ਆਲੋਚਨਾ-ਸੰਤ ਸਿੰਘ ਸੇਖੋਂ
'ਆਲੋਚਨਾ' ਇਹ ਸ਼ਬਦ ਲੁਚੁ ਧਾਤੂ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਦੇਖਣਾ । 'ਅ' ਪ੍ਰਤਯ ਵਧੇਰੇ ਬਲ ਦਾ ਭਾਵ ਦਿੰਦਾ ਹੈ । ਸੋ ਆਲੋਚਨਾ ਦੇ ਅਰਥ ਹਨ, ਸਭਨਾਂ ਪਾਸਿਆਂ ਤੋਂ ਡੂੰਘੀ ਨੀਝ ਤੇ ਪਰਖ ਨਾਲ ਦੇਖਣਾ । ਸਾਹਿਤ ਦੇ ਖੇਤਰ ਵਿਚ ਇਹ ਸ਼ਬਦ ਸਰਬੰਗੀ ਨਿਰਣਾਤਮਕ ਪਰਖ ਦਾ ਭਾਵ ਦਿੰਦਾ ਹੈ ।
ਉਂਜ ਤਾਂ ਵਰਤਮਾਨ ਸੰਸਾਰ ਦੇ ਚਾਰ ਸਭਿਆਚਾਰਕ ਖੇਤਰਾਂ 'ਯੂਰਪੀ, ਨਿਕਟ ਪੂਰਬੀ (ਅਰਬੀ, ਫ਼ਾਰਸੀ ), ਦੂਰ ਪੂਰਬੀ ( ਚੀਨੀ, ਜਾਪਾਨੀ ) ਤੇ ਭਾਰਤੀ ਅਨੁਸਾਰ ਸਾਹਿਤ ਆਲੋਚਨਾ ਦੀਆਂ ਦੀ ਚਾਰ ਪ੍ਰਣਾਲੀਆਂ ਕਲਪੀਆਂ ਜਾਂ ਸਕਦੀਆਂ ਹਨ : ਪਰ ਇਨ੍ਹਾਂ ਵਿਚ ਪ੍ਰਧਾਨ ਯੂਰਪੀ ਪ੍ਰਣਾਲੀ ਹੀ ਹੈ, ਅਤੇ ਭਾਰਤੀ ਅਥਵਾਸੰਸਕ੍ਰਿਤ ਪ੍ਰਣਾਲੀ ਸਾਡੇ ਇਤਿਹਾਸਕ ਤੇ ਜਾਤੀਗਤ ਅਨੁਭਵ ਦਾ ਅੰਗ ਹੋਣ ਕਰਕੇ ਧਿਆਨ ਗੋਚਰ ਹੈ ।
ਪ੍ਰਾਚੀਨ ਸੰਸਕ੍ਰਿਤ ਸਾਹਿਤ ਨੂੰ ਕਾਵਿ ਦੇ ਭਾਵ ਵਿਚ ਹੀ ਲਿਆ ਗਿਆ ਹੈ ਅਤੇ ਕਾਵਿ ਦੀ ਆਲੋਚਨਾ ਰੂਪ ਤੇ ਭਾਵ ਦੋਹਾਂ ਪੱਖਾਂ ਤੋਂ ਕੀਤੀ ਜਾਂਦੀ ਰਹੀ ਹੈ । ਸ਼ਾਇਦ ਕਾਲ ਦੇ ਪੱਖ ਤੋਂ ਭਾਵ ਨੂੰ ਰੂਪ ਦੇ ਟਾਕਰੇ ਵਿਚ ਪਹਿਲ ਪ੍ਰਾਪਤ ਹੈ । ਭਰਤ ਭਰਤ ਮੁਨੀ ਦੇ ਸਮੇਂ (ਲਗਭਗ 300 ਈ.) ਤੋਂ ਭਾਰਤੀ ਆਲੋਚਨਾ ਵਿਚ ਰਸ ਦਾ ਸੰਕਲਪ ਪ੍ਰਧਾਨ ਰਿਹਾ ਹੈ, ਅਰਥਾਤ ਇਹ ਸਮਝਿਆ ਜਾਂਦਾ ਰਿਹਾ ਹੈ ਕਿ ਮਨੁੱਖ ਦੀਆਂ ਬਲਵਾਨ ਅਨੁਭੂਤੀਆਂ ਮਨੋਭਾਵਨਾਵਾਂ ਦੇ ਅਨੁਸਾਰ ਕੁਝ ਰਸ ਭਾਵ ਹਨ, ਜਿਨ੍ਹਾਂ ਤੋਂ ਸਾਹਿਤ ਦੇ ਸੁਭਾਅ ਨੂੰ ਨਿਸ਼ਚਿਤ ਕੀਤਾ ਜਾ ਸਕਦਾ ਹੈ । ਇਸ ਰਸ ਸਥਾਈ ਤੇ ਅਸਥਾਈ ਆਖੇ ਗਏ ਹਨ । ਸਥਾਈ ਰਸ ਨੌਂ ਮੰਨੇ ਗਏ ਹਨ : ਸ਼ਿੰਗਾਰ, ਕਰੁਣਾ, ਹਾਸ, ਵੀਭਤਸ, ਵਾਤਸਲ, ਬੀਰ, ਰੌਦਰ, ਅਦਭੁਤ ਅਤੇ ਸ਼ਾਂਤ । ਕਿਸੇ ਸਾਹਿਤਕ ਅਥਵਾ ਕਾਵਿ ਰਚਨਾ ਵਿਚ ਇਨ੍ਹਾਂ ਰਸਾਂ, ਸਥਾਈ ਤੇ ਅਸਥਾਈ ਦਾ ਮੇਲ ਹੋ ਸਕਦਾ ਹੈ ਪਰ ਇਨ੍ਹਾਂ ਵਿਚ ਇਕ ਪ੍ਰਧਾਨ ਹੋਣਾ ਚਾਹੀਦਾ ਹੈ ਜਿਸ ਤੋਂ ਰਚਨਾ ਦਾ ਸੁਭਾਅ ਨਿਸ਼ਚਿਤ ਹੋ ਸਕੇ ਜਿਵੇਂ ਕਿਸੇ ਨਾਟਕ ਦਾ ਪ੍ਰਧਾਨ ਸਥਾਈ ਰਸ, ਬੀਰ ਰਸ ਹੋ ਸਕਦਾ ਹੈ ਭਾਵੇਂ ਵੱਖ-ਵੱਖ ਦ੍ਰਿਸ਼ਾਂ ਤੇ ਅੰਕਾਂ ਵਿਚ ਵਾਤਸਲ, ਸ਼ਿੰਗਾਰ ਜਾਂ ਵੀਭਤਸ ਰਸ ਆਦਿ ਵੀ ਹੋ ਸਕਦੇ ਹਨ । ਭਾਵੇਂ ਆਧੁਨਿਕ ਆਲੋਚਨਾ ਜੋ ਵਧੇਰੇ ਕਰਕੇ ਪੱਛਮੀ ਸੁਭਾਅ ਵਾਲੀ ਹੈ, ਇਨ੍ਹਾਂ ਸੰਕਲਪਾਂ ਨੂੰ ਬਹੁਤੀ ਮਾਨਤਾ ਨਹੀਂ ਦਿੰਦੀ, ਤਾਂ ਵੀ ਅੱਜਕੱਲ੍ਹ ਦੇ ਸੁਹਜਵਾਦੀ ਸਿਧਾਂਤ ਕੁਝ ਇਸ ਪਾਸ ਵੱਲ ਝਾਤ ਜ਼ਰੂਰ ਪਾਉਣ ਲੱਗ ਪਏ ਹਨ ।
ਰੂਪ ਦੇ ਪੱਖ ਤੋਂ ਭਾਰਤੀ ਜਾਂ ਸੰਸਕ੍ਰਿਤ ਸਾਹਿਤ ਜਾਂ ਕਾਵਿ ਵਿਚ ਰੀਤੀ ਦੀ ਪ੍ਰਧਾਨਤਾ ਰਹੀ ਹੈ । ਇਸ ਦਾ ਮੋਢੀ ਆਚਾਰੀਆ ਵਾਮਨ ਨੂੰ ਮੰਨਿਆ ਜਾ ਸਕਦਾ ਹੈ ਜਿਸ ਨੇ ਵਿਸ਼ੇਸ਼ ਪਦ-ਰਚਨਾ ਨੂੰ ਰੀਤੀ ਦਾ ਨਾਂ ਦਿੱਤਾ ਹੈ । ਇਸ ਵਿਸ਼ੇਸ਼ਤਾ ਦਾ ਆਧਾਰ ਵਾਮਨ ਨੇ ਗੁਣ ਨੂੰ ਬਣਾਇਆ ਹੈ । ਭਾਰਤੀ ਆਚਾਰੀਆਂ ਨੇ ਕਾਵਿ ਦੇ ਕਈ ਗੁਣਾਂ ਤੇ ਤਿੰਨ ਰੀਤੀਆਂ ਵੱਲ ਇਸ਼ਾਰੇ ਕੀਤੇ ਹਨ ਤੇ ਅੱਗੇ ਚੱਲ ਕੇ ਇਸ ਰੀਤੀ ਦਾ ਬਹੁਤ ਵਿਸਤਾਰ ਹੋਇਆ ਹੈ । ਅਸਲ ਵਿਚ ਰੀਤੀ ਦਾ ਅਰਥ ਸ਼ੈਲੀ ਹੈ । ਭਾਵੇਂ ਰੀਤੀ ਜਾਂ ਸ਼ੈਲੀ ਤੇ ਕਾਵਿ ਦੇ ਸਬੰਧ ਵਿਚ ਮਹੱਤਵ ਬਾਰੇ ਬਹੁਤ ਮਤਭੇਦ ਰਿਹਾ ਹੈ ਤੇ ਹੁਣ ਤੱਕ ਚਲਿਆ ਆਉਂਦਾ ਹੈ, ਤਾਂ ਵੀ ਸਭ ਨੇ ਆਲੋਚਨਾ ਵਿਚ ਰੀਤੀ ਨੂੰ ਬਹੁਤ ਹੱਦ ਤੱਕ ਸਹਾਇਕ ਮੰਨਿਆ ਹੈ । ਪੱਛਮੀ ਆਲੋਚਨਾ ਵਿਚ ਵੀ ਸਾਹਿਤ ਦੇ ਰੂਪਕ ਪੱਖ ਨੂੰ ਅੱਖਾਂ ਤੋਂ ਪਰੋਖੇ ਨਹੀਂ ਕੀਤਾ ਜਾ ਸਕਦਾ ।
ਪੱਛਮੀ ਆਲੋਚਨਾ ਦਾ ਆਧਾਰ ਯੂਨਾਨੀ ਸਿਧਾਂਤ ਹੈ । ਅਫ਼ਲਾਤੂਨ ਨੇ ਕਾਵਿ ਨੂੰ ਇਕ ਹਾਨੀਕਾਰਕ ਕੰਮ ਆਖਿਆ ਪਰ ਉਸ ਦੇ ਚੇਲੇ ਅਰਸਤੂ ਨੇ ਕਾਵਿ ਨੂੰ ਮਨੁੱਖ ਦੀ ਇਕ ਹਿਤਕਾਰੀ ਕਲਾ ਸਾਬਤ ਕੀਤਾ । ਉਸ ਦਾ ਗ੍ਰੰਥ ਹੈ ਕਾਵਿ-ਸ਼ਾਸਤਰ (ਪੋਇਟਿਕਸ), ਜਿਸ ਦੇ ਸਾਨੂੰ ਕੁਝ ਹਿੱਸੇ ਹੀ ਮਿਲਦੇ ਹਨ । ਇਸ ਨਾਲ ਪੱਛਮੀ ਸਾਹਿਤ ਆਲੋਚਨਾ ਦਾ ਮੁੱਢ ਬਣਦਾ ਹੈ । ਇਸ ਵਿਚ ਦਰਸਾਏ ਗਏ ਤੱਤ, ਸਾਹਿਤ ਰੂਪਾਂ ਦਾ ਵਰਗੀਕਰਣ, ਇਸ ਦਾ ਵਿਸ਼ਲੇਸ਼ਣੀ ਅਮਲ, ਜਿਸ ਰਾਹੀਂ ਵੱਖ-ਵੱਖ ਵਰਗਾਂ ਦੀਆਂ ਰਚਨਾਵਾਂ ਦੇ ਸਾਂਝੇ ਗੁਣਾਂ ਨੂੰ ਧਿਆਨ ਗੋਚਰੇ ਕੀਤਾ ਗਿਆ ਹੈ ਤੇ ਕਾਵਿ ਦੇ ਕਰਮ ਦੀ ਵਿਆਖਿਆ ਇਕ ਸਦੀਵੀ ਸਤਿ ਦੇ ਲਖਾਇਕ ਹਨ ਅਤੇ ਇਨ੍ਹਾਂ ਦਾ ਪ੍ਰਭਾਵ ਪਿਛਲੇਰੇ ਸਾਹਿਤਕਾਰਾਂ ਉੱਤੇ ਪ੍ਰਬਲ ਰਿਹਾ ਜਾਪਦਾ ਹੈ । ਇਕੋ ਜਿਹੀ ਇਕ ਹੋਰ ਯੂਨਾਨੀ ਰਚਨਾ 'ਲਾਂਜੀਨਸ' (Longinus) ਦਾ ਗ੍ਰੰਥ 'ਆਨ ਦਾ ਸਬਲਾਈਮ' ਹੈ । ਮੱਧਕਾਲੀਨ ਯੂਰਪ ਵਿਚ ਜਾਗ੍ਰਿਤੀ ਦੇ ਜ਼ਮਾਨੇ ਵਿਚ ਸਾਹਿਤ ਦਾ ਅਮਲ ਪ੍ਰਚੰਡ ਹੋਇਆ ਤਾਂ ਇਸ ਦੇ ਮੁਲ-ਅੰਕਣ ਦਾ ਆਧਾਰ ਅਰਸਤੂ ਤੇ ਲਾਂਜੀਨਸ ਆਦਿ ਨੂੰ ਹੀ ਬਣਾਇਆ ਗਿਆ । ਇਸ ਧਾਰਾ ਦੇ ਅੰਗਰੇਜ਼ ਮਾਹਿਰ ਆਲੋਚਕਾਂ ਵਿਚ ਸਰ ਫਿਲਿਪ ਸਿਡਨੀ ਬੈੱਨ ਜਾਨਸਨ, ਜਾਨ ਡਰਾਈਡਨ ਤੇ ਡਾਕਟਰ ਸੈਮੁਅਲ ਜਾਨਸਨ ਦੇ ਨਾਂ ਵਰਣਨਯੋਗ ਹਨ, ਜਿਨ੍ਹਾਂ ਦੀ ਆਲੋਚਨਾਂ ਨੂੰ ਕਲਾਸੀਕਲ ਆਲੋਚਨਾ ਦਾ ਨਾਂ ਦਿੱਤਾ ਜਾਂਦਾ ਹੈ ।
ਅਠਾਰ੍ਹਵੀਂ ਸਦੀ ਦੇ ਪਿਛਲੇ ਅੱਧ ਵਿਚ ਪੱਛਮੀ ਆਲੋਚਨਾ ਆਪਣੀ ਸੇਧ ਬਦਲਣ ਲੱਗੀ । ਇਸ ਵਿਚ ਪਹਿਲੇ ਪੜਾਅ ਨੂੰ ਰੋਮਾਂਸਵਾਦ ਆਖਿਆ ਜਾ ਸਕਦਾ ਹੈ । ਜਰਮਨੀ ਵਿਚ ਲੈਸਿੰਗ (1729-81) ਨੇ ਆਪਣੀ ਕਿਰਤ 'ਲਾਊਕੂਨ' ਵਿਚ ਆਲੋਚਨਾਤਮਕ ਵਿਸ਼ਲੇਸ਼ਣ ਦੀਆਂ ਨਵੀਆਂ ਲੀਹਾਂ ਕਾਇਮ ਕੀਤੀਆਂ ਤੇ ਅਰਸਤੂ ਤੋਂ ਪਿਛੋਂ ਪਹਿਲੀ ਵਾਰੀ ਨਾਟਕ ਕਲਾ ਬਾਰੇ ਨਵੇਂ ਵਿਚਾਰ ਪੇਸ਼ ਕੀਤੇ । ਉਸ ਤੋਂ ਪਿਛੋਂ ਸ਼ਿਲਰ, ਗੇਟੇ ਤੇ ਸ਼ਲੇਗਲ ਨੇ ਨਵੇਂ ਸਾਹਿਤਕ ਸੰਕਲਪ ਪੇਸ਼ ਕੀਤੇ, ਜ਼ਿਨ੍ਹਾਂ ਦਾ ਆਧਾਰ ਕਾਂਟ ਤੇ ਹੀਗਲ ਦੇ ਦਾਰਸ਼ਨਿਕ ਵਿਚਾਰਾਂ ਉੱਤੇ ਪ੍ਰਤੱਖ ਹੈ । ਫ਼ਰਾਂਸ ਵਿਚ ਸਾਂਤ ਬੋਵ (1804-69) ਨੇ ਆਪਣੀ ਵਿਸ਼ਾਲਤਾ ਤੇ ਸੂਖਮਤਾ ਨਾਲ ਨਵੇਂ ਰਾਹ ਦਰਸਾਏ । ਤੇਨ (1828-93) ਨੇ ਇਕ ਪ੍ਰਣਾਲੀ ਦਾ ਵਿਕਾਸ ਕੀਤਾ ਜਿਸ ਦੇ ਮੁੱਖ ਅੰਸ਼ ਜਾਤੀ ਅਤੇ ਦੇਸ਼ ਤੇ ਸਮੇਂ ਦੇ ਸੰਸਕਾਰ ਸਨ । ਇੰਗਲਿਸਤਾਨ ਵਿਚ ਵਰਡਜ਼ਵਰਥ, ਕੌਲਰਿਜ, ਸ਼ੈਲੇ ਤੇ ਕੀਟਸ ਆਦਿ ਕਵੀਆਂ ਨੇ ਕਾਵਿਮਈ ਕਲਪਨਾ ਦੇ ਸਿਧਾਂਤ ਦੇ ਨਵੇਂ ਆਧਾਰ ਕਾਇਮ ਕੀਤੇ ।
ਉਨ੍ਹੀਂਵੀ ਸਦੀ ਦੇ ਅੱਧ ਤੇ ਅੰਤ ਵਿਚ ਇੰਗਲਿਸਤਾਨ ਵਿਚ ਮੈਥਿਊ ਮੈਥਿਊ ਆਰਨਲਡ (1822-88) ਨੇ ਉਦਾਰਵਾਦੀ ਸ਼ਾਸਤਰਵਾਦ ਤੇ ਵਾਲਟਰ ਪੇਟਰ (1839-94) ਤੇ ਆਸਕਰ ਵਾਈਲਡ ( 1856-1900 ) ਨੇ ਸੁਹਜਵਾਦੀ ਆਲੋਚਨਾ ('ਕਲਾ ਕਲਾ ਲਈ') ਦਾ ਸਿਧਾਂਤ ਪ੍ਰਚਲਿਤ ਕੀਤਾ । ਇਟਲੀ ਵਿਚ ਬੈਨੀਡੈਟੋ ਕਰੋਚੇ (1866-1952) ਨੇ ਆਤਮਗਤ ਵਿਸ਼ਲੇਸ਼ਣਾਮਕ ਅਧਿਐਨ ਦੀ ਪਰੰਪਰਾ ਚਲਾਈ । ਜਰਮਨ ਲੇਖਕਾਂ ਵੈਗਨਰ ਤੇ ਨਿਤਸ਼ੇ ਆਦਿ ਨੇ ਆਲੋਚਨਾ ਨੂੰ ਵਧੇਰੇ ਦਾਰਸ਼ਨਿਕ ਬਣਾਇਆ । ਫ਼ਰਾਂਸ ਵਿਚ ਐਮੀਲ ਜ਼ੋਲਾ (1840-1902) ਨੇ ਪ੍ਰਕਿਰਤੀਵਾਦ ਤੇ ਰੇਮੀ ਦ ਗੂਰਮਾਂ (1858-1915) ਨੇ ਸੁਹਜਵਾਦੀ ਅਨੁਭਵ ਦੇ ਝੰਡੇ ਖੜੇ ਕੀਤੇ ।
ਵੀਹਵੀਂ ਸਦੀ ਵਿਚ ਆਲੋਚਨਾ ਸ਼ਾਸਤਰ ਦਾ ਹੋਰ ਵੀ ਵਿਸਤਾਰਮਈ ਵਿਕਾਸ ਹੋਇਆ ਹੈ ਤੇ ਇਸ ਉੱਤੇ ਇਟਲੀ ਦੇ ਭਵਿੱਖਵਾਦ, ਜਰਮਨੀ ਦੇ ਅਭਿਵਿਅੰਜਨਵਾਦ, ਤੇ ਫ਼ਰਾਂਸ ਦੇ ਪਰਾਯਥਾਰਥਵਾਦ, ਡਾਡਵਾਦ ਤੇ ਅਸਤਿਤਵਾਦ ਨੇ ਬੜਾ ਅਸਰ ਪਾਇਆ ਹੈ । ਇੰਗਲੈਂਡ ਵਿਚ ਇਕ ਨਵੀਂ ਕਿਸਮ ਦਾ ਧਾਰਮਕ ਧੁਨੀ ਵਾਲਾ ਸ਼ਾਸਤਰਵਾਦ ਪੈਦਾ ਹੋਇਆ ਹੈ ਜਿਸ ਦੇ ਮੋਢੀ ਟੀ. ਈ. ਹਲਮ (1883-1917) ਤੇ ਟੀ. ਐਸ. ਇਲੀਅਟ (1888-1965) ਕਹੇ ਜਾ ਸਕਦੇ । ਇਹ ਸ਼ਾਸਤਰਵਾਦ ਸ਼ੁਧ ਤੇ ਸੂਖਮ ਰੂਪ ਉੱਤੇ ਜ਼ੋਰ ਦਿੰਦਾ ਹੈ । ਬਿੰਬਵਾਦੀਆਂ ਦੀ ਕਲਾ ਦਾ ਆਧਾਰਜ ਵੀ ਇਹ ਹੀ ਵਿਚਾਰ ਬਣੇ ਹਨ ।
ਇਸ ਤੋਂ ਮਗਰੋਂ ਇਸ ਸਦੀ ਵਿਚ ਸਾਰੀ ਕਲਾ ਤੇ ਸਾਹਿਤ ਆਲੋਚਨਾ ਉੱਤੇ ਮਨੋਵਿਗਿਆਨ ਤੇ ਮਾਨਸਿਕ ਵਿਸ਼ਲੇਸ਼ਣ ਦੇ ਸਿਧਾਂਤਾਂ ਦਾ ਅਸਰ ਪਿਆ ਹੈ । ਮਨੋਵਿਗਿਆਨਕ ਆਲੋਚਨਾ ਦਾ ਮਸ਼ਹੂਰ ਪ੍ਰਤੀਨਿਧ ਅੰਗਰੇਜ਼ ਪ੍ਰੋਫ਼ੈਸਰ ਆਈ. ਏ. ਰਿਚਰਡਜ਼ ਕਿਹਾ ਜਾ ਸਕਦਾ ਹੈ, ਜਿਸ ਦੀ ਪੁਸਤਕ 'ਪ੍ਰਿੰਸੀਪਲਜ਼ ਆਫ਼ ਲਿਟਰੇਰੀ ਕ੍ਰਿਟਿਸਿਜ਼ਮ' ਇਸ ਸਬੰਧ ਵਿਚ ਵਰਣਨਯੋਗ ਹੈ । ਉਸ ਨੇ ਬਹੁਤਾ ਜ਼ੋਰ ਅਨੁਭਵ ਨੂੰ ਸਾਹਿਤਕ ਕਿਰਤ ਦਾ ਆਧਾਰ ਬਣਾਉਣ ਅਤੇ ਸਮਝਣ ਉੱਤੇ ਦਿੱਤਾ ਹੈ ਤੇ ਇਸ ਸਬੰਧ ਵਿਚ ਉਪ ਭਾਵਕਤਾ ਤੇ ਬਣੇ-ਬੱਝੇ ਸ਼ਾਸਤਰੀ ਨਿਯਮਾਂ ਤੋਂ ਬਚਣ ਉੱਤੇ ਜ਼ੋਰ ਦਿੱਤਾ ਹੈ ।
ਜਰਮਨ ਡਾਕਟਰ ਸਿਗਮੰਡ ਫ਼ਰਾਇਡ ਦੇ ਮਾਨਸਿਕ ਵਿਸ਼ਲੇਸ਼ਣ ਦੇ ਸਿਧਾਂਤ ਤੇ ਇਸ ਤੋਂ ਕੁਝ ਵੱਖਰੇ ਯੁੰਗ ਦੇ ਜੀਵਨ-ਤਾਂਘ ਦੇ ਸਿਧਾਂਤ ਨੇ ਵੀ ਸਾਹਿਤ ਰਚਨਾ ਤੇ ਆਲੋਚਨਾ ਉੱਤੇ ਤਕੜਾ ਅਸਰ ਪਾਇਆ ਹੈ । ਅਭਿਵਿਅੰਜਨਾਵਾਦ ਦੇ ਚੇਤਨਾ-ਪ੍ਰਵਾਹ ਦੇ ਅਭਿਆਸਾਂ ਨੂੰ ਇਨ੍ਹਾਂ ਸਿਧਾਤਾਂ ਤੋਂ ਜਨਮ ਤੇ ਸਮਰਥਨ ਪ੍ਰਾਪਤ ਹੋਇਆ ਹੈ ।
ਸਾਹਿਤ-ਆਲੋਚਨਾ ਉੱਤੇ ਇਸ ਤੋਂ ਵੀ ਸ਼ਾਇਦ ਵਧੇਰੇ ਅਸਰ ਮਾਰਕਸ ਦੇ ਸਿਧਾਂਤਾਂ ਦਾ ਪਿਆ ਹੈ । ਮਾਰਕਸਵਾਦੀ ਸਾਹਿਤ ਦੇ ਸਭ ਤੋਂ ਵੱਧ ਪ੍ਰਚਲਿਤ ਸਿਧਾਂਤ ਅਗਰਗਾਮੀ ਯਥਾਰਥਵਾਦ ਜਾਂ ਸਮਾਜਵਾਦੀ ਯਥਾਰਵਾਦ ਹਨ ਜਿਨ੍ਹਾਂ ਅਨੁਸਾਰ ਸਾਹਤਿ ਦਾ ਕਰਮ ਯਥਾਰਥ ਦੀ ਤਰੱਕੀ ਤੇ ਇਸ ਤੋਂ ਉਪਰੰਤ, ਇਨਕਾਲਾਬ ਤੇ ਸਮਾਜਵਾਦ ਦੀ ਚੜ੍ਹਤ ਨੇ ਨਿਰਮਾਣ ਨੂੰ ਨਿਰੂਪਣ ਕਰਨਾ ਹੈ । ਮਾਰਕਸਵਾਦੀ ਆਲੋਚਨਾ ਦਾ ਵਧੀਆ ਪ੍ਰਤੀਨਿਧ ਹੰਗਰੀ ਦਾ ਵਿਦਵਾਨ ਜਾਰਜੀ ਲਿਊਕਾਕਸ ਸਮਝਿਆ ਜਾਂਦਾ ਹੈ । ਇਸ ਸਬੰਧ ਵਿਚ ਦੋ ਅੰਗਰੇਜ਼ ਲਿਖਾਰੀ ਕ੍ਰਿਸਟੋਫ਼ਰ ਸੇਂਟ ਜਾਨ ਸਪਰਿੰਗ ਤੇ ਰੈਲਫ਼ ਫ਼ਾਕਸ ਵਰਣਨਯੋਗ ਹਨ ਜੋ ਆਪਣੀ ਪਹਿਲੀ ਉਮਰ ਵਿਚ ਹੀ ਸਪੇਨ ਦੇ ਘਰੋਗੀ ਯੁੱਧ ਵਿਚ ਮਾਰੇ ਗਏ ਸਨ ।
ਸਾਹਿਤ-ਰਚਨਾ ਤੇ ਆਲੋਚਨਾ ਵਿਚ ਇਕ ਹੋਰ ਉਪ-ਸਿਧਾਂਤ ਪ੍ਰਯੋਗਵਾਦ ਦਾ ਵੀ ਚਲਦਾ ਹੈ । ਪੰਜਾਬੀ ਵਿਚ ਆਲੋਚਨਾ ਹਾਲੇ ਬਾਲ-ਅਵਸਥਾ ਵਿਚ ਹੀ ਹੈ । ਆਧਾਰਾਂ ਲਈ ਸੰਸਕ੍ਰਿਤ ਸਾਹਿਤ ਵੱਲ ਜਾਣਾ ਬਹੁਤ ਲਾਭਦਾਇਕ ਨਹੀਂ, ਕਿਉਂਕਿ ਸਾਰੀ ਕਲਾਤਮਕ ਚੇਤਨਾ ਉੱਤੇ ਪੱਛਮ ਦਾ ਅਸਰ ਹੈ । ਹਾਲੇ ਕੁਝ ਪਾਠ-ਪੁਸਤਕਾਂ ਅਜਿਹੀਆਂ ਹੀ ਮਿਲਦੀਆਂ ਹਨ ਜਿਨ੍ਹਾਂ ਦਾ ਆਧਾਰ ਪੱਛਮੀ ਆਲੋਚਨਾ ਸਾਹਿਤ ਹੈ, ਤਾਂ ਵੀ ਕੁਝ ਵਿਅਕਤੀਆਂ ਨੇ ਪੰਜਾਬੀ ਸਾਹਿਤ ਦੇ ਮੁਲਾਂਕਣ ਦਾ ਪ੍ਰਸੰਸਾਯੋਗ ਜਤਨ ਕੀਤਾ ਹੈ ਜਿਨ੍ਹਾਂ ਵਿਚ ਪ੍ਰਿੰ. ਤੇਜਾ ਸਿੰਘ, ਮੋਹਨ ਸਿੰਘ ਦੀਵਾਨਾ ਤੇ ਸੰਤ ਸਿੰਘ ਸੰਤ ਸਿੰਘ ਸੇਖੋਂ ਦੇ ਨਾਂ ਵਰਣਨਯੋਗ ਹਨ, ਜੋ ਉਪਰਾਵਾਦੀ ਭਾਵਕ, ਰੂੜ੍ਹੀਵਾਦੀ ਕੱਟੜ, ਮਨੋਵਿਗਿਆਨਕ, ਮਾਰਕਸਵਾਦੀ ਧਾਰਾਵਾਂ ਦੇ ਪ੍ਰਤੀਨਿਧ ਕਹੇ ਜਾ ਸਕਦੇ ਹਨ ।