨ ਸੰਗਿ ਧਨਾ ਹਰਿ ਅਵਿਨਾਸੀ ਓਹੁ ॥
ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ ॥
ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ ॥
ਦਯੁ ਵਿਸਾਰਿ ਵਿਗੁਚਣਾ ਪ੍ਰਭ ਬਿਨੁ ਅਵਰੁ ਨ ਕੋਇ ॥
ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ ॥
ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪਰਾਪਤਿ ਹੋਇ ॥
ਵੈਸਾਖੁ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਹਰਿ ਸੋਇ ॥੩॥

(ਕਿਉ ਧੀਰਨਿ=ਕਿਵੇਂ ਧੀਰਜ ਕਰਨ, ਵਾਢੀਆ=
ਪਤੀ ਤੋਂ ਵਿੱਛੁੜੀਆਂ ਹੋਈਆਂ, ਪ੍ਰੇਮ ਬਿਛੋਹੁ=ਪ੍ਰੇਮ
ਦੀ ਅਣਹੋਂਦ, ਮਾਇਆ ਧੋਹੁ=ਧੋਹ ਰੂਪ ਮਾਇਆ,
ਕਲਤ੍ਰ=ਇਸਤ੍ਰੀ, ਪਲਚਿ=ਉਲਝ ਕੇ, ਸਗਲੀ=ਸਾਰੀ
ਸ੍ਰਿਸ਼ਟੀ, ਧੰਧੈ ਮੋਹੁ=ਧੰਧੇ ਦਾ ਮੋਹ, ਖੋਹਿ ਲਈਅਹਿ=
ਖੋਹੇ ਜਾਂਦੇ ਹਨ, ਆਗੈ=ਪਹਿਲਾਂ ਹੀ, ਦਯੁ=ਪਿਆਰਾ
ਪ੍ਰਭੂ, ਵਿਗੁਚਣਾ=ਖ਼ੁਆਰ ਹੋਈਦਾ ਹੈ, ਸੋਇ=ਸੋਭਾ,
ਪਰਾਪਤਿ ਹੋਇ=ਜਿਸ ਨਾਲ ਮੇਰੇ ਦਿਲ ਦੀ ਰੀਝ ਪੂਰੀ
ਹੋ ਜਾਏ, ਭੇਟੈ=ਮਿਲਿ ਪਏ)


ਹਰਿ ਜੇਠਿ ਜੁੜੰਦਾ ਲੋੜੀਐ ਜਿਸੁ ਅਗੈ ਸਭਿ ਨਿਵੰਨਿ ॥
ਹਰਿ ਸਜਣ ਦਾਵਣਿ ਲਗਿਆ ਕਿਸੈ ਨ ਦੇਈ ਬੰਨਿ ॥
ਮਾਣਕ ਮੋਤੀ ਨਾਮੁ ਪ੍ਰਭ ਉਨ ਲਗੈ ਨਾਹੀ ਸੰਨਿ ॥
ਰੰਗ ਸਭੇ ਨਾਰਾਇਣੈ ਜੇਤੇ ਮਨਿ ਭਾਵੰਨਿ ॥
ਜੋ ਹਰਿ ਲੋੜੇ ਸੋ ਕਰੇ ਸੋਈ ਜੀਅ ਕਰੰਨਿ ॥
ਜੋ ਪ੍ਰਭਿ ਕੀਤੇ ਆਪਣੇ ਸੇਈ ਕਹੀਅਹਿ ਧੰਨਿ ॥
ਆਪਣ ਲੀਆ ਜੇ ਮਿਲੈ ਵਿਛੁੜਿ ਕਿਉ ਰੋਵੰਨਿ ॥
ਸਾਧੂ ਸੰਗੁ ਪਰਾਪਤੇ ਨਾਨਕ ਰੰਗ ਮਾਣੰਨਿ ॥
ਹਰਿ ਜੇਠੁ ਰੰਗੀਲਾ ਤਿਸੁ ਧਣੀ ਜਿਸ ਕੈ ਭਾਗੁ ਮਥੰਨਿ ॥੪॥

(ਹਰਿ ਜੁੜੰਦਾ ਲੋੜੀਐ=ਪ੍ਰਭੂ ਚਰਨਾਂ ਵਿਚ ਜੁੜਨਾ
ਚਾਹੀਦਾ ਹੈ, ਸਭਿ=ਸਾਰੇ ਜੀਵ, ਨਿਵੰਨਿ=ਨਿਊਂਦੇ
ਹਨ, ਸਜਣ ਦਾਵਣਿ=ਸੱਜਣ ਦੇ ਦਾਮਨ ਵਿਚ,ਪੱਲੇ
ਵਿਚ, ਕਿਸੈ...ਬੰਨਿ=ਕਿਸੇ ਨੂੰ ਬੰਨ੍ਹਣ ਨਹੀਂ ਦੇਂਦਾ,
ਰੰਗ ਜੇਤੇ=ਜਿਤਨੇ ਭੀ ਰੰਗ ਹਨ, ਨਾਰਾਇਣੈ=
ਪਰਮਾਤਮਾ ਦੇ, ਭਾਵੰਨਿ=ਪਿਆਰੇ ਲੱਗਦੇ ਹਨ,
ਕਰੰਨਿ=ਕਰਦੇ ਹਨ, ਕਹੀਅਹਿ=ਕਹੇ ਜਾਂਦੇ ਹਨ,
ਵਿੱਛੁੜਿ=ਪ੍ਰਭੂ ਤੋਂ ਵਿਛੁੜ ਕੇ, ਸਾਧੂ ਸੰਗੁ=ਗੁਰੂ ਦਾ
ਸਾਥ, ਤਿਸੁ=ਉਸ ਮਨੁੱਖ ਨੂੰ, ਜਿਸ ਕੈ ਮਥੰਨਿ=
ਜਿਸ ਦੇ ਮੱਥੇ ਉੱਤੇ)


ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ ॥
ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ ॥
ਦੁਯੈ ਭਾਇ ਵਿਗੁਚੀਐ ਗਲਿ ਪਈਸੁ ਜਮ ਕੀ ਫਾਸ ॥
ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ ॥
ਰੈਣਿ ਵਿਹਾਣੀ ਪਛੁਤਾਣੀ ਉਠਿ ਚਲੀ ਗਈ ਨਿਰਾਸ ॥
ਜਿਨ ਕੌ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸੁ ॥
ਕਰਿ ਕਿਰਪਾ ਪ੍ਰਭ ਆਪਣੀ ਤੇਰੇ ਦਰਸਨ ਹੋਇ ਪਿਆਸ ॥
ਪ੍ਰਭ ਤੁਧੁ ਬਿਨੁ ਦੂਜਾ ਕੋ ਨਹੀ ਨਾਨਕ ਕੀ ਅਰਦਾਸਿ ॥
ਆਸਾੜੁ ਸੁਹੰਦਾ ਤਿਸੁ ਲਗੈ ਜਿਸੁ ਮਨਿ ਹਰਿ ਚਰਣ ਨਿਵਾਸ ॥੫॥

(ਨਾਹੁ=ਖਸਮ, ਜਗ ਜੀਵਨ ਪੁਰਖੁ=ਜਗਤ ਦਾ
ਸਹਾਰਾ ਪ੍ਰਭੂ, ਸੰਦੀ=ਦੀ, ਦੁਯੈ ਭਾਇ=ਪ੍ਰਭੂ ਤੋਂ
ਬਿਨਾ ਕਿਸੇ ਦੂਜੇ ਪਿਆਰ ਵਿਚ, ਵਿਗੁਚੀਐ=
ਖ਼ੁਆਰ ਹੋਈਦਾ ਹੈ, ਲੁਣੈ=ਵੱਢਦਾ ਹੈ, ਰੈਣਿ=
ਰਾਤ,ਉਮਰ, ਕੌ=ਨੂੰ, ਭੇਟੀਐ=ਮਿਲਦਾ ਹੈ,
ਸਾਧੂ=ਗੁਰੂ, ਖਲਾਸੁ=ਸੁਰਖ਼ਰੂ,ਆਦਰ-ਜੋਗ,
ਹੋਇ=ਬਣੀ ਰਹੇ, ਨਿਰਾਸ=ਟੁੱਟੇ ਹੋਏ ਦਿਲ ਵਾਲਾ)


ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ ॥
ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ ॥
ਬਿਖਿਆ ਰੰਗ ਕੂੜਾਵਿਆ ਦਿਸਨਿ ਸਭੇ ਛਾਰੁ ॥
ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣਹਾਰੁ ॥
ਵਣੁ ਤਿਣੁ ਪ੍ਰਭ ਸੰਗਿ ਮਉਲਿਆ ਸੰਮ੍ਰਥ ਪੁਰਖ ਅਪਾਰੁ ॥
ਹਰਿ ਮਿਲਣੈ ਨੋ ਮਨੁ ਲੋਚਦਾ ਕਰਮਿ ਮਿਲਾਵਣਹਾਰੁ ॥
ਜਿਨੀ ਸਖੀਏ ਪ੍ਰਭੁ ਪਾਇਆ ਹੰਉ ਤਿਨ ਕੈ ਸਦ ਬਲਿਹਾਰ ॥
ਨਾਨਕ ਹਰਿ ਜੀ ਮਇਆ ਕਰਿ ਸਬਦਿ ਸਵਾਰਣਹਾਰੁ ॥
ਸਾਵਣੁ ਤਿਨਾ ਸੁਹਾਗਣੀ ਜਿਨ ਰਾਮ ਨਾਮੁ ਉਰਿ ਹਾਰੁ ॥੬॥

(ਸਰਸੀ=ਸ+ਰਸੀ,ਰਸ ਵਾਲੀ,ਹਰਿਆਵਲੀ, ਕਾਮਣੀ=
ਜੀਵ-ਇਸਤ੍ਰੀ, ਸਚ ਰੰਗਿ=ਸੱਚੇ ਦੇ ਪਿਆਰ ਵਿਚ,
ਆਧਾਰੁ=ਆਸਰਾ, ਬਿਖਿਆ ਰੰਗ=ਮਾਇਆ ਦੇ ਰੰਗ,
ਛਾਰੁ=ਸੁਆਹ, ਪੀਵਣਹਾਰ=ਪੀਣ ਜੋਗਾ, ਤਿਣੁ=ਘਾਹ,
ਮਉਲਿਆ=ਹਰਿਆ-ਭਰਿਆ, ਕਰਮਿ=ਮਿਹਰ ਨਾਲ,
ਮਇਆ=ਦਇਆ, ਉਰਿ=ਹਿਰਦੇ ਵਿਚ)


ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ ॥
ਲਖ ਸੀਗਾਰ ਬਣਾਇਆ ਕਾਰਜਿ ਨਾਹੀ ਕੇਤੁ ॥
ਜਿਤੁ ਦਿਨਿ ਦੇਹ ਬਿਨਸਸੀ ਤਿਤੁ ਵੇਲੈ ਕਹਸਨਿ ਪ੍ਰੇਤੁ ॥
ਪਕੜਿ ਚਲਾਇਨਿ ਦੂਤ ਜਮ ਕਿਸੈ ਨ ਦੇਨੀ ਭੇਤੁ ॥
ਛਡਿ ਖੜੋਤੇ ਖਿਨੈ ਮਾਹਿ ਜਿਨ ਸਿਉ ਲਗਾ ਹੇਤੁ ॥
ਹਥ ਮਰੋੜੈ ਤਨੁ ਕਪੇ ਸਿਆਹਹੁ ਹੋਆ ਸੇਤੁ ॥
ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥
ਨਾਨਕ ਪ੍ਰਭ ਸਰਣਾਗਤੀ ਚਰਣ ਬੋਹਿਥ ਪ੍ਰਭ ਦੇਤੁ ॥
ਸੇ ਭਾਦੁਇ ਨਰਕਿ ਨ ਪਾਈਅਹਿ ਗੁਰੁ ਰਖਣ ਵਾਲਾ ਹੇਤੁ ॥੭॥

(ਭਾਦੁਇ=ਭਾਦਰੋਂ ਦੇ ਮਹੀਨੇ ਵਿਚ, ਭਰਮਿ=ਭਟਕਣਾ
ਵਿਚ, ਭੁਲਾਣੀਆ=ਕੁਰਾਹੇ ਪੈ ਜਾਂਦੀ ਹੈ, ਹੇਤੁ=ਹਿਤ,
ਪਿਆਰ, ਕੇਤੁ ਕਾਰਜਿ=ਕਿਸੇ ਕੰਮ ਵਿਚ, ਜਿਤੁ=ਜਿਸ
ਵਿਚ, ਦੇਹ=ਸਰੀਰ, ਕਹਸਨਿ=ਆਖਣਗੇ, ਬਿਨਸਸੀ=
ਬਿਨਸੇਗੀ, ਪ੍ਰੇਤ=ਗੁਜ਼ਰ ਚੁਕਿਆ,ਅਪਵਿਤ੍ਰ, ਪਕੜਿ=
ਫੜ ਕੇ, ਨ ਦੇਨੀ=ਨਹੀਂ ਦੇਂਦੇ, ਸਿਆਹਹੁ=ਕਾਲੇ ਰੰਗ
ਤੋਂ, ਸੇਤੁ=ਚਿੱਟਾ, ਕਪੇ=ਕੱਪੀਦਾ ਹੈ, ਲੁਣੈ=ਵੱਢਦਾ ਹੈ,
ਖੇਤੁ=ਪੈਲੀ, ਸੰਦੜਾ=ਦਾ, ਬੋਹਿਥ=ਜਹਾਜ਼, ਪਾਈਅਹਿ=
ਪਾਏ ਜਾਂਦੇ, ਹੇਤੁ=ਹਿਤੂ,ਪਿਆਰ ਕਰਨ ਵਾਲਾ)


ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ ॥
ਮਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ ਮਾਇ ॥
ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਇ ॥
ਵਿਣੁ ਪ੍ਰਭ ਕਿਉ ਸੁਖੁ ਪਾਈਐ ਦੂਜੀ ਨਾਹੀ ਜਾਇ ॥
ਜਿੰਨ੍ਹ੍ਹੀ ਚਾਖਿਆ ਪ੍ਰੇਮ ਰਸੁ ਸੇ ਤ੍ਰਿਪਤਿ ਰਹੇ ਆਘਾਇ ॥
ਆਪੁ ਤਿਆਗਿ ਬਿਨਤੀ ਕਰਹਿ ਲੇਹੁ ਪ੍ਰਭੂ ਲੜਿ ਲਾਇ ॥
ਜੋ ਹਰਿ ਕੰਤਿ ਮਿਲਾਈਆ ਸਿ ਵਿਛੁੜਿ ਕਤਹਿ ਨ ਜਾਇ ॥
ਪ੍ਰਭ ਵਿਣੁ ਦੂਜਾ ਕੋ ਨਹੀ ਨਾਨਕ ਹਰਿ ਸਰਣਾਇ ॥
ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰਿ ਰਾਇ ॥੮॥

(ਉਮਾਹੜਾ=ਉਛਾਲਾ, ਜਾਇ=ਜਾ ਕੇ, ਕਿਉਂ=ਕਿਵੇਂ,
ਕਿਸੇ ਨ ਕਿਸੇ ਤਰ੍ਹਾਂ, ਘਣੀ=ਬਹੁਤ, ਆਣਿ=ਲਿਆ
ਕੇ, ਹਉ=ਮੈਂ, ਤਿਨ ਕੈ ਪਾਇ=ਉਹਨਾਂ ਦੀ ਚਰਨੀਂ,
ਜਾਇ=ਥਾਂ, ਰਸੁ=ਸੁਆਦ,ਆਨੰਦ, ਰਹੇ ਆਘਾਇ=
ਰੱਜ ਗਏ, ਲੜਿ=ਲੜ ਵਿਚ,ਪੱਲੇ, ਕੰਤਿ=ਕੰਤ ਨੇ,
ਕਤਹਿ=ਕਿਸੇ ਹੋਰ ਥਾਂ, ਮਇਆ=ਮਿਹਰ)


ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ ॥
ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ ॥
ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ ॥
ਖਿਨ ਮਹਿ ਕਉੜੇ ਹੋਇ ਗਏ ਜਿਤੜੇ ਮਾਇਆ ਭੋਗ ॥
ਵਿਚੁ ਨ ਕੋਈ ਕਰਿ ਸਕੈ ਕਿਸ ਥੈ ਰੋਵਹਿ ਰੋਜ ॥
ਕੀਤਾ ਕਿਛੂ ਨ ਹੋਵਈ ਲਿਖਿਆ ਧੁਰਿ ਸੰਜੋਗ ॥
ਵਡਭਾਗੀ ਮੇਰਾ ਪ੍ਰਭੁ ਮਿਲੈ ਤਾਂ ਉਤਰਹਿ ਸਭਿ ਬਿਓਗ ॥
ਨਾਨਕ ਕਉ ਪ੍ਰਭ ਰਾਖਿ ਲੇਹਿ ਮੇਰੇ ਸਾਹਿਬ ਬੰਦੀ ਮੋਚ ॥
ਕਤਿਕ ਹੋਵੈ ਸਾਧਸੰਗੁ ਬਿਨਸਹਿ ਸਭੇ ਸੋਚ ॥੯॥

(ਕਾਹੂ ਜੋਗੁ=ਕਿਸੇ ਦੇ ਜ਼ਿੰਮੇ, ਵਿਆਪਨਿ=ਜ਼ੋਰ
ਪਾ ਲੈਂਦੇ ਹਨ, ਰਾਮ ਤੇ=ਰੱਬ ਤੋਂ, ਲਗਨਿ=ਲੱਗ
ਜਾਂਦੇ ਹਨ, ਜਨਮ ਵਿਜੋਗ=ਜਨਮਾਂ ਦੇ ਵਿਛੋੜੇ,
ਮਾਇਆ ਭੋਗ=ਮਾਇਆ ਦੀਆਂ ਮੌਜਾਂ, ਵਿਚੁ=
ਵਿਚੋਲਾ ਪਨ, ਕਿਸ ਥੈ=ਹੋਰ ਕਿਸ ਕੋਲ, ਰੋਜ=
ਨਿਤ, ਕੀਤਾ=ਆਪਣਾ ਕੀਤਾ, ਧੁਰਿ=ਧੁਰ ਤੋਂ,
ਪ੍ਰਭੂ ਦੀ ਹਜ਼ੂਰੀ ਤੋਂ, ਬਿਓਗ=ਵਿਛੋੜੇ ਦੇ ਦੁੱਖ,
ਕਉ=ਨੂੰ, ਬੰਦੀ ਮੋਚ=ਹੇ ਕੈਦ ਤੋਂ ਛੁਡਾਣ ਵਾਲੇ,
ਬਿਨਸਹਿ=ਨਾਸ ਹੋ ਜਾਂਦੇ ਹਨ, ਸੋਚ=ਫ਼ਿਕਰ)


ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ ॥
ਤਿਨ ਕੀ ਸੋਭਾ ਕਿਆ ਗਣੀ ਜਿ ਸਾਹਿਬਿ ਮੇਲੜੀਆਹ ॥
ਤਨੁ ਮਨੁ ਮਉਲਿਆ ਰਾਮ ਸਿਉ ਸੰਗਿ ਸਾਧ ਸਹੇਲੜੀਆਹ ॥
ਸਾਧ ਜਨਾ ਤੇ ਬਾਹਰੀ ਸੇ ਰਹਨਿ ਇਕੇਲੜੀਆਹ ॥
ਤਿਨ ਦੁਖੁ ਨ ਕਬਹੂ ਉਤਰੈ ਸੇ ਜਮ ਕੈ ਵਸਿ ਪੜੀਆਹ ॥
ਜਿਨੀ ਰਾਵਿਆ ਪ੍ਰਭੁ ਆਪਣਾ ਸੇ ਦਿਸਨਿ ਨਿਤ ਖੜੀਆਹ ॥
ਰਤਨ ਜਵੇਹਰ ਲਾਲ ਹਰਿ ਕੰਠਿ ਤਿਨਾ ਜੜੀਆਹ ॥
ਨਾਨਕ ਬਾਂਛੈ ਧੂੜਿ ਤਿਨ ਪ੍ਰਭ ਸਰਣੀ ਦਰਿ ਪੜੀਆਹ ॥
ਮੰਘਿਰਿ ਪ੍ਰਭੁ ਆਰਾਧਣਾ ਬਹੁੜਿ ਨ ਜਨਮੜੀਆਹ ॥੧੦॥

(ਮਾਹਿ=ਮਹੀਨੇ ਵਿਚ, ਪਿਰ ਸੰਗਿ=ਪਤੀ ਦੇ ਨਾਲ,
ਕਿਆ ਗਣੀ=ਬਿਆਨ ਨਹੀਂ ਹੋ ਸਕਦੀ, ਜਿ=ਜਿਨ੍ਹਾਂ
ਨੂੰ, ਰਾਮ ਸਿਉ=ਪਰਮਾਤਮਾ ਨਾਲ, ਸਾਧ ਸਹੇਲੜੀਆਹ
ਸੰਗਿ=ਸਤ ਸੰਗੀਆਂ ਨਾਲ, ਬਾਹਰੀ=ਬਿਨਾ, ਤੇ=ਤੋਂ,
ਦਿਸਹਿ=ਦਿੱਸਦੀਆਂ ਹਨ, ਖੜੀਆਹ=ਸਾਵਧਾਨ,
ਸੁਚੇਤ, ਕੰਠਿ=ਗਲ ਵਿਚ, ਬਾਂਛੈ=ਮੰਗਦਾ ਹੈ, ਦਰਿ=
ਦਰ ਉਤੇ, ਬਹੁੜਿ=ਮੁੜ,ਫਿਰ)


ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ ॥
ਮਨੁ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ ॥
ਓਟ ਗੋਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹੁ ॥
ਬਿਖਿਆ ਪੋਹਿ ਨ ਸਕਈ ਮਿਲਿ ਸਾਧੂ ਗੁਣ ਗਾਹੁ ॥
ਜਹ ਤੇ ਉਪਜੀ ਤਹ ਮਿਲੀ ਸਚੀ ਪ੍ਰੀਤਿ ਸਮਾਹੁ ॥
ਕਰੁ ਗਹਿ ਲੀਨੀ ਪਾਰਬ੍ਰਹਮਿ ਬਹੁੜਿ ਨ ਵਿਛੁੜੀਆਹੁ ॥
ਬਾਰਿ ਜਾਉ ਲਖ ਬੇਰੀਆ ਹਰਿ ਸਜਣੁ ਅਗਮ ਅਗਾਹੁ ॥
ਸਰਮ ਪਈ ਨਾਰਾਇਣੈ ਨਾਨਕ ਦਰਿ ਪਈਆਹੁ ॥
ਪੋਖੁ ਸਹੰਦਾ ਸਰਬ ਸੁਖ ਜਿਸੁ ਬਖਸੇ ਵੇਪਰਵਾਹੁ ॥੧੧॥

(ਤੁਖਾਰੁ=ਕੱਕਰ,ਕੋਰਾ, ਨ ਵਿਆਪਈ=ਜ਼ੋਰ ਨਹੀਂ
ਪਾਂਦਾ, ਕੰਠਿ=ਗਲ ਵਿਚ, ਹਿਰਦੇ ਵਿਚ, ਨਾਹੁ=
ਨਾਥ, ਪਤੀ, ਬੇਧਿਆ=ਵਿੰਨ੍ਹਿਆ ਜਾਂਦਾ ਹੈ,
ਚਰਨਾਰਬਿੰਦ=ਚਰਨ+ਅਰਬਿੰਦ,ਚਰਨ ਕਮਲ,
ਦਰਸਨਿ=ਦੀਦਾਰ ਵਿਚ, ਸਾਹੁ=ਇਕ ਇਕ
ਸਾਹ,ਬ੍ਰਿਤੀ, ਲਾਹੁ=ਲਾਭ, ਬਿਖਿਆ=ਮਾਇਆ,
ਗੁਣ ਗਾਹੁ=ਗੁਣਾਂ ਦੀ ਵਿਚਾਰ, ਜਹ ਤੇ=ਜਿਸ
ਪ੍ਰਭੂ ਤੋਂ, ਸਮਾਹੁ=ਲਿਵ, ਕਰੁ=ਹੱਥ, ਗਹਿ=ਫੜ
ਕੇ, ਬਾਰਿ ਜਾਉ=ਮੈਂ ਵਾਰਨੇ ਜਾਂਦੀ ਹਾਂ, ਬੇਰੀਆ=
ਵਾਰੀ, ਅਗਮ=ਅਪਹੁੰਚ, ਅਗਾਹੁ=ਅਗਾਧ,
ਸਰਮ ਪਈ=ਇੱਜ਼ਤ ਰੱਖਣੀ ਪਈ, ਦਰਿ=
ਦਰ ਉਤੇ, ਸੋਹੰਦਾ=ਸੋਹਣਾ ਲੱਗਦਾ ਹੈ)


ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ ॥
ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ ॥
ਜਨਮ ਕਰਮ ਮਲੁ ਉਤਰੈ ਮਨ ਤੇ ਜਾਇ ਗੁਮਾਨੁ ॥
ਕਾਮਿ ਕਰੋਧਿ ਨ ਮੋਹੀਐ ਬਿਨਸੈ ਲੋਭੁ ਸੁਆਨੁ ॥
ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ ॥
ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ ॥
ਜਿਸ ਨੋ ਦੇਵੈ ਦਇਆ ਕਰਿ ਸੋਈ ਪੁਰਖੁ ਸੁਜਾਨੁ ॥
ਜਿਨਾ ਮਿਲਿਆ ਪ੍ਰਭੁ ਆਪਣਾ ਨਾਨਕ ਤਿਨ ਕੁਰਬਾਨੁ ॥
ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰੁ ਮਿਹਰਵਾਨੁ ॥੧੨॥

(ਮਾਘਿ=ਮਾਘ ਮਹੀਨੇ ਵਿਚ, (ਨੋਟ=ਇਸ ਮਹੀਨੇ ਦਾ
ਪਹਿਲਾ ਦਿਨ ਹਿੰਦੂ-ਸ਼ਾਸਤ੍ਰਾਂ ਅਨੁਸਾਰ ਬੜਾ ਪਵਿਤ੍ਰ ਹੈ,
ਮਜਨੁ=ਚੁੱਭੀ, ਦਾਨੁ=ਨਾਮੁ ਦਾ ਦਾਨ, ਜਨਮ ਕਰਮ ਮਲੁ=
ਕਈ ਜਨਮਾਂ ਦੇ ਕੀਤੇ ਕਰਮਾਂ ਤੋਂ ਪੈਦਾ ਹੋਈ ਵਿਕਾਰਾਂ
ਦੀ ਮੈਲ, ਗੁਮਾਨੁ=ਅਹੰਕਾਰ, ਮੋਹੀਐ=ਠੱਗੇ ਜਾਈਦਾ,
ਸੁਆਨੁ=ਕੁੱਤਾ, ਮਾਰਗਿ=ਰਸਤੇ ਉੱਤੇ, ਉਸਤਤਿ=ਸੋਭਾ,
ਅਠਸਠਿ=ਅਠਾਹਠ, ਪਰਵਾਨੁ=ਮੰਨਿਆ-ਪ੍ਰਮੰਨਿਆ,
ਕਰਿ=ਕਰ ਕੇ, ਸੁਜਾਨੁ=ਸਿਆਣਾ, ਕਾਂਢੀਅਹਿ=
ਆਖੇ ਜਾਂਦੇ ਹਨ)


ਫਲਗੁਣਿ ਅਨੰਦ ਉਪਾਰਜਨਾ ਹਰਿ ਸਜਣ ਪ੍ਰਗਟੇ ਆਇ ॥
ਸੰਤ ਸਹਾਈ ਰਾਮ ਕੇ ਕਰਿ ਕਿਰਪਾ ਦੀਆ ਮਿਲਾਇ ॥
ਸੇਜ ਸੁਹਾਵੀ ਸਰਬ ਸੁਖ ਹੁਣਿ ਦੁਖਾ ਨਾਹੀ ਜਾਇ ॥
ਇਛ ਪੁਨੀ ਵਡਭਾਗਣੀ ਵਰੁ ਪਾਇਆ ਹਰਿ ਰਾਇ ॥
ਮਿਲਿ ਸਹੀਆ ਮੰਗਲੁ ਗਾਵਹੀ ਗੀਤ ਗੋਵਿੰਦ ਅਲਾਇ ॥
ਹਰਿ ਜੇਹਾ ਅਵਰੁ ਨ ਦਿਸਈ ਕੋਈ ਦੂਜਾ ਲਵੈ ਨ ਲਾਇ ॥
ਹਲਤੁ ਪਲਤੁ ਸਵਾਰਿਓਨੁ ਨਿਹਚਲ ਦਿਤੀਅਨੁ ਜਾਇ ॥
ਸੰਸਾਰ ਸਾਗਰ ਤੇ ਰਖਿਅਨੁ ਬਹੁੜਿ ਨ ਜਨਮੈ ਧਾਇ ॥
ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਇ ॥
ਫਲਗੁਣਿ ਨਿਤ ਸਲਾਹੀਐ ਜਿਸ ਨੋ ਤਿਲੁ ਨ ਤਮਾਇ ॥੧੩॥

(ਫਲਗੁਣਿ=ਫੱਗਣ ਮਹੀਨੇ ਵਿਚ, ਉਪਾਰਜਨਾ=ਉਪਜ,
ਪ੍ਰਕਾਸ਼, ਰਾਮ ਕੇ ਸਹਾਈ=ਪਰਮਾਤਮਾ ਨਾਲ ਮਿਲਣ
ਵਿਚ ਸਹਾਇਤਾ ਕਰਨ ਵਾਲੇ, ਸੇਜ=ਹਿਰਦਾ, ਜਾਇ=
ਥਾਂ, ਵਰੁ=ਖਸਮ-ਪ੍ਰਭੂ, ਗਾਵਹੀ=ਗਾਵਹਿ,ਗਾਂਦੀਆਂ
ਹਨ, ਮੰਗਲੁ=ਖ਼ੁਸ਼ੀ ਦਾ ਗੀਤ, ਅਲਾਇ-ਉਚਾਰ ਕੇ,
ਦਿਸਈ=ਦਿੱਸਦਾ, ਲਵੈ ਨ ਲਾਇ=ਲਵੈ ਲਾਉਣੇ ਨਹੀਂ,
ਬਰਾਬਰੀ ਕਰਨ ਜੋਗਾ ਨਹੀਂ, ਹਲਤੁ=ਇਹ ਲੋਕ,
ਪਲਤੁ=ਪਰ ਲੋਕ, ਸਵਾਰਿਓਨੁ=ਉਸ ਪ੍ਰਭੂ ਨੇ ਸਵਾਰ
ਦਿੱਤਾ, ਦਿਤੀਅਨੁ=ਉਸ ਪ੍ਰਭੂ ਨੇ ਦਿੱਤੀ, ਜਾਇ=ਥਾਂ,
ਤੇ=ਤੋਂ, ਰਖਿਅਨੁ=ਉਸ ਨੇ ਰੱਖ ਲਏ, ਧਾਇ=ਧਾਈ,
ਭਟਕਣਾ, ਪਾਇ=ਪੈ ਕੇ, ਤਿਲੁ=ਰਤਾ ਭੀ, ਤਮਾਇ=
ਤਮ੍ਹਾ,ਲਾਲਚ)


ਜਿਨਿ ਜਿਨਿ ਨਾਮੁ ਧਿਆਇਆ ਤਿਨ ਕੇ ਕਾਜ ਸਰੇ ॥
ਹਰਿ ਗੁਰੁ ਪੂਰਾ ਆਰਾਧਿਆ ਦਰਗਹ ਸਚਿ ਖਰੇ ॥
ਸਰਬ ਸੁਖਾ ਨਿਧਿ ਚਰਣ ਹਰਿ ਭਉਜਲੁ ਬਿਖਮੁ ਤਰੇ ॥
ਪ੍ਰੇਮ ਭਗਤਿ ਤਿਨ ਪਾਈਆ ਬਿਖਿਆ ਨਾਹਿ ਜਰੇ ॥
ਕੂੜ ਗਏ ਦੁਬਿਧਾ ਨਸੀ ਪੂਰਨ ਸਚਿ ਭਰੇ ॥
ਪਾਰਬ੍ਰਹਮੁ ਪ੍ਰਭੁ ਸੇਵਦੇ ਮਨ ਅੰਦਰਿ ਏਕੁ ਧਰੇ ॥
ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ ॥
ਨਾਨਕੁ ਮੰਗੈ ਦਰਸ ਦਾਨੁ ਕਿਰਪਾ ਕਰਹੁ ਹਰੇ ॥੧੪॥੧॥੧੩੩-੧੩੬॥

(ਜਿਨਿ=ਜਿਸ ਮਨੁੱਖ ਨੇ, ਸਰੇ=ਨੇਪਰੇ ਚੜ
ਜਾਂਦੇ ਹਨ, ਖਰੇ=ਸੁਰਖ਼ਰੂ, ਦਰਗਹ ਸਚਿ=
ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਹਜ਼ੂਰੀ
ਵਿਚ, ਨਿਧਿ=ਖ਼ਜ਼ਾਨਾ, ਬਿਖਮੁ=ਔਖਾ,
ਭਉਜਲੁ=ਸੰਸਾਰ-ਸਮੁੰਦਰ, ਤਿਨ=ਉਹਨਾਂ
ਬੰਦਿਆਂ ਨੇ, ਬਿਖਿਆ=ਮਾਇਆ, ਜਰੇ=
ਸੜਦੇ, ਕੂੜ=ਵਿਅਰਥ ਝੂਠੇ ਲਾਲਚ,
ਦੁਬਿਧਾ=ਦੁਚਿੱਤਾ-ਪਨ, ਭਰੇ=ਟਿਕੇ
ਰਹਿੰਦੇ ਹਨ, ਧਰੇ=ਧਰ ਕੇ, ਮਾਹ=
ਮਹੀਨੇ, ਦਿਵਸ=ਦਿਹਾੜੇ, ਮੂਰਤ=
ਮੁਹੂਰਤ, ਜਿਨ ਕਉ=ਜਿਨ੍ਹਾਂ ਉੱਤੇ,
ਹਰੇ=ਹੇ ਹਰੀ)