Adil Siddiqui
ਆਦਿਲ ਸਦੀਕੀ

Punjabi Writer
  

Punjabi Poetry Adil Siddiqui

ਪੰਜਾਬੀ ਕਲਾਮ/ਗ਼ਜ਼ਲਾਂ ਆਦਿਲ ਸਦੀਕੀ

1. ਧੁੱਪਾਂ ਕੋਲੋਂ ਠੰਢੀਆਂ ਛਾਵਾਂ ਮੰਗਦੇ ਰਏ

ਧੁੱਪਾਂ ਕੋਲੋਂ ਠੰਢੀਆਂ ਛਾਵਾਂ ਮੰਗਦੇ ਰਏ।
ਇੰਜ ਵੀ ਸਾਡੇ ਜੀਵਨ ਦੇ ਦਿਨ ਲੰਘਦੇ ਰਏ।

ਅੱਖੀਆਂ ਦੇ ਵਿਚ ਗ਼ਮ ਦੀ ਧੁੱਦਲ ਉਡਦੀ ਰਈ,
ਦਿਲ ਦੀ ਜੂਹ 'ਚੋਂ ਯਾਦ ਦੇ ਲਸ਼ਕਰ ਲੰਘਦੇ ਰਏ।

ਮੈਂ ਧੰਨਵਾਦੀ ਵੇਲੇ ਦੇ ਜੱਲਾਦਾਂ ਦਾ,
ਜਿਹੜੇ ਮੇਰੀਆਂ ਸੋਚਾਂ ਸੂਲ਼ੀ ਟੰਗਦੇ ਰਏ।

ਆਵਣ ਵਾਲੀ ਆਫ਼ਤ ਫਿਰ ਵੀ ਆ ਗਈ ਏ,
ਲੋਕੀਂ ਭਾਵੇਂ ਰੋਜ਼ ਦੁਆਵਾਂ ਮੰਗਦੇ ਰਏ।

ਸੋਚ ਰਿਹਾਂ ਕਿਉਂ ਫੁੱਲ ਤੇ ਤਿਤਲੀ ਏਸ ਸਮੇਂ,
ਇਕ ਦੂਜੇ ਤੋਂ ਪਲ ਪਲ ਝਕਦੇ ਸੰਗਦੇ ਰਏ।

ਮੈਂ ਖ਼ਸਿਆਨਾ ਹਾਸਾ ਹੱਸੀ ਜਾਂਦਾ ਸਾਂ,
ਬਾਲ ਵਿਚਾਰੇ ਰੋ ਰੋ ਪੈਸੇ ਮੰਗਦੇ ਰਏ।

ਕੋਈ ਕੋਈ ਦੁਖ ਦੀਆਂ ਕੰਧਾਂ ਢਾਹ ਸਕਿਐ,
ਬਹੁਤੇ ਲੋਕੀ ਐਵੇਂ ਮੱਥੇ ਰੰਗਦੇ ਰਏ।

'ਆਦਿਲ' ਭੁੱਖ ਨਾ ਮੁੱਕੀ ਸ਼ਰਮਾਂ ਵਾਲਿਆਂ ਦੀ,
ਚਾਤਰ ਠੱਗੀਆਂ ਲਾ ਲਾ ਕੇ ਹਥ ਰੰਗਦੇ ਰਏ।

2. ਮੇਰੇ ਘਰ ਵੀ ਸੋਨ-ਸਵੇਰਾ ਹੋ ਜਾਵੇ

ਮੇਰੇ ਘਰ ਵੀ ਸੋਨ-ਸਵੇਰਾ ਹੋ ਜਾਵੇ।
ਰੱਬਾ ! ਹੁਣ ਤੇ ਦੂਰ ਹਨੇਰਾ ਹੋ ਜਾਵੇ।

ਮੈਨੂੰ ਕੀ ਫਿਰ ਲੋੜ ਏ ਹੋਰ ਸਹਾਰੇ ਦੀ,
ਜੇਕਰ ਮੇਰਾ ਦਿਲ ਈ ਮੇਰਾ ਹੋ ਜਾਵੇ।

ਫਿਰ ਤੂੰ ਜਾਣੇਂ ਦੁਨੀਆਂ ਕਿੱਥੇ ਵਸਦੀ ਏ,
ਮੇਰੇ ਵਰਗਾ ਹਾਲ ਜੇ ਤੇਰਾ ਹੋ ਜਾਵੇ।

ਉਹਨੂੰ ਦੁਨੀਆਂ ਉਜੜੀ ਪੁਜੜੀ ਲਗਦੀ ਏ,
ਸੁੰਝਾ ਜਿਸਦੀ ਆਸ ਦਾ ਡੇਰਾ ਹੋ ਜਾਵੇ।

ਉਹਨੂੰ ਸਾਰੇ ਲੋਕੀ ਬੌਣੇ ਦਿਸਦੇ ਨੇ,
ਜਦ ਵੀ ਕੋਈ ਸ਼ਖ਼ਸ ਵਡੇਰਾ ਹੋ ਜਾਵੇ।

ਮੈਂ ਇਹ ਸੋਚ ਕੇ ਦਸਦਾ ਨਈਂ ਦੁਖ ਯਾਰਾਂ ਨੂੰ,
ਕਿਧਰੇ ਰੋਗ ਨਾ ਹੋਰ ਵਧੇਰਾ ਹੋ ਜਾਵੇ।

'ਆਦਿਲ' ਜੇਕਰ ਰਾਹ ਵਿਚ ਸੰਗੀ ਹੋਵੇ ਨਾ,
ਛੋਟਾ ਪੰਧ ਵੀ ਬਹੁਤ ਲੰਮੇਰਾ ਹੋ ਜਾਵੇ।