ਪੰਜਾਬੀ ਕਾਫ਼ੀਆਂ ਆਕਲ ਸ਼ਾਹ
1
ਰਹੀਆਂ ਸੁ ਹੋੜ ਹੋੜ ਹੋੜ,
ਹਮੇਸ਼ਾ ਹੋੜ ਹੋੜ ਹੋੜ ।੧।ਰਹਾਉ।
ਆਖਿ ਰਹੀ ਮਨ ਚੰਚਲ ਤਾਈਂ,
ਤੂੰ ਮੂਰਖ ਦਾ ਸੰਗ ਛੋੜ ਛੋੜ ਛੋੜ ।੧।
ਮੂਰਖ ਥੀ ਮਖਸੂਦ ਨ ਥੀਸੀ,
ਤੈਂ ਸੇਤੀ ਮੁਹੁ ਮੋੜ ਮੋੜ ਮੋੜ ।੨।
ਨੇਹੁ ਜੋ ਕਰੀਏ ਆਕਲ ਸੇਤੀ,
ਜੋ ਪ੍ਰੀਤ ਨਿਬਾਹੇ ਤੋੜ ਤੋੜ ਤੋੜ ।੩।
(ਰਾਗ ਵਡਹੰਸ)
2
ਮੇਰੇ ਰਾਂਝਨ ਤਖ਼ਤ ਹਜ਼ਾਰੇ ਦੇ ਸਾਈਆਂ,
ਚਾਟ ਕੇਹੀ ਸਾਨੂੰ ਲਾਈਆ ਵੋ ।੧।ਰਹਾਉ।
ਪਿਨਹਾਂ ਆਤਸ਼ ਚਕ ਮਕ ਵਾਲੀ,
ਜ਼ਾਹਿਰ ਕਰਿ ਦਿਖਲਾਈਆ ਵੋ ।੧।
ਗੁਝੜੀ ਆਹੀ ਅਲਸਤ ਅਵਲ ਦੀ,
ਫੇਰਿ ਬਲੇ ਕਰਿ ਵਾਈਆ ਵੋ ।੨।
ਆਕਲ ਪਾਕ ਮੁਹਬਤਿ ਬੂਟੀ,
ਪਾਲੁ ਜਿਵੈ ਤਉ ਲਾਈਆ ਵੋ ।੩।
(ਰਾਗ ਬਸੰਤੁ)
(ਪਿਨਹਾਂ=ਛੁਪੀ ਹੋਈ, ਆਤਸ਼=ਅੱਗ,
ਚਕ ਮਕ=ਉਹ ਪੱਥਰ ਜਿਸ ਤੋਂ ਅੱਗ
ਬਾਲੀ ਜਾਂਦੀ ਹੈ)
|