Krishan Betab
ਕ੍ਰਿਸ਼ਨ ਬੇਤਾਬ

Punjabi Writer
  

Bal Kavitavan Krishan Betab

ਬਾਲ ਕਵਿਤਾਵਾਂ ਕ੍ਰਿਸ਼ਨ ਬੇਤਾਬ

1. ਨਾਨਕ ਤੇਰੀ ਜੈ ਜੈ ਕਾਰ

ਨਾਨਕ ਤੇਰੀ ਜੈ ਜੈ ਕਾਰ, ਸ਼ਕਤੀ ਤੇਰੀ ਅਪਰ ਅਪਾਰ ।

ਊਚ ਨੀਚ ਦਾ ਖੰਡਨ ਕੀਤਾ, ਜ਼ਾਤ ਪਾਤ ਦਾ ਭੰਡਨ ਕੀਤਾ ।
ਕੂੜ ਅਡੰਬਰ ਦੂਰ ਹਟਾਏ, ਥਾਂ ਥਾਂ ਰੱਬੀ ਨੂਰ ਵਸਾਏ ।
ਤੈਨੇ ਦਿੱਤਾ ਸਾਨੂੰ ਪਿਆਰ, ਜੱਗ ਦਾ ਕੀਤਾ ਬੇੜਾ ਪਾਰ ।

ਕਿਰਤ ਕਰੋ ਤੇ ਵੰਡ ਕੇ ਖਾਓ, ਫਲ ਮਿਹਨਤ ਦਾ ਮਿੱਠਾ ਪਾਓ ।
ਸਾਂਝੀਵਾਲ ਦੀ ਲਾਈ ਵੇਲ, ਖੇਡੀ ਤੇਰਾਂ ਤੇਰਾਂ ਦੀ ਖੇਲ ।
ਦੀਨ ਦੁਖੀ ਦੀ ਸੁਣੀ ਪੁਕਾਰ, ਦਾਤਾ ਮੇਰੇ ਸਿਰਜਨਹਾਰ ।

ਤੇਰੇ ਅੱਗੇ ਵਾਲਾਂ ਵਾਲੇ, ਗੀਤਾ ਵੇਦ ਕੁਰਾਨਾਂ ਵਾਲੇ ।
ਗੋਰਖ ਕੌਡੇ ਸੱਜਣ ਵਰਗੇ, ਮਲਕ ਭਾਗੋ ਕੰਧਾਰੀ ਵਰਗੇ ।
ਵੇਖਕੇ ਤੇਰਾ ਚਮਤਕਾਰ, ਸਭਨੇ ਕੀਤੀ ਜੈ ਜੈ ਕਾਰ ।

ਕਵਿਤਾ ਤੇਰੀ ਬੜੀ ਮਹਾਨ, ਕਾਇਲ ਹੋਇਆ ਕੁਲ ਜਹਾਨ ।
ਗੱਲ ਮੁਕਾਵਾਂ ਕਹਿ ਕੇ ਸਾਰੀ, ਤੂੰ ਭਗਵਾਨਾਂ ਦਾ ਭਗਵਾਨ ।
ਕੀਤਾ ਭਾਰਤ ਤੇ ਉਪਕਾਰ, ਨਾਨਕ ਤੇਰੀ ਜੈ ਜੈ ਕਾਰ ।
ਨਾਨਕ ਤੇਰੀ ਜੈ ਜੈ ਕਾਰ !
ਨਾਨਕ ਤੇਰੀ ਜੈ ਜੈ ਕਾਰ !!

(ਨਵੰਬਰ ੧੯੭੯-ਬਾਲ ਵਿਦਿਅਕ ਜੋਤ)

2. ਜੰਗਲ ਦੀ ਪੁਕਾਰ

ਇਹ ਕੀ ਕਰਦਾ ਹੈਂ ਤੂੰ ਭਾਈ
ਵੱਲ ਮੇਰੇ ਕਿਉਂ ਆਫ਼ਤ ਆਈ
ਮਾਰ ਕਾਟ ਦਾ ਇਹ ਕੀ ਖੇਲ
ਚਾਕੂ ਨਾਲ ਕੀ ਸਾਡਾ ਮੇਲ

ਵਣ ਹਨ ਧਰਤੀ ਦਾ ਸ਼ਿੰਗਾਰ
ਤੇਰੇ ਜੋਬਨ ਦੀ ਮਹਿਕਾਰ
ਮਾਂ ਦਾ ਆਂਚਲ ਧੁੱਪੋਂ ਛਾਇਆ
ਕੀ ਨਹੀਂ ਦੱਸ ਤੈਂ ਰੁੱਖੋਂ ਪਾਇਆ

ਫਲ, ਫੁੱਲ, ਤੇ ਅੰਮ੍ਰਿਤ-ਵਰਖਾ,
ਨਸ਼ਾ ਜੀਵਣ ਦਾ ਹਲਕਾ ਹਲਕਾ
ਆਦਿ ਕਾਲ ਤੋਂ ਹੁੰਦੀ ਪੂਜਾ
ਹੋਰ ਨਾ ਸਾਥੀ ਤੇਰਾ ਦੂਜਾ

ਸਾਰੇ ਸ਼ਾਸਤਰ ਇਹੋ ਕਹਿੰਦੇ
ਮੱਤ ਭਲੇ ਦੀ ਇਹੋ ਦੇਂਦੇ
ਮਾਂ-ਪੁੱਤ ਦਾ ਰਿਸ਼ਤਾ ਇੱਕੋਂ
ਰੁੱਖ ਧਰਤ ਦਾ ਵਿਰਸਾ ਜਿੱਕੋਂ

ਗੀਤ ਖੁਸ਼ੀ ਦੇ ਗਾਉਂਦੇ ਜੰਗਲ
ਜੰਗਲ ਵਿੱਚ ਹੀ ਹੁੰਦੇ ਮੰਗਲ
ਨਾ ਕੱਟ ਇਹਨਾਂ ਨੂੰ ਹਰਜਾਈ
ਵਾਰ ਵਾਰ ਹੈ ਇਹੋ ਦੁਹਾਈ

ਕੱਟਣ ਨਾਲ ਨਹੀਂ ਪੈਣਾ ਪੂਰਾ
ਬਿਨ ਰੁੱਖਾਂ ਦੇ ਜਨਮ ਅਧੂਰਾ
ਇਹੋ ਜੋ ਵਧ ਰਹੀ ਆਬਾਦੀ
ਬੇਸ਼ਕ ਬੰਦੇ ਦੀ ਬਰਬਾਦੀ

ਇਸ ਦਾ ਕਰ ਲੈ ਕੁਝ ਪ੍ਰਬੰਧ
ਨਹੀਂ ਤਾਂ ਨਵੇਂ ਚੜ੍ਹਨਗੇ ਚੰਦ
ਇਸ ਦੁਨੀਆਂ ਤੋਂ ਜਦ ਤੈਂ ਚਲਣਾ
ਤੇਰੇ ਨਾਲ ਅਸਾਂ ਹੈ ਸੜਨਾ

ਛੱਡ ਦੇ ਹੱਥੋਂ ਹੁਣ ਤਲਵਾਰ
ਰੁੱਖਾਂ ਨੂੰ ਤੂੰ ਕਰ ਲੈ ਪਿਆਰ
ਕਰ ਲੈ ਵੱਸੋਂ ਨੂੰ ਹੁਣ ਕਾਬੂ
ਇਹੋ ਤੇਰੇ ਹੱਥ ਵਿਚ ਜਾਦੂ

ਇਹ ਜੋ ਤੇਰੇ ਬੱਚੇ ਬਾਲੇ
ਜ਼ਹਿਰ ਤੇਰਾ ਨੇ ਪੀਵਣ ਵਾਲੇ
ਵੇਖ 'ਬੇਤਾਬ' ਹੈ ਕੱਢਦਾ ਹਾੜੇ
ਨਾ ਸਾਨੂੰ ਤੂੰ ਮਾਰ ਕੁਹਾੜੇ

(੧੯੮੪-ਬਾਲ ਵਿਦਿਅਕ ਜੋਤ)

3. ਤਿਤਲੀ ਦਾ ਗੀਤ

ਤਿਤਲੀ ਪਿਆਰੀ ਪਿਆਰੀ
ਉਡਦੀ ਕਿਆਰੀ ਕਿਆਰੀ
ਫੁੱਲਾਂ ਨੂੰ ਕੀ ਆਖੇ
ਕਿਵੇਂ ਨਿਕਲਣ ਹਾਸੇ

ਰੂਪ ਰੰਗ ਤੋਂ ਨਿਆਰੀ
ਜਿਵੇਂ ਰੰਗ ਪਿਟਾਰੀ ।
ਉਹ ਰਸ ਘੋਲ ਘੁਮਾਵੇ
ਫੁੱਲਾਂ ਨੂੰ ਸ਼ਰਮਾਵੇ

ਘੂੰ ਘੂੰ ਕਰਕੇ ਹੱਸੇ
ਦਿਲ ਰਾਹੀਆਂ ਦੇ ਖੱਸੇ
ਅੱਖ ਮਟੱਕੇ ਮਾਰੇ
ਜਿੱਦਾਂ ਝਿਲਮਿਲ ਤਾਰੇ

ਹੱਥ ਕਿਸੇ ਨਾ ਆਵੇ
ਮਨ ਸਭ ਦਾ ਪਰਚਾਵੇ

(ਮਈ ੧੯੮੨-ਬਾਲ ਵਿਦਿਅਕ ਜੋਤ)

4. ਏਕਤਾ ਦਾ ਗੀਤ

ਸਾਂਝਾ ਹੈ ਭਗਵਾਨ ਸਭ ਦਾ ਸਾਂਝਾ ਹੈ ਭਗਵਾਨ
ਇੱਕ ਨੂਰ ਤੇ ਸਭ ਜਗ ਉਪਜਿਆ, ਅਸੀਂ ਉਸਦੀ ਸੰਤਾਨ
ਸਾਂਝਾ ਹੈ ਭਗਵਾਨ ਸਭ ਦਾ ਸਾਂਝਾ ਹੈ ਭਗਵਾਨ

ਕਿਸੀ ਦਾ ਰਾਮ ਕਿਸੀ ਦਾ ਸਤਿਗੁਰੂ ਕਿਸੀ ਦਾ ਅੱਲਾ ਅਕਬਰ
ਕੋਈ ਉਸ ਨੂੰ ਈਸਾ ਆਖੇ, ਕੋਈ ਆਖੇ ਸ਼ਿਵ ਸ਼ੰਕਰ
ਕੋਈ ਉਸ ਨੂੰ ਅੰਬਾ ਆਖੇ, ਕਿਸੀ ਦਾ ਗੌਤਮ ਅਮਰ ਮਹਾਨ
ਸਾਂਝਾ ਹੈ ਭਗਵਾਨ ਸਭ ਦਾ ਸਾਂਝਾ ਹੈ ਭਗਵਾਨ

ਗਿਰਜੇ ਵਿੱਚ ਵੀ ਓਹੀ, ਮਸਜਿਦ ਦੇ ਵਿੱਚ ਓਹੀ
ਗੁਰੂਦੁਆਰੇ ਦਾ ਓਂਕਾਰ ਓਹੀ, ਮੰਦਰ 'ਚ ਵੀ ਓਹੀ
ਉਸੇ ਰੂਪ ਦੇ ਨੂਰ ਹਨ ਸਾਰੇ ਅੱਲਾ, ਨਾਨਕ, ਈਸਾ, ਰਾਮ
ਸਾਂਝਾ ਹੈ ਭਗਵਾਨ ਸਭ ਦਾ ਸਾਂਝਾ ਹੈ ਭਗਵਾਨ

ਭੇਦ-ਭਾਵ ਵਿੱਚੋਂ ਕੀ ਲੈਣਾ, ਕਣ-ਕਣ ਵਿੱਚ ਹੈ ਉਹ ਸਮਾਇਆ
ਬੇਅੰਤ ਨਿਰੰਜਣ ਰੱਬ ਹੈ ਇੱਕੋ, ਕੋਈ ਨਾ ਜਾਣੇ ਉਸਦੀ ਮਾਇਆ
ਉਸ ਦੇ ਲਈ ਹਨ ਸਭ ਬਰਾਬਰ, ਨਾ ਕੋਈ ਨੀਵਾਂ ਨਾ ਮਹਾਨ
ਸਾਂਝਾ ਹੈ ਭਗਵਾਨ ਸਭ ਦਾ ਸਾਂਝਾ ਹੈ ਭਗਵਾਨ

(੧੯੮੫-ਬਾਲ ਵਿਦਿਅਕ ਜੋਤ)

5. ਦੇਸ਼ ਪਿਆਰ ਦਾ ਗੀਤ

ਭਾਰਤ ਮੇਰਾ ਪਿਆਰਾ ਦੇਸ਼
ਧੁੰਮਾਂ ਜਿਸ ਦੀਆਂ ਦੇਸ਼ ਬਦੇਸ਼
ਭੂਮੀ ਇਸ ਦੀ ਬੜੀ ਨਿਆਰੀ
ਮੈਨੂੰ ਲਗਦੀ ਕਿੰਨੀ ਪਿਆਰੀ

ਭਾਂਤ ਭਾਂਤ ਦੀ ਬੋਲੀ ਵਾਲੇ
ਚਿੱਟੇ ਗੋਰੇ ਨਾਟੇ ਕਾਲੇ
ਫੁੱਲਾਂ ਦਾ ਗੁਲਦਸਤਾ ਏ
ਸੁਰਗਾਂ ਵਰਗਾ ਲਗਦਾ ਏ

ਸਭ ਧਰਮਾਂ ਦਾ ਇੱਥੇ ਮੇਲ
ਘਿਉ-ਸ਼ੱਕਰ ਦਾ ਜਿਉਂ ਮੇਲ
ਮਿਲਕੇ ਕਰੀਏ ਨਵੀਂ ਉਸਾਰੀ
ਜਿਸ ਨੂੰ ਵੇਖੇ ਦੁਨੀਆਂ ਸਾਰੀ

ਅਨਪੜ੍ਹ ਇੱਥੇ ਰਹੇ ਨਾ ਕੋਈ
ਪੱਕੀ ਮੱਤ ਹੁਣ ਏਹੀ ਹੋਈ

(ਮਈ ੧੯੮੨-ਬਾਲ ਵਿਦਿਅਕ ਜੋਤ)