Arif Abdul Mateen
ਆਰਿਫ਼ ਅਬਦਲ ਮੱਤੀਨ

Punjabi Writer
  

Punjabi Poetry Arif Abdul Mateen

ਪੰਜਾਬੀ ਗ਼ਜ਼ਲਾਂ 'ਆਰਿਫ਼' ਅਬਦਲ ਮੱਤੀਨ

੧. ਮੇਰੇ ਬੋਲਾਂ ਦੇ ਚੰਨ ਸੂਰਜ ਚਮਕਣ ਜੰਗਲ ਬਾਰਾਂ ਵਿੱਚ

ਮੇਰੇ ਬੋਲਾਂ ਦੇ ਚੰਨ ਸੂਰਜ ਚਮਕਣ ਜੰਗਲ ਬਾਰਾਂ ਵਿੱਚ ।
ਰਾਤ ਦੇ ਰਾਹੀ ਰਸਤਾ ਟੋਲ੍ਹਣ ਉਹਨਾਂ ਦੇ ਲਿਸ਼ਕਾਰਾਂ ਵਿੱਚ ।

ਜਿਹੜੇ ਧਾੜਵੀਆਂ ਨੂੰ ਪਿੰਡੋਂ, ਬਾਹਰ ਕੱਢਣ ਨਿਕਲੇ ਸਨ,
ਮੇਰਾ ਅਣਖੀ ਪੁੱਤਰ ਵੀ ਸੀ, ਉਹਨਾਂ ਸ਼ਹਿ-ਅਸਵਾਰਾਂ ਵਿੱਚ ।

ਮੈਂ ਸੱਜਣਾਂ ਦੀ ਦੂਰੀ ਕਾਰਣ, ਅੱਤ ਕੁਰਮਾਇਆ ਰਹਿਨਾਂ ਹਾਂ,
ਕੂੰਜ ਵਿਛੜਕੇ ਡਾਰੋਂ ਹੋਵੇ, ਕੀਵੇਂ ਮੌਜ ਬਹਾਰਾਂ ਵਿੱਚ ।

ਬੰਦੇ ਅਪਣੇ ਨਾਲ ਇਨ੍ਹਾਂ ਨੂੰ ਕਬਰਾਂ ਵਿੱਚ ਲੈ ਜਾਂਦੇ ਨੇ,
ਦਿਲ ਦੇ ਭੇਦ ਕਦੇ ਨਹੀਂ ਆਉਂਦੇ ਤਹਿਰੀਰਾਂ-ਗੁਫ਼ਤਾਰਾਂ ਵਿੱਚ ।

ਹਮਦਰਦੀ ਦੇ ਬੋਲਾਂ ਦਾ ਮੁੱਲ ਮੇਰੇ ਬਾਝੋਂ ਦੱਸੇ ਕੌਣ,
ਸਦੀਆਂ ਤੋਂ ਮੈਂ ਲੱਭਦਾ ਫਿਰਨਾਂ, ਗ਼ਮਖੁਆਰੀ ਗ਼ਮਖੁਆਰਾਂ ਵਿੱਚ ।

ਅਣਖਾਂ ਵਾਲਾ ਪੁੱਤਰ ਘਰ ਵਿੱਚ ਲੰਮੀ ਤਾਣ ਕੇ ਸੁੱਤਾ ਏ,
ਪਿਉ ਦੀ ਪੱਗ ਤੇ ਮਾਂ ਦੀ ਚੁੰਨੀ, ਰੁਲ ਗਈ ਏ ਬਾਜ਼ਾਰਾਂ ਵਿੱਚ ।

ਜੋ ਇਨਸਾਨ 'ਕਬੀਲੇ' ਉੱਤੇ ਸਿਰ ਵਾਰਣ ਤੋਂ ਡਰਦਾ ਏ,
'ਆਰਿਫ਼' ਉਹਨੂੰ ਕਦੇ ਨਾ ਮਿੱਥੀਏ ਭੁੱਲ ਕੇ ਵੀ ਸਰਦਾਰਾਂ ਵਿੱਚ ।

੨. ਥਲ ਪੁੰਗਰੇ ਗੁਲਜ਼ਾਰਾਂ ਵਿੱਚ

ਥਲ ਪੁੰਗਰੇ ਗੁਲਜ਼ਾਰਾਂ ਵਿੱਚ ।
ਝੂਠ ਛਪੇ ਅਖ਼ਬਾਰਾਂ ਵਿੱਚ ।

ਅਣਖ ਦਾ ਸੌਦਾ ਹੁੰਦਾ ਏ,
ਵੇਲੇ ਦੇ ਦਰਬਾਰਾਂ ਵਿੱਚ ।

ਮੇਰੀ ਵੰਝਲੀ ਲੈ ਗਏ ਉਹ,
ਬੇਲਿਉਂ ਦੂਰ ਬਜ਼ਾਰਾਂ ਵਿੱਚ ।

ਪੱਤ-ਝੜ ਦਾ ਧੜਕਾ ਵੀ ਸੀ,
ਅੱਤ ਮੂੰਹੋਂ ਜ਼ੋਰ ਬਹਾਰਾਂ ਵਿੱਚ ।

ਅਪਣੇ ਦੁੱਖ ਦਾ ਦਾਰੂ ਲੱਭ,
ਦਰਦ ਨਾ ਲੱਭ ਗ਼ਮਖ਼ਾਰਾਂ ਵਿੱਚ ।

ਇਕ ਇਕਰਾਰ ਦਾ ਅੰਗ ਵੀ ਸੀ,
ਸੱਜਨਾਂ ਦੇ ਇਨਕਾਰਾਂ ਵਿੱਚ ।

ਲਹੂ ਹੁੰਦੈ ਫ਼ਨਕਾਰਾਂ ਦਾ,
ਉਹਨਾਂ ਦੇ ਸ਼ਾਹਕਾਰਾਂ ਵਿੱਚ ।

੩. ਸੂਰਜ-ਚੰਨ ਨੂੰ ਪਿਆਰ ਕਰਾਂ ਮੈਂ 'ਆਰਿਫ਼' ਦਿਲੋਂ ਬ ਜਾਨੋਂ

ਸੂਰਜ-ਚੰਨ ਨੂੰ ਪਿਆਰ ਕਰਾਂ ਮੈਂ 'ਆਰਿਫ਼' ਦਿਲੋਂ ਬ ਜਾਨੋਂ ।
ਫੇਰ ਵੀ ਕਿਉਂ ਨਹੀਂ ਉਹ ਕਰਦੇ, ਨ੍ਹੇਰਾ ਮਿਰੇ ਜਹਾਨੋਂ ।

ਵਿਛੜੇ ਸੱਜਣ ਜੱਗ ਵਿੱਚ ਕੀਹਨੇ, ਦੇਖੇ ਮੁੜ ਕੇ ਆਉਂਦੇ,
ਤੀਰ ਉਹ ਸਦਾ ਦੁਰਾਡੇ ਡਿੱਗੇ, ਨਿਕਲੇ ਜਿਹੜਾ ਕਮਾਨੋਂ ।

ਪੱਥਰ ਉੱਤੇ ਲੀਕ ਸਮਝ ਤੂੰ, ਮੇਰੇ ਏਸ ਬਚਨ ਨੂੰ,
ਅਣਖੀ ਕਦੇ ਉਹ ਕੌਲ ਨਾ ਹਾਰਨ, ਕੱਢਣ ਜਦੋਂ ਜ਼ਬਾਨੋਂ ।

ਉਹਦੇ ਨਾਂ ਦੇ ਹਰਫ਼ ਮੈਂ ਖੁਰਚਾਂ, ਦਿਲ ਦੀ ਤਖ਼ਤੀ ਉੱਤੋਂ,
ਪਰ ਉਹ ਅਚਰਜ ਖ਼ਿਆਲ ਏ ਜਿਹੜਾ ਲਹਿੰਦਾ ਨਹੀਂ ਧਿਆਨੋਂ ।

ਮੈਨੂੰ ਪਤਾ ਪਛਾਣ ਸਕੇ ਨਾ ਉਹਦੀ ਅੱਖ ਦਾ ਚਾਨਣ,
'ਵਾਜ ਨਾ ਮਾਰੀ ਮੈਂ ਰਸਤੇ ਵਿੱਚ ਉਹਨੂੰ ਏਸ ਗੁਮਾਨੋਂ ।

ਮੈਂ ਜਦ ਉਹਦਾ ਦਰ ਖੜਕਾਇਆ, ਇਕ ਦਰਦੀ ਪਰਛਾਵਾਂ,
ਨੈਣਾਂ ਦੇ ਵਿੱਚ ਹੰਝੂ ਲੈ ਕੇ ਆਇਆ ਬਾਹਰ ਮਕਾਨੋਂ ।

ਸ਼ਾਲਾ ਰਹਿਣ ਸਲਾਮਤ 'ਆਰਿਫ਼' ਮੇਰੇ ਪਿੰਡ ਦੇ ਵਾਸੀ,
ਮਰਨੋਂ ਮਰ ਜਾਂਦੇ ਨੇ ਜਿਹੜੇ ਨੱਸਦੇ ਨਹੀਂ ਮੈਦਾਨੋਂ ।

੪. ਮੈਂ ਜਿਸ ਲੋਕ ਭਲਾਈ ਖ਼ਾਤਰ ਅਪਣਾ ਆਪ ਉਜਾੜ ਲਿਆ

ਮੈਂ ਜਿਸ ਲੋਕ ਭਲਾਈ ਖ਼ਾਤਰ ਅਪਣਾ ਆਪ ਉਜਾੜ ਲਿਆ ।
ਉਸ ਜਗ ਦੇ ਲੋਕਾਂ ਨੇ ਮੈਨੂੰ ਨੇਜੇ ਉੱਤੇ ਚਾੜ੍ਹ ਲਿਆ ।

ਜਿਹੜਾ ਦੀਵਾ ਬਾਲ ਕੇ ਅਪਣੇ ਵਿਹੜੇ ਨੂੰ ਰੁਸ਼ਨਾਇਆ ਸੀ,
ਉਹਦੀ ਲਾਟ ਦੇ ਕਾਰਨ ਮੈਂ ਹੀ ਅਪਣੇ ਘਰ ਨੂੰ ਸਾੜ ਲਿਆ ।

ਮੈਂ ਉਹ ਰੁੱਖ ਹਾਂ ਜਿਸ ਦੀ ਛਾਵੇਂ, ਜਿਹੜਾ ਬੈਠਾ ਉਸੇ ਨੇ,
ਟੁਰਦੇ ਵੇਲੇ ਪੱਥਰ ਮਾਰ ਕੇ, ਮੇਰਾ ਹੀ ਫਲ ਝਾੜ ਲਿਆ ।

ਮੈਂ ਤਾਂ ਧਰਤੀ ਦੇ ਚਿਹਰੇ ਦੀ, ਕਾਲਖ਼ ਧੋਵਣ ਆਇਆ ਸਾਂ,
ਉਹਦਾ ਮੁਖ ਸੰਵਾਰ ਨਾ ਸਕਿਆ, ਅਪਣਾ ਆਪ ਵਿਗਾੜ ਲਿਆ ।

ਜਦ ਵੀ ਟੀਸਾਂ ਘਟਣ ਤੇ ਆਈਆਂ, ਦੁਖ ਦੇ ਲੋਭੀ ਹਿਰਦੇ ਨੇ,
ਜ਼ਖ਼ਮਾਂ ਉਤੇ ਲੂਣ ਛਿੜਕ ਕੇ, ਅਪਣਾ ਦਰਦ ਉਖਾੜ ਲਿਆ ।

ਚੇਤਰ ਰੁੱਤ ਨੂੰ ਜੀ ਆਇਆਂ ਨੂੰ, ਆਖਣ ਪਾਰੋਂ 'ਆਰਿਫ਼' ਮੈਂ,
ਅਪਣੀ ਰੱਤ ਦੀ ਹੋਲੀ ਖੇਲੀ, ਅਪਣਾ ਅਕਸ ਵਿਗਾੜ ਲਿਆ ।

੫. ਅਪਣੇ ਚਾਰ ਚੁਫੇਰੇ ਦੇਖਾਂ, ਜੰਗਲ, ਬੇਲੇ ਬਾਰਾਂ

ਅਪਣੇ ਚਾਰ ਚੁਫੇਰੇ ਦੇਖਾਂ, ਜੰਗਲ, ਬੇਲੇ ਬਾਰਾਂ ।
ਅੰਦਰ ਝਾਤੀ ਮਾਰਾਂ ਤੇ ਥਲ, ਘੂਰਣ ਨਿੱਤ ਹਜ਼ਾਰਾਂ ।

ਜਿੰਦੜੀ ਦੇ ਬਿਨ ਬੂਹੇ ਗੁੰਬਦ, ਦਾ ਹਾਂ ਅਜਲੋਂ ਕੈਦੀ,
ਕੌਣ ਸੁਣੇਗਾ ਮੇਰੇ ਹਾੜ੍ਹੇ, ਕੀਹਨੂੰ ਦੱਸ ਪੁਕਾਰਾਂ ।

ਹਿਜਰ-ਫ਼ਿਰਾਕ ਦੇ ਲੱਖਾਂ ਰਸਤੇ, ਹਰ ਰਸਤਾ ਅੱਤ ਲੰਮਾ,
ਮੇਲ-ਮਿਲਾਪ ਦਾ ਇੱਕੋ ਪੈਂਡਾ, ਪੱਗ-ਪੱਗ ਮੰਜ਼ਲ ਮਾਰਾਂ ।

ਲੋਕਾਈ ਦੇ ਸੀਨੇ ਅੰਦਰ, ਸੱਚ ਹਰ ਪਲ ਕੁਰਲਾਵੇ,
ਲੱਜ ਆਵੇ ਮੈਨੂੰ ਇਹ ਕਹਿੰਦੇ, ਬੋਲਣ ਝੂਠ ਅਖ਼ਬਾਰਾਂ ।

ਮੈਨੂੰ ਵਿਹਲ ਮੁਰੰਮਤ ਦੀ ਵੀ, ਘਰ ਮੇਰਾ ਨe੍ਹੀਂ ਦਿੰਦਾ,
ਸਿਰ 'ਤੇ ਛੱਤ ਆ ਡਿਗਦੀ ਜਦ ਮੈਂ, ਢੱਠੀ ਕੰਧ ਉਸਾਰਾਂ ।

ਕਰਜ਼ੇ ਲਾਹੁੰਦੇ ਲਾਹੁੰਦੇ ਵਿਕ ਗਈ, ਅਪਣੀ ਰੱਤ ਵੀ 'ਆਰਿਫ਼',
ਮੈਂ ਮਕਰੂਜ਼ ਹਾਂ ਹਰ ਬੰਦੇ ਦਾ, ਕਿਸ ਦਾ ਲੇਖਾ ਤਾਰਾਂ ।