ਅਮਰ ਗੀਤ ਬਾਵਾ ਬਲਵੰਤ
ਸਈਓ ਨੀ, ਢਲ ਚਲੀਆਂ ਪਿੱਪਲ ਦੀਆਂ ਛਾਵਾਂ !
ਆਵੇ ਕੌਲ 'ਕਰਾਰਾਂ ਵਾਲਾ
ਮੈਂ ਕੀ ਸ਼ਗਨ ਮਨਾਵਾਂ ?
ਸਈਓ ਨੀ, ਢਲ ਚਲੀਆਂ ਪਿੱਪਲ ਦੀਆਂ ਛਾਵਾਂ !
ਪਲ ਵਿਚ ਦੇਸ ਪਰਾਇਆ ਹੋਸੀ
ਖੇਡ-ਖਿਲਾਰਾਂ ਵਾਲਾ;
ਨਾ ਖੇਡਾਂ, ਨਾ ਗਲੀਆਂ ਰਹਿਸਨ,
ਨਾ ਗੁਡੀਆਂ ਦੀਆਂ ਮਾਵਾਂ
ਸਈਓ ਨੀ, ਢਲ ਚਲੀਆਂ ਪਿੱਪਲ ਦੀਆਂ ਛਾਵਾਂ !
ਲੁਕ ਜਾਏਗਾ ਟਿਮਕਦਾ ਦੀਵਾ
ਧੁੰਦ ਗੁਬਾਰਾਂ ਉਹਲੇ;
ਅਗਲੇ ਰਾਹ ਵਿਚ ਕੋਈ ਨਾ ਦਿਸਦਾ
ਮੰਜ਼ਲ ਦਾ ਪਰਛਾਵਾਂ
ਚਲੋ ਨੀ, ਢਲ ਚਲੀਆਂ ਪਿੱਪਲ ਦੀਆਂ ਛਾਵਾਂ !
ਚੰਦ-ਕਰਮਾਂ ਦੀ ਨਜ਼ਰ ਨਾ ਆਏ
ਦੂਰ ਕਿਤੇ ਰੁਸ਼ਨਾਈ;
ਅਪਨੀ ਖੇਡ ਨਾ ਬੰਦ ਕਰੇ ਕਿਉਂ
ਸਾਡੀ ਖੇਡ ਮੁਕਾਈ ?
ਬੁਝਦਾ ਦੇਖ ਕੇ ਆਲ ਦੁਆਲਾ
ਕੀ ਰੋਵਾ ? ਕੀ ਗਾਵਾਂ ?
ਆਵੋ ਨੀ, ਢਲ ਚਲੀਆਂ ਪਿੱਪਲ ਦੀਆਂ ਛਾਵਾਂ !
ਸਈਓ ਨੀ, ਢਲ ਚਲੀਆਂ ਪਿੱਪਲ ਦੀਆਂ ਛਾਵਾਂ !
ਨਾ ਆਏ ਦੂਰਾਂ ਦੇ ਵਣਜਾਰੇ !
ਜੋ ਗੁੱਡੀਆਂ ਦੀਆਂ ਖੇਡਾਂ ਅੰਦਰ
ਦੇਂਦੇ ਰਹੇ ਸਹਾਰੇ-
ਨਾ ਆਏ ਦੂਰਾਂ ਦੇ ਵਣਜਾਰੇ !
ਸਾਡੇ ਵਿਹੜੇ ਕਿਉਂ ਨਹੀਂ ਆਇਆ
ਹਾਰ-ਸ਼ਿੰਗਾਰਾਂ ਵਾਲਾ ?
ਉਮਰ ਤੋਂ ਸਖਣੇ ਤਰਸ ਰਹੇ ਨੇ
ਮੇਰੇ ਅੰਗ ਵਿਚਾਰੇ-
ਨਾ ਆਏ ਦੂਰਾਂ ਦੇ ਵਣਜਾਰੇ !
ਮੇਰੇ ਰਾਤ ਦਿਨਾਂ ਨੇ ਉਸ ਦੇ
ਰਾਹ ਵਿਚ ਗੀਤ ਖਿਲਾਰੇ-
ਨਾ ਆਏ ਦੂਰਾਂ ਦੇ ਵਣਜਾਰੇ !
ਕਿਸ ਕਿਸ ਦੇਸ ਦਿਸੌਰਾਂ ਦੇ ਵਲ
ਬਣ ਭਿਖਿਆਰਨ ਜਾਵਾਂ ?
ਉਸ ਦੀ ਪੰਡ 'ਕਰਾਰਾਂ ਵਾਲੀ
ਕਿਸ ਨੂੰ ਫੋਲ ਵਿਖਾਵਾਂ ?
ਕੌਣ ਬਣੇਗਾ ਦਰਦੀ ਮੇਰਾ ?
ਅਪਣੇ ਭਾਗ ਪਿਆਰੇ !
ਨਾ ਆਏ ਦੂਰਾਂ ਦੇ ਵਣਜਾਰੇ !
ਘਰ ਵਲ ਮੋੜ ਸੁਹਾਗ ਤੂੰ ਮੇਰਾ
ਅੰਤ-ਸੁਹਾਗਾਂ ਵਾਲੇ !
ਡੁਬ ਚੱਲੇ ਹਨ ਨੀਲਾਂ ਦੇ ਵਿਚ
ਆਸਾਂ ਦੇ ਚੰਦ-ਤਾਰੇ-
ਨਾ ਆਏ ਦੂਰਾਂ ਦੇ ਵਣਜਾਰੇ !
ਅਸੀਂ ਤੁਸੀਂ ਹਾਂ ਇਕ ਮੰਜ਼ਲ ਦੇ ਰਾਹੀ !
ਦੋਹਾਂ ਨੂੰ ਮੰਜ਼ਲ ਦੀ ਗੋਦ ਪੁਚਾਏ
ਇਕ ਦੂਜੇ ਦੇ ਨੈਣਾਂ ਦੀ ਰੁਸ਼ਨਾਈ-
ਅਸੀਂ ਤੁਸੀਂ ਹਾਂ ਇਕ ਚਾਨਣ ਦੇ ਰਾਹੀ ।
ਇਕੋ ਪਿੰਡ ਦੇ ਦੋਵੇਂ, ਬੜੀ ਖ਼ੁਸ਼ੀ ਏ !
ਇਕੋ ਟਾਹਣ ਤੇ ਸਾਡੀ ਆਸ ਹਰੀ ਏ ।
ਸਾਡੇ ਖੇਤ ਨੇ ਸਾਂਝੇ ਦੁਖ ਦੇ ਮਾਰੇ,
ਇਕੋ ਬੱਦਲ ਹੇਠ ਨੇ ਸਾਡੇ ਤਾਰੇ ।
ਇਕ ਮਿੱਟੀ ਤੋਂ ਸਾਡੇ ਕਲਸ ਮੁਨਾਰੇ;
ਮੈਂ ਤੇਰੇ, ਤੂੰ ਮੇਰੇ ਖੜਾ ਦੁਆਰੇ ।
ਪਿੱਪਲਾਂ ਅਤੇ ਖਜੂਰਾਂ ਤੇ ਰਲ ਖੇਡੇ,
ਇਕੋ ਜਹੇ ਨੇ ਜੀਵਨ ਦੇ ਰਾਹ ਟੇਢੇ,
ਸਾਡੀ ਮਰਜ਼ ਦੀ ਇਕੋ ਪਿਆਰ ਦਵਾਈ,
ਅਸੀਂ ਤੁਸੀਂ ਹਾਂ ਇਕ ਮੰਜ਼ਲ ਦੇ ਰਾਹੀ !
ਬੈਠੇ ਸਦੀਆਂ ਖੇਸ ਕਲੀਨ ਵਿਛਾ ਕੇ;
ਗਾਏ ਗੀਤ ਨੇ ਦੋਹਾਂ ਸ਼ਬਦ ਮਿਲਾ ਕੇ ।
ਮਧੂ-ਮੱਖੀਆਂ ਨੇ ਮਿਲ ਕੇ ਸ਼ਹਿਦ ਬਣਾਇਆ,
ਇਕ ਤੁਪਕਾ ਵੀ ਦਿਸਦਾ ਨਹੀਂ ਪਰਾਇਆ ।
ਤੇਰੀ ਰਾਤ 'ਚ ਦੀਵੇ ਜਗੇ ਨੇ ਮੇਰੇ,
ਮੇਰੇ ਦਿਨ ਵਿਚ ਨੂਰ ਉਜਾਲੇ ਤੇਰੇ ।
ਦੋਹਾਂ ਨੇ ਮਿਲ ਪੰਧ ਅਨੋਖੇ ਭਾਲੇ
ਦੂਰ ਦੂਰ ਚੰਦਾਂ ਤਕ ਜਾਵਣ ਵਾਲੇ ।
ਦੋਹਾਂ ਦੀ ਹੈ ਮੌਤ ਮਲੇਛ-ਜੁਦਾਈ,
ਅਸੀਂ ਤੁਸੀਂ ਹਾਂ ਇਕ ਮੰਜ਼ਲ ਦੇ ਰਾਹੀ !
ਮੁੜ ਮੁੜ ਦੇਖ ਨਾ ਪਿਆ ਪਿਛਾਂਹ-
ਲੰਘ ਗਈ, ਲੰਘ ਜਾਏ,
ਅਗੇ ਹੋਰ ਹੈ ਠੰਢੀ ਛਾਂ-
ਮੁੜ ਮੁੜ ਦੇਖ ਨਾ ਪਿਆ ਪਿਛਾਂਹ ।
ਅੰਤਰ-ਦੀਪ, ਬਾਹਰ ਦੇ ਟਾਪੂ
ਦੂਰ ਟਿਮਕਦੇ ਚੰਦ-ਸਿਤਾਰੇ,
ਸਾਰੇ ਤੇਰੇ ਥਾਂ-
ਮੁੜ ਮੁੜ ਦੇਖ ਨਾ ਪਿਆ ਪਿਛਾਂਹ ।
"ਕੀ ਦੁਖ-ਸੁਖ ਤੇ ਸ਼ਾਮ-ਸਵੇਰੇ ?
ਸ਼ੌਕ-ਜੋਤ ਸੰਗ ਲੰਘ ਹਨੇਰੇ;
ਚਾਨਣ ਗਰਦ ਹੈ ਪੈਰ ਤੇਰੇ ਦੀ
ਦੇਖ ਤੂੰ ਜ਼ਰਾ ਉਤਾਂਹ",
ਆਖਣ ਉਡਦੇ ਉਡਦੇ ਕਾਂ-
ਮੁੜ ਮੁੜ ਦੇਖ ਨਾ ਪਿਆ ਪਿਛਾਂਹ ।
ਚੰਦ-ਨਗਰ ਜਾਂ ਆਵਣ
ਸਾਵੇ ਸਾਵੇ ਖੰਡ ਹਿਨਾ;
ਕਿੱਕਰ ਬਨ ਆਵਣ ਜਾਂ ਆਵਣ
ਉਜੜੇ ਹੋਏ ਗਰਾਂ;
ਪ੍ਰੀਤਮ ਦੇ ਘਰ ਤਕ ਪੀਂਦਾ ਜਾ
ਘੋਲ ਬਹਾਰ ਖ਼ਿਜ਼ਾਂ-
ਮੁੜ ਮੁੜ ਦੇਖ ਨਾ ਪਿਆ ਪਿਛਾਂਹ ।
ਵਿਚ ਬਜ਼ਾਰਾਂ ਰੋਵੇ ਫੂਲਾਂ ਰਾਣੀ !
ਜਿਸ ਨੇ ਮਨ-ਧਰਤੀ ਤੇ ਬਾਗ਼ ਉਗਾਇਆ,
ਨੂਰ ਜਿਹਾ ਜਿਸ ਦੇ ਨੈਣਾਂ ਦਾ ਸਾਇਆ;
ਅੱਜ ਸੋਹਣੇ ਨੈਣਾਂ 'ਚੋਂ ਜਾਵਣ ਕਿਰਦੇ
ਕੂਲੇ ਕੂਲੇ ਲਖ ਤਾਰੇ ਅਸਮਾਨੀ-
ਵਿਚ ਬਜ਼ਾਰਾਂ ਰੋਵੇ ਫੂਲਾਂ ਰਾਣੀ !
ਸ਼ੀਸ਼-ਜੜਤ ਹੈ ਹੰਝੂਆਂ ਨਾਲ ਵਿਚਾਰਾ
ਮੋਰਛਲੀ ਸਾੜ੍ਹੀ ਦਾ ਪੱਲਾ ਸਾਰਾ;
ਗਰੜ-ਪਰੀ-ਮਖ਼ਮਲ ਦੇ ਬਸਤਰ ਸੋਹਣੇ
ਕਰ ਦਿਤੇ ਹਨ ਮਲਤ ਨਜ਼ਰ ਦੇ ਰੋਣੇ;
ਮੁੱਕ ਚੱਲਿਆ ਹੈ ਦਿਲ-ਝਰਨੇ ਦਾ ਪਾਣੀ-
ਵਿਚ ਬਜ਼ਾਰਾਂ ਰੋਵੇ ਫੂਲਾਂ ਰਾਣੀ !
ਇਕ ਦਿਨ ਜਿਨ੍ਹ ਹੱਥਾਂ ਨੇ ਤਖ਼ਤ ਬਿਠਾਇਆ
ਅਜ ਹੱਥਾਂ ਵਿਚ ਕਾਸਾ-ਭੀਖ ਫੜਾਇਆ !
ਸੂਲਾਂ ਦੀ ਧਰਤੀ ਤੇ ਤੁਰਦੀ ਜਾਏ,
ਅਜ ਰਾਣੀ ਨੂੰ ਖ਼ੈਰ ਨਾ ਕੋਈ ਪਾਏ !
ਪੱਥਰ ਹਨ ਸਭ ਇਸ ਨਗਰੀ ਦੇ ਪ੍ਰਾਣੀ-
ਵਿਚ ਬਜ਼ਾਰਾਂ ਰੋਵੇ ਫੂਲਾਂ ਰਾਣੀ !
ਚੰਦ-ਨਗਰ ਤੋਂ ਪਰ ਜਿਸ ਦੇ ਬਣ ਆਏ,
ਵਿਸਮਾਦਾਂ ਨੇ ਜਿਸ ਦੇ ਵਾਲ ਸਜਾਏ,
ਜੋ ਆਨੰਦ ਲਿਆਈ ਧੁਰ ਮੰਜ਼ਲ ਤੋਂ,
ਉਤਰ ਗਈ ਉਹ ਇਨਸਾਨਾਂ ਦੇ ਦਿਲ ਤੋਂ !
ਖ਼ਾਕ ਬਣੀ ਹੈ ਅਜ ਇਸ ਦੀ ਕੁਰਬਾਨੀ-
ਵਿਚ ਬਜ਼ਾਰਾਂ ਰੋਵੇ ਫੂਲਾਂ ਰਾਣੀ !
ਖਾ ਚੁਕੇ ਤੇਰੇ ਬੁੱਲ੍ਹਾਂ ਦੀ ਲਾਲੀ !
ਕੌਣ ਕਰੇ ਹੁਣ ਹੱਡੀਆਂ ਦੀ ਰਖਵਾਲੀ ?
ਹੁਸਨ ਲਈ ਇਹ ਸ਼ਰਤ ਅਨੋਖੀ ਠਹਿਰੀ
ਪਾਲਕ ਹੀ ਇਕ ਦਿਨ ਬਣਦੇ ਹਨ ਵੈਰੀ !
ਜਦ ਇਹ ਹੋਵੇ ਤਾਂ ਕੀ ਕਰੇ ਦੀਵਾਨੀ ?
ਵਿਚ ਬਜ਼ਾਰਾਂ ਰੋਵੇ ਫੂਲਾਂ ਰਾਣੀ !
ਪਿੱਟ ਪਿੱਟ ਹੋ ਜਾ ਨੀਲੀ ਫੂਲਾਂ ਰਾਣੀ,
ਲਾਲ ਨਹੀਂ ਜਦ ਖ਼ੂਨ ਰਿਹਾ ਇਨਸਾਨੀ !
(ਰਵੀਂਦ੍ਰ ਠਾਕੁਰ ਦੇ ਅੰਤਮ ਗੀਤ ਦੇ ਉਤਰ ਵਿਚ)
ਮੇਰਾ ਕਰਮ ਹੈ ਬੁਝਦੀ ਹਰ ਜੋਤ ਨੂੰ ਜਗਾਣਾ;
ਮੈਂ ਬਦਲਣਾ ਹੈ ਕੇਵਲ ਤੇਰਾ ਦੀਵਾ ਪੁਰਾਣਾ ।
ਦੀਵਾ ਲਘੂ ਸਜਾਏ ਆਲੋਕ ਦੀਪਮਾਲਾ,
ਭਰਦੀ ਹਾਂ ਤਾਰਿਆਂ ਦੇ ਰਸ ਤੋਂ ਤਿਰਾ ਪਿਆਲਾ ।
ਲੀਤੇ ਨੇ ਉਮਰ ਭਰ ਜੋ ਸੁਪਨੇ ਮਧੁਰ ਪਿਆਰੇ
ਇਕ ਪਲ 'ਚ ਨਜ਼ਰ ਆਵਣ ਦਿਲ ਦੇ ਮਹਾਂ-ਨਜ਼ਾਰੇ ।
ਮੈਂ ਲੈ ਕੇ ਆ ਰਹੀ ਹਾਂ ਮਿੱਠੀ ਵਿਸ਼ਾਲ ਗੋਦੀ,
ਤੇਰੇ ਲਈ ਪੰਘੂੜੇ ਘੱਲੇ ਨੇ ਵਿਸ਼ਵ-ਮੋਦੀ,
ਤੂੰ ਜਿਸ ਨੂੰ ਤਰਸਦਾ ਸੈਂ, ਉਹ ਲੋਰੀਆਂ ਤੇ ਗਾਉਣੇ,
ਦਿਲ ਨੂੰ ਬਹਿਲਾਉਣ ਵਾਲੇ ਨਾਲੇ ਅਜਬ ਖਿਲੌਣੇ ।
ਬੇੜੀ ਹਾਂ ਮੈਂ, ਤੂੰ ਅਪਣੇ ਬੰਦ ਨੈਣ ਕਰ ਕੇ ਬਹਿ ਜਾ,
ਜਿਤ ਹਾਰ ਦੇ ਗ਼ਮਾਂ ਵਿਚ ਅੰਤਮ ਸਮੇਂ ਨਾ ਰਹਿ ਜਾ ।
ਓਧਰ ਖੜ੍ਹੀ ਹੈ ਕੋਈ ਮਸਤੀ 'ਚ ਖੋਲ੍ਹ ਬਾਹਵਾਂ,
ਛੇਤੀ ਸਮੇਟ ਕੇ ਆ ਬੇਰੰਗ ਧੁਪ-ਛਾਵਾਂ ।
ਕਰਦੀ ਹੈ ਯਾਤਰਾ ਜਦ ਰੂਹ ਤੱਤ ਵਿਹੀਨ ਰਹਿ ਕੇ,
ਤੁਰਦੀ ਹਾਂ ਮੈਂ ਵੀ ਉਸ ਦਾ ਅਸਬਾਬ ਨਾਲ ਲੈ ਕੇ ।
ਮੈਂ ਫੂਕ ਮਾਰਦੀ ਹਾਂ ਕਰਮਾਂ ਦੀ ਬੰਸਰੀ ਵਿਚ,
ਲਖ ਰਾਗ ਗੂੰਜਦੇ ਹਨ ਮੁੜ ਸਾਰੀ ਜ਼ਿੰਦਗੀ ਵਿਚ ।
ਸਭ ਬਦਲੀਆਂ ਦੇ ਸ਼ੋਅਲੇ ਉਠੇ ਮੇਰੀ ਅਗਨ 'ਚੋਂ,
ਵਰ੍ਹਦੇ ਨੇ ਜੀਵ ਜੰਤੂ ਮੇਰੇ ਮਹਾਂ-ਗਗਨ 'ਚੋਂ ।
ਮੈਂ ਰਥ ਅਰੂਪ ਹਾਂ ਉਹ, ਸਾਗਰ ਹੈ ਲੀਕ ਜਿਸ ਦੀ;
ਗੋਦੀ ਮੇਰੀ 'ਚ 'ਉਹ' ਵੀ, ਸ਼ਕਤੀ ਵੀ ਸ਼ਾਂਤੀ ਵੀ ।
ਬਦਨਾਂ ਦੀ ਲੈ ਕੇ ਮਿੱਟੀ ਖੇਤਾਂ 'ਚ ਜਾ ਵਿਛਾਵਾਂ,
ਮੈਂ ਉਹ ਹਵਾ ਹਾਂ ਹਰਦਮ ਜੀਵਨ ਪਈ ਵਗਾਵਾਂ ।
ਮੈਂ ਤੋੜਦੀ ਹਾਂ ਤੇਰੇ ਸਭ ਬੰਦੀ-ਖ਼ਾਨਿਆਂ ਨੂੰ;
ਮੁੜ ਮੁੜ ਵਿਖਾ ਰਹੀ ਹਾਂ ਪੂਰਨ ਨਿਸ਼ਾਨਿਆਂ ਨੂੰ ।
ਇਸ ਦੇਸ਼ ਵਿਚ ਨਿਸ਼ਾ ਤੂੰ, ਉਸ ਦੇਸ਼ ਵਿਚ ਉਸ਼ਾ ਤੂੰ;
ਥਕੇ ਹੋਏ 'ਰਵੀ' ਆ, ਮੱਥਾ ਮੇਰਾ ਸਜਾ ਤੂੰ ।
ਮਾਵਾਂ ਦੇ ਸੀਨਿਆਂ 'ਚੋਂ ਕੋਈ ਨੂਰ ਫੁਟਣਾ ਚਾਹੇ,
ਸਭ ਨੂੰ ਚਮਕਦੀ ਜੋਤੀ ਅੰਦਰ ਹੀ ਨਜ਼ਰ ਆਏ ।
ਤੇਰੇ ਲਈ ਮੈਂ ਆਈ ਲੈ ਕੇ ਨਵੀਂ ਖ਼ੁਦਾਈ,
ਅੱਗੇ ਹੈ ਤੇਰੀ ਮਰਜ਼ੀ ਅਪਣੀ ਨਜ਼ਰ ਦੇ ਰਾਹੀ ।
ਤੇਰੇ ਲਈ ਮੈਂ ਆਈ ਲੈ ਕੇ ਬਹਾਰ-ਬਚਪਨ;
ਤੇਰੇ ਲਈ ਮੈਂ ਆਈ ਲੈ ਕੇ ਤੇਰਾ ਹੀ ਚਾਨਣ ।
ਐਵੇਂ ਨਹੀਂ ਮੈਂ ਆਈ, ਐਵੇਂ ਨਹੀਂ ਤੂੰ ਆਇਆ,
ਦੋਹਾਂ ਨੂੰ ਤੋਰਦੀ ਹੈ ਕੋਈ ਮਹਾਨ-ਛਾਇਆ !
ਘਬਰਾ ਨਾ ਚਾਹੇ ਆਵਾਂ, ਮੈਂ ਬਾਰ ਬਾਰ ਆਵਾਂ ।
ਖਿੜੇ ਮੋਤੀਏ ਪਿਆਰੇ ਪਿਆਰੇ,
ਬਾਗ਼-ਅੰਬਰ ਦੇ ਤਾਰੇ !
ਕਿਸੇ ਮਹਾਂ-ਜੋਤੀ ਦਾ ਸਾਇਆ
ਇਨ੍ਹਾਂ ਨਾਜ਼ਕ ਦਿਲਾਂ ਤੇ ਛਾਇਆ;
ਬਦਲ ਗਏ ਨੈਣਾਂ ਵਿਚ ਮੇਰੇ
ਪਹਿਲੇ ਕੁਲ ਨਜ਼ਾਰੇ !
ਖਿੜੇ ਮੋਤੀਏ ਪਿਆਰੇ ਪਿਆਰੇ !
ਕਿਸ ਦੀ ਅੱਖ ਖਿਲਾਰੇ ਪਰੀਆਂ
ਕਲੀਆਂ ਦੇ ਰੋਸ਼ਨਦਾਨਾਂ 'ਚੋਂ ?
ਹੋ ਸਾਕਾਰ ਜਾਂ ਖੇਲਣ ਜਲਵੇ
ਨਿਕਲ ਕੇ ਮੇਰੇ ਅਰਮਾਨਾਂ 'ਚੋਂ,
ਝੰਗ ਸਿਆਲਾਂ ਨਾਲ ਤੜਪ ਕੇ
ਮਿਲਦੇ ਜਾਪਣ ਤਖ਼ਤ-ਹਜ਼ਾਰੇ !
ਖਿੜੇ ਮੋਤੀਏ ਪਿਆਰੇ ਪਿਆਰੇ !
ਲੱਖਾਂ ਵਾਰ ਖਿੜੇ ਮੁਰਝਾਏ,
ਅੰਦਰ ਬਾਹਰ ਦੇ ਗੀਤ ਸੁਣਾਏ;
ਪਰ ਤੋੜਨ ਵਾਲੇ ਗ਼ਾਫ਼ਿਲ ਦੀ
ਕਦੀ ਸਮਝ ਨਾ ਆਏ !
ਨਿਕਲ ਕੇ ਇਸ਼ਕ ਮੇਰੇ ਦੀ ਜੋਤੀ,
ਪ੍ਰੀਤਮ ਦੇ ਗਲ ਪੈਣ ਦੀ ਖ਼ਾਤਰ,
ਬਣੀ ਹੈ ਕੂਲੇ ਕੂਲੇ ਮੋਤੀ ।
ਹੁਣ ਪ੍ਰੀਤਮ ਸੰਗ ਰਹਿਣਗੇ ਮਿਲ ਕੇ
ਮੇਰੇ ਸਰਵ-ਖਿਲਾਰੇ !
ਖਿੜੇ ਮੋਤੀਏ ਪਿਆਰੇ ਪਿਆਰੇ,
ਬਾਗ਼-ਅੰਬਰ ਦੇ ਤਾਰੇ !
ਸੀਖਣ ਤੋਂ ਬਿਨ ਬੁਝਦਾ ਜਾਏ !
ਹੱਥ ਤੇਰੇ ਬਿਨ ਬੁਝ ਜਾਏਗਾ
ਮੇਰਾ ਰੰਗ ਰੰਗੀਲਾ ਦੀਵਾ;
ਤੇਲ ਨਕੋ ਨਕ, ਬੱਤੀ ਸਾਬਤ,
ਫੇਰ ਵੀ ਆਣ ਹਨੇਰੇ ਛਾਏ-
ਸੀਖਣ ਤੋਂ ਬਿਨ ਬੁਝਦਾ ਜਾਏ !
ਇਹ ਕੀ ਬੱਸ ਇਕ ਵਾਰ ਜਗਾਇਆ,
ਫੇਰ ਚਮਕਦਾ ਹੱਥ ਨਾ ਲਾਇਆ ?
ਅੰਦਰ ਦੀ ਸੜ ਸੜ ਕੇ ਕਾਲਖ
ਦਰਵਾਜ਼ੇ ਤੇ ਜੰਮਦੀ ਜਾਏ;
ਹੱਥ ਤੇਰੇ ਬਿਨ ਕੌਣ ਹਟਾਏ ?
ਸੀਖਣ ਤੋਂ ਬਿਨ ਬੁਝਦਾ ਜਾਏ !
ਬਿਨ ਸੀਖਣ ਸੂਰਜ ਬੁਝ ਜਾਏ,
ਇਸ ਬਿਨ ਜੋਤ-ਕੰਵਲ ਕੁਮਲਾਏ ।
ਹੇ ਲਹਿਰਾਂ ਵਿਚ ਤੜਪਨ ਵਾਲੀ,
ਹੇ ਚੰਦ ਤਾਰੇ ਸੀਖਣ ਵਾਲੀ,
ਕਾਲੀ ਰਾਤ 'ਚ ਸੁੰਦਰ ਰਾਣੀ,
ਸੀਖੀ ਚਲ ਇਕ ਮੋਨ ਪਰਾਣੀ,
ਸੀਖਣ ਤੋਂ ਬਿਨ ਬੁਝ ਜਾਏਗਾ
ਮੇਰਾ ਰੰਗ ਰੰਗੀਲਾ ਦੀਵਾ ।
(ਸੌਨਿਟ)
ਅਨੇਕ ਮੱਛ, ਕਈ ਮੱਛੀਆਂ ਨੇ ਏਸ ਅੰਦਰ,
ਬੜੇ ਅਰਾਮ 'ਚ ਹੈ ਪਰ ਤਲਾ ਦਾ ਪਾਣੀ ਵੀ;
ਅਲੋਪ ਮੌਤ ਵੀ ਪਲਦੀ ਹੈ, ਜ਼ਿੰਦਗਾਨੀ ਵੀ,
ਅਨੰਦ-ਬਖ਼ਸ਼ ਵੀ ਹੈ ਲਹਿਰ-ਦੀਪ ਦਾ ਮੰਦਰ ।
ਬੜਾ ਤੂਫ਼ਾਨ ਹੈ ਅੰਦਰ, ਬਾਹਰ ਨਿਸ਼ਾਨ ਨਹੀਂ ।
ਬਦਲਦੇ ਰਹਿੰਦੇ ਨੇ ਹਰਦਮ ਜ਼ਮੀਨ ਤੇ ਅੰਬਰ;
ਅਜੀਬ ਜੰਗ, ਅਜਬ ਹੀ ਖਿਲਾਰ ਹਨ ਅੰਦਰ;
ਕਿਸੇ ਨੂੰ ਗ਼ਰਕ ਕਰੇ ਇਹ ਪਰ ਉਹ ਤੂਫ਼ਾਨ ਨਹੀਂ ।
ਮੇਰੇ ਤਲਾ ਦੀ ਸਿਖਰ ਤੇ, ਖ਼ਿਆਲ, ਜੰਗ ਨਾ ਕਰ;
ਨਾ ਅਰਥੀਆਂ ਕੋਈ ਕੱਢੋ ਬਾਹਰ ਬਜ਼ਾਰਾਂ ਵਿਚ;
ਬਣੋ ਮਿਟੋ ਮੇਰੇ ਅੰਦਰ ਅਗਮ-ਦੁਆਰਾਂ ਵਿਚ;
ਤੂਫ਼ਾਨ, ਅਪਣੇ ਤੋਂ ਬਾਹਰ ਕਿਸੇ ਨੂੰ ਤੰਗ ਨਾ ਕਰ ।
ਬਸ ਅਪਣੇ ਰੰਗ 'ਚ ਜੀਵਣ ਦੇ ਹਰ ਪ੍ਰਾਣੀ ਨੂੰ,
ਅਲੋਪ-ਤੋਰ 'ਚ ਰੱਖ ਜ਼ਿੰਦਗੀ ਦੇ ਪਾਣੀ ਨੂੰ ।
ਅਰੂਪ-ਖੰਭ, ਉਡਾਰਾਂ ਮਹਾਨ, ਤੰਗ ਖਿਲਾਰ;
ਅਰਸ਼ ਦੀ ਆਖ਼ਰੀ ਸੀਮਾ ਤੋਂ ਉਡ ਰਿਹਾ ਹੈ ਸਵਾਰ ।
ਬਨਾਂ 'ਚ, ਬਾਗ਼ 'ਚ, ਸ਼ਹਿਰਾਂ 'ਚ, ਜ਼ਿੰਦਗੀ ਹੈ ਉਦਾਸ,
ਕਲਪਨਾ-ਸੋਮੇ ਤੇ ਬੁਝਦੀ ਹੈ ਆ ਕੇ ਰੂਹ ਦੀ ਪਿਆਸ ।
ਕਲਪਨਾ-ਪੁਲ ਤੋਂ ਗੁਜ਼ਰ ਕੇ ਹੈ ਯਾਰ ਦਾ ਘਰ ਵੀ,
ਇਸੇ ਖੜਾਕ ਤੋਂ ਖੁਲ੍ਹਦਾ ਹੈ ਮਹਿਲ ਬੇਦਰ ਵੀ ।
ਨਵੇਂ ਕਰਮ ਦੀ ਕਲਪਨਾ ਹੈ ਮਾਂ, ਪਿਆਰ ਵੀ ਏ,
ਕਲਪਨਾ ਰਾਗ ਵੀ ਰੂਹ ਦਾ, ਅਮਲ-ਸਤਾਰ ਵੀ ਏ ।
ਅਲੋਕ ਸ਼ਕਤੀ ਕਰੇਗਾ ਕਦਰ ਜਹਾਨ ਕਦੋਂ ?
ਸਮਝ 'ਚ ਆਏਗੀ ਇਲਹਾਮ ਦੀ ਜ਼ਬਾਨ ਕਦੋਂ ?
ਸਮੇਂ ਦੀ ਰੀੜ੍ਹ ਤਰਸਦੀ ਹੈ ਇਸ ਲਹੂ ਦੇ ਲਈ,
ਵਿਸ਼ਾਲ ਤੱਤ ਤੜਪਦੇ ਨੇ ਏਸ ਰੂਹ ਦੇ ਲਈ ।
ਕਲਪਨਾ ਹੀ ਤੋਂ ਨਵੇਂ ਨਿਤ ਜਹਾਨ ਪੈਦਾ ਨੇ,
ਨਵੀਨ ਬਾਗ਼, ਅਨੋਖੇ ਸਮਾਨ ਪੈਦਾ ਨੇ ।
ਬਿਨਾਂ ਖ਼ਿਆਲ ਦੇ ਹਰ ਨੂਰ ਗੁਮਨਾਮ ਰਿਹਾ,
ਬਿਨਾਂ ਕਲਪਨਾ ਦੇ ਜੀਣਾ ਵੀ ਇਕ ਹਰਾਮ ਰਿਹਾ ।
ਨਵੀਆਂ ਸ਼ਕਤੀਆਂ ਭਾਲੇ ਪੁਰਾਣੇ ਅਰਸ਼ਾਂ 'ਚੋਂ,
ਮਹਾਨ ਨੂਰ ਵਿਖਾਉਂਦੀ ਹੈ ਕਾਲੇ ਫ਼ਰਸ਼ਾਂ 'ਚੋਂ ।
ਇਹ ਸਿੱਪੀਆਂ ਦੇ ਰਸਾਂ ਤੋਂ ਕਹਾਣੀਆਂ ਲਿਖ ਕੇ,
ਜ਼ਮੀਰ ਮੁਰਦਾ ਜਹਾਨਾਂ ਨੂੰ ਜ਼ਿੰਦਗੀ ਦੇਵੇ ।
ਸਰਵ-ਖਿਲਾਰਾ ਕਿਸੇ ਦੀ ਅਮਰ ਕਲਪਨਾ ਏ,
ਅਸੀਂ ਵੀ ਸਾਇਆ-ਕਲਪਨਾ ਦੇ ਹਾਂ ਕਈ ਸਾਏ ।
ਕਲਪਨਾ-ਸ਼ਕਤੀ, ਸਦਾ ਹਾਂ ਤੇਰਾ ਪੁਜਾਰੀ ਮੈਂ,
ਅਲੋਕ ਰੂਹ ਦਾ ਕਵੀ ਹਾਂ ਨਹੀਂ ਵਪਾਰੀ ਮੈਂ ।
ਚਲੋ ਚਲੋ, ਕਾਫ਼ਲੇ ਵਾਲੇ ਚਲੇ ਚਲੇ !
ਆਏ ਹਨ ਸਾਡੇ ਪਿੰਡ ਲਾਗੇ,
ਜਾਗੋ ਜੇ ਨਹੀਂ ਜਾਗੇ;
ਵੱਖ ਵੱਖ ਸੂਰਤ ਤੇ ਵੀ ਹਨ ਸਭ ਮਿਲੇ ਜੁਲੇ !
ਚਲੋ ਚਲੋ, ਕਾਫ਼ਲੇ ਵਾਲੇ ਚਲੇ ਚਲੇ !
ਆਪਣੇ ਹੀ ਤਾਰੇ ਵਿਚ ਗਰਦਸ਼ ਕਰਦੇ,
ਯੁਗਾਂ ਯੁਗਾਂ ਤੋਂ ਦੁਖ-ਸੁਖ ਜਰਦੇ ਜਰਦੇ;
ਮੰਜ਼ਲ ਮੇਲ 'ਚ ਅਪਣੀ ਜੀਂਦੇ ਮਰਦੇ,
ਸਿੰਧੂ-ਕਾਲ-ਹਨੇਰ 'ਚ ਡੁਬਦੇ ਤਰਦੇ,
ਆਏ ਹਨ ਲੈ ਕੇ ਸੰਗ ਨਵੇਂ ਸਵੇਰੇ,
ਜਾ ਪਹੁੰਚਣਗੇ ਮੰਜ਼ਲ ਤੇ ਦਿਨ ਰਹੇ ਢਲੇ !
ਚਲੋ ਚਲੋ, ਕਾਫ਼ਲੇ ਵਾਲੇ ਚਲੇ ਚਲੇ !
ਤੇਰਾ ਮੂੰਹ ਚੁੰਮਣਾ ਹੈ ਪਾਪ !
ਪਾਪ ਨਹੀਂ ਜੇ ਚੁੰਮ ਲੈ ਆਖੇਂ
ਮੂੰਹ ਆਪਣੇ ਤੋਂ ਆਪ ।
ਤੇਰਾ ਮੈਂ ਕਰਦਾ ਹਾਂ ਜਾਪ !
ਕਦੇ ਕਰਾਂ ਨਾ ਜੇ ਤੂੰ ਆਖੇਂ
ਅਪਣੀ ਜੀਭ ਤੋਂ ਆਪ ।
ਮੈਂ ਕਰ ਦਿਆਂ ਬਗ਼ਾਵਤ
ਚਾਹੇ ਦੇਂਦਾ ਰਹੇਂ ਸਰਾਪ ।
ਸਾਗਰ ਰਿਹਾ ਹਾਂ ਨਾਪ,
ਦਿਲ ਦੀ ਲਘੂ ਪਿਆਲੀ ਲੇ ਕੇ
ਮੈਂ ਹੁਣ ਅਪਣੇ ਆਪ ।
ਸਾਗਰ ਹੋ ਗਿਆ ਖ਼ਾਲੀ
ਭਰੀ ਨਾ ਲਘੂ ਪਿਆਲੀ…
(ਸੌਨਿਟ)
ਬੁਝੇ ਬੁਝੇ ਜੁਗਨੂੰ ਸਭ ਮਿਟੇ ਮਿਟੇ ਤਾਰੇ,
ਬਲੰਦੀਆਂ 'ਚ ਵੀ ਦੀਵਾ ਨਹੀਂ ਕੋਈ ਰੋਸ਼ਨ;
ਨਾ ਦੂਰ ਦੂਰ ਕਿਤੇ ਕਰਮ-ਜੋਤ ਦਾ ਚਾਨਣ,
ਤੁਰੀ ਹੀ ਜਾਂਦੇ ਹਾਂ ਤਾਂ ਵੀ ਮੁਸੀਬਤਾਂ ਮਾਰੇ ।
ਕਿਸੇ ਪਹਾੜ ਦੀ ਬੂਟੀ ਜਗੇ ਨਾ ਹੁਣ ਰਾਤੀਂ,
ਲੁਕੀ ਹੈ ਮੂਰਛਾ ਮੇਰੀ ਦੀ ਹੁਣ ਦਵਾ ਕਿਧਰੇ,
ਗ਼ਰਕ ਗਈ ਮੇਰੇ ਕਲਿਆਣ ਦੀ ਹਵਾ ਕਿਧਰੇ;
ਤੁਹੀਂ ਹਨੇਰ ਦੀ ਜੋਤੀ, ਆਵਾਜ਼ ਸੁਣ ਰਾਤੀਂ !
ਨਜ਼ਰ ਗੁਆਚ ਗਈ ਡੰਡੀਆਂ ਦੀ ਭਾਲ ਅੰਦਰ,
ਕਿਸੇ ਵੀ ਚੰਦ ਨੇ ਰਸਤਾ ਤੇਰਾ ਵਿਖਾਇਆ ਨਾ ।
ਯੁਗਾਂ ਦੀ ਲਾਟ ਨੇ ਅੰਦਰ ਨੂੰ ਜਗਮਗਾਇਆ ਨਾ,
ਕਦੀ ਤਾਂ ਨਾਚ ਨਚਾ ਦੇ ਵਿਸ਼ਾਲ ਤਾਲ ਅੰਦਰ ।
ਤੜਪਦੀ ਏ ਮੇਰੀ ਕੁਦਰਤ ਕਰਮ-ਕਣੀ ਦੇ ਲਈ,
ਹਨੇਰ ਅਪਣੇ 'ਚੋਂ ਰੋਂਦਾ ਹਾਂ ਰੋਸ਼ਨੀ ਦੇ ਲਈ ।
ਬੱਦਲ, ਹੌਲੀ ਹੌਲੀ ਚੱਲ
ਖੇਤ ਖੜੇ ਨੇ ਕਦ ਤੋਂ ਮੇਰੇ
ਰਸਤਾ ਤੇਰਾ ਮੱਲ -
ਬੱਦਲ, ਹੌਲੀ ਹੌਲੀ ਚੱਲ
ਇਕ ਵਾਰੀ ਤਾਂ ਪਿਆਸ ਬੁਝਾ ਦੇ,
ਮੌਲਣ ਸਭ ਕੁਮਲਾਏ ਬੂਟੇ
ਜੋ ਚੁੱਕੀ ਮੂੰਹ ਦੇਖ ਰਹੇ ਨੇ,
ਉਮਰ ਤੋਂ ਤੇਰੇ ਵੱਲ -
ਬੱਦਲ, ਹੌਲੀ ਹੌਲੀ ਚੱਲ
ਇਕ ਪਲ ਦਾ ਕੀ ਆਉਣਾ ਜਾਣਾ,
ਜਲ ਥਲ ਕਰ ਜਾ ਖ਼ੁਸ਼ਕ ਜ਼ਮਾਨਾ,
ਯੁਗਾਂ ਯੁਗਾਂ ਤੋਂ ਕਹਿਣੀ ਚਾਹਵਾਂ
ਸੁਣ ਜਾ ਮੇਰੀ ਗੱਲ -
ਬੱਦਲ, ਹੌਲੀ ਹੌਲੀ ਚੱਲ
|