ਪੰਜਾਬੀ ਗ਼ਜ਼ਲਾਂ ਅਬਾਦ ਨਬੀਲ ਸ਼ਾਦ
1. ਸੂਰਜ ਨਾਲ ਮੈਂ ਜਦ ਵੀ ਅੱਖ ਮਿਲਾਈ ਏ
ਸੂਰਜ ਨਾਲ ਮੈਂ ਜਦ ਵੀ ਅੱਖ ਮਿਲਾਈ ਏ।
ਤੇਰੇ ਮੁਖ ਦੀ ਲਾਲੀ ਨਜ਼ਰੀਂ ਆਈ ਏ।
ਕਿੰਨੇ ਈਂ ਸੱਪ ਮੁੱਢ ਦੁਆਲੇ ਬੈਠੇ ਨੇ,
ਚੰਗੀ ਰਾਤ ਦੀ ਰਾਣੀ ਵਿਹੜੇ ਲਾਈ ਏ।
ਹੱਥੀਂ ਜੁੱਸਾ ਵਿੰਨ੍ਹਿਆਂ ਅੰਦਰੋਂ ਬਾਹਰੋਂ ਮੈਂ,
ਹੱਥੀਂ ਦਿਲ ਦੇ ਬੂਹੇ ਥੋਹਰ ਉਗਾਈ ਏ।
ਮੈਂ ਪਿੰਡੇ 'ਤੇ ਦਰਦ ਹੰਢਾਏ ਵੇਲੇ ਦੇ,
ਮੈਂ ਪਿੰਡੇ 'ਤੇ ਅੰਬਰ ਵੇਲ ਚੜ੍ਹਾਈ ਏ।
ਏਸ ਤੋਂ ਵਧ ਕੇ 'ਸ਼ਾਦ' ਮੈਂ ਕੱਲਾ ਕੀ ਹੁੰਦਾ,
ਆਪਣੀ ਲਾਸ਼ ਵੀ ਮੈਂ ਆਪੇ ਦਫ਼ਨਾਈ ਏ।
2. ਕਾਲੀ ਰਾਤ ਤੋਂ ਡਰਦਾ ਰਹਿਨਾਂ
ਕਾਲੀ ਰਾਤ ਤੋਂ ਡਰਦਾ ਰਹਿਨਾਂ ।
ਮੈਂ ਹਾਲਾਤ ਤੋਂ ਡਰਦਾ ਰਹਿਨਾਂ ।
ਹੋਰ ਨਾ ਮੈਨੂੰ ਖ਼ੌਫ਼ ਕਿਸੇ ਦਾ,
ਅਪਣੀ ਜ਼ਾਤ ਤੋਂ ਡਰਦਾ ਰਹਿਨਾਂ ।
ਮੈਂ ਤੇ ਬਾਜ਼ੀ ਜਿੱਤ ਗਿਆ ਵਾਂ,
ਤੇਰੀ ਮਾਤ ਤੋਂ ਡਰਦਾ ਰਹਿਨਾਂ ।
ਤੂੰ ਸੱਜਣ ਏਂ ਡਾਹਢਾ ਗੂੜ੍ਹਾ,
ਏਸੇ ਬਾਤ ਤੋਂ ਡਰਦਾ ਰਹਿਨਾਂ ।
ਜੀ ਮੈਂ ! ਕੱਚੇ ਘਰ ਦਾ ਵਾਸੀ,
ਮੈਂ ਬਰਸਾਤ ਤੋਂ ਡਰਦਾ ਰਹਿਨਾਂ ।
ਮੇਰਾ ਅਣਖੀ ਪਨ ਨਹੀਂ ਮੋਇਆ,
ਤਾਂ ਜਜ਼ਬਾਤ ਤੋਂ ਡਰਦਾ ਰਹਿਨਾਂ ।
3. ਲੱਖਾਂ ਸੂਲੀ ਚੜ੍ਹਨੈਂ ਲੱਖਾਂ ਮਰਨੇ ਨੇ
ਲੱਖਾਂ ਸੂਲੀ ਚੜ੍ਹਨੈਂ ਲੱਖਾਂ ਮਰਨੇ ਨੇ ।
ਤਾਂ ਕਿਧਰੇ ਬੰਦੂਕਾਂ ਵਾਲੇ ਹਰਨੇ ਨੇ ।
ਕਾਲੀਆਂ ਰਾਤਾਂ ਦਾ ਪਰਛਾਵਾਂ ਢਲਣਾਂ ਏਂ,
ਇਕ ਦਿਨ ਸੂਰਜ ਬੂਹੇ ਪੈਰ ਆ ਧਰਨੇ ਨੇ ।
ਕਿਸੇ ਨਬੀ ਹੁਣ ਕਿਸੇ ਪਿਅੰਬਰ ਨਈਂ ਆਉਣਾ,
ਅਪਣੇ ਮਸ੍ਹਲੇ ਆਪ ਅਸੀਂ ਹੱਲ ਕਰਨੇ ਨੇ ।
ਦੁੱਖਾਂ ਦੀ ਹੁਣ ਸਾਂਝ ਜ਼ਰੂਰੀ ਹੋ ਗਈ ਏ,
ਮੇਰੇ ਤੂੰ ਤੇ ਮੈਂ ਤੇਰੇ ਫਟ ਭਰਨੇ ਨੇ ।
'ਸ਼ਾਦ' ਮੈਂ ਅਪਣੀ ਰੱਤ ਨੂੰ ਸਾਂਭ ਕੇ ਰਖਿਆ ਏ,
ਉਹਦੀ ਮਾਂਗ 'ਚ ਸੁਰਖ਼ ਸਿਤਾਰੇ ਭਰਨੇ ਨੇ ।
4. ਠ੍ਹਾ ਠ੍ਹਾ ਕਰਦੀਆਂ ਵਾਜਾਂ ਚਾਰ ਚੁਫ਼ੇਰੇ ਨੇ
ਠ੍ਹਾ ਠ੍ਹਾ ਕਰਦੀਆਂ ਵਾਜਾਂ ਚਾਰ ਚੁਫ਼ੇਰੇ ਨੇ ।
ਲਹੂ 'ਚ ਭਿਜੀਆਂ ਲਾਸ਼ਾਂ ਚਾਰ ਚੁਫ਼ੇਰੇ ਨੇ ।
ਰਾਹਕਾਂ ਘਰ ਤੇ ਫੱਕਾ ਦਾਣੇ ਪੁਜਦੇ ਨਈਂ,
ਹਰੀਆਂ ਭਰੀਆਂ ਫ਼ਸਲਾਂ ਚਾਰ ਚੁਫ਼ੇਰੇ ਨੇ ।
ਤੇਰੇ ਘਰ ਦੀ ਕੋਈ ਨਿਸ਼ਾਨੀ ਚੇਤੇ ਨਈਂ,
ਓਹੋ ਬੂਹੇ ਗਲੀਆਂ ਚਾਰ ਚੁਫ਼ੇਰੇ ਨੇ ।
ਮੇਰੀ ਹਿੰਮਤ ਏ ਮੈਂ ਵਧਿਆ ਜਾਨਾਂ ਵਾਂ,
ਕਿੰਨੀਆਂ ਉੱਚੀਆਂ ਕੰਧਾਂ ਚਾਰ ਚੁਫ਼ੇਰੇ ਨੇ ।
ਫੇਰ ਵੀ ਖ਼ਬਰੇ ਔਖਾ ਸਾਹ ਕਿਉਂ ਆਉਂਦਾ ਏ,
ਖੁੱਲ੍ਹੀਆਂ 'ਸ਼ਾਦ' ਫ਼ਜ਼ਾਵਾਂ ਚਾਰ ਚੁਫ਼ੇਰੇ ਨੇ ।
5. ਜ਼ਿੰਦਗੀ ਪਿਆਰ ਦਾ ਦੂਜਾ ਨਾਂ ਏਂ
ਜ਼ਿੰਦਗੀ ਪਿਆਰ ਦਾ ਦੂਜਾ ਨਾਂ ਏਂ।
ਇਕ ਮੁਟਿਆਰ ਦਾ ਦੂਜਾ ਨਾਂ ਏਂ।
ਚੰਨ ਦਾ ਨਾਂ ਬਦਲਾਓ ਇਹ ਤੇ
ਮੇਰੇ ਯਾਰ ਦਾ ਦੂਜਾ ਨਾਂ ਏਂ।
ਰੱਬਾ ਮੈਂਥੋ ਜਾਨ ਨਾਂ ਮੰਗੀਂ
ਇਹ ਸਰਕਾਰ ਦਾ ਦੂਜਾ ਨਾਂ ਏ।
ਕੁਝ ਤੇ ਬੋਲ ਕਿ ਮੈਂ ਇਹ ਸਮਝਾਂ
ਚੁਪ ਇਕਰਾਰ ਦਾ ਦੂਜਾ ਨਾਂ ਏਂ।
ਵੇਖ ਕੇ ਨਿੰਮਾਂ ਨਿੰਮਾਂ ਹੱਸਣਾਂ
ਇਹ ਇਜ਼ਹਾਰ ਦਾ ਦੂਜਾ ਨਾਂ ਏਂ।
|