ਆਖ਼ਰੀ ਸ਼ਾਮ ਹਰਿੰਦਰ ਸਿੰਘ ਮਹਿਬੂਬ
(ਇਹ ਕਵਿਤਾ ਜਿੱਥੇ ਦਸਮ ਪਾਤਸ਼ਾਹ ਦੇ ਆਨੰਦਪੁਰ ਛੱਡਣ ਤੋਂ ਲੈ ਕੇ
ਖਦਰਾਣੇ ਦੀ ਢਾਬ ਉੱਤੇ ਲੜੇ ਗਏ ਮਹਾਨ ਯੁੱਧ ਤੱਕ ਦੀ ਦਾਸਤਾਨ
ਨੂੰ ਪੇਸ਼ ਕਰਦੀ ਹੈ, ਉਥੇ ਖ਼ਾਲਸਾ ਜੀ ਦੇ ਮਨ ਵਿੱਚ ਵਸਦੇ ਹੋਏ ਉਸ
ਵੈਰਾਗ ਅਤੇ ਸਿਦਕ ਦਾ ਸਮਾਚਾਰ ਵੀ ਦਿੰਦੀ ਹੈ, ਜਿਹੜਾ ਕਿ ਇਸ
ਉਦਾਸ ਸਫ਼ਰ ਨੇ ਪੈਦਾ ਕੀਤਾ । ਇਹ ਸਿਦਕ ਅਤੇ ਵੈਰਾਗ ਹਰ ਸਦੀ
ਦਾ ਸੱਚ ਹਨ)
ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ,
ਬੀਬਾ ਇਹੋ ਹਸ਼ਰ ਨੂੰ ਰਾਹ ਜਾਂਦਾ ।
ਇਸ ਰਾਹ 'ਤੇ ਛੋੜ ਸੁਹਾਣੀ ਬਾਂਹ
ਛੱਡ ਹਰੇ-ਕਚੂਰ ਅੰਬਾਂ ਦੀ ਛਾਂ
ਛੱਡ ਨੈਣ-ਸੁਹਾਂਦੇ ਬਹੁਤ ਪਿੱਛਾਂਹ,
ਹੱਸ ਜੱਗ ਦੇ ਕੂੜ ਵਪਾਰੀ 'ਤੇ
ਮੇਰਾ ਵਗਿਆ ਸ਼ਹੁ ਦਰਿਆ-
ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ ।
ਕੁਝ ਦੂਰ ਦੇ ਰਣਾਂ ਨੂੰ ਕਹਿ ਤੁਰਿਆ
ਵਿੱਚ ਹਰੀਆਂ ਜੂਹਾਂ ਰਹਿ ਤੁਰਿਆ
ਅੱਜ ਖ਼ਾਕ ਦਾ ਓਢਨ ਲੈ ਤੁਰਿਆ,
ਛੱਡ ਬਾਜ਼ ਕਹਿਰ ਦੇ ਬੇਲੀ ਨੂੰ
ਉਹ ਬਾਤ ਸੰਜੋਗੀ ਪਾ ਜਾਂਦਾ-
ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ ।
ਉਨ੍ਹਾਂ ਦੂਰ ਦੁਰਾਡੇ ਸ਼ਹਿਰਾਂ ਵਿਚ
ਕੋਈ ਭੇਹਰ ਵੱਜੀ ਏ ਕਹਿਰਾਂ ਵਿਚ
ਰਣ ਖੜਾ ਲਹੂ ਦਾ ਪੈਰਾਂ ਵਿਚ,
ਉਹ ਖ਼ਾਕ ਮਿਰੀ ਨੂੰ ਗਲ ਲਾਵੇ
ਮੈਨੂੰ ਅੱਪਣੇ ਜਿਹਾ ਬਣਾ ਜਾਂਦਾ-
ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ ।
ਕੋ ਵੱਡ ਸੁੰਨ ਦੇ ਦਰਬਾਰੇ ਵੋ
ਉਹ ਦਰ ਸਰਹਿੰਦ ਦੇ ਚਾਰੇ ਵੋ
ਜਿੱਥੇ ਡਿਗਦੇ ਖੰਭ ਕਰਾਰੇ ਵੋ
ਉਨ੍ਹਾਂ ਉੱਚਿਆਂ ਦਰਾਂ 'ਤੇ ਨਜ਼ਰਾਂ ਪਾ
ਉਹ ਰਿੰਮ ਝਿੰਮ ਕੋਈ ਲਗਾ ਜਾਂਦਾ-
ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ ।
ਜਦ ਦੀਨ ਦੁਨੀ ਬੇ-ਕਦਰ ਹੋਈ
ਕਿਸੇ ਪੀਰ-ਫ਼ਕੀਰ ਦੀ ਨਦਰ ਹੋਈ
ਵਿੱਚ ਮਾਛੀਵਾੜੇ ਫ਼ਜਰ ਹੋਈ,
ਰਣ ਡੁੱਲ੍ਹਿਆ ਲਹੂ ਮੁਰੀਦਾਂ ਦਾ
ਦਰ ਦੀਨ ਆਖਰੀ ਆ ਜਾਂਦਾ-
ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ ।
ਫੜ ਵਾਗ ਦੁਪਹਿਰਾਂ ਦੀ ਸੁੱਤਾ ਹੈ,
ਹਰ ਦੀਨ ਆਖ਼ਰੀ ਰੁੱਤਾ ਹੈ ।
ਲੱਖ ਭੇਹਰਾਂ…ਨੀਂਦ ਵਿਗੁੱਤਾ ਹੈ ।
ਕਰ ਨਾਲ ਮੁਰੀਦਾਂ ਸੁਖ਼ਨ ਕੋਈ
ਕਿਸੇ ਕੌਲ ਕਰਨ ਦੇ ਰਾਹ ਜਾਂਦਾ
ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ ।
ਵੱਡ ਹੁਕਮ ਖ਼ੁਦਾ ਦੇ ਭਾਰੇ ਲੈ
ਚੜ੍ਹ ਪੈਂਦੇ ਵਲੀ ਨਗਾਰੇ ਲੈ
ਵਿੱਚ ਧੂੜ ਦੇ ਲਸ਼ਕਰ ਭਾਰੇ ਲੈ,
ਮੇਰੀ ਜਾਨ ਕੁਸੇ, ਤੇ ਹੌਲ ਪਵੇ,
ਉਹ ਤੁਰਿਆ ਬੇ-ਪਰਵਾਹ ਜਾਂਦਾ-
ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ ।
ਰਣ ਸੁੱਤਿਆਂ, ਕਰਮ ਹਜ਼ਾਰ ਹੋਏ
ਜੋ ਬਾਜ਼ ਦੁਪਹਿਰ ਉਡਾਰ ਹੋਏ
ਹੜ੍ਹ ਤੁੰਦ ਹਵਾ ਵਿਚਕਾਰ ਹੋਏ,
ਜਦ ਮੇਲੇ ਹੋਣ ਸੰਜੋਗਾਂ ਦੇ
ਕੋਈ ਰਾਹ ਪਰਦੇਸੀ ਆ ਜਾਂਦਾ-
ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ ।
ਗੱਲ ਭੋਲੀਆਂ ਨਿੱਕੀਆਂ ਜਾਨਾਂ ਦੀ
ਗੱਲ ਸਰਸਾ ਦੇ ਘਮਸਾਨਾਂ ਦੀ
ਕੋਈ ਬਾਤ ਫ਼ਰੇਬ, ਇਮਾਨਾਂ ਦੀ,
ਛੱਡ ਸ਼ਰਾ-ਵਫ਼ਾ ਦੇ ਰਾਹਾਂ ਨੂੰ
ਰਸ-ਭਿੰਨੜਾ ਕੁੱਝ ਲਿਸ਼ਕਾ ਜਾਂਦਾ-
ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ ।
ਰੱਤ-ਭਿੱਜੀ ਚੜ੍ਹਦੀ ਰੈਣ ਕਦੇ,
ਤਦ ਰੋਸ ਨਾਲ ਭਰ ਨੈਣ ਕਦੇ
ਫਿਰ ਨੀਲੇ ਬਸਤਰ ਪਹਿਣ ਕਦੇ
ਰੁਖ਼ ਦੇਸ ਪਰਾਏ ਦਾ ਕਰਦਾ
ਕਿਸੇ ਮੋਹ ਵਿੱਚ ਤੀਰ ਚਲਾ ਜਾਂਦਾ-
ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ ।
ਹਾਂ ! ਨੀਲੇ ਬਸਤਰ ਪਹਿਣ ਕਦੇ
ਜਾਵੇ ਰੁੱਸਿਆਂ ਮੁਰੀਦਾਂ ਨੂੰ ਲੈਣ ਕਦੇ
ਡਾਢਾ ਸੁਖਨ ਫ਼ਕੀਰਾਂ ਦਾ ਕਹਿਣ ਕਦੇ,
ਸੋਹਣੇ ਨੈਣ ਸ਼ਹੀਦਾਂ ਦੇ ਤੱਕਨੇ ਨੂੰ
ਵਣ ਮਾਛੀਵਾੜੇ ਦੇ ਆ ਜਾਂਦਾ-
ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ ।
ਰਸ-ਭਿੰਨੜੀ ਨਜ਼ਰ ਨਾ' ਵਾਹ ਸਾਡਾ
ਖੰਭ ਬਾਜ਼ ਦੇ ਫੜਕਣ…ਸ਼ਾਹ ਸਾਡਾ ।
ਬੀਬਾ ਤੇਗ ਜਿਉਂ ਭੱਖਿਆ ਰਾਹ ਸਾਡਾ;
ਰੁੱਸ ਬਹੀਏ, ਤਾਂ ਛੰਭ ਖਦਰਾਣੇ ਤੇ
ਸਾਨੂੰ ਉਹੀਓ ਈ ਦਰਸ ਦਿਖਾ ਜਾਂਦਾ-
ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ ।
ਹੱਥ ਤੇਗ ਤੇ ਨੈਣ ਦਿਲਾਸਾ ਹੈ,
ਸਾਨੂੰ ਸੁੱਤਿਆਂ ਨੂੰ ਧਰਵਾਸਾ ਹੈ,
ਉਹਦਾ ਬਾਜ਼ ਰਣਾਂ ਵਿੱਚ ਪਿਆਸਾ ਹੈ-
ਰਗ ਨੀਲੇ ਦੀ 'ਚੋਂ ਲਹੂ ਵਗੇ
ਸਾਨੂੰ ਪਿਛਲੇ ਪਹਿਰ ਰੁਆ ਜਾਂਦਾ-
ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ ।
ਉਹ ਚਹੁੰ ਕੁੰਟਾਂ ਵਿੱਚ ਤੁਰਿਆ ਹੈ,
ਸਾਨੂੰ ਬਖ਼ਸ਼ਿਸ਼ ਦਾ ਦਰ ਜੁੜਿਆ ਹੈ,
ਉਹਦਾ ਤੀਰ ਕਦੇ ਨਾ ਮੁੜਿਆ ਹੈ,
ਉਹ ਕਰਮ ਕਰੇ, ਜਾਂ ਗਜ਼ਬ ਕਰੇ,
ਕੁੜੇ ਵਖਤ ਕਹਿਰ ਦੇ ਪਾ ਜਾਂਦਾ-
ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ ।
ਹੱਸ ਪੈਂਦਾ ਤੱਕ ਕੇ ਜਬਰ ਕੁੜੇ
ਉਹ ਕਰਮ ਕਰੇ ਬੇਖ਼ਬਰ ਕੁੜੇ
ਉਹਦੀ ਤੇਗ ਭਖੇ ਵਿੱਚ ਸਬਰ ਕੁੜੇ,
ਪਾ ਮਿਹਰ ਦੀ ਤੱਕਨੀ ਭੁੱਲਿਆਂ 'ਤੇ
ਉਹ ਸ਼ਾਹਾਂ ਨੂੰ ਕੰਬਾ ਜਾਂਦਾ-
ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ ।
ਜੋ ਸੁੰਨ ਸਰਹਿੰਦ 'ਚ ਖੋਏ ਨੇ,
ਜੋ ਰਣ ਗੁਜਰਾਤ 'ਚ ਰੋਏ ਨੇ,
ਜੋ ਸਿੱਕਦੇ ਦਰਸ ਨੂੰ ਮੋਏ ਨੇ,
ਤੱਕ ਗਜ਼ਬ ਤੇਗ ਦਾ ਢਕ ਲੈਂਦਾ
ਜੜ੍ਹ ਤੀਰ 'ਤੇ ਟੁੰਗ ਵਿਖਾ ਜਾਂਦਾ-
ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ ।
ਉਹਦੀ ਉੱਠੀ ਖੜਗ…ਯਕੀਨ ਮਿਰਾ ।
ਵਿੱਚ ਦੇਸ ਬੇਗਾਨੇ ਜੀਣ ਮਿਰਾ ।
ਉਹ ਹੱਸਿਆ…ਦਰਦ ਮਹੀਨ ਮਿਰਾ,
ਇਨ੍ਹਾਂ ਰੰਬੀਆਂ ਹੇਠ ਰਹੀਮ ਮਿਰਾ;
ਜਦ ਚੀਸ ਦਰਦ ਦੀ ਸੀਨੇ ਵਿੱਚ
ਉਹ ਧੁੰਮ ਲਸ਼ਕਰ ਦੀ ਪਾ ਜਾਂਦਾ-
ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ ।
ਬੰਨ੍ਹ ਕੌਲ ਦਾ ਗਾਨਾ ਵੀਣੀ ਵੋ
ਰਣ ਉੱਠੀ ਤੇਗ ਉਡੀਣੀ ਵੋ,
ਫਿਰ ਰਿੰਮ-ਝਿੰਮ ਹੋਈ ਝੀਣੀ ਵੋ,
ਜਦ ਪੁਰੀ ਆਨੰਦ 'ਤੇ ਵਖਤ ਪਏ
ਲੈ ਤੇਗ ਆਖ਼ਰੀ ਆ ਜਾਂਦਾ-
ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ ।
ਉਹ ਆਇਆ ਕੌਲ ਪੁਰਾਣੇ 'ਤੇ
ਜਦ ਮੱਚਿਆ ਰਣ ਖਦਰਾਣੇ 'ਤੇ,
ਸਭ ਨਜ਼ਰਾਂ ਬਾਜ਼ ਸੁਹਾਣੇ 'ਤ
ਝੁਕ ਮਹਾਂ ਸਿੰਘ ਦੀਆਂ ਅੱਖੀਆਂ 'ਤੇ
ਘੁੱਟ ਅਰਜ਼ ਨੂੰ ਸੀਨੇ ਲਾ ਜਾਂਦਾ-
ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ ।
ਲੋਹ ਤਪਿਆ ਚਰਖ ਦਾ ਆਰਾ ਹੈ ।
ਉਹਦੀ ਵਿੱਚ ਸ਼ਮਸ਼ੀਰ ਹੁਲਾਰਾ ਹੈ,
ਕੋਈ ਸਾਵਨ ਹੁੱਲਿਆ ਪਿਆਰਾ ਹੈ,
ਜਿਉਂ ਰੋਹ-ਬ੍ਰਿਛਾਂ 'ਤੇ ਫ਼ਜਰ ਪਵੇ
ਉਹ ਰਣ ਦੇ ਪਾਰ ਸੁਹਾ ਜਾਂਦਾ-
ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ ।
ਉਹ ਝੁੰਡ ਬ੍ਰਿਛਾਂ ਦੇ ਭਾਰੇ ਜੋ
ਅੱਜ ਹਰੇ-ਕਚੂਰ ਤੇ ਪਿਆਰੇ ਜੋ
ਹਨ ਸਮਿਆਂ ਦੇ ਵਿੱਚ ਨਿਆਰੇ ਜੋ
ਉੱਥੇ ਚੰਨ-ਸੂਰ ਦੇ ਡੁੱਬਣ ਦਾ
ਪਲ ਸੌਂ ਕੇ ਭੇਦ ਛੁਪਾ ਜਾਂਦਾ
ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ ।
ਅੱਜ ਧੂੜ ਹਫ਼ੇ, ਰਣ ਧੁੰਧ ਹੋਏ,
ਪਿਆ ਪੌੜ ਭਖੇ, ਤੇ ਤੁੰਦ ਹੋਏ,
ਬੇ-ਸਾਹ ਮਨ ਮੇਰਾ ਮੁੰਦ ਹੋਏ,
ਸਾਨੂੰ ਹਰੇ ਝੁੰਡਾਂ 'ਚੋਂ ਬਾਜ਼ਾਂ ਹੱਥ
ਉਹ ਦੇਣ ਦਿਲਾਸਾ ਆ ਜਾਂਦਾ-
ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ ।
ਮਿਰਾ ਦੀਨ-ਦੁਨੀ ਦਾ ਸ਼ਾਹ ਜਾਂਦਾ ।
ਬੀਬਾ ਇਹੋ ਹਸ਼ਰ ਨੂੰ ਰਾਹ ਜਾਂਦਾ ।
(੧)
ਕਾਲੇ ਖੂਹ 'ਤੇ ਚਮਕਣ ਤਾਰੇ ।
ਮਾਏ ਕਿਸ ਨੂੰ ਅਰਜ਼ ਕਰਾਂ ਮੈਂ
ਚੁੱਪ ਤੋਂ ਪਾਰ ਨੇ ਪਾਂਧੀ ਸਾਰੇ ।
ਜੇ ਇਕਰਾਰ ਹੈ ਕੋ ਤਾਰੇ ਦਾ
ਮੇਰੇ ਸਾਹਮੇ ਕੌਲ ਨਾ ਹਾਰੇ ।
ਲੰਮੀ ਵਾਟ, ਤਨਾਂ ਤੇ ਲਾਸਾਂ,
ਜ਼ੋਰ ਧਿੰਗਾਣਾ ਕਰ ਨਾ ਨਾਰੇ ।
ਸਾਡਾ ਦੁੱਖ ਨਦਰ ਤੋਂ ਹੀਣਾ
ਕਿੱਥੇ ਜਾਸਨ ਨਾਥ ਵਿਚਾਰੇ ?
ਕਦੇ ਕਦੇ ਚੜ੍ਹ ਰੋਹੀਆਂ ਦੀ ਵਾ
ਨੰਗੇ ਤਨ 'ਤੇ ਅੱਥਰੂ ਮਾਰੇ ।
ਭਾਵੇਂ 'ਵਾਜ਼ ਮਾਹੀ ਦੀ ਸੁਣਦੀ
ਮਾਵਾਂ ਜੇਡ ਨ ਬੋਲ ਪਿਆਰੇ ।
ਸੁੱਕੇ ਸਰਵਰ ਖੇਡ ਨਾ ਜਾਣਨ
ਪੰਛੀ ਕੁਲ ਵਣਾਂ ਦੇ ਮਾਰੇ ।
ਛਿਪਿਆ ਸੂਰਜ, ਚਹੁੰ ਕੂੰਟਾਂ ਵਿੱਚ
ਹਰ ਜੂਹ 'ਚੋਂ ਕੋਈ ਪੈੜ ਪੁਕਾਰੇ ।
ਟੁੱਟਿਆ ਪੰਖ ਕਿਤੇ ਅਸਮਾਨੋ
ਸੋਹਣੇ ਯਾਰ ਦੀ 'ਵਾਜ ਉਤਾਰੇ ।
(੨)
ਕਾਲੇ ਖੂਹ 'ਤੇ ਝੁੱਲੀਆਂ 'ਵਾਵਾਂ ।
ਨਾ ਚੰਨ ਬਾਗ਼ ਮਿਰੇ ਵਿੱਚ ਚੜ੍ਹਿਆ
ਨਾ ਪੂਰਨ ਘਰ ਮਾਵਾਂ ।
ਪੀਲੇ ਪੱਤਰ ਅਰਜ਼ ਕਰੇਂਦੇ
ਫੜਦੇ ਲੰਮੀਆਂ ਛਾਵਾਂ ।
ਵਣਾਂ-ਕਰੀਰਾਂ ਦੀ ਮਿੱਟੀ ਵਿੱਚ
ਤਨ ਮਨ ਕਿਵੇਂ ਤਪਾਵਾਂ ।
ਰੋਹੀਆਂ ਦੇ ਵਿੱਚ ਕੇਸੂ ਭਖਦਾ
ਅੱਜ ਰੂਹ ਮੰਗਦਾ ਜਾਵਾਂ ।
ਜਾਂ ਕੋਈ ਵਾਟ ਮੇਰੀ 'ਤੇ ਤੁਰਦਾ
ਜਾਂ ਮੈਂ ਆਪ ਹੀ ਆਵਾਂ ।
ਬਾਂਕੇ ਨੈਣ, ਨਾਰ ਦੇ ਕਜਰਾ,
ਖ਼ੈਰ ਨਾ ਮੰਗਣ ਜਾਵਾਂ ।
ਸੁਣਿਆਂ ਰਾਹ ਤਿਰੇ 'ਤੇ ਕਾਲੀ
ਜਾਂ ਮੈਂਡਾ ਪਰਛਾਵਾਂ ।
(੩)
ਕਾਲੇ ਖੂਹ 'ਤੇ ਸਿਖਰ ਦੁਪਹਿਰਾਂ ।
ਥਲ-ਡੂਗਰ ਵਿੱਚ ਯਾਰ ਸੁਣੀਂਦਾ
ਦਰਦ ਨਾ ਸੁਣਿਆਂ ਗੈਰਾਂ ।
ਪੁੱਤ ਮਾਵਾਂ ਦੇ ਚਿਰਾਂ ਤੋਂ ਮੋਏ
ਫੜੇ ਸ਼ਿਕਾਰੀ ਕਹਿਰਾਂ ।
ਮੇਰੇ ਯੋਗ ਦੀ ਵਾਟ ਲੰਮੇਰੀ
ਕਠਨ ਘੜੀ ਵਿੱਚ ਪੈਰਾਂ ।
ਮੇਰੇ ਨਾਥ ਦਾ ਬੋਲ ਵੀ ਡਾਢਾ
ਵੱਡੀਆਂ ਤੇਰੀਆਂ ਖ਼ੈਰਾਂ ।
(੪)
ਕਾਲੇ ਖੂਹ 'ਤੇ ਸਾਉਣ ਮਹੀਨੇ ।
ਮੋਏ ਅੰਗ ਖਿੜੇ ਵਿੱਚ ਬਾਗ਼ਾਂ
ਕੁਝ ਮੁਟਿਆਰਾਂ ਸੀਨੇ ।
ਮੇਰਾ ਬੋਲ ਵਸੇ ਵਿੱਚ ਰੋਹੀਆਂ,
ਤੇ ਅੱਥਰੂ ਵਿੱਚ ਸੀਨੇ ।
ਜਿਚਰਕ ਖੈਰ ਨਾਥ ਦੀ ਮਾਏ,
ਰੁਲਸਨ ਲਾਲ-ਨਗੀਨੇ ।
(੫)
ਕਾਲੇ ਖੂਹ ਤੇ ਸੰਞਾਂ ਪਈਆਂ ।
ਸੁਣ ਕੇ ਕੂਕ ਕੂੰਜ ਦੀ ਡਾਢੀ
ਉਮਰਾਂ ਢੂੰਡਣ ਗਈਆਂ ।
ਵਣਾਂ ਕਰੀਰਾਂ ਰੋਹੀਆਂ ਦੇ ਵਿੱਚ
ਇੱਕ-ਦੋ ਖੇਡਾਂ ਰਹੀਆਂ ।
ਖੇਡ ਮੇਰੀ ਵਿੱਚ ਮਾਂ ਦੇ ਸੁਪਨੇ
ਨਾਥ ਨੂੰ ਖ਼ਬਰਾਂ ਗਈਆਂ ।
ਵਾਟ ਮੇਰੀ 'ਤੇ ਸਾਉਣ ਮਹੀਨਾ
ਮਹਿਲੀਂ ਪੀਂਘਾਂ ਪਈਆਂ ।
ਸੇਜ ਮੇਰੀ 'ਤੇ ਲਾਲ-ਨਗੀਨੇ
ਨੈਣ ਭਰਦੀਆਂ ਸਈਆਂ ।
ਸੁੰਦਰਾਂ ਸਾਹਮੇ ਕਾਸਾ ਫੜ ਕੇ
ਅੱਥਰਾਂ ਨਾਥ ਨੇ ਲਈਆਂ ।
ਯੋਗ ਨਾਥ ਦਾ ਥਰਹਰ ਕੰਬੇ
ਚੂੜਾ ਛਣਕੇ ਬਹੀਆਂ ।
ਰੋਂਦੇ ਨੇ ਚਰਵਾਲ ਚਿਰਾਂ ਦੇ
ਘਾਹ ਨ ਚਿੱਥਦੀਆਂ ਮਹੀਆਂ ।
(੬)
ਕਾਲੇ ਖੂਹ 'ਤੇ ਹੌਲ ਦਿਲਾਂ ਦੇ ।
ਬਾਗਾਂ ਦੇ ਵਿੱਚ ਜੁਗਨੂੰ ਕੁੰਦਨ
ਸਹਿਕਣ ਕੌਲ ਚਿਰਾਂ ਦੇ ।
ਖੇਡ ਜੀਰਾਣਾਂ ਦੇ ਵਿੱਚ ਮੇਰੀ
ਮਾਂ ਦੇ ਨੈਣ ਬੁਲਾਂਦੇ ।
ਮੈਂ ਸੁਣਿਆਂ ਏ ਯੋਗ ਦੇ ਪੈਂਡੇ
ਡਾਢ ਦਿਲਾਂ ਵਿੱਚ ਪਾਂਦੇ ।
ਜੋਬਨ ਦੇ ਜਦ ਆਉਣ ਦਿਹਾੜੇ
ਢਾਡੀ ਕਾਰ ਵਲਾਂਦੇ ।
ਕਜਰੇ ਦੀ ਇੱਕ ਪਤਲੀ ਧਾਰ 'ਚ
ਸਾਵਨ ਰੰਗ ਬਣਾਂਦੇ ।
ਯੋਗੀ ਤਨ ਵਿਭੂਤ ਰਚਾ ਕੇ
ਨਾਲ ਰਕਾਨਾਂ ਜਾਂਦੇ ।
ਸੁਣਿਆਂ ਸੂਰਜ ਆਖ਼ਿਰ ਵੇਲੇ
ਹਰ ਇਕ ਤੁਰ ਗਈ ਕਿਰਨ ਬੁਲਾਂਦੇ ।
ਸ਼ਬਨਮ ਦਾ ਵੀ ਸਫ਼ਰ ਹੈ ਕੋਈ
ਬਿਰਖ ਵੀ ਸ਼ਿਕਵਾ ਕਦੇ ਸੁਣਾਂਦੇ ।
ਮਾਂ ਦਾ ਰਹਿਮ ਫਿਰੇ ਵਿੱਚ ਰੋਹੀਆਂ
ਲੱਖ ਦਰਿਆ ਕੁਰਲਾਂਦੇ ।
ਲੱਖਾਂ ਯੋਗ ਤਪਨ ਵਿੱਚ ਸੀਨੇ
ਨਾਰ ਨ ਤਨ 'ਤੇ ਲਾਂਦੇ ।
(੭)
ਕਾਲੇ ਖੂਹ 'ਤੇ ਬਰਸਣ ਭੂਰਾਂ ।
ਡਿੱਠਾ ਸਾਨੂੰ ਫ਼ਜਰ ਦੇ ਵੇਲੇ
ਸੋਹਣੇ ਚੰਨ ਦੇ ਨੂਰਾਂ ।
ਦੂਰ ਦੁਰਾਡੇ ਭੇਹਰ ਸੁਣੀਂਦੀ
ਕਿਤੇ ਥਲਾਂ ਵਿੱਚ ਧੂੜਾਂ ।
ਭੈੜੀ ਪੈੜ ਮਿਰੀ ਵਿੱਚ ਰੁਲਣਾ
ਰੰਗਲੇ ਬਾਗ਼ ਦੇ ਬੂਰਾਂ ।
ਖੇਡ ਰਕਾਨਾਂ ਤੁਰ ਗਈਆਂ ਨੇ
ਉੱਡਦਾ ਜੁਗਨੂੰ ਦੂਰਾਂ ।
ਖੰਡਰਾਂ 'ਤੇ ਇਕ ਨਾਦ ਸੁਣੀਂਦਾ
ਹੱਥ ਮਰੋੜਾਂ ਝੂਰਾਂ ।
ਸੁਣਿਆ ਸੰਖ ਨਾਥ ਦਾ ਭਾਰੀ
ਚੜ੍ਹ ਵਿੱਚ ਕਹਿਰ-ਕਲੂਰਾਂ ।
|