ਪੰਜਾਬੀ ਕਲਾਮ/ਗ਼ਜ਼ਲਾਂ ਅਕਰਮ ਬਾਜਵਾ
1. ਜਦ ਵੀ ਯਾਦ ਸਮੁੰਦਰ ਜਾਗੇ
ਜਦ ਵੀ ਯਾਦ ਸਮੁੰਦਰ ਜਾਗੇ।
ਸਾਹ ਲਹਿਰਾਂ ਵਿਚ ਦਿਲਬਰ ਜਾਗੇ।
ਕੌਂਣ ਖ਼ਿਆਲ ਦੇ ਵਿਹੜੇ ਹੱਸਿਆ,
ਬੰਦ ਅੱਖਾਂ ਵਿਚ ਮੰਜ਼ਰ ਜਾਗੇ।
ਸ਼ੀਸ਼ੇ ਜ਼ਖ਼ਮਾਂ ਦੇ ਕੀ ਲਿਸ਼ਕੇ,
ਸਾਰੇ ਸ਼ਹਿਰ ਦੇ ਪੱਥਰ ਜਾਗੇ।
'ਕੱਲੀ ਗੋਰੀ, ਨਦੀ ਕਿਨਾਰਾ,
ਨਾਜ਼ਕ ਪੋਰਾਂ, ਕੰਕਰ ਜਾਗੇ।
ਸੁਫ਼ਨੇ ਫੁੱਲਾਂ ਕਿਰਨਾਂ ਅੰਦਰ,
ਖ਼ੁਸ਼ਬੂ ਵਰਗਾ ਪੈਕਰ ਜਾਗੇ।
ਵੇਖਣ ਨੂੰ ਸੀ ਰੇਸ਼ਮ ਵਰਗਾ,
ਪਰ ਲਹਿਜੇ ਵਿਚ ਨਸ਼ਤਰ ਜਾਗੇ।
ਅਜ ਮਿੱਤਰ ਦੇ ਹੱਥੀਂ 'ਅਕਰਮ',
ਜ਼ਹਿਰ 'ਚ ਭਿੱਜਾ ਖ਼ੰਜਰ ਜਾਗੇ।
2. ਅੱਖ ਗੁਲਫ਼ਾਮ ਹਕੀਕਤ ਵੇਖੀ ਇਕ ਅੰਦਾਜ਼ੇ ਪਿੱਛੇ
ਅੱਖ ਗੁਲਫ਼ਾਮ ਹਕੀਕਤ ਵੇਖੀ ਇਕ ਅੰਦਾਜ਼ੇ ਪਿੱਛੇ।
ਮੈਨੂੰ ਕੋਈ ਵੇਖ ਰਿਹਾ ਸੀ ਬੰਦ ਦਰਵਾਜ਼ੇ ਪਿੱਛੇ।
ਮੈਂ ਤੇ ਉਹਦੇ ਰੀਝ ਪਟੋਲੇ ਮੈਲੇ ਹੋਣ ਨਾ ਦਿੱਤੇ,
ਖ਼ਬਰੇ ਕਿਸਦਾ ਹੱਥ ਏ ਉਸਦੇ ਰੋਸੇ ਤਾਜ਼ੇ ਪਿੱਛੇ।
ਜਿਹੜੇ ਅੰਤਮ ਧਾਹਾਂ ਤੀਕਰ ਨਫ਼ਰਤ ਕਰਦੇ ਰਏ ਨੇ,
ਅੱਜ ਉਹ ਦੇਖੋ ਟੁਰਦੇ ਆਉਂਦੇ ਯਾਰ ਜਨਾਜ਼ੇ ਪਿੱਛੇ।
ਉਹਨੂੰ ਕੋਈ ਖ਼ੁਸ਼ ਫਹਿਮੀ ਏ ਖ਼ਬਰੇ ਅਪਣੇ ਬਾਰੇ,
ਅਸਲੀ ਚਿਹਰਾ ਵੇਖ ਲਿਐ ਪਰ ਮੈਂ ਤੇ ਗ਼ਾਜ਼ੇ ਪਿੱਛੇ।
ਰਾਤੀਂ ਖ਼ਾਬ 'ਚ ਤੱਕਿਆ 'ਅਕਰਮ' ਮੈਂ ਅਣਹੋਣਾ ਮੰਜ਼ਰ,
ਸਾਰੀ ਖ਼ਲਕਤ ਦੌੜ ਰਹੀ ਸੀ ਇਕ ਆਵਾਜ਼ੇ ਪਿੱਛੇ।
3. ਤਕਿਆ ਜੋ ਮੈਂਨੂੰ ਓਸਨੇ ਦੁੱਖਾਂ ਦੇ ਹਾਲ ਵਿਚ
ਤਕਿਆ ਜੋ ਮੈਂਨੂੰ ਓਸਨੇ ਦੁੱਖਾਂ ਦੇ ਹਾਲ ਵਿਚ।
ਦੂਣਾ ਸਰੂਪ ਆ ਗਿਆ ਉਸਦੇ ਜਮਾਲ ਵਿਚ।
ਮੇਰੇ ਲਬਾਂ 'ਤੇ ਵੇਖਕੇ ਤੇ ਮੋਹਰ ਚੁੱਪ ਦੀ,
ਕਿੰਨੇ ਸਵਾਲ ਜਾਗ ਪਏ ਉਹਦੇ ਸਵਾਲ ਵਿਚ।
ਸ੍ਹਾਵਾਂ ਨੂੰ ਮੈਂ ਤਾਂ ਰੋਕ ਕੇ ਗੁੰਮ ਸੁਮ ਖਲੋ ਗਿਆ,
ਸੁੱਤਾ ਜਾਂ ਉਸਨੂੰ ਵੇਖਿਆ ਖ਼ਾਬਾਂ ਦੇ ਜਾਲ ਵਿਚ।
ਦੂਰੋਂ ਲਕਾਉਂਦਾ ਰੂਪ ਸੀ ਮੈਨੂੰ ਉਹ ਵੇਖਕੇ,
ਕੀਕੂੰ ਉਹ ਸ਼ੋਖ਼ ਹੋ ਗਿਐ ਚਾਵਾਂ ਦੇ ਸਾਲ ਵਿਚ।
ਹੁੰਦੀ ਦੁਆ ਦੇ ਹਰਫ਼ ਵਿਚ ਤਾਸੀਰ ਜੇ ਕਦੀ,
ਮਿਲਦਾ ਨਾ ਤੈਨੂੰ ਆਣਕੇ ਮੌਸਮ ਵਸਾਲ ਵਿਚ।
'ਅਕਰਮ' ਕਦੀ ਤੇ ਸੋਚ ਦੇ ਘੇਰੇ 'ਚ ਆਏਗਾ,
ਲੰਘਦਾ ਏ ਜਿਹੜਾ ਕੋਲ ਦੀ ਹਰਨਾਂ ਦੀ ਚਾਲ ਵਿਚ।
|