ਪੰਜਾਬੀ ਨਜ਼ਮਾਂ ਅਹਿਮਦ ਸਲੀਮ
1. ਲੋਰੀ
(ਸੁਰਿੰਦਰ ਕੌਰ, ਪ੍ਰਕਾਸ਼ ਕੌਰ ਦੀ ਨਜ਼ਰ)
ਸੁੰਝੀਆਂ ਰਾਹਾਂ ਉੱਤੇ ਤੁਰਦੇ ਤੁਰਦੇ
ਮੈਨੂੰ ਗੀਤਾਂ ਦੀ ਇੱਕ ਮਾਲਾ ਲੱਭੀ
ਮੁੜ ਸੁੰਝੀਆਂ ਰਾਹਾਂ
ਸੁੰਝੀਆਂ ਨਾ ਰਹੀਆਂ
ਮੁੜ ਅੱਖਾਂ ਦੇ ਮੋਤੀ
ਚਾਨਣ ਦੇ ਫੁੱਲ ਬਣ ਗਏ
ਮੁੜ ਇੱਕ ਨਾਰ ਦੀ ਸੂਹੀ ਚੁੰਨੀ
ਹੰਝੂਆਂ ਦੇ ਸਾਗਰ ਵਿਚ ਤਰਦੀ ਤਰਦੀ
ਜਦ ਕੰਢੇ ਤੇ ਆਈ
ਆਪਣੇ ਹੱਕ ਲਈ
ਉੱਠੀਆਂ ਬਾਹਾਂ ਸੰਗ ਲਹਿਰਾਈ ।
ਗੀਤਾਂ ਦੀ ਇਹ ਸੁੰਦਰ ਮਾਲਾ
ਮੇਰੇ ਸਾਰੇ ਦੁੱਖੜੇ ਵੰਡੇ
ਵੇਖ ਨਾ ਸਕੇ
ਮੇਰੇ ਪੈਰੀਂ ਕੰਡੇ
ਜਿਉਂ ਮਾਂ ਦੀ ਲੋਰੀ
ਆਪਣੇ ਹੱਕ ਵਿਚ ਉੱਠੀਆਂ ਬਾਹਾਂ
ਹੋਰ ਵੀ ਉੱਚੀਆਂ ਹੋ ਗਈਆਂ ਨੇ ।
2. ਕੰਧ
ਮੁੜ ਧਰਤੀ ਰੋ ਰੋ ਆਖਦੀ
ਤੁਸੀਂ ਸੱਭੇ ਮੇਰੇ ਲਾਲ
ਕਿਉਂ ਲਹੂ ਦੀਆਂ ਸਾਂਝਾ ਤੋੜ ਕੇ
ਲਾਈਆਂ ਜੇ ਗ਼ੈਰਾਂ ਨਾਲ ।
ਜਦ ਭਾਈਆਂ ਬਾਝ ਨਾ ਮਜਲਸਾਂ,
ਜਦ ਯਾਰਾਂ ਬਾਝ ਨਾ ਪਿਆਰ
ਕੀ ਸੋਚ ਕੇ ਤੋੜੇ ਸਾਕ ਜੇ
ਕਿਉਂ ਖਿੱਚੀ ਨੇ ਤਲਵਾਰ ।
ਮੂੰਹ ਮੋੜ ਖੜਾ ਮਹੀਵਾਲ ਵੇ
ਲਈ ਮਿਰਜ਼ੇ ਖਿੱਚ ਕਮਾਨ ।
ਇਕ ਪਾਸੇ ਵਰਕੇ ਗ੍ਰੰਥ ਦੇ
ਇਕ ਪਾਸੇ ਪਾਕ ਕੁਰਾਨ ।
ਅਜੇ ਸੋਹਣੀ ਤਰਸੇ ਪਿਆਰ ਨੂੰ
ਅਜੇ ਹੀਰਾਂ ਲੁਕ ਲੁਕ ਰੋਣ
ਕਿਉਂ ਐਨੀਆਂ ਭੀੜਾਂ ਪੈਣ ਵੇ
ਜੇ ਦੁੱਖ ਸੁੱਖ ਸਾਂਝੇ ਹੋਣ ।
3. ਲੈਨਿਨ
ਰਾਹਾਂ ਦੇ ਸੌਦਾਗਰ ਲੱਦ ਚੱਲੇ
ਮੋਢਿਆਂ ਉੱਤੇ ਮੰਜ਼ਿਲਾਂ ਦੇ ਇਸ਼ਕ ਦਾ ਭਾਰ
ਪੈਰਾਂ ਦੀ ਗਰਦਿਸ਼ ਕਰਦੀ ਇਕਰਾਰ
ਕੰਬਦਾ ਮਹਿਲਾਂ ਮਾੜੀਆਂ ਦਾ ਝੂਠ
ਮੰਦੇ ਪੈਂਦੇ ਸਭੇ ਕੂੜ ਵਪਾਰ ।
ਰਾਹਾਂ ਦੇ ਸੌਦਾਗਰ ਲੱਦ ਚੱਲੇ
ਪੈਰਾਂ ਵਿਚ ਸੰਗਲਾਂ ਦਾ ਗੀਤ
ਅੱਖਾਂ ਵਿਚ ਕਰੋੜਾਂ ਅੱਖਾਂ ਦੀ ਪ੍ਰੀਤ
ਹੋਠਾਂ ਉੱਤੇ
ਅਣਗਿਣਤ ਹੋਠਾਂ ਦਾ ਜਖ਼ਮੀਂ ਰਾਗ
ਸੂਹੇ ਦਿਨਾਂ ਦਾ ਵਿਰਾਗ
ਇੱਕ ਕੂਕ, ਇੱਕ ਪੁਕਾਰ
ਤੇ ਪੜਾਅ
ਸੂਲੀਆਂ, ਗੋਲੀਆਂ, ਉੱਖੜੇ ਸਾਹ
ਤੇ ਪੜਾਅ
ਔਖੀਆਂ ਰਾਹਾਂ ਦੀ ਦਰਗਾਹ ।
ਇਥੇ ਕੁਰਬਾਨ ਕਰੋ
ਇਕਰਾਰਾਂ ਦੀ ਜੀਉਂਦੀ ਜਾਗਦੀ ਕਿਤਾਬ
ਇਥੇ ਕੁਰਬਾਨ ਕਰੋ
ਉਮਰਾਂ ਦੀ ਕਮਾਈ ਦਾ ਹਿਸਾਬ
ਤੇ ਵੰਡੋ
ਨਜ਼ਮ ਦੀ ਹਵਾ ਨਾਲ ਵਹਿੰਦੀ
ਸੁਗੰਧ ਬਾਗ਼ੀ ਜਵਾਨੀਆਂ ਦੀ
ਤੇ ਜੰਗ ਕੋਲੋਂ ਖੋਹ ਕੇ ਮੋੜ ਦਿਓ
ਮਾਵਾਂ ਦੀਆਂ ਛਾਤੀਆਂ ਨੂੰ
ਭਰਾਵਾਂ ਦੀਆਂ ਬਾਹਵਾਂ ਨੂੰ
ਉਹਨਾਂ ਦੀਆਂ ਦੋਸਤੀਆਂ
ਉਹਨਾਂ ਦਾ ਪਿਆਰ
ਮੰਜ਼ਿਲਾਂ ਦੇ ਇਸ਼ਕ ਦਾ ਭਾਰ
ਇੱਕ ਸਾਜ਼
ਤੇ ਆਵਾਜ਼
ਜਿਵੇਂ ਉਹਦੇ ਦੁਖਦੇ ਹੋਂਠ
ਦਰਦ ਦੀਆਂ ਮਿਸ਼ਾਲਾਂ ਦਾ ਗੀਤ ਛੂੰਹਦੇ
ਤੇ ਉਹਦੀਆਂ ਜਾਗਦੀਆਂ ਅੱਖਾਂ ਵਿਚ
ਧਰਤੀ ਮਾਂ ਦੇ ਮਿਹਰ ਦੀ ਅੱਗ ਭੜਕਦੀ
ਤੇ ਇਸ ਅੱਗ ਦਾ ਗੀਤ
ਅੱਜ ਸਾਰੇ ਜੱਗ ਦਾ ਗੀਤ
ਰਾਹੀਆ ਵੇ! ਜੀਉਂਦਾ ਰਹਿਸੀ ਤੇਰਾ
ਪਿਆਰ
ਤੂੰ ਪੂਰੇ ਕੀਤੇ ਸੱਭੇ ਕੌਲ-ਕਰਾਰ
ਮਾਹੀਆ ਵੇ ।
4. ਇੱਕ ਅਧੂਰਾ ਗੀਤ
ਸਾਡੇ ਕੋਲੋਂ ਖੋਹ ਕੇ,
ਸਾਰੇ ਹੱਕ ਇਬਾਦਤ ਵਾਲੇ
ਚੰਨ ਜੀ, ਬੁੱਤ ਤੁਹਾਡਾ
ਕਾਹਨੂੰ ਓਹਲੇ ਹੋਇਆ ।
ਸ਼ੀਸ਼ੇ ਵਿਚ ਤਰੇੜ ਪਵੇ ਤਾਂ
ਸ਼ੀਸ਼ਾ ਵੇਖਣ ਵਾਲਾ
ਆਪਣਾ ਚਿਹਰਾ ਟੁੱਟਿਆ ਹੋਇਆ ਵੇਖੇ
ਹੱਥ ਤੁਹਾਡੇ
ਮੇਰੇ ਟੁੱਟੇ ਚਿਹਰੇ ਦੀ ਤਕਦੀਰ ਏ ਚੰਨ ਜੀ
ਹੱਥ ਅਸਾਡੇ, ਕੰਡੇ, ਸੂਲਾਂ, ਛਾਲੇ ।
ਥੱਕੇ ਹੋਵਣ ਪੈਰ ਤਾਂ ਡੋਲ ਵੀ ਜਾਂਦੇ
ਬੇਖ਼ਬਰੀ ਵਿਚ
ਆਪੇ, ਆਪਣੀਆਂ ਸੱਧਰਾਂ ਰੋਲ ਵੀ ਜਾਂਦੇ
ਅੱਜ ਉਹਨਾਂ ਨੂੰ
ਫਿਰ ਤੁਹਾਡੀ ਮਿਹਰ ਦੀ ਲੋੜ ਏ
ਫਿਰ ਹਨ੍ਹੇਰੇ ਦੀ ਛਾਤੀ
ਚਾਨਣ ਦੀ ਗੋਰੀ ਮਹਿਕ ਨੂੰ ਤਰਸੇ
ਹੁਣ ਇਹੋ ਦਿਲ ਮੰਗੇ
ਸ਼ਾਲਾ ਸੁਖੀ ਵੱਸਣ ਗੋਰੇ ਚਾਨਣ ਵਾਲੇ,
ਦੁੱਖਾਂ ਦੇ ਪੱਥਰਾਂ ਨਾਲ ਮੱਥਾ ਭੰਨਦੀ
ਅਜੇ ਤਾਂ ਖ਼ਲਕਤ
ਭੁੱਖ ਦੀ ਕਾਲਖ ਦੇ ਸਾਗਰ ਵਿਚ ਡੁੱਬਦੀ
ਅਜੇ ਤਾਂ ਖ਼ਲਕਤ
ਨੰਗੇ ਪਿੰਜਰ, ਠਰਦੇ ਪਿੰਡੇ
ਅਜੇ ਤਾਂ ਰੋਟੀ ਕੱਪੜੇ ਦੇ ਚਾਨਣ ਨੂੰ
ਸਹਿਕਣ
ਹੱਥ ਤੁਹਾਡੇ ਇਹਨਾਂ ਦੀ ਤਕਦੀਰ
ਚੰਨ ਜੀ
ਹੱਥ ਅਸਾਡੇ ਕੀ ਏ?
ਆਪਣੇ ਘਰ ਹਨ੍ਹੇਰਾ ਹੋਵੇ ਕੋਈ ਕਿਉਂ
ਰਾਹਵਾਂ ਦੇ ਵਿਚ ਦੀਵੇ ਬਾਲੇ ।
|