ਬਾਬੂ ਰਜਬ ਅਲੀ
ਬਾਬੂ ਰਜਬ ਅਲੀ ਖ਼ਾਨ (੧੦ ਅਗਸਤ ੧੮੯੪-੬ ਮਈ ੧੯੭੯) ਦਾ ਜਨਮ ਇਕ ਮੁਸਲਮਾਨ ਰਾਜਪੂਤ ਘਰਾਣੇ ਵਿਚ ਪਿਤਾ ਮੀਆਂ ਧਮਾਲੀ ਖਾਨ ਅਤੇ ਮਾਤਾ ਜਿਉਣੀ ਦੇ ਘਰ ਪਿੰਡ ਸਾਹੋਕੇ ਜ਼ਿਲਾ ਫਿਰੋਜ਼ਪੁਰ (ਹੁਣ ਮੋਗਾ) ਵਿਚ ਹੋਇਆ।ਉਨ੍ਹਾਂ ਨੇ ਸਿਵਲ ਇੰਜੀਨੀਅਰਿੰਗ ਦਾ ਡਿਪਲੋਮਾ (ਓਵਰਸੀਅਰੀ) ਪਾਸ ਕੀਤਾ ਅਤੇ ਸਿੰਜਾਈ ਵਿਭਾਗ ਵਿਚ ਨੌਕਰੀ ਕਰ ਲਈ ।੧੯੪੦ ਵਿਚ ਉਨ੍ਹਾਂ ਨੇ ਨੌਕਰੀ ਛੱਡ ਦਿੱਤੀ ।੧੯੪੭ ਦੀ ਵੰਡ ਵੇਲੇ ਉਨ੍ਹਾਂ ਨੂੰ ਪਾਕਿਸਤਾਨ ਜਾਣਾ ਪਿਆ, ਪਰ ਉਨ੍ਹਾਂ ਦਾ ਦਿਲ ਮਾਲਵੇ ਦੇ ਪਿੰਡਾਂ ਦੀਆਂ ਜੂਹਾਂ ਵਿਚ ਹੀ ਰਿਹਾ ।ਉਹ ਇਕ ਉੱਘੇ ਕਵੀਸ਼ਰ ਸਨ, ਜਿਨ੍ਹਾਂ ਨੂੰ ਕਵੀਸ਼ਰੀ ਦਾ ਬਾਦਸ਼ਾਹ ਕਿਹਾ ਜਾਂਦਾ ਸੀ । ਉਨ੍ਹਾਂ ਨੇ ਦਰਜ਼ਨਾਂ ਕਿੱਸੇ ਅਤੇ ਅਨੇਕਾਂ ਕਵਿਤਾਵਾਂ ਲਿਖੀਆਂ । ਉਨ੍ਹਾਂ ਦੀਆਂ ਰਚਨਾਵਾਂ ਵਿਚੋਂ ਪੰਜਾਬ ਅਤੇ ਖਾਸ ਕਰ ਮਾਲਵੇ ਦੀ ਰੂਹ ਝਲਕਦੀ ਹੈ ।