ਪੰਜਾਬੀ ਕਲਾਮ/ਗ਼ਜ਼ਲਾਂ ਅਲੀ ਮੁਹੰਮਦ ਮਲੂਕ
1. ਗ਼ਮ ਨੇ ਵੀ ਜਦ ਦਾ ਕਿਨਾਰਾ ਕਰ ਲਿਆ
ਗ਼ਮ ਨੇ ਵੀ ਜਦ ਦਾ ਕਿਨਾਰਾ ਕਰ ਲਿਆ।
ਜਿਸ ਤਰ੍ਹਾਂ ਹੋਇਐ ਗ਼ੁਜ਼ਾਰਾ ਕਰ ਲਿਆ।
ਉਹਦਿਆਂ ਰ੍ਹਾਵਾਂ ਨੂੰ ਰੌਸ਼ਨ ਕਰਨ ਲਈ,
ਸਾੜਨਾਂ ਘਰ ਨੂੰ ਗਵਾਰਾ ਕਰ ਲਿਆ।
ਸ਼ਹਿਦ ਤੋਂ ਮਿੱਠਾ ਸੀ ਧਰਤੀ ਦਾ ਲਹੂ,
ਖਾਦ ਪਾ ਲੋਭਾਂ ਦੀ ਖਾਰਾ ਕਰ ਲਿਆ।
ਮੈਂ ਤਿਰੇ ਆਖ਼ਿਰ ਖ਼ਿਆਲੀਂ ਡੁੱਬ ਕੇ,
ਸੋਚ ਦਾ ਉੱਚਾ ਮੁਨਾਰਾ ਕਰ ਲਿਆ।
ਅਪਣੇ ਦਿਲ ਦਾ ਮਾਂਜ ਕੇ ਸ਼ੀਸ਼ਾ 'ਮਲੂਕ',
ਹਸ਼ਰ ਦਾ ਮੈਂ ਵੀ ਨਜ਼ਾਰਾ ਕਰ ਲਿਆ।
2. ਕੱਚੀਆਂ ਕੰਧਾਂ ਕੋਲੋਂ ਹੜ ਘਬਰਾ ਜਾਂਦੇ
ਕੱਚੀਆਂ ਕੰਧਾਂ ਕੋਲੋਂ ਹੜ ਘਬਰਾ ਜਾਂਦੇ।
ਮੀਂਹ ਦੇ ਕਤਰੇ ਪੱਕੇ ਕੋਠੇ ਢ੍ਹਾ ਜਾਂਦੇ।
ਮੈਂ ਤੇ ਟੁਟਕੇ ਧਰਤੀ ਉੱਤੇ ਡਿੱਗਾਂਗਾ,
ਟ੍ਹਾਣੀ ਉੱਤੇ ਲੱਗੇ ਫੁਲ ਘਬਰਾ ਜਾਂਦੇ।
ਇਸ ਜੀਵਨ ਦੇ ਵਿੰਗੇ ਟੇਢੇ ਰ੍ਹਾਵਾਂ ਤੇ,
ਅੱਖਾਂ ਵਾਲੇ ਬੰਦੇ ਠੇਡੇ ਖਾ ਜਾਂਦੇ।
ਰੋਜ਼ ਭੁਲਾਵਣ ਦਾ ਮੈਂ ਚਾਰਾ ਕਰਦਾ ਵਾਂ,
ਰੋਜ਼ ਕਿਸੇ ਗੱਲ 'ਤੇ ਉਹ ਚੇਤੇ ਆ ਜਾਂਦੇ।
ਜਦੋਂ ਸੰਝਾਪਾ ਹੱਦੋਂ ਗੂੜ੍ਹਾ ਹੋ ਜਾਵੇ,
ਹਿਰਸ ਦੇ ਸੂਰਜ ਸਵਾ ਕੁ ਨੇਜ਼ੇ ਆ ਜਾਂਦੇ।
ਮੰਗਿਆਂ ਵੀ ਨਈਂ ਮਿਲਦੀ ਸਾਨੂੰ ਮੌਤ 'ਮਲੂਕ',
ਹਸਦੇ ਚਿਹਰੇ ਧਰਤੀ ਹੇਠ ਸਮਾ ਜਾਂਦੇ।
3. ਜਦੋਂ ਵੀ ਰੀਝਾਂ ਦਾ ਬਾਗ਼ ਫੁੱਲਿਆ ਤਾਂ ਮੌਸਮਾਂ ਦੇ ਮਜਾਜ ਬਦਲੇ
ਜਦੋਂ ਵੀ ਰੀਝਾਂ ਦਾ ਬਾਗ਼ ਫੁੱਲਿਆ ਤਾਂ ਮੌਸਮਾਂ ਦੇ ਮਜਾਜ ਬਦਲੇ।
ਕੌਣ ਸਮਿਆਂ ਦੀ ਵਾਗ ਫੜਕੇ ਕਦੀਮ ਰਸਮੋਂ ਰਵਾਜ ਬਦਲੇ।
ਖ਼ਿਜਾਂ ਨੇ ਰੁੱਖਾਂ ਦੇ ਜੁੱਸਿਆਂ ਤੋਂ ਜਾਂ ਸਬਜ਼ ਬਾਣੇ ਦਾ ਨੂਰ ਖੋਹਿਆ,
ਤਾਂ ਪੱਤਾ ਪੱਤਾ ਸ਼ਹੀਦ ਹੋਇਐ ਸਿਰਫ਼ ਗੁਲਸ਼ਨ ਦੀ ਲਾਜ ਬਦਲੇ।
ਪਰਣ ਤੋੜੇ ਨੇ ਤਨ ਦੇ ਸਾਰੇ ਇਹ ਕਹਿਤ ਕਹਿਰੀ ਨੇ ਕਹਿਰ ਕੀਤਾ,
ਕਿ ਮਾਂ ਨੇ ਬੱਚੇ ਵੀ ਵੇਚ ਖਾਧੇ ਨੇ ਦੋ ਦਿਨਾਂ ਦੇ ਅਨਾਜ ਬਦਲੇ।
ਮੁਆਸ਼ਰੇ ਵਿਚ ਕੀ ਲੋਭ ਵਾਲੀ ਇਹ ਰੀਤ ਤੁਰ ਪਈ 'ਮਲੂਕ' ਵੇਖੀ,
ਗ਼ਰੀਬ ਘਰ ਦੀ ਜਵਾਨ ਬੇਟੀ ਅਜ਼ਾਬ ਬਣ ਗਈ ਏ ਦਾਜ ਬਦਲੇ।
4. ਓਸਦਾ ਚਿਹਰਾ ਸੀ ਸ੍ਹਾਵੇਂ ਮੈਂ ਗ਼ਜ਼ਲ ਲਿਖਦਾ ਰਿਹਾ
ਓਸਦਾ ਚਿਹਰਾ ਸੀ ਸ੍ਹਾਵੇਂ ਮੈਂ ਗ਼ਜ਼ਲ ਲਿਖਦਾ ਰਿਹਾ।
ਐਨ ਉਸਦੇ ਹੁਸਨ ਦਾ ਨੇਮ-ਉਲ-ਬਦਲ ਲਿਖਦਾ ਰਿਹਾ।
ਇਸ ਤਰ੍ਹਾਂ ਵੀ ਆ ਗਿਆ ਸੀ ਦਰਦ ਤੋਂ ਕੁਝ ਕੁ ਸਕੂਨ,
ਮੈਂ ਜਦੋਂ ਕਾਗ਼ਜ਼ 'ਤੇ ਉਹਦਾ ਨਾਮ ਕਲ੍ਹ ਲਿਖਦਾ ਰਿਹਾ।
ਡਾਇਰੀ 'ਤੇ ਦਿਨ, ਘੜੀ, ਤਾਰੀਖ਼ ਸਭ ਕੁਝ ਲੀਕਿਆ,
ਜੋ ਵੀ ਮਿਲਿਆ ਪਿਆਰ ਦਾ ਮੈਨੂੰ ਏ ਫਲ ਲਿਖਦਾ ਰਿਹਾ।
ਬੇਵਫ਼ਾ ਕਹਿ ਕੇ ਬੁਲਾਇਆ ਫੇਰ ਵੀ ਉਹਨੇ 'ਮਲੂਕ',
ਮੈੱ ਜਿਦ੍ਹੇ ਨਾਂ ਨੂੰ ਕਲੀ ਲਿਖਿਆ, ਕੰਵਲ ਲਿਖਦਾ ਰਿਹਾ।
|