ਪੰਜਾਬੀ ਕਲਾਮ/ਗ਼ਜ਼ਲਾਂ ਅਲੀ ਬਾਬਰ
1. ਮੈਂ ਨਫ਼ਰਤ ਨੂੰ ਜ਼ਮਾਨੇ ਤੋਂ ਮੁਕਾਣਾ ਏ ਤੇ ਜਾਣਾ ਏ
ਮੈਂ ਨਫ਼ਰਤ ਨੂੰ ਜ਼ਮਾਨੇ ਤੋਂ ਮੁਕਾਣਾ ਏ ਤੇ ਜਾਣਾ ਏ।
ਮੁਹੱਬਤ ਦੇ ਗੁਰਾਂ ਨੂੰ ਅਜਮਾਣਾ ਏ ਤੇ ਜਾਣਾ ਏ।
ਮਰਨ ਤੋਂ ਬਾਅਦ ਜੱਨਤ ਦੀ ਤਲਬ ਹਰਗਿਜ਼ ਨਹੀਂ ਮੈਨੂੰ,
ਮੈਂ ਇਸ ਧਰਤੀ ਨੂੰ ਹੀ ਜੱਨਤ ਬਨਾਣਾ ਏ ਤੇ ਜਾਣਾ ਏ।
ਇਹ ਜਿਹੜੇ ਜਬਰ ਸਹਿੰਦੇ ਨੇ ਅਤੇ ਚੁੱਪ ਚਾਪ ਰਹਿੰਦੇ ਨੇ,
ਉਨ੍ਹਾਂ ਦੀ ਸੋਚ ਵਿਚ ਦੀਵਾ ਜਗਾਣਾ ਏ ਤੇ ਜਾਣਾ ਏ।
ਮੈਂ ਹੁਣ ਦੁੱਖਾਂ ਤੇ ਭੁੱਖਾਂ ਦੀ ਹਯਾਤੀ ਹੋਰ ਨਹੀਂ ਜੀਣੀ,
ਖ਼ੁਸ਼ੀ ਭਰਿਆ ਨਵਾਂ ਸੂਰਜ ਉਗਾਣਾ ਏ ਤੇ ਜਾਣਾ ਏ।
ਜਦੋਂ ਦੁਨੀਆ ਦੇ ਮਜ਼ਲੂਮਾਂ 'ਚ ਬਾਬਰ ਏਕਤਾ ਆਣੀ,
ਤੇ ਫ਼ਿਰ ਜ਼ਾਲਮ ਨੇ ਅਪਣਾ ਸਿਰ ਲੁਕਾਣਾ ਏ ਤੇ ਜਾਣਾ ਏ।
2. ਜਿਨ੍ਹਾਂ ਰਾਹਵਾਂ ਤੇ ਅਸੀਂ ਟੁਰ ਪਏ ਆਂ
ਜਿਨ੍ਹਾਂ ਰਾਹਵਾਂ ਤੇ ਅਸੀਂ ਟੁਰ ਪਏ ਆਂ, ਉਹ ਰਾਹ ਉੱਕਾ ਅਣਜਾਣੇ ਜਿਹੇ।
ਹਰ ਪਾਸੇ ਹਿਜਰ ਦੀ ਭਾਅ ਲੱਗੀ, ਵਿਚ ਸੜੀਏ ਅਸੀਂ ਪਰਵਾਨੇ ਜਿਹੇ।
ਕੁੱਝ ਜਕੜੇ ਵਿਚ ਜ਼ੰਜ਼ੀਰਾਂ ਦੇ, ਕੁੱਝ ਮਕਤਲ ਵਲੇ ਵਧਦੇ ਪਏ,
ਕੁੱਝ ਜਬਰ ਦੀ ਸੂਲੀ ਚਾੜ੍ਹੇ ਗਏ, ਕੁੱਝ ਫਿਰਦੇ ਨੇ ਦੀਵਾਨੇ ਜਿਹੇ।
ਇਸ਼ਕੇ ਤੋਂ ਆਪਣੀ ਜਿੰਦ ਵਾਰਾਂ, ਜਾਂ ਵਾਰੀ ਇਹਦੇ ਦਰਦਾਂ ਤੋਂ,
ਇਹਦੀ ਮਸਤੀ ਵਿਚ ਇੰਜ ਫਿਰਨੀਆਂ, ਫਿਰਦੇ ਜਿਸਰਾਂ ਮਸਤਾਨੇ ਜਿਹੇ।
ਮੇਰੇ ਦਿਲ ਦੀ ਤੂੰ ਸ਼ਹਿਜ਼ਾਦੀ ਐਂ, ਜ਼ਰਾ ਨੇੜੇ ਆ ਇਕ ਗੱਲ ਸੁਣ ਲੈ,
ਤੇਰੇ ਹੁਸਨ ਦੀਆਂ ਨੇ ਸੌਗ਼ਾਤਾਂ, ਗ਼ਜ਼ਲਾਂ, ਨਜ਼ਮਾਂ, ਅਫ਼ਸਾਨੇ ਜਿਹੇ।
ਜਿਨ੍ਹਾਂ ਰਲ਼ ਕੇ ਖਾਧਾ ਨਾਲ਼ ਮੇਰੇ, ਫਿਰ ਮੇਰੀ ਰੂਹ ਨੂੰ ਫੱਟ ਲਾਏ,
ਉਹ ਮੇਰੇ ਗੂੜ੍ਹੇ ਮਿੱਤਰ ਸਨ, ਮਤਾਂ ਸਮਝੋ ਪਏ ਬੇਗਾਨੇ ਜਿਹੇ।
3. ਇਕ ਤੋਂ ਦੂਜੇ ਤਾਰੇ ਤੀਕਰ ਜਾਂਦੀ ਏ
ਇਕ ਤੋਂ ਦੂਜੇ ਤਾਰੇ ਤੀਕਰ ਜਾਂਦੀ ਏ।
ਨਜ਼ਰ ਫਿਰ ਅੰਬਰ ਸਾਰੇ ਤੀਕਰ ਜਾਂਦੀ ਏ।
ਜਦੋਂ ਅਕਲ ਦੇ ਬੰਦ ਦਰਵਾਜ਼ੇ ਖੁਲਦੇ ਨੇ,
ਅੱਖ ਫਿਰ ਅਜਬ ਨਜ਼ਾਰੇ ਤੀਕਰ ਜਾਂਦੀ ਏ।
ਮਜ਼੍ਹਬੀ ਡੰਡੇ ਨਾਲ਼ ਰਿਆਸਤ ਚਲੇ ਤੇ,
ਗੱਲ ਫਿਰ ਖ਼ੂਨ ਖਿਲਾਰੇ ਤੀਕਰ ਜਾਂਦੀ ਏ।
ਉਹਨੂੰ ਇਲਮ ਗੁਜ਼ਾਰੇ ਜੋਗਾ ਮਿਲਦਾ ਏ,
ਜਿਸਦੀ ਸੋਚ ਗੁਜ਼ਾਰੇ ਤੀਕਰ ਜਾਂਦੀ ਏ।
ਸਾਡੇ ਹੱਥ ਪਤਵਾਰ ਫੜਾਉ ਤੇ ਵੇਖੋ,
ਕਿਸ਼ਤੀ ਕਿਵੇਂ ਕਿਨਾਰੇ ਤੀਕਰ ਜਾਂਦੀ ਏ।
(ਕੰਙਣ ਪੁਰ, ਪੰਜਾਬ, ਪਾਕਿਸਤਾਨ)
|