ਅਰਜ਼-ਉਲ-ਅਲਫ਼ਾਜ਼ ਭਾਈ ਨੰਦ ਲਾਲ ਗੋਯਾ (ਅਨੁਵਾਦਕ ਗੰਡਾ ਸਿੰਘ)
ਅਰਜ਼-ਉਲ-ਅਲਫ਼ਾਜ਼
ਹਜ਼ਾਰਾਂ ਜਸ ਅਤੇ ਹਜ਼ਾਰਾਂ ਸ਼ੁਕਰ ਹਨ
ਉਸ ਪਾਕ ਪਵਿੱਤਰ ਅਤੇ ਨਿਰਭੈ ਮੁਨਸਿਫ਼ ਦੀ ਦਰਗਾਹ ਦੇ,
ਜਿਸ ਨੇ ਇਸ 'ਅਰਜ਼ੁਲ-ਅਲਫ਼ਾਜ਼' ਨੂੰ ਸੰਪੂਰਣ ਕੀਤਾ
ਅਤੇ ਭਾਵਾਂ ਨਾਲ ਇਸ ਦੇ ਮੁਖੜੇ ਨੂੰ ਸੂਰਜ ਵਤ ਚਮਕਾ ਦਿੱਤਾ ॥੧-੨॥
ਹਰ ਸ਼ਬਦ ਅਨੇਕਾਂ ਅਰਥ ਉਤਪੰਨ ਹੋਏ,
ਜਿਹੜੇ ਪੁਰਾਣੇ ਅਤੇ ਨਵੇਂ ਕੋਸ਼ਾਂ ਵਿਚ ਮਿਲਦੇ ਹਨ ।
ਇਹ ਅਜਿਹੇ ਜ਼ਾਬਤੇ ਹਨ ਜਿਨ੍ਹਾਂ ਦਾ ਪ੍ਰਸਾਰ
ਦਿੱਬ ਦ੍ਰਿਸ਼ਟੀ ਵਾਲੇ ਵਿਦਵਾਨਾਂ ਦੇ ਮੂੰਹੋਂ ਹੋਇਆ ॥੩-੪॥
'ਕਾਫ਼' ਦੀਆਂ ਕਿਹੜੀਆਂ ਕਿਹੜੀਆਂ ਕਿਸਮਾਂ ਹਨ, 'ਯੇ' ਕਿੰਨੀ ਪ੍ਰਕਾਰ ਦੀ ਹੁੰਦੀ ਹੈ ?
ਜਾਂ 'ਹਰਫ਼ਿ-ਜ਼ਾਰ' ਕਿਹੜੇ ਹਨ ਅਤੇ 'ਤੇ' ਦੇ ਨਾਉਂ ਕਿਹੜੇ ਹਨ ?੫॥
ਇਸ (ਪੁਸਤਕ) ਵਿਚ ਸਾਵਧਾਨੀ ਨਾਲ ਦੈਵੀ, ਹਿਸਾਬੀ ਅਤੇ
ਭੌਤਕੀ ਅਰਥਾਂ ਵਾਲੇ ਸ਼ਬਦ ਦਰਜ਼ ਕੀਤੇ ਹਨ ॥੬॥
'ਇਲਮ' ਦੀਆਂ ਕਿਹੜੀਆਂ ਛੇ ਕਿਸਮਾਂ ਹਨ ਤੇ ਹਿਕਮਤ ਦੀਆਂ ਕਿਹੜੀਆਂ ਦੋ ?
ਫਿਰ ਉਨ੍ਹਾਂ ਦੋਵਾਂ ਵਿਚੋਂ ਹਰ ਇਕ ਦੇ ਤਿੰਨ ਤਿੰਨ ਨਾਉਂ ਹੋ ਗਏ ॥੭॥
ਹੁਣ ਲਫ਼ਜ਼ਾਂ ਦੇ ਬਹੁ-ਵਚਨ ਅਤੇ ਬਹੁਵਚਨੀ ਬਹੁਵਚਨ (ਤਾਂ ਬਥੇਰੇ ਹਨ),
ਇਸ ਪੁਸਤਕ ਦੇ ਆਰੰਭ ਕਰਨ ਲਈ ਇਹ ਤਮਆ ਤੋਂ ਖ਼ਾਲੀ ਹਨ ॥੮॥
ਅਜਿਹਾ ਵਰਨਣ ਜੇ ਕੀਤਾ ਜਾਵੇ ਤਾਂ ਇਹ ਨੇਕ ਕੰਮ ਹੈ,
ਕਿਉਂਕਿ ਹਰ ਕੰਮ ਅਤੇ ਹਰ ਕੰਮ ਦੀ ਮਦਦ ਉਸ ਅਕਾਲ ਪੁਰਖ ਵੱਲੋਂ ਹੀ ਹੈ ॥੯॥
ਇਸ ਲਈ ਚੰਗਾ ਇਹੀ ਹੈ ਕਿ ਇਸ ਪੁਸਤਕ ਦਾ ਆਰੰਭ ਸ੍ਰਿਸ਼ਟੀ
ਦੇ ਰਚਣਹਾਰੇ ਰੱਬ ਦੇ ਸ਼ੁਕਰ ਨਾਲ ਕੀਤਾ ਜਾਵੇ ॥੧੦॥
ਸ਼ੁਕਰ ਹੈ ਉਸ ਰੱਬ ਦਾ ਜਿਹੜਾ ਦਿਆਲੂ ਹੈ, ਕ੍ਰਿਪਾਲੂ ਹੈ,
ਸ਼ੁਕਰ ਹੈ ਉਸ ਰੱਬ ਦਾ ਜੋ ਪ੍ਰਾਚੀਨ ਹੈ ਅਤੇ ਜਿਸ ਦਾ ਨਾਮ ਉੱਚਾ ਹੈ ॥੧੧॥
ਸ਼ੁਕਰ ਹੈ ਉਸ ਰੱਬ ਦਾ ਜਿਹੜਾ ਇਕੋ ਇਕ ਹੈ, ਪਵਿੱਤਰ ਹੈ, ਜਲਾਲ ਵਾਲਾ ਹੈ ।
ਸ਼ੁਕਰ ਹੈ ਉਸ ਰੱਬ ਦਾ ਜਿਹੜਾ ਆਮ ਬਖ਼ਸ਼ਿਸ਼ਾਂ ਕਰਨ ਵਾਲਾ ਅਤੇ ਨਿਆਮਤਾਂ ਦੇਣ ਵਾਲਾ ਹੈ ॥੧੨॥
ਉਹ ਕਰਤਾ ਕਾਦਰ ਕਰੀਮ ਸਭ ਦੀ ਪਨਾਹ ਹੈ ।
ਉਹ ਪਰਵਰਦਗਾਰ ਦੋਹਾਂ ਧਿਰਾਂ ਦਾ ਦਰਵਾਜ਼ਾ ਹੈ ॥੧੩॥
ਉਹ ਇੱਜ਼ਤਾਂ ਅਤੇ ਸਤਿਕਾਰਾਂ ਯੋਗ ਅਤੇ ਪ੍ਰਿਯ-ਸਿਆਣਾ ਹੈ,
ਉਹ ਪਵਿੱਤ੍ਰਤਾ ਵਿਚ ਉੱਚਾ ਅਤੇ ਨਿਮਰਤਾ ਸਹਿਤ ਸ਼ਕਤੀਸ਼ਾਲੀ ਹੈ ॥੧੪॥
ਉਹ ਰਿਜ਼ਕਾਂ ਦਾ ਮਾਲਕ ਅਤੇ ਰਿਜ਼ਕਾਂ ਦਾ ਦਾਤਾ ਹੈ ।
ਉਸ ਨੇ ਤਾਰੇ ਅਤੇ ਆਸਮਾਨ ਜ਼ਾਹਰ (ਪੈਦਾ) ਕੀਤੇ ਹਨ ॥੧੫॥
ਉਹ ਇੱਕੋ ਇਕ ਹੈ, ਉਸ ਦਾ ਕੋਈ ਸ਼ਰੀਕ ਨਹੀਂ ਹੈ । ਉਹ ਕਿਸੇ ਦਾ ਮੁਥਾਜ ਨਹੀਂ ਹੈ ।
ਉਹ ਸਖ਼ਾਵਤ ਵਿਚ ਵੱਡਾ ਹੈ, ਉਸ ਦੇ ਨਾਲ ਦਾ ਹੋਰ ਕੋਈ ਨਹੀਂ ਹੈ ॥੧੬॥
………………………………………………………
ਉਹ ਸਦਾ ਕਾਇਮ ਰਹਿਣ ਵਾਲਾ ਅਤੇ ਅਮਰ ਹੈ,
ਉਹ ਹਮੇਸ਼ਾਂ ਸਥਿਰ ਰਹਿਣ ਵਾਲਾ ਅਤੇ ਅਬਿਨਾਸ਼ੀ ਹੈ ॥੧੩੨੮॥
ਉਹ ਕਥਨੀ, ਹਾਲਤਾਂ ਅਤੇ ਦਿਲ ਦਾ ਮਾਲਕ ਹੈ,
ਉਹ ਖੁਸ਼ੀਆਂ, ਅਕਲਾਂ ਅਤੇ ਇੱਜ਼ਤਾਂ ਦਾ ਮਾਲਕ ਹੈ ॥੧੩੨੯॥
ਉਹ ਪਾਤਸ਼ਾਹੀ ਅਤੇ ਖੁਸ਼ਹਾਲੀ ਦਾ ਮਾਲਕ ਹੈ,
ਉਹ ਖੁਸ਼ੀ ਅਤੇ ਮਨੋਰੰਜਨ ਦਾ ਮਾਲਕ ਹੈ ॥੧੩੩੦॥
ਉਹ ਏਕ ਵੀ ਹੈ ਅਤੇ ਅਨੇਕ ਵੀ,
ਉਹ ਖੋਜ ਦਾ ਮਾਲਕ ਵੀ ਹੈ ਅਤੇ ਨੂਰ ਦਾ ਵੀ ॥੧੩੩੧॥
ਉਹ ਅੱਖਰਾਂ ਦਾ ਵੀ ਮਾਲਕ ਹੈ ਅਤੇ ਵਿਸਥਾਰ ਦਾ ਵੀ,
ਉਹ ਨਾਵਾਂ ਦਾ ਵੀ ਮਾਲਕ ਹੈ ਅਤੇ ਅੱਖਾਂ ਦੀ ਰੌਸ਼ਨੀ ਦਾ ਵੀ ॥੧੩੩੨॥
ਉਹ ਕਰਨੀ, ਕਥਨੀ ਅਤੇ ਕਹਿਣੀ ਦਾ ਵੀ ਮਾਲਕ ਹੈ ।
ਉਹ ਸੰਖੇਪ ਦਾ ਵੀ ਅਤੇ ਵਿਸਥਾਰ ਦਾ ਵੀ ਮਾਲਕ ਹੈ ॥੧੩੩੩॥
ਉਹ ਚਾਰੇ ਦਰਜੇ ਬਖ਼ਸ਼ਣ ਵਾਲਾ ਹੈ,
ਉਹ ਅਠਾਰਾਂ ਮਿਲਖਾਂ ਦਾ ਮਾਲਕ ਹੈ ॥੧੩੩੪॥
ਉਹ ਸਦਾ ਕਾਇਮ ਅਤੇ ਸਾਬਤ ਰਹਿਣ ਵਾਲਾ ਹੈ,
ਉਹ ਅਮਰ ਜ਼ਾਤ ਦਾ ਮਾਲਕ ਹੈ ॥੧੩੩੫॥
ਉਹ ਭਗਤੀ ਅਤੇ ਅਰਦਾਸ ਦਾ ਮਾਲਕ ਹੈ,
ਉਹ ਚਰਬੀ ਹੱਡੀਆਂ ਅਤੇ ਭੇਜੇ ਦਾ ਮਾਲਕ ਹੈ ॥੧੩੩੬॥
ਉਹ ਰੋਜ਼ੀ ਦੇਣ ਵਾਲਾ ਅਤੇ ਇਕੋ ਇਕ ਵਕੀਲ ਹੈ,
ਉਹ ਸਾਰੇ ਕੰਮਾਂ ਦਾ ਜ਼ਾਮਨ ਹੈ ॥੧੩੩੭॥
ਉਹ ਨਿਆਮਤਾਂ ਅਤੇ ਬਖ਼ਸ਼ਿਸ਼ਾਂ ਦੇਣ ਵਾਲਾ ਹੈ,
ਉਹ ਵਡਿਆਈਆਂ ਅਤੇ ਨੇਕੀਆਂ ਬਖ਼ਸ਼ਣ ਵਾਲਾ ਹੈ ॥੧੩੩੮॥
ਉਹ ਸ਼ਕਤੀ ਅਤੇ ਸਫ਼ਾਈ ਦੇਣ ਵਾਲਾ ਹੈ,
ਉਹ ਸਭ ਸਦਾਚਾਰ ਅਤੇ ਪਵਿੱਤ੍ਰਤਾ ਦੇਣ ਵਾਲਾ ਹੈ ॥੧੩੩੯॥
ਉਹ ਖਾਣ ਪੀਣ ਦੀਆਂ ਵਸਤੂਆਂ ਦੇਣ ਵਾਲਾ ਹੈ,
ਉਹ ਸੁੰਦਰਤਾ ਅਤੇ ਰੂਪ ਦਾ ਮਾਲਕ ਹੈ ॥੧੩੪੦॥
ਉਹ ਸਰਦਾਰੀ ਅਤੇ ਵਡਿਆਈ ਦਾ ਮਾਲਕ ਹੈ,
ਉਹ ਵਿਸਥਾਰ ਅਤੇ ਪਸਾਰ ਦਾ ਮਾਲਕ ਹੈ ॥੧੩੪੧॥
ਉਹ ਬਖ਼ਸ਼ਿਸ਼ ਅਤੇ ਸਖ਼ਾਵਤ ਦਾ ਮਾਲਕ ਹੈ,
ਉਹ ਸਾਰੇ ਰੋਗਾਂ ਦਾ ਹਕੀਮ ਹੈ ॥੧੩੪੨॥
ਉਹ ਟਿੱਕਾ ਲਾਉਣ ਵਾਲਾ ਧਰਮ ਅਤੇ ਜਨੇਊ ਦਾ ਮਾਲਕ ਹੈ ।
ਉਹ ਦਸਾਂ ਅਵਤਾਰਾਂ ਦੇ ਭਗਤਾਂ ਦਾ ਸਾਥੀ ਹੈ ॥੧੩੪੩॥
ਉਹ ਰਾਮ ਹੈ, ਗੋਪਾਲ ਹੈ ਅਤੇ ਗੋਬਿੰਦ ਹੈ,
ਉਹ ਅਕਾਲ ਪੁਰਖ ਹੈ ਅਤੇ ਵਡਿਆਈਆਂ ਅਤੇ ਬਖ਼ਸ਼ਿਸ਼ਾਂ ਦਾ ਮਾਲਕ ਹੈ ॥੧੩੪੪॥
ਉਹ ਸਤਿਗੁਰੂ ਹੈ, ਉਹ ਨਿਰੰਕਾਰ ਹੈ,
ਉਹ ਸਾਧ ਸੰਗਤ ਦਾ ਮਿਤਰ ਅਤੇ ਯਾਰ ਹੈ ॥੧੩੪੫॥
ਰੱਬ ਕਰੇ ! ਨੰਦ ਲਾਲ ਦਾ ਸੀਸ ਸਦਾ ਉਸ ਦੇ ਚਰਨਾਂ ਤੋਂ ਵਾਰੀ ਜਾਵੇ,
ਰੱਬ ਕਰੇ ! ਉਸ ਨੂੰ ਸਦਾ ਜਾਨ ਅਤੇ ਦਿਲ ਦਾ ਸਰਮਾਇਆ ਮਿਲਦਾ ਰਹੇ ॥੧੩੪੬॥
ਸੰਪੂਰਨ ਹੋਈ ਪੁਸਤਕ ਅਰਜ਼ੁਲ-ਅਲਫ਼ਾਜ਼ ਕ੍ਰਿਤ ਮੁਨਸ਼ੀ ਨੰਦ ਲਾਲ ਗੋਯਾ ਮੁਲਤਾਨੀ
|
|
|
|