ਪਰਬਤ ਅੰਧਰਾ ਦੇਸ਼ ਦੇ ਉੱਚੇ ਤੇ ਝਿੱਕੇ
ਊਠਾਂ ਤਾਈਂ ਬਹਾਵੰਦੇ ਜਿੱਦਾਂ ਕਰਵਾਨੀ ।
ਢਾਕ ਇਨ੍ਹਾਂ ਦੀ ਵੱਸਦੇ ਪਿੰਡ ਨਿੱਕੇ ਨਿੱਕੇ,
ਇਨ੍ਹਾਂ 'ਚੋਂ ਇਕ ਪਿੰਡ ਦੀ ਮੈਂ ਕਰਾਂ ਕਹਾਣੀ ।
ਰੱਲਣ ਦੋਹਾਂ ਪਰਬਤਾਂ ਦੀਆਂ ਜਿੱਥੇ ਧਾਰਾਂ,
ਉੱਥੇ ਕਰਕੇ ਵੱਸਦਾ ਧਰਮ ਪੁਰ ਟਾਂਡਾ,
ਰੰਗਲੇ ਲਹਿੰਗੇ ਵਾਲੀਆਂ ਜਿੱਥੋਂ ਦੀਆਂ ਨਾਰਾਂ
ਦੂਰ ਦੂਰ ਤਕ ਹੁੱਗਿਆ ਹੈ ਨਾਚ ਇਨ੍ਹਾਂ ਦਾ ।
ਵੱਸੋਂ ਭਾਵੇਂ ਪਿੰਡ ਦੀ ਦੋ ਸੌ ਤੋਂ ਥੱਲੇ,
ਬੰਦੇ ਐਪਰ ਸਾਰ ਦੇ ਏਥੋਂ ਦੇ ਸਾਰੇ ।
ਦੇਸ਼ ਮੁਖਾਂ ਨੇ ਇਨ੍ਹਾਂ ਤੇ ਕਈ ਕੀਤੇ ਹੱਲੇ,
ਐਪਰ ਪੁੱਤਰ ਭੋਏਂ ਦੇ ਹਿੰਮਤ ਨਹੀਂ ਹਾਰੇ ।
"ਭੌਂ ਉਤੇ ਕਿਉਂ ਕਰ ਲਿਆ ਕਿਰਸਾਨਾਂ ਕਬਜ਼ਾ ?"
ਦੇਸ਼ ਮੁਖਾਂ ਨੇ ਸਾੜਿਆ ਤ੍ਰੈ ਵਾਰੀ ਟਾਂਡਾ ।
ਨਾਲ ਦਰਖਤਾਂ ਬੰਨ੍ਹ ਕੇ ਕਿਰਸਾਨਾਂ ਤਾਈਂ,
ਲੈ ਗਏ ਲਦ ਕੇ ਉਨ੍ਹਾਂ ਦਾ ਸਭ ਝੁੱਗਾ ਭਾਂਡਾ ।
ਏਸ ਘੋਲ ਵਿਚ ਮੁਕ ਗਏ ਟੱਬਰਾਂ ਦੇ ਟੱਬਰ,
ਐਪਰ ਲੋਕਾਂ ਭੋਏਂ ਦਾ ਕਬਜ਼ਾ ਨਾ ਛਡਿਆ ।
ਝਰਵਾਣੇ ਨੂੰ ਖਾ ਗਿਆ ਲੋਕਾਂ ਦਾ ਸੱਬਰ,
ਲੋਕ-ਵਿਜੈ ਦਾ ਪਰਬਤਾਂ ਵਿਚ ਡੰਕਾ ਵਜਿਆ ।
ਏਨੇ ਵਿਚ ਇਕ ਸਾਥੀਆਂ ਦਾ ਜੱਥਾ ਆਇਆ,
ਏਥੋਂ ਦਿਆਂ ਬਹਾਦਰਾਂ ਦੀ ਲਿਖਣ ਕਹਾਣੀ ।
ਜੋਤੀਆ, ਪੁੱਤਰ ਮੰਗਲੀ ਦਾ ਸਭ ਤੋਂ ਵੱਡਾ,
ਵਿਹੜੇ ਉਸ ਦੇ ਜੁੜ ਗਈ ਇਕ ਤਗੜੀ ਢਾਣੀ ।
ਲੋਕ-ਵਿਜੈ ਦੀ ਖੁਸ਼ੀ ਨੇ ਆ ਰੱਤ ਮਘਾਈ,
ਰੰਗ ਲੋਕਾਂ ਦੇ ਹੋ ਗਏ ਸਉਲੇ ਤੋਂ ਸੂਹੇ ।
ਪਰ ਝੁੱਗੀ 'ਚੋਂ ਵਾਜ਼ ਜਾਂ ਰੋਵਣ ਦੀ ਆਈ,
ਨਾਲ ਹੈਰਾਨੀ ਤ੍ਰਭਕ ਕੇ ਕੁਝ ਸਾਥੀ ਕੂਏ ।
ਜੋਤੀਆ, ਪੁੱਤਰ ਮੰਗਲੀ ਦਾ ਸਭ ਤੋਂ ਵੱਡਾ,
ਉੱਤਰ ਵਿਚ ਇਉਂ ਬੋਲਿਆ ਭਰ ਕੇ ਦੋਏ ਲੋਇਨ,
"ਦੇਸ ਅਸਾਡੇ ਵਿਚ ਹੈ ਇਹ ਰਸਮ ਪੁਰਾਣੀ,
ਵਿਚ ਖੁਸ਼ੀ ਦੇ ਬੁਢੀਆਂ ਗਲ ਮਿਲ ਕੇ ਰੋਇਨ !"
ਆਈ ਅਥਰੂ ਪੂੰਝਦੀ ਏਨੇ ਵਿਚ ਮੰਗਲੀ,
ਪੂਰੀਆਂ ਅੱਸੀ ਪੱਤਝੜਾਂ ਜਿਸ ਉਤੋਂ ਲੰਘੀਆਂ,
ਬੋਲੀ: "ਰੋਣਾ ਖੁਸ਼ੀ ਵਿਚ ਹੈ ਰਸਮ ਅਸਾਡੀ,
ਰੋਣਾ ਪਰ ਨਾ ਜਾਣੀਏਂ ਵਿਚ ਦੁੱਖਾਂ ਤੰਗੀਆਂ ।
"ਭੌਂ-ਮੁਕਤੀ ਦੀ ਲਹਿਰ ਜਾਂ ਪੁੱਜੀ ਸ਼ਿਖ ਉਤੇ,
ਵਿਚ ਕੁੜੱਕੀ ਜੋਤੀਆ ਦੁਸ਼ਟਾਂ ਨੇ ਫਾਹਿਆ,
ਰਜ਼ਾਕਾਰ ਫਿਰ ਚੜ੍ਹ ਪਏ ਹਲਕਾਏ ਕੁੱਤੇ,
ਪਿੰਡ ਦਵਾਲੇ ਜਿਨ੍ਹਾਂ ਨੇ ਆ ਘੇਰਾ ਪਾਇਆ ।
"ਨਾਲ ਦਰਖ਼ਤਾਂ ਉਨ੍ਹਾਂ ਨੇ ਲੋਕਾਂ ਨੂੰ ਬੰਨ੍ਹਿਆ,
ਫੇਰ ਲਿਆਏ ਸੋਮਲਾ, ਦੂਜੀ ਜਿੰਦ ਮੇਰੀ,
ਸੁੱਕੇ ਢੀਂਗਰ ਘੱਤ ਕੇ ਜੀਊਂਦੇ ਨੂੰ ਭੁੰਨਿਆਂ,
ਤਕਿਆ ਬੁੱਢੀਆਂ ਅੱਖੀਆਂ, ਪਰ ਹਿੰਜ ਨ ਕੇਰੀ ।
"ਤੀਜਾ ਪੁੱਤਰ ਸ਼ੰਕਰੂ ਫੜਿਆ ਦੋ ਵਾਰੀ,
ਚੌਥਾ ਥਾਨੂ, ਗੱਭਰੂ ਮਸ ਫੁਟੀ ਨਾ ਹਾਲੇ,
ਮਾਰ ਮਾਰ ਕੇ ਓਸ ਨੂੰ ਜਦ ਪੁਲਸ ਹਾਰੀ,
ਫੁੰਡਿਆ ਮੁੰਦਰੀ ਕੈਂਪ ਵਿਚ ਗੋਲੀ ਦੇ ਨਾਲੇ ।
"ਦਰਗਾ ਪੁਤਰ ਪੰਜਵਾਂ ਵੀਹ-ਸਾਲਾ ਕੈਦੀ,
ਛੇਵਾਂ ਕਿਸ਼ਨਾ ਜੇਲ੍ਹ 'ਚੋਂ ਕਲ ਛੁਟ ਕੇ ਆਇਆ,
ਸਤਵਾਂ ਸ਼ੇਰ ਜਨਾਰਦਨ ਉਹ ਪੋਤਾ ਮੇਰਾ,
ਮੁਸ਼ਕਲ ਨਾਲ ਪੁਲੀਸ ਦੇ ਜੋ ਕਾਬੂ ਆਇਆ ।
"ਦਿੱਤੇ ਗਏ ਜਨਾਰਦਨ ਨੂੰ ਢੇਰ ਤਸੀਹੇ,
ਤਾਂ ਵੀ ਮੇਰੇ ਪੋਤਰੇ ਦਾ ਮੱਚ ਨਾ ਮੋਇਆ,
ਵਲ ਪਹਾੜਾਂ ਲੈ ਤੁਰੇ ਉਸ ਨੂੰ ਜਰਵਾਣੇ,
ਤਾਂ ਜੇ ਵਿਚ ਉਜਾੜ ਦੇ ਉਹ ਜਾਵੇ ਕੋਹਿਆ ।
"ਐਪਰ ਜਦੋਂ ਪਹਾੜ ਦੀ ਘਾਟੀ ਵਿਚ ਪੁੱਜੇ,
ਛੁਹਲੇ ਸ਼ੇਰ ਜਨਾਰਦਨ ਇਕ ਚੁੰਗੀ ਮਾਰੀ,
ਤੋੜ ਬੇੜੀਆਂ ਵੜ ਗਿਆ ਉਹ ਅੰਦਰ ਬੇਲੇ,
ਅਜੇ ਤੀਕ ਪਈ ਭਾਲਦੀ ਜੁੰਡੀ ਸਰਕਾਰੀ ।
"ਦਸ ਉਤੇ ਅੱਠ ਸਾਲ ਦਾ ਇਹ ਪੋਤਾ ਮੇਰਾ,
ਸੁਣਿਆ ਮੈਂ ਅੱਜ ਰਾਤ ਨੂੰ ਪਾਣੇ ਉਸ ਫੇਰੇ,
ਏਸ ਖੁਸ਼ੀ ਵਿਚ ਲੱਗਦੀ ਨਾ ਅੱਡੀ ਮੇਰੀ,
ਏਸ ਖੁਸ਼ੀ ਵਿਚ ਠਲ੍ਹਦੇ ਨਾ ਹੰਝੂ ਮੇਰੇ ।"
ਇਹ ਕਹਿ ਬੁੱਢੀ ਮੰਗਲੀ ਨੇ ਬਾਂਹ ਹੁਲਾਰੀ,
ਵਿਹੜੇ ਦਾ ਉਸ ਮਲਕੜੇ ਇਕ ਲਿਆਂਦਾ ਗੇੜਾ ।
ਗੂੜ੍ਹੇ ਰੰਗ ਸੰਜੋਗ ਦੇ ਲੱਖ ਉੱਘੜ ਆਏ,
ਜਿਉਂ ਜਿਉਂ ਖੁਲ੍ਹਿਆ ਓਸ ਦੇ ਲਹਿੰਗੇ ਦਾ ਘੇਰਾ ।
ਫਿਰ ਨੱਚੀ ਕੌਸ਼ਲਿਆ ਮੰਗਲੀ ਦੀ ਪੋਤੀ,
ਸਪਣੀ ਵਾਂਗੂੰ ਸ਼ੂਕਿਆ ਉਸ ਦਾ ਵੀ ਲਹਿੰਗਾ,
ਰੱਲ ਪਿਆ ਵਿਚ ਨਾਚ ਦੇ ਫਿਰ ਸਾਰਾ ਵਿਹੜਾ,
ਖੌਲਿਆ ਅੰਦਰ ਜੁੱਸਿਆਂ ਦੇ ਲੋਹੂ ਮਹਿੰਗਾ ।
ਇਸ ਬੈਲੇਡ (ਕਾਵਿ-ਕਹਾਣੀ) ਨੂੰ ਪ੍ਰਸਿਧ
ਲੋਕ-ਗੀਤ "ਜੱਗਾ ਜੰਮਿਆਂ ਤੇ ਮਿਲਣ
ਵਧਾਈਆਂ" ਵਾਲੇ ਰੂਪ ਵਿਚ ਢਾਲਿਆ
ਗਿਆ ਹੈ ।
ਚੇਤ ਚੜ੍ਹਿਆ,
ਚੇਤ ਚੜ੍ਹਿਆ ਗੱਜਣ ਸਿੰਘ ਝੂਰਿਆ,
ਕਮਾਦ ਜੋਗਾ ਬੀ ਲੋੜੀਏ,
ਸਾਥੀਓ, ਸਾਥੀਓ,
ਬਗਾਨਿਆਂ ਦੀ ਆਸ ਛੋੜੀਏ,
ਚੇਤ ਚੜ੍ਹਿਆ ।
ਢੱਗੀ ਖੋਲ੍ਹ ਕੇ,
ਢੱਗੀ ਖੋਲ੍ਹ ਕੇ ਗੱਜਣ ਸਿੰਘ ਚਲਿਆ,
ਮਾਲ ਮੰਡੀ ਆਣ ਢੁਕਿਆ,
ਸਾਥੀਓ, ਸਾਥੀਓ,
ਨਿਆਣਿਆਂ ਦਾ ਦੁਧ ਮੁਕਿਆ,
ਢੱਗੀ ਖੋਲ੍ਹ ਕੇ ।
ਚੇਤ ਮੁਕਿਆ,
ਚੇਤ ਮੁਕਿਆ ਕਮਾਦ ਗਿਆ ਬੀਜਿਆ,
ਵਸਾਖ ਜੇਠ ਹਾੜ੍ਹ ਹੋ ਗਿਆ,
ਸਾਥੀਓ, ਸਾਥੀਓ,
ਗੱਜਣ ਸਿੰਘ ਨਾਲ ਮੌਲਿਆ,
ਚੇਤ ਮੁਕਿਆ ।
ਭਾਦੋਂ ਚੜ੍ਹਿਆ,
ਭਾਦੋਂ ਚੜ੍ਹਿਆ ਕਮਾਦ ਆਣ ਰਸਿਆ,
ਜ਼ੰਗਾਰੀ ਰੰਗ ਹੋਈਆਂ ਪੋਰੀਆਂ,
ਸਾਥੀਓ, ਸਾਥੀਓ,
ਕਿ ਝੜ ਝੜ ਜਾਣ ਖੋਰੀਆਂ,
ਭਾਦੋਂ ਚੜ੍ਹਿਆ ।
ਟਪਣ ਲਗੀਆਂ,
ਟਪਣ ਲਗੀਆਂ ਕੁਮਾਦ ਦੀਆਂ ਟਿੱਡੀਆਂ,
ਹਵਾ ਦੇ ਵਿਚ ਆਗਾਂ ਝੂਮੀਆਂ,
ਸਾਥੀਓ, ਸਾਥੀਓ,
ਕਿ ਭੂਮੀ ਵਾਲੇ ਮੰਗਣ ਭੂਮੀਆਂ,
ਟਪਣ ਲਗੀਆਂ ।
ਅੱਧੀ ਰਾਤ ਨੂੰ,
ਅੱਧੀ ਰਾਤ ਨੂੰ ਸਮਾਨੀਂ ਤਾਰੇ ਜਾਗਦੇ
ਯਾ ਫਿਰ ਗੱਜਣ ਸਿੰਘ ਜਾਗਦਾ,
ਸਾਥੀਓ, ਸਾਥੀਓ,
ਕਿ ਕਿਹੜੀ ਗੱਲੇ ਜੱਟ ਝਾਗਦਾ,
ਅੱਧੀ ਰਾਤ ਨੂੰ ।
ਜ਼ਿਮੀਂਦਾਰ ਦਾ,
ਜ਼ਿਮੀਂਦਾਰ ਦਾ ਜ਼ਰੀ ਦਾ ਜੋੜਾ
ਜੁੱਤੀ ਉਹਦੀ ਦੰਦ ਕਢ ਗਈ,
ਸਾਥੀਓ, ਸਾਥੀਓ,
ਗਜਣ ਨੂੰ ਇਹ ਗਲ ਵੱਢ ਗਈ,
ਜ਼ਿਮੀਂਦਾਰ ਦਾ ।
ਜ਼ਿਮੀਂਦਾਰ ਦੇ,
ਜ਼ਿਮੀਂਦਾਰ ਦੇ ਨਵਾਰੀ ਮੰਜਾ ਵਿੱਛਦਾ
ਤੇ ਕਾਣ ਵੀਲੀ ਖੱਟ ਜੱਟ ਦੀ,
ਸਾਥੀਓ, ਸਾਥੀਓ,
ਕਿ ਕਾਣੀ ਵੰਡ ਕਿਉਂ ਨਾ ਹੱਟਦੀ,
ਜ਼ਿਮੀਂਦਾਰ ਦੇ ।
ਜ਼ਿਮੀਂਦਾਰ ਦਾ,
ਜ਼ਿਮੀਂਦਾਰ ਦਾ ਕੁਮੈਤ ਘੋੜਾ ਉੱਡਣਾ,
ਤੇ ਟੈਰ ਉਹਦੀ ਲੰਙ ਮਾਰਦੀ,
ਸਾਥੀਓ, ਸਾਥੀਓ,
ਗੱਜਣ ਨੂੰ ਇਹ ਗਲ ਮਾਰ ਗਈ,
ਜ਼ਿਮੀਂਦਾਰ ਦਾ ।
ਜੱਟ ਨਿਕਲਿਆ,
ਜੱਟ ਨਿਕਲਿਆ ਮੰਡਾਸਾ ਮਾਰ ਕੇ
ਨਾਲ ਉਹਦੇ ਪੰਜ ਗਭਰੂ,
ਸਾਥੀਓ, ਸਾਥੀਓ,
ਗ਼ਰੀਬਾਂ ਦਾ ਕੀ ਲੱਗੇ ਵਾਹਗੁਰੂ,
ਜੱਟ ਨਿਕਲਿਆ ।
ਅੱਧੀ ਰਾਤ ਨੂੰ,
ਅੱਧੀ ਰਾਤ ਨੂੰ ਸਮਾਨੀਂ ਤਾਰੇ ਕੰਬਦੇ
ਕਮਾਦ ਵਿਚ ਜੱਟ ਵੜ ਗਏ,
ਸਾਥੀਓ, ਸਾਥੀਓ,
ਕਿ ਹੋਣੀ ਅੱਗੇ ਲੋਕ ਅੜ ਗਏ,
ਅੱਧੀ ਰਾਤ ਨੂੰ ।
ਪਹਿਲੇ ਸਭ ਤੋਂ,
ਪਹਿਲੇ ਸਭ ਤੋਂ ਬੁਲੰਦ ਸਿੰਘ ਬੋਲਿਆ
ਰੱਤੋ ਰੱਤ ਹੋਈਆਂ ਅੱਖੀਆਂ,
ਸਾਥੀਓ, ਸਾਥੀਓ,
ਜ਼ਮਾਨਾ ਹੋਇਆ ਘਿਉ ਚੱਖਿਆਂ,
ਪਹਿਲੇ ਸਭ ਤੋਂ ।
ਭਾਰੇ ਬੋਲ ਦਾ,
ਭਾਰੇ ਬੋਲ ਦਾ ਧੰਨਾ ਫਿਰ ਬੋਲਿਆ
ਪਾਟੀ ਜਿਵੇਂ ਹੋਵੇ ਵੰਝਲੀ,
ਸਾਥੀਓ, ਸਾਥੀਓ,
ਵਿਆਹੁਣ ਖੁਣੋਂ ਬੈਠੀ ਨਢੜੀ,
ਭਾਰੇ ਬੋਲ ਦਾ ।
ਦੂਹਰੇ ਪਿੰਡੇ ਦਾ,
ਦੂਹਰੇ ਪਿੰਡੇ ਦਾ ਇੰਦਰ ਸਿੰਘ ਗਜਿਆ,
ਵਿਆਜ ਵਿਚ ਢੱਗੇ ਖੁਲ੍ਹ ਗਏ,
ਸਾਥੀਓ, ਸਾਥੀਓ,
ਮੈਂ ਸੋਚੀਂ ਪਿਆ ਕਿਹੜੇ ਮੁਲ ਗਏ,
ਦੂਹਰੇ ਪਿੰਡੇ ਦਾ ।
ਗੰਨਾ ਭੰਨ ਕੇ,
ਗੰਨਾ ਭੰਨ ਕੇ ਸੁਰੈਣ ਸਿੰਘ ਬੋਲਿਆ,
ਮੈਂ ਜ਼ਿਮੀਦਾਰੀ ਐਉਂ ਭੰਨ ਦਊਂ,
ਸਾਥੀਓ, ਸਾਥੀਓ,
ਨਹੀਂ ਬਚਿਆਂ ਨੂੰ ਕਿਥੋਂ ਅੰਨ ਦਊਂ,
ਗੰਨਾ ਭੰਨ ਕੇ ।
ਮੱਘਰ ਪੁੱਛਦਾ,
ਮੱਘਰ ਪੁੱਛਦਾ ਭਰਾਵੋ ਮੈਨੂੰ ਦਸਿਓ,
ਨਾ ਮੁੰਨਾ ਛੋਹਿਆ ਓਸ ਹਲ ਦਾ,
ਸਾਥੀਓ, ਸਾਥੀਓ,
ਤੇ ਅਧ ਮੰਗੇ ਕਿਹੜੀ ਗਲ ਦਾ ?
ਮੱਘਰ ਪੁੱਛਦਾ ।
ਪੌਣੀ ਰਾਤ ਨੂੰ,
ਪੌਣੀ ਰਾਤ ਨੂੰ ਗੱਜਣ ਸਿੰਘ ਬੋਲਿਆ
ਮੂੰਹੋਂ ਸਿੱਟੇ ਤੂੰਬਾ ਝੱਗ ਦਾ,
ਸਾਥੀਓ, ਸਾਥੀਓ,
ਕਿ ਜ਼ਿਮੀਂਦਾਰ ਸਾਲਾ ਲਗਦਾ,
ਪੌਣੀ ਰਾਤ ਨੂੰ ।
ਚਿੜੀ ਚੂਕਦੀ,
ਚਿੜੀ ਚੂਕਦੀ ਕਮਾਦੋਂ ਜੱਟ ਨਿਕਲੇ
ਹਨੇਰੇ ਨੂੰ ਸਫੈਦੀ ਚੁੰਮ ਗਈ,
ਸਾਥੀਓ, ਸਾਥੀਓ,
ਕਿ ਪਿੰਡ ਵਿਚ ਗਲ ਧੁੰਮ ਗਈ,
ਚਿੜੀ ਚੂਕਦੀ ।
ਅੱਧੀ ਰਾਤ ਨੂੰ,
ਅੱਧੀ ਰਾਤ ਨੂੰ ਕਮਾਦ ਆਣ ਘੇਰਿਆ
ਪੁਲੀਸ ਚੜ੍ਹ ਆਈ ਤਕੜੀ,
ਸਾਥੀਓ, ਸਾਥੀਓ,
ਕਿ ਜਾਲਾ ਜਿਵੇਂ ਬੁਣੇ ਮਕੜੀ,
ਅੱਧੀ ਰਾਤ ਨੂੰ ।
ਲੈ ਗਏ ਫੜ ਕੇ,
ਲੈ ਗਏ ਫੜ ਕੇ ਗਜਣ ਸਿੰਘ ਜੱਟ ਨੂੰ,
ਤੇ ਨਾਲੇ ਉਹਦੇ ਸਾਥੀ ਧਰ ਲਏ,
ਸਾਥੀਓ, ਸਾਥੀਓ,
ਕਿ ਜ਼ਿਮੀਂਦਾਰ ਹੱਥ ਕਰ ਗਏ,
ਲੈ ਗਏ ਫੜ ਕੇ ।
ਵੱਢ ਟੁੱਕ ਕੇ,
ਵੱਢ ਟੁੱਕ ਕੇ ਕਮਾਦ ਗੱਡੀਂ ਲਦਿਆ,
ਮਸ਼ੀਨਾਂ ਦੇ ਜਬਾੜੇ ਤੁੰਨਿਆਂ,
ਸਾਥੀਓ, ਸਾਥੀਓ,
ਬਲੇ ਓ, ਜ਼ਿਮੀਂਦਾਰਾ ਘੁੰਨਿਆਂ,
ਵੱਢ ਟੁੱਕ ਕੇ ।
ਗੱਜਣ ਸਿੰਘ ਦੀ,
ਗੱਜਣ ਸਿੰਘ ਦੀ ਗੁਢਾਲ ਪਈ ਸਖਣੀ,
ਕੜਾਹੇ ਨੂੰ ਜੰਗਾਲ ਲਗਿਆ,
ਸਾਥੀਓ, ਸਾਥੀਓ,
ਕਿ ਜਾਗ ਹੁਣ ਸ਼ੇਰਾ ਬਗਿਆ,
ਗੱਜਣ ਸਿੰਘ ਦੀ ।
ਗੱਜਣ ਸਿੰਘ ਦੀ,
ਗੱਜਣ ਸਿੰਘ ਦੀ ਗੁਢਾਲ ਨਹੀਂ ਸਖਣੀ,
ਕਿ ਕੁਤੀਆਂ ਕਤੂਰੇ ਦੇ ਦਿਤੇ,
ਸਾਥੀਓ, ਸਾਥੀਓ,
ਕਿ ਡੱਬੇ, ਚਿੱਟੇ, ਭੂਰੇ ਦੇ ਦਿਤੇ,
ਗੱਜਣ ਸਿੰਘ ਦੀ ।
ਗੱਜਣ ਸਿੰਘ ਦੇ,
ਗੱਜਣ ਸਿੰਘ ਦੇ, ਦਰੋਖੇ ਦੀਵਾ ਟਿਮਕਦਾ
ਨਾਰ ਉਹਦੀ ਬੈਠੀ ਜਾਗਦੀ,
ਸਾਥੀਓ, ਸਾਥੀਓ,
ਮੁਕੇ ਨਾ ਲੰਬੀ ਰਾਤ ਮਾਘ ਦੀ,
ਗੱਜਣ ਸਿੰਘ ਦੇ ।
ਗੱਜਣ ਸਿੰਘ ਦੇ,
ਗੱਜਣ ਸਿੰਘ ਦੇ ਬਲਦ ਬੈਠੇ ਝੂਰਦੇ,
ਪੱਠਿਆਂ ਨੂੰ ਮੂੰਹ ਲਾਣ ਨਾ,
ਸਾਥੀਓ, ਸਾਥੀਓ,
ਕਿ ਬੌਲਦਾਂ ਨੂੰ ਪਸ਼ੂ ਜਾਣ ਨਾ,
ਗੱਜਣ ਸਿੰਘ ਦੇ ।
ਗੱਜਣ ਸਿੰਘ ਦੇ,
ਗੱਜਣ ਸਿੰਘ ਦੇ ਬੂਹੇ ਤੇ ਠੱਕਾ ਵਜਦਾ,
ਤੇ ਕਾੜ ਕਾੜ ਤਾਕ ਵਜਦੇ,
ਸਾਥੀਓ, ਸਾਥੀਓ,
ਕਿ ਕੱਕਰਾਂ ਬਨੇਰੇ ਕੱਜ ਤੇ,
ਗੱਜਣ ਸਿੰਘ ਦੇ ।
ਗੱਜਣ ਸਿੰਘ ਦੇ,
ਗੱਜਣ ਸਿੰਘ ਦੇ ਪੈਰਾਂ ਦੇ ਵਿਚ ਬੇੜੀਆਂ,
ਕਿ ਪਿੰਨੀਆਂ ਨੂੰ ਪਈਆਂ ਘਾਸੀਆਂ,
ਸਾਥੀਓ, ਸਾਥੀਓ,
ਕਿ ਕਦੋਂ ਤੀਕ ਜੇਲ੍ਹਾਂ ਫਾਂਸੀਆਂ ?
ਗੱਜਣ ਸਿੰਘ ਦੇ ।
ਦਿਨ ਚੜ੍ਹਿਆ,
ਦਿਨ ਚੜ੍ਹਿਆ ਮੋਘੇ ਚੋਂ ਡੁਲ੍ਹਾ ਚਾਨਣਾ
ਗੱਜਣ ਦਾ ਮੂੰਹ ਮੱਘ ਉਠਿਆ,
ਸਾਥੀਓ, ਸਾਥੀਓ,
ਕਿ ਨੀਂਦ ਵਿਚੋਂ ਜਗ ਉਠਿਆ,
ਦਿਨ ਚੜ੍ਹਿਆ ।
ਠੋਡੀ ਰਖ ਕੇ,
ਠੋਡੀ ਰਖ ਕੇ ਹਥਾਲੀਆਂ ਦੇ ਟੋਏ ਵਿਚ,
ਗੋਡਿਆਂ ਤੇ ਰਖ ਕੂਹਣੀਆਂ,
ਸਾਥੀਓ, ਸਾਥੀਓ,
ਗੱਜਣ ਡੁੱਬਾ ਸੋਚਾਂ ਡੂੰਘੀਆਂ,
ਠੋਡੀ ਰਖ ਕੇ ।
ਲਾਲੀ ਡੁਲ੍ਹ ਪਈ,
ਲਾਲੀ ਡੁਲ੍ਹ ਪਈ ਝਰੋਖੇ ਵਿਚੋਂ ਤਗੜੀ,
ਗਜਣ ਸਿੰਘ ਹੋਇਆ ਤਗੜਾ,
ਸਾਥੀਓ, ਸਾਥੀਓ,
ਕਿ ਮੁਕ ਜਾਣਾ ਸਭ ਝਗੜਾ,
ਲਾਲੀ ਡੁਲ੍ਹ ਪਈ ।
ਮੁਕ ਜਾਣੀਆਂ,
ਮੁਕ ਜਾਣੀਆਂ ਸਿਆਲ ਦੀਆਂ ਰਾਤਾਂ,
ਜਗ ਤੇ ਬਹਾਰਾਂ ਆਣੀਆਂ,
ਸਾਥੀਓ, ਸਾਥੀਓ,
ਕਿ ਜਾਗ ਪੈਣਾਂ ਪੰਜਾਂ ਪਾਣੀਆਂ,
ਮੁਕ ਜਾਣੀਆਂ ।
ਮੁਕਤ ਹੋਣੀਆਂ,
ਮੁਕਤ ਹੋਣੀਆਂ ਹਲਾਂ ਦੀਆਂ ਨਹੁੰਦਰਾਂ,
ਦਾਤੀਆਂ ਦੇ ਦੰਦਾਂ ਹਸਣਾ,
ਸਾਥੀਓ, ਸਾਥੀਓ,
ਨਾ ਸਾਡਾ ਹਕ ਕਿਸੇ ਖੱਸਣਾ,
ਮੁਕਤ ਹੋਣੀਆਂ ।
ਲੋਕ-ਰਾਜ ਦਾ,
ਲੋਕ-ਰਾਜ ਦਾ ਕਰਾਹ ਜਦੋਂ ਚਲਣਾ,
ਟਿਬਿਆਂ ਦਾ ਮਾਣ ਟੁਟਣਾ,
ਸਾਥੀਓ, ਸਾਥੀਓ,
ਕਿ ਕਿਰਤ ਅੱਗੇ ਜਗ ਝੁਕਣਾ,
ਲੋਕ-ਰਾਜ ਦਾ, ।
ਮੁਕਤ ਹੋਣੀਆਂ,
ਮੁਕਤ ਹੋਣੀਆਂ ਕਣਕ ਦੀਆਂ ਬਲੀਆਂ,
ਕਮਾਦਾਂ ਦਿਆਂ ਆਗਾਂ ਝੂਮਣਾ,
ਸਾਥੀਓ, ਸਾਥੀਓ,
ਨਾ ਕਿਰਤ ਅੱਗੇ ਕਿਸੇ ਕੂੰਵਣਾ,
ਮੁਕਤ ਹੋਣੀਆਂ ।
ਤੇੜ ਪਹਿਨ ਕੇ,
ਤੇੜ ਪਹਿਨ ਕੇ ਸਮਾਨੀ-ਰੰਗੇ ਘਗਰੇ,
ਕਿ ਜੱਟੀਆਂ ਨੇ ਗਿੱਧਾ ਪਾਉਣਾ
ਸਾਥੀਓ, ਸਾਥੀਓ,
ਕਿ ਕਿਰਤੀਆਂ ਦਾ ਰਾਜ ਆਉਣਾ
ਤੇੜ ਪਹਿਨ ਕੇ ।