ਪੰਜਾਬੀ ਕਲਾਮ/ਗ਼ਜ਼ਲਾਂ ਅਜਮਲ ਵਜੀਹ
1. ਪਾਣੀ ʼਤੇ ਤਸਵੀਰ ਬਣਾਵੇ
ਪਾਣੀ ʼਤੇ ਤਸਵੀਰ ਬਣਾਵੇ।
ਕੋਈ ਅਜਮਲ ਨੂੰ ਸਮਝਾਵੇ।
ਆਪੇ ਝੱਲਾ ਦੀਵੇ ਬਾਲ਼ੇ,
ਆਪੇ ਫੂਕਾਂ ਮਾਰ ਬੁਝਾਵੇ।
ਏਧਰ ਨ੍ਹੇਰਾ, ਓਧਰ ਨ੍ਹੇਰਾ,
ਜਾਵੇ ਤੇ ਕੋਈ ਕਿੱਧਰ ਜਾਵੇ।
ਉਹਦੀ ਅੱਖ ਪੁਰਸ਼ੋਰ ਸਮੁੰਦਰੀ,
ਦਿਲ ਦੀਵਾਨਾ ਡੁੱਬਦਾ ਜਾਵੇ।
ਮੇਰੇ ਵਿਹੜੇ ਸੂਰਜ ਉੱਗੇ,
ਮੇਰੇ ਘਰ ਵੀ ਚਾਨਣ ਆਵੇ।
ਯਾਦ ਕਿਸੇ ਦੀ ਬਦਲੀ ਬਣਕੇ,
ਖੁਸ਼ਬੂਆਂ ਦਾ ਮੀਂਹ ਬਰਸਾਵੇ।
ਜਿੰਨ੍ਹਾਂ ਮੈਨੂੰ ਸਾੜ ਮੁਕਾਇਐ,
'ਅਜਮਲ' ਮੁੜ ਉਹ ਮੌਸਮ ਆਵੇ।
2. ਓੜਕ ਹਾਲ ਇਹ ਹੋਇਆ ਮੇਰਾ
ਓੜਕ ਹਾਲ ਇਹ ਹੋਇਆ ਮੇਰਾ।
ਕਿਧਰੇ ਜੀ ਨਾ ਲਗਦਾ ਮੇਰਾ।
ਖ਼ੁਸ਼ੀਆਂ ਦਾ ਹਰ ਚਾਨਣ ਤੇਰਾ,
ਦੁਖ ਦਾ ਘੁੱਪ ਹਨੇਰਾ ਮੇਰਾ।
ਫੇਰ ਬੁਝਾ ਨਾ ਦੇਵੇ ਦੀਵਾ,
'ਵਾ ਦਾ ਕੋਈ ਬੁੱਲਾ ਮੇਰਾ।
ਸੁੰਝਾ ਸੁੰਝਾ ਜਾਪੇ ਮੈਨੂੰ,
ਅਜ ਤੇ ਜਿੰਦ ਬਨੇਰਾ ਮੇਰਾ।
ਜੇ ਉਹ ਮੇਰਾ ਸੱਜਣ ਹੁੰਦਾ,
ਹਾਲ ਕਦੀ ਤੇ ਪੁਛਦਾ ਮੇਰਾ।
ਤੈਨੂੰ ਕੀ ਮੈਂ ਦੱਸਾਂ 'ਅਜਮਲ',
ਸਾਂਝਾ ਦੁਖ ਏ ਤੇਰਾ ਮੇਰਾ।
3. ਕੰਮ ਗ਼ਜ਼ਬ ਦਾ ਕਰਦਾ ਏ
ਕੰਮ ਗ਼ਜ਼ਬ ਦਾ ਕਰਦਾ ਏ।
ਰੋਜ਼ ਉਹ ਜੀਉਂਦਾ ਮਰਦਾ ਏ।
ਯਾਰੋ ਹੱਸਣ ਗਾਵਣ ਨੂੰ,
ਮੇਰਾ ਜੀ ਵੀ ਕਰਦਾ ਏ।
ਇਕ ਤੇ ਫ਼ਿਕਰ ਪਰਿੰਦੇ ਦਾ,
ਦੂਜਾ ਦੁੱਖ ਸ਼ਜਰ ਦਾ ਏ।
ਉਹਦੇ ਪੈਰੀਂ ਜ਼ੰਜੀਰਾਂ,
ਜਿਹਨੂੰ ਸ਼ੌਕ ਸਫ਼ਰ ਦਾ ਏ।
ਅਜ ਵੀ ਅੱਖਾਂ ਵਿੱਚ ਅਬਾਦ,
ਮੰਜ਼ਰ ਓਸ ਨਗਰ ਦਾ ਏ।
'ਅਜਮਲ' ਮੈਨੂੰ ਮੁੱਦਤਾਂ ਬਾਅਦ,
ਚੇਤਾ ਆਇਆ ਘਰਦਾ ਏ।
4. ਅਜਮਲ ਉਹ ਵੀ ਬੇਘਰ ਏ
ਅਜਮਲ ਉਹ ਵੀ ਬੇਘਰ ਏ।
ਯਾਨੀ ਮੇਰੇ ਵਾਂਗਰ ਏ।
ਸੱਚਾਈ ਦਾ ਆਈਨਾ,
ਮੇਰਾ ਇਕ ਇਕ ਅੱਖਰ ਏ।
ਵਰਕਾ ਵਰਕਾ ਮਾਜ਼ੀ ਦਾ,
ਮੈਨੂੰ ਅਜ ਵੀ ਅਜਬਰ ਏ।
ਠਹਿਰੇ ਹੋਏ ਪਾਣੀ ਵਿਚ,
ਕੀਹਨੇ ਸੁਟਿਆ ਪੱਥਰ ਏ।
ਮੈਂ ਤੇ ਅਪਣੇ ਵਿਹੜੇ ਵਿਚ,
ਆਪੇ ਲਾਇਆ ਕਿੱਕਰ ਏ।
ਸੰਨਾਟਾ ਈ ਸੰਨਾਟਾ,
'ਅਜਮਲ' ਸ਼ਹਿਰਾਂ ਅੰਦਰ ਏ।
|